ਪੰਜ ਦਹਾਕਿਆਂ ਦੇ ਲੰਬੇ ਵਕਫ਼ੇ ਤੋਂ ਬਾਅਦ ਪਾਕਿਸਤਾਨੀ ਫਿਲਮ Ḕਜ਼ਿੰਦਾ ਭਾਗ’ ਨੇ ਆਸਕਰ ਐਵਾਰਡਸ ਲਈ ਐਂਟਰੀ ਪਾਈ ਹੈ। ਇਸ ਤੋਂ ਪਹਿਲਾਂ 1963 ਵਿਚ ਖਵਾਜ਼ਾ ਖੁਰਸ਼ੀਦ ਅਨਵਰ ਦੀ ਫਿਲਮ Ḕਘੂੰਘਟ’ ਅਤੇ 1959 ਵਿਚ ਅਖ਼ਤਰ ਕਰਦਾਰ ਦੀ ਫ਼ਿਲਮ Ḕਜਾਗੋ ਹੂਆ ਸਵੇਰਾ’ ਆਸਕਰ ਲਈ ਨਾਮਜ਼ਦ ਹੋਈਆਂ ਸਨ। ਐਤਕੀਂ ਆਕਸਰ ਨਾਮਜ਼ਦਗੀ ਲਈ ਚਾਰ ਫ਼ਿਲਮਾਂ ਵਿਚਕਾਰ ਤਿੱਖਾ ਮੁਕਾਬਲਾ ਸੀ। ਇਨ੍ਹਾਂ ਵਿਚ Ḕਜ਼ਿੰਦਾ ਭਾਗ’ ਤੋਂ ਇਲਾਵਾ ḔਚੰਬੇਲੀḔ, Ḕਜੋਸ਼Ḕ ਅਤੇ ḔਲਮਹਾḔ ਫਿਲਮਾਂ ਸ਼ਾਮਲ ਹਨ। ਇਸ ਨਾਮਜ਼ਦਗੀ ਦਾ ਫ਼ੈਸਲਾ ਫਿਲਮਸਾਜ਼ ਸ਼ਰਮੀਨ ਉਬੈਦ ਚਿਨੌਇ ਦੀ ਅਗਵਾਈ ਵਿਚ ਬਣਾਈ ਮਾਹਿਰਾਂ ਦੀ ਕਮੇਟੀ ਨੇ ਕੀਤਾ। ਸ਼ਰਮੀਨ ਉਹੀ ਕੁੜੀ ਹੈ ਜਿਸ ਨੇ ਦਸਤਾਵੇਜ਼ੀ ਫਿਲਮ Ḕਸੇਵਿੰਗ ਫੇਸ’ ਬਣਾਈ ਸੀ। ਇਸ ਫਿਲਮ ਨੂੰ ਐਮੀ ਅਤੇ ਅਕਾਦਮੀ ਪੁਰਸਕਾਰ ਮਿਲ ਚੁੱਕੇ ਹਨ। ਇਹ ਫਿਲਮ ਪਾਕਿਸਤਾਨ ਦੀਆਂ ਉਨ੍ਹਾਂ ਕੁੜੀਆਂ ਦੀ ਕਹਾਣੀ ਹੈ ਜਿਨ੍ਹਾਂ ਦੇ ਚਿਹਰੇ ਤੇਜ਼ਾਬ ਸੁਟ ਕੇ ਸਾੜ ਦਿੱਤੇ ਗਏ ਸਨ। ਇਸ ਫਿਲਮ ਨਾਲ ਪਾਕਿਸਤਾਨ ਵਿਚ ਕੁੜੀਆਂ ਨਾਲ ਹੋ ਰਹੀ ਇਸ ਵਧੀਕੀ ਦਾ ਮਾਮਲਾ ਕੌਮਾਂਤਰੀ ਪੱਧਰ ਉਤੇ ਚਰਚਾ ਵਿਚ ਆ ਗਿਆ ਸੀ।
Ḕਜ਼ਿੰਦਾ ਭਾਗḔ ਫਿਲਮ ਪਾਕਿਸਤਾਨੀ ਫਿਲਮਸਾਜ਼ ਫਰਜਾਦ ਨਬੀ ਅਤੇ ਭਾਰਤੀ ਫਿਲਮਸਾਜ਼ ਮੀਨੂ ਗੋਡ ਨੇ ਰਲ ਕੇ ਬਣਾਈ ਹੈ। ਇਸ ਫਿਲਮ ਵਿਚ ਮੁੱਖ ਕਿਰਦਾਰ ਭਾਰਤੀ ਅਦਾਕਾਰ ਨਸੀਰੂਦੀਨ ਸ਼ਾਹ ਨੇ ਨਿਭਾਇਆ ਹੈ। ਨਿਰਮਾਤਾ ਮਜ਼ਹਰ ਜ਼ੈਦੀ ਦੀ ਇਸ ਫਿਲਮ ਦੀ ਹੀਰੋਇਨ ਖੂਬਸੂਰਤ ਮਾਡਲ ਮੁਟਿਆਰ ਆਮਨਾ ਇਲਿਆਸ ਹੈ। ਲਾਹੌਰ ਦੀ ਰਹਿਣ ਵਾਲੀ ਆਮਨਾ ਇਲਿਆਸ ਦੀ ਇਹ ਪਹਿਲੀ ਹੀ ਫਿਲਮ ਹੈ। ਇਸ ਫਿਲਮ ਦੀ ਨਾਮਜ਼ਦਗੀ ਬਾਰੇ ਫੈਸਲਾ ਮਸ਼ਹੂਰ ਕਿਤਾਬ Ḕਦਿ ਰਿਲੱਕਟੈਂਟ ਫੰਡਾਮੈਂਟਲਿਜ਼ਮḔ (ਇਸ ਕਿਤਾਬ Ḕਤੇ ਫਿਲਮ ਵੀ ਬਣ ਚੁੱਕੀ ਹੈ) ਦੀ ਲੇਖਕਾ ਮੋਹਿਸਨ ਹਮੀਦ, ਫਿਲਮਸਾਜ਼ ਮਹਿਰੀਨ ਜੱਬਾਰ (Ḕਰਾਮਚੰਦ ਪਾਕਿਸਤਾਨੀḔ ਫੇਮ), ਲੇਖਕ ਤੇ ਅਦਾਕਾਰ ਰਾਹਤ ਕਾਜ਼ਮੀ, ਫਿਲਮਸਾਜ਼ ਅਕੀਫ਼ਾ ਮੀਆਂ, ਬਜ਼ੁਰਗ ਅਦਾਕਾਰਾ ਸਮੀਨਾ ਪੀਰਜ਼ਾਦਾ ਅਤੇ ਕਲਾ ਅਕਾਦਮੀਸ਼ੀਅਨ ਫਰਾਮਜੀ ਮਿਨਵਾਲਾ ਨੇ ਕੀਤਾ। Ḕਜ਼ਿੰਦਾ ਭਾਗḔ ਮੁੱਖ ਰੂਪ ਵਿਚ ਗੈਰ-ਕਾਨੂੰਨੀ ਪਰਵਾਸ ਬਾਰੇ ਹੈ। ਇਹ ਫਿਲਮ ਤਿੰਨ ਨੌਜਵਾਨਾਂ ਦੀ ਕਹਾਣੀ ਹੈ ਜੋ ਵਿਦੇਸ਼ ਜਾਣਾ ਚਾਹੁੰਦੇ ਹਨ। ਇਹ ਕਿਰਦਾਰ ਖੁਰਮ ਪਤਰਾਸ, ਸਲਮਾਨ ਅਹਿਮਦ ਖਾਨ ਅਤੇ ਜ਼ੋਹੇਬ ਨੇ ਬਾਖੂਬੀ ਨਿਭਾਏ ਹਨ। ਇਹ ਫਿਲਮ ਹੁਣੇ-ਹੁਣੇ 20 ਸਤੰਬਰ ਨੂੰ ਹੀ ਰਿਲੀਜ਼ ਹੋਈ ਹੈ ਅਤੇ ਇਸ ਦਾ ਰੰਗ ਮੁੱਖ ਰੂਪ ਵਿਚ ਕਾਮੇਡੀ ਹੈ। ਇਹ ਫਿਲਮ ਉਰੂਦ ਅਤੇ ਪੰਜਾਬੀ ਵਿਚ ਤਿਆਰ ਕੀਤੀ ਗਈ ਹੈ।
_________________________________________
ਪਾਕਿਸਤਾਨੀ ਸਿਨੇਮਾ ਲੀਹ ਉਤੇ
ਪਿਛਲੇ ਕੁਝ ਸਾਲਾਂ ਦੌਰਾਨ ਪਾਕਿਸਤਾਨੀ ਸਿਨੇਮਾ ਮੁੜ ਲੀਹ ਉਤੇ ਚੜ੍ਹ ਰਿਹਾ ਹੈ। ਕੁਝ ਕੁ ਸਾਲਾਂ ਵਿਚ ਹੀ 21 ਤੋਂ ਵੀ ਵਧੇਰੇ ਫਿਲਮਾਂ ਪਾਕਿਸਤਾਨ ਵਿਚ ਬਣੀਆਂ ਹਨ। ਇਨ੍ਹਾਂ ਵਿਚ ਉਰਦੂ ਅਤੇ ਪੰਜਾਬੀ ਫਿਲਮਾਂ ਤੋਂ ਇਲਾਵਾ ਪਸ਼ਤੋ ਭਾਸ਼ਾ ਦੀਆਂ ਫਿਲਮਾਂ ਵੀ ਸ਼ਾਮਿਲ ਹਨ। ਜ਼ਿਕਰਯੋਗ ਹੈ ਕਿ ਦਹਿਸ਼ਤਪਸੰਦਾਂ ਨੇ ਇਸਲਾਮ ਅਤੇ ਜਹਾਦ ਦੇ ਨਾਂ ਹੇਠ ਫਿਲਮਾਂ ਉਤੇ ਪਾਬੰਦੀ ਲਾਈ ਹੋਈ ਸੀ। ਹੁਣ ਦਹਿਸ਼ਤਪਸੰਦਾਂ ਦੀ ਪਕੜ ਕੁਝ ਕੁ ਕਮਜ਼ੋਰ ਪੈਣ ਨਾਲ ਪਾਕਿਸਤਾਨ ਵਿਚ ਸਿਨੇਮਾ ਨੂੰ ਸਾਹ ਆਉਣ ਲੱਗਾ ਹੈ। ਸ਼ਹਿਰਾਂ ਵਿਚ ਮਲਟੀਪਲੈਕਸ ਵੀ ਬਣਨ ਲੱਗੇ ਹਨ। ਦੇਸ਼ ਦੀ ਰਾਜਧਾਨੀ ਇਸਲਾਮਾਬਾਦ ਵਿਚ ਪੂਰੇ ਦਸ ਸਾਲ ਦੇ ਵਕਫ਼ੇ ਪਿੱਛੋਂ ਸਿਨੇਮਾਘਰ ਬਣਿਆ ਹੈ।
Leave a Reply