ਸਾਵਧਾਨ ਸਕੈਮ ਸੰਭਲੋ

ਚਰਨਜੀਤ ਸਿੰਘ ਪੰਨੂ
ਘਰ ਦੇ ਪਿਛਵਾੜੇ ਸੈਰ ਕਰ ਰਿਹਾਂ ਸਾਂ ਕਿ ਫੋਨ ਦੀ ਘੰਟੀ ਵੱਜੀ। ਅੰਦਰ ਗਿਆ ਤਾਂ ਫੋਨ ਬੰਦ ਹੋ ਚੁਕਾ ਸੀ। ਫੋਨ ਦੀ ਆਈ ਡੀ ਤੋਂ ਅੰਦਾਜ਼ਾ ਲਾਉਣ ਦੀ ਕੋਸ਼ਿਸ਼ ਕੀਤੀ। ਕੋਈ ਅਣਜਾਣਿਆ ਜਿਹਾ ਨੰਬਰ 210-424-2344 ਸੀ। ਘੰਟੀ ਫੇਰ ਖੜਕ ਪਈ। ਮੈਂ ਜਾਣ ਕੇ ਅਵੇਸਲਾ ਜਿਹਾ ਹੋ ਗਿਆ ਕਿ ਇਹ ਫੋਨ ਨਹੀਂ ਚੁੱਕਣਾ। ਕਈ ਵੇਰਾਂ ਬੇਨਾਮੀ ਫੋਨ ਇਸ਼ਤਿਹਾਰਬਾਜ਼ੀ ਵਾਲੇ ਜਾਂ ਗਲਤ ਬਿਰਤੀ ਵਾਲੇ ਐਵੇਂ ਪ੍ਰੇਸ਼ਾਨ ਕਰਦੇ ਰਹਿੰਦੇ ਨੇ। ਦਸ ਮਿੰਟ ਬਾਅਦ ਫਿਰ ਫੋਨ ਖੜਕਿਆ ਤੇ ਅਖੀਰ ਮੈਨੂੰ ਚੁੱਕਣਾ ਪਿਆ ਕਿ ਕੋਈ ਜ਼ਰੂਰੀ ਮਤਲਬ ਵਾਲਾ ਨਾ ਹੋਵੇ। ਮੇਰੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਜਦੋਂ ਬੋਲਣ ਵਾਲੇ ਨੇ ਦਬਕਾਵੀਂ ਆਵਾਜ਼ ਵਿਚ ਆਪਣਾ ਤੁਆਰਫ ਕਰਾਇਆ, “ਮੈਂ ਤੁਹਾਡੇ ਸ਼ਹਿਰ ਦੇ ਸ਼ੈਰਿਫ ਦਫਤਰ ਵਿਚੋਂ ਬੋਲ ਰਿਹਾ ਹਾਂ। ਮੈਂæææ ਨਾਲ ਗੱਲ ਕਰਨੀ ਹੈ।”
“ਹਾਂ ਜੀ! ਬੋਲੋ, ਮੈਂ ਹੀ ਹਾਂ। ਫਰਮਾਓ ਕੀ ਹੁਕਮ ਹੈ?”
“ਤੁਸੀਂ ਪਿਛਲੇ ਸਾਲ ਚੈਕ ਭੇਜ ਕੇ ਪੁਲਿਸ ਸਹਾਇਤਾ ਫੰਡ ਵਿਚ ਹਿੱਸਾ ਪਾਇਆ, ਤੁਹਾਡਾ ਧੰਨਵਾਦ। ਤੁਹਾਨੂੰ ਯਾਦ ਕਰਾਉਣ ਹਿਤ ਦੋਬਾਰਾ ਜ਼ਹਿਮਤ ਦੇ ਰਹੇ ਹਾਂ ਕਿ ਤੁਹਾਡੇ ਜਿਹੇ ਦਾਨੀ ਲੋਕਾਂ ਦੀ ਸਾਨੂੰ ਹਰ ਵੇਲੇ ਜ਼ਰੂਰਤ ਹੈ। ਮਿਹਰਬਾਨੀ ਕਰ ਕੇ ਇਸ ਸਾਲ ਦਾ ਵੀ ਆਪਣਾ ਯੋਗਦਾਨ ਜਲਦੀ ਭੇਜ ਦਿਓ।” ਪਿਛਲੀ ਵੇਰਾਂ ਮੈਂ ਕਹਿ ਦਿੱਤਾ ਸੀ ਪਈ ਇੱਕ ਦੋ ਵੇਰਾਂ ਤੁਹਾਨੂੰ ਚੰਦਾ ਦੇ ਦਿੱਤਾ, ਤੁਸੀਂ ਤਾਂ ਹੱਥ ਧੋ ਕੇ ਪਿੱਛੇ ਹੀ ਪੈ ਗਏ! ਮਿਹਰਬਾਨੀ ਕਰ ਕੇ ਸਾਡਾ ਨਾਮ ਹੁਣ ਇਸ ਲਿਸਟ ਵਿਚੋਂ ਕੱਟ ਦਿਓ। ਮੈਂ ਬੇਪਰਵਾਹੀ ਜਿਹੀ ਨਾਲ ਪੇਸ਼ ਆਇਆ।
“ਤੁਹਾਡੇ ਖ਼ਿਲਾਫ ਸਾਡੇ ਕੋਲ ਬੜੀ ਸੰਗੀਨ ਮੁਜਰਮਾਨਾ ਸ਼ਿਕਾਇਤ ਪਹੁੰਚੀ ਹੈ। ਪੁਲਿਸ ਮੁਖੀ ਤੁਹਾਡੇ ਨਾਲ ਸਿੱਧੀ ਗੱਲ ਕਰਨੀ ਚਾਹੁੰਦੇ ਹਨ।” ਸ਼ਿਕਾਇਤ ਦੇ ਨਾਂ ਸੁਣ ਕੇ ਮੈਂ ਘਬਰਾ ਗਿਆ। ਸਵੇਰੇ ਸਵੇਰੇ ਮੌਜ-ਮਸਤੀ ਕਰਦੇ ਬਟੇਰੇ ਨੂੰ ਜਿਵੇਂ ਇੱਲ ਨੇ ਝਪਟਾ ਮਾਰ ਲਿਆ ਹੋਵੇ। ਕਿੰਨੀ ਦੇਰ ਮੈਥੋਂ ਕੁਝ ਨਾ ਕਹਿ ਹੋਇਆ।
“ਕੀ ਸ਼ਿਕਾਇਤ ਆ ਜੀ?” ਮੈਂ ਧੜਕਦੇ ਕਾਲਜੇ ਨਾਲ ਪੁਛਿਆ।
“ਇਨਕਮ ਟੈਕਸ ਮਹਿਕਮੇ ਨੇ ਤੁਹਾਡੇ ਖ਼ਿਲਾਫ ਰਿਪੋਰਟ ਲਿਖਾਈ ਹੈ ਕਿ ਤੁਸੀਂ ਸਰਕਾਰ ਨਾਲ ਫਰਾਡ ਕੀਤਾ ਹੈ। ਇਹ ਬੜੇ ਗੰਭੀਰ ਇਲਜ਼ਾਮ ਹਨ ਜਿਸ ਵਾਸਤੇ ਤੁਹਾਡੇ ਵਾਰੰਟ-ਗ੍ਰਿਫਤਾਰੀ ਜਾਰੀ ਹੋਣ ਵਾਲੇ ਹਨ। ਤੁਹਾਡਾ ਪੱਖ ਜਾਣਨ ਲਈ ਤੁਹਾਨੂੰ ਮਿਲਣਾ ਜ਼ਰੂਰੀ ਸੀ ਤਾਂ ਜੋ ਕੱਲ੍ਹ ਨੂੰ ਤੁਸੀਂ ਕੋਈ ਉਜ਼ਰ ਨਾ ਕਰੋ।”
“ਮੈਂ ਸ਼ਰੀਫ ਆਦਮੀ ਹਾਂ ਤੇ ਮੈਂ ਕਦੇ ਕੋਈ ਧੋਖਾ ਨਹੀਂ ਕੀਤਾ। ਬਣਦਾ ਟੈਕਸ ਤਾਂ ਮੈਂ ਕਦੇ ਲੇਟ ਨਹੀਂ ਕੀਤਾ, ਸਗੋਂ ਮੈਨੂੰ ਇਸ ਦਾ ਰਿਫੰਡ ਮਿਲਿਆ ਸੀ।”
“ਤੁਹਾਡੀ ਤਰਫ ਟੈਕਸ ਬਕਾਇਆ ਹੈ। ਤੁਹਾਨੂੰ ਡਾਕ ਰਾਹੀਂ ਦੋ ਤਿੰਨ ਨੋਟਿਸ ਦਿੱਤੇ ਗਏ ਪਰ ਸਾਰੇ ਵਾਪਸ ਆ ਗਏ, ਡਾਕੀਏ ਦੀ ਗਵਾਹੀ ਅਨੁਸਾਰ ਤੁਸੀਂ ਲੈਣ ਤੋਂ ਜਾਣ ਬੁੱਝ ਕੇ ਇਨਕਾਰ ਕਰ ਦਿੱਤਾ। ਅਸੀਂ ਹੁਣੇ ਅੱਧੇ ਘੰਟੇ ਬਾਅਦ ਤੁਹਾਡੇ ਵਾਰੰਟ-ਗ੍ਰਿਫਤਾਰੀ ਜਾਰੀ ਕਰ ਰਹੇ ਹਾਂ। ਚਾਹੋ ਤਾਂ ਮੈਂ ਤੁਹਾਨੂੰ ਸ਼ੈਰਿਫ ਨਾਲ ਸਿੱਧਾ ਮਿਲਾ ਸਕਦਾ ਹਾਂ।” ਇਹ ਕਹਿ ਕੇ ਉਸ ਨੇ ਫੋਨ ਕਿਸੇ ਹੋਰ ਨੂੰ ਦੇ ਦਿੱਤਾ।
“ਗੁਡ ਮਾਰਨਿੰਗ ਮਿਸਟਰæææ! ਮੇਰਾ ਨਾਮ ਥਾਮਸ ਇਬਰਾਹੀਮ ਹੈæææਕੀ ਹਾਲ ਹੈ ਤੁਹਾਡਾ?”
“ਮੈਂ ਠੀਕ ਹਾਂ ਜਨਾਬ, ਤੁਸੀਂ ਸੇਵਾ ਦੱਸੋ। ਮੇਰੇ ਖਿਲਾਫ ਕੀ ਦੋਸ਼ ਹਨ? ਮੈਂ ਸਮਝ ਨਹੀਂ ਸਕਿਆ। ਮੈਂ ਹਰ ਸਾਲ ਪੁਲਿਸ ਵੈਲਫੇਅਰ ਫੰਡ ਵਿਚ ਸਰਦਾ-ਪੁੱਜਦਾ ਹਿੱਸਾ ਪਾਉਂਦਾ ਰਿਹਾ ਹਾਂ। ਇਸ ਸਾਲ ਲੇਟ ਹੋ ਗਿਆ, ਮੁਆਫ ਕਰਨਾ, ਉਹ ਵੀ ਜਲਦੀ ਪਾ ਦਿਆਂਗਾ।”
“ਤੁਹਾਨੂੰ ਮੇਰੇ ਕਾਰਿੰਦੇ ਨੇ ਦੱਸ ਹੀ ਦਿੱਤਾ ਹੋਵੇਗਾ। ਅਸੀਂ ਪਹਿਲਾਂ ਤੁਹਾਨੂੰ ਤਿੰਨ ਨੋਟਿਸ ਭੇਜ ਚੁੱਕੇ ਹਾਂ ਪਰ ਸਾਰੇ ਵਾਪਸ ਮੁੜ ਆਏ ਹਨ। ਤੁਹਾਡੇ ਖਿਲਾਫ ਕਾਨੂੰਨੀ ਕਾਰਵਾਈ ਪੂਰੀ ਹੋ ਚੁੱਕੀ ਹੈ, ਜੇ ਚਾਹੋ ਤਾਂ ਮੈਂ ਤੁਹਾਨੂੰ ਰੈਵੀਨਿਊ ਅਧਿਕਾਰੀ ਨਾਲ ਮਿਲਾ ਸਕਦਾ ਹਾਂ। ਤੁਸੀਂ ਉਸ ਨਾਲ ਸਿੱਧੀ ਗੱਲ ਕਰ ਲਓ। ਉਹ ਤੁਹਾਨੂੰ ਸਮਝਾ ਦੇਵੇਗਾ। ਦੱਸੋ, ਮਿਲਾਵਾਂ ਫੋਨ?” ਉਹ ਬੜੀ ਨਿਡਰਤਾ ਨਾਲ ਅੱਗੇ ਵਧ ਰਹੇ ਸਨ।
“ਹਾਂ ਮਿਲਾ ਦਿਓ, ਤੁਹਾਡੀ ਮਿਹਰਬਾਨੀ।” ਮੈਂ ਅੰਦਰੋਂ ਹਿੱਲਿਆ ਪਿਆ ਵੀ ਆਪਣੀ ਘਬਰਾਹਟ ਛੁਪਾਉਣ ਦੀ ਕੋਸ਼ਿਸ਼ ਵਿਚ ਸਾਂ।
ਇੱਕ ਦੋ ਮਿੰਟ ਬਾਅਦ ਇੱਕ ਨਵੀਂ ਆਵਾਜ਼ ਆਈ, “ਹੈਲੋ ਸਰ! ਕੀ ਤੁਸੀਂæææਹੋ? ਮੈਂ ਜਾਰਜ ਸਟੀਵ ਬੋਲ ਰਿਹਾ ਹਾਂ, ਇਨਕਮ ਟੈਕਸ ਅਧਿਕਾਰੀ।”
“ਹਾਂ ਜੀ ਬਿਲਕੁਲ! ਇਹੀ ਮੇਰਾ ਨਾਮ ਹੈ। ਕੀ ਕਸੂਰ ਕੋਤਾਹੀ ਹੋਈ ਮੈਥੋਂ?”
“ਤੁਸੀਂ ਟੈਕਸ ਬਚਾਉਣ ਖਾਤਰ ਆਪਣੀ ਆਮਦਨ ਵਿਚ ਬਹੁਤ ਹੇਰਾਫੇਰੀ ਕੀਤੀ ਹੈ ਜੋ ਇੱਕ ਚੰਗੇ ਨਾਗਰਿਕ ਨੂੰ ਸ਼ੋਭਾ ਨਹੀਂ ਦਿੰਦਾ। ਅਸੀਂ ਚੰਗੀ ਤਰ੍ਹਾਂ ਦਰਿਆਫਤ ਕਰ ਲਈ ਹੈ ਤੇ ਤੁਹਾਡਾ ਜੁਰਮ ਸਾਬਤ ਹੋ ਚੁੱਕਾ ਹੈ।”
“ਕੀ? ਕਿਹੜੀ ਹੇਰਾਫੇਰੀ? ਕਿੰਨੇ ਡਾਲਰ ਨੇ ਸਰ ਬਕਾਇਆ? ਮੈਂ ਹੁਣੇ ਕਿੱਦਾਂ, ਕਿੱਥੇ ਜਮ੍ਹਾ ਕਰਾ ਦਿਆਂ? ਜੇ ਆਗਿਆ ਦਿਓ ਤਾਂ ਬੈਂਕ ਵਿਚ ਕਰਵਾ ਸਕਦਾ ਹਾਂ।” ਮੈਂ ਆਪਣੀ ਪਿਛਲੀ ਜੇਬ ਟੋਹੀ ਜਿਸ ਵਿਚ ਹਵਾਈ ਟਿਕਟ ਵਾਸਤੇ 2500 ਡਾਲਰ ਜਮ੍ਹਾ ਕਰ ਰੱਖੇ ਸਨ। ਇਹ ਤਾਂ ਹੁਣ ਕੱਟੀ ਗਈ ਸਮਝੋ। ਮੈਂ ਆਪਣੇ ਆਪ ਵਿਚ ਹਿਸਾਬ ਲਗਾਇਆ।
“ਤੁਹਾਡੇ ਵੱਲ ਸਿਰਫ 2524 ਡਾਲਰ ਬਕਾਇਆ ਹੈ। ਜੇ ਤੁਸੀਂ ਅੱਜ ਦੇ ਸਕਦੇ ਹੋ ਤਾਂ ਇਹ ਅਖੀਰਲੀ ਘੜੀ ਹੈ, ਤੁਹਾਡਾ ਮੁਸੀਬਤ ਤੋਂ ਛੁਟਕਾਰਾ ਹੋ ਸਕਦਾ ਹੈ। ਨਹੀਂ ਤਾਂ ਹੱਥਕੜੀ ਲੈ ਕੇ ਪੁਲਿਸ ਵਾਲੇ ਤੁਹਾਡੇ ਦਰ ‘ਤੇ ਪਹੁੰਚ ਜਾਣਗੇ।” ਉਹ ਮੇਰੇ ਸੁਆਲ ਤੋਂ ਪਾਸੇ ਪਾਸੇ ਲੰਘ ਗਿਆ।
“ਮੈਨੂੰ ਥੋੜ੍ਹੀ ਜਿਹੀ ਮੁਹਲਤ ਦਿਓ। ਕੱਲ੍ਹ ਨੂੰ ਮੈਂ ਇੱਕ ਹਫਤੇ ਵਾਸਤੇ ਬਾਹਰ ਜਾਣਾ ਹੈ, ਵਾਪਸੀ ‘ਤੇ ਸਾਰਾ ਹਿਸਾਬ ਨਿਬੇੜ ਦਿਆਂਗਾ।” ਮੇਰੀ ਥਿੜਕਦੀ ਜ਼ਬਾਨ ਤਰਲੇ ‘ਤੇ ਆ ਗਈ।
“ਓ ਭਾਈ ਸਾਹਿਬ! ਬਾਹਰ ਤੁਸੀਂ ਕਿਵੇਂ ਜਾ ਸਕਦੇ ਹੋ? ਤੁਹਾਡੇ ਪਾਸਪੋਰਟ ਅਤੇ ਹਵਾਈ ਦਸਤਾਵੇਜ਼ ਸਾਰੇ ਰੱਦ ਹੋ ਜਾਣੇ ਨੇ ਤੇ ਤੁਹਾਨੂੰ ਹਵਾਈ ਅੱਡੇ ‘ਤੇ ਹੀ ਹੱਥਕੜੀ ਲੱਗ ਜਾਵੇਗੀ। ਸਰਕਾਰ ਦੀਆਂ ਨਜ਼ਰਾਂ ਵਿਚ ਤੁਸੀਂ ਘੋਰ ਅਪਰਾਧੀ ਹੋ। ਚੰਗੀ ਗੱਲ ਇਹੀ ਹੈ ਕਿ ਤੁਸੀਂ ਸ਼ੈਰਿਫ ਥਾਮਸ ਇਬਰਾਹੀਮ ਨਾਲ ਗੱਲ ਕਰ ਕੇ ਬੇਨਤੀ ਕਰ ਵੇਖੋ, ਸ਼ਾਇਦ ਉਹ ਮੰਨ ਜਾਣ।” ਉਸ ਨੇ ਫੋਨ ਰੱਖ ਦਿੱਤਾ। ਥੋੜ੍ਹੇ ਵਕਫੇ ਬਾਦ ਕਿਸੇ ਹੋਰ ਦੀ ਆਵਾਜ਼ ਆਈ।
“ਹੋ ਗਈ ਤਸੱਲੀ ਜਨਾਬ?” ਜਿਵੇਂ ਕਿਸੇ ਨੇ ਮਸ਼ਕਰੀ ਕੀਤੀ ਹੋਵੇ। “ਮੈਨੂੰ ਅਫਸੋਸ ਨਾਲ ਤੁਹਾਨੂੰ ਦੱਸਣਾ ਪੈ ਰਿਹਾ ਹੈ ਕਿ ਸਾਡੇ ਕੋਲ ਤੁਹਾਡੇ ਗ੍ਰਿਫਤਾਰੀ ਵਾਰੰਟ ਜਾਰੀ ਕਰਨ ਤੋਂ ਬਿਨਾ ਹੋਰ ਕੋਈ ਚਾਰਾ ਨਹੀਂ ਰਹਿ ਗਿਆ। ਤੁਹਾਨੂੰ ਚੇਤਾਵਨੀ ਦਿੰਦੇ ਹਾਂ ਕਿ ਜੇ ਤੁਸੀਂ ਇੱਜ਼ਤ ਬਚਾਉਣੀ ਚਾਹੁੰਦੇ ਹੋ ਤਾਂ 2524 ਡਾਲਰ ਅੱਧੇ ਘੰਟੇ ਵਿਚ ਜਮ੍ਹਾ ਕਰਵਾ ਦਿਓ। ਨਹੀਂ ਤੇ ਅੱਜ ਸ਼ਾਮ ਤੱਕ ਤੁਹਾਡੇ ਘਰੋਂ ਸਿਪਾਹੀ ਤੁਹਾਨੂੰ ਪਕੜ ਕੇ ਲੈ ਜਾਣਗੇ।” ਉਸ ਨੇ ਕੁਰਖ਼ਤ ਆਵਾਜ਼ ਵਿਚ ਕਿਹਾ।
“ਜਨਾਬ! ਏਨੀ ਕਿਹੜੀ ਆਖ਼ਰ ਆ ਗਈ ਕਿ 2524 ਡਾਲਰ ਦੀ ਨਿਗੂਣੀ ਜਿਹੀ ਰਕਮ ਕਾਰਨ ਮੈਨੂੰ ਗ੍ਰਿਫਤਾਰ ਕਰਨ ਵਾਸਤੇ ਤੁਹਾਨੂੰ ਏਨੀ ਵੱਡੀ ਤਕੱਲਫ ਕਰਨੀ ਪਏ! ਮੈਂ 2012 ਦਾ ਟੈਕਸ ਪਹਿਲਾਂ ਜਮ੍ਹਾ ਕਰਵਾ ਚੁੱਕਾ ਹਾਂ। ਉਸ ਵਿਚ ਪਿਛਲੇ ਬਕਾਏ ਦੀ ਰਕਮ ਦਾ ਕੋਈ ਜ਼ਿਕਰ ਨਹੀਂ ਸੀ।” ਯਾਦ ਕਰ ਕੇ ਮੈਂ ਆਪਣੇ ਪੈਰਾਂ ਸਿਰ ਪੱਕਾ ਹੋ ਗਿਆ।
“ਜੀ ਸਾਨੂੰ ਪਤਾ ਨਹੀਂ, ਸਾਨੂੰ ਤਾਂ ਆਈ ਆਰ ਐਸ ਵੱਲੋਂ ਹੁਕਮ ਹੋਇਆ ਹੈ। ਤੁਸੀਂ ਆਪ ਤਸਦੀਕ ਕਰ ਲਈ ਹੈ।”
“ਸ੍ਰੀਮਾਨ ਜੀ, ਮੈਂ ਤੁਹਾਨੂੰ ਇਕਦਮ ਕੋਈ ਜੁਆਬ ਨਹੀਂ ਦੇ ਸਕਦਾ, ਮੈਨੂੰ ਕਿਸੇ ਕਾਨੂੰਨੀ ਮਾਹਿਰ ਨਾਲ ਸਲਾਹ ਕਰਨ ਦਾ ਟਾਈਮ ਦਿਓ। ਤੁਸੀਂ ਅਜਿਹੇ ਨੋਟਿਸ ਡਾਕ ਰਾਹੀਂ ਭੇਜ ਦਿਓ। ਤੁਹਾਡਾ ਕੀ ਨਾਮ ਹੈ ਸਰ!”
“ਮੇਰਾ ਨਾਂ ਅਸ਼ੋਕ ਮਹਿਤਾ ਹੈ। ਮੈਂ ਤੁਹਾਡਾ ਹਮਦਰਦ ਹਾਂ। ਮੈਂ ਨਹੀਂ ਚਾਹੁੰਦਾ ਤੁਸੀਂ ਐਵੇਂ ਆਪਣੇ ਆਪ ਨੂੰ ਅੰਦਰ ਕਰਾ ਲਓ। ਸ਼ੈਰਿਫ ਮੇਰੀ ਗੱਲ ਮੰਨਦੇ ਹਨ ਮੈਂ ਉਨ੍ਹਾਂ ਨੂੰ ਮਨਾ ਲਵਾਂਗਾ।” ਉਹ ਹੁਣ ਹਿੰਦੀ-ਪੰਜਾਬੀ ਵਿਚ ਗੱਲ ਕਰਨ ਲੱਗ ਪਿਆ।
“ਤੁਸੀਂ ਆਪਣੇ ਭਰਾ-ਭਾਈ ਜਾਪਦੇ ਹੋ, ਇਸ ਕਰ ਕੇ ਤੁਹਾਨੂੰ ਚੰਗੀ ਤਰ੍ਹਾਂ ਸਮਝਾ ਦਿਆਂ ਕਿ ਇਸ ਜ਼ਰੂਰੀ ਕਾਲ ਦੀ ਗੰਭੀਰਤਾ ਤੁਸੀਂ ਸਮਝ ਨਹੀਂ ਰਹੇ। ਇਹ ਸੀਰੀਅਸ ਮਾਮਲਾ ਹੈ। ਤੁਹਾਨੂੰ ਕੈਦ ਹੋ ਸਕਦੀ ਹੈ। ਤੁਹਾਡੇ ਬੈਂਕ ਖਾਤੇ ਸੀਲ ਹੋ ਸਕਦੇ ਹਨ। ਚੰਗਾ ਇਹੀ ਹੈ ਕਿ ਬਕਾਇਆ ਫਟਾਫਟ ਮੇਰੇ ਕੋਲ ਜਮਾ ਕਰਵਾ ਦਿਓ।” ਉਸ ਦੇ ਬਦਲਦੇ ਪੈਂਤੜੇ ਤੋਂ ਮੈਨੂੰ ਘਾਲੇ-ਮਾਲੇ ਦੀ ਬਦਬੂ ਆਉਣ ਲੱਗੀ।
ਕੁੱਝ ਦਿਨ ਪਹਿਲਾਂ ਇੱਕ 75 ਸਾਲਾ ਔਰਤ ਨੂੰ ਵੀ ਅਜਿਹਾ ਟੈਲੀਫੋਨ ਆਇਆ ਸੀ। ਉਹ ਵਿਚਾਰੀ ਰੇਡੀਓ ਟਾਕ ‘ਤੇ ਕਿਸੇ ਵਕੀਲ ਨੂੰ ਇਸ ਤਰ੍ਹਾਂ ਦੇ ਫੋਨ ਬਾਰੇ ਦੱਸਦੀ ਹੱਲ ਪੁੱਛ ਰਹੀ ਸੀ। ਵਕੀਲ ਨੇ ਦੱਸਿਆ ਕਿ ਇਹ ਸਭ ਕੁੱਝ ਘਾਲਾ-ਮਾਲਾ ਹੈ ਤੇ ਇਨਕਮ ਟੈਕਸ ਅਧਿਕਾਰੀ ਕਿਸੇ ਮੁਜਰਮ ਨਾਲ ਵੀ ਟੈਲੀਫੋਨ ‘ਤੇ ਇਸ ਤਰ੍ਹਾਂ ਦਾ ਅੜੀਅਲ ਵਤੀਰਾ ਨਹੀਂ ਅਪਨਾਉਂਦੇ। ਕੋਈ ਐਕਸ਼ਨ ਲੈਣ ਤੋਂ ਪਹਿਲਾਂ ਹਰੇਕ ਨੂੰ ਪੂਰਾ ਮੌਕਾ ਦਿੰਦੇ ਹਨ। ਕਈ ਵੇਰਾਂ ਗਲਤ ਅਨਸਰ ਸ਼ਰੀਫ ਲੋਕਾਂ ਦੇ ਖੀਸੇ ਕੱਟਣ ਖਾਤਰ ਤਰ੍ਹਾਂ ਤਰ੍ਹਾਂ ਦੇ ਬਹਾਨੇ ਘੜ ਕੇ ਪ੍ਰੇਸ਼ਾਨ ਕਰਦੇ ਰਹਿੰਦੇ ਨੇ। ਕਈ ਅਨਾੜੀ ਇਨ੍ਹਾਂ ਦੇ ਝਾਂਸੇ ਵਿਚ ਆ ਕੇ ਆਪਣੇ ਬੈਂਕ ਖਾਤੇ ਦਾ ਨੰਬਰ ਦੱਸ ਦਿੰਦੇ ਹਨ, ਜਿਸ ਵਿਚੋਂ ਉਹ ਤੁਰੰਤ ਪੈਸੇ ਕਢਵਾ ਕੇ ਰਫੂਚੱਕਰ ਹੋ ਜਾਂਦੇ ਨੇ। ਇਹ ਆਈ ਡੀ ਥੈਫਟ ਹੈ।” ਇਹ ਯਾਦ ਕਰ ਕੇ ਮੈਂ ਫੋਨ ਵਾਲੇ ਨੂੰ ਫੇਰ ਬੇਨਤੀ ਕੀਤੀ, “ਸ੍ਰੀਮਾਨ ਜੀ! ਸੋਚਣ ਵਾਸਤੇ ਟਾਈਮ ਲੈਣਾ ਮੇਰਾ ਅਧਿਕਾਰ ਹੈ, ਤੁਸੀਂ ਮੈਨੂੰ ਦੁਬਾਰਾ ਕਾਲ ਕਰ ਲਿਓ।” ਉਹ ਜ਼ਿੱਦ ਕਰ ਰਿਹਾ ਸੀ, “ਮੇਰੇ ਕੋਲ ਸਿਰਫ ਅੱਧਾ ਘੰਟਾ ਹੈ, ਮੇਰੇ ਹੱਥ ਖੜੇ ਹਨ।”
ਅਖੀਰ ‘ਮੈਂ ਇਸ ਵੇਲੇ ਬੇਵੱਸ ਹਾਂ, ਮੈਨੂੰ ਟਾਈਮ ਦਿਓ’ ਕਹਿ ਕੇ ਮੈਂ ਫੋਨ ਬੰਦ ਕਰ ਦਿੱਤਾ ਤੇ 210-424-2344 ਮੋੜਵਾਂ ਨੰਬਰ ਮਿਲਾ ਲਿਆ। ਅੱਗੇ ਬੜੀ ਗਹਿਮਾ-ਗਹਿਮੀ ਭਰਿਆ ਕੋਈ ਥਾਂ ਸੀ ਜਿੱਥੇ ਪਿਛੋਕੜ ਵਿਚ ਕਈ ਤਰ੍ਹਾਂ ਦੀਆਂ ਗੱਲਾਂ ਕਰਨ ਦੀਆਂ ਆਵਾਜ਼ਾਂ ਆ ਰਹੀਆਂ ਸਨ ਜਿਵੇਂ ਕੋਈ ਬਹੁਤ ਮਹੱਤਵਪੂਰਨ ਦਫਤਰ ਹੋਵੇ। “ਮਿਹਰਬਾਨੀ ਕਰ ਕੇ ਆਪਣਾ ਸੁਨੇਹਾ ਤੇ ਫੋਨ ਨੰਬਰ ਛੱਡ ਦਿਓ, ਤੁਹਾਨੂੰ ਵਾਪਸ ਕਾਲ ਕੀਤੀ ਜਾਵੇਗੀ।” ਵਾਇਸ ਮੇਲ ਤੋਂ ਬਿਨਾ ਕਿਸੇ ਨੇ ਫੋਨ ਨਹੀਂ ਉਠਾਇਆ। ਜ਼ਾਹਿਰ ਸੀ ਇਹ ਅਸਲੀ ਨੰਬਰ ਤਾਂ ਮੌਜੂਦ ਹੈ, ਇਸ ਲਈ ਫੋਨ ਕਰਨ ਵਾਲੇ ਵੀ ਤਾਂ ਲੱਭ ਹੀ ਜਾਣਗੇ। ਮੈਨੂੰ ਯਕੀਨ ਹੋ ਗਿਆ। ਫੋਨ ਦੀ ਘੰਟੀ ਫੇਰ ਖੜਕੀ। ਉਹੀ ਨੰਬਰ ਸੀ। ਮੈਂ ਨਹੀਂ ਚੁੱਕਿਆ ਪਰ ਘੰਟੀ ਖੜਕਦੀ ਰਹੀ।
ਮੈਂ ਆਪਣੇ ਕਿਸੇ ਟੈਕਸ ਮਾਹਿਰ ਮਿੱਤਰ ਨੂੰ ਫੋਨ ਮਿਲਾਇਆ ਜਿਸ ਨੇ ਦੱਸਿਆ, “ਇਹ ਸਕੈਮ ਹੈ ਜੋ ਸਾਈਬਰ ਕ੍ਰਾਈਮ ਕਰਨ ਵਾਲੇ ਚਾਤਰ ਲੋਕ ਭਲੇ ਲੋਕਾਂ ਦੀ ਆਈ ਡੀ ਚੋਰੀ ਕਰ ਕੇ ਠੱਗੀਆਂ ਮਾਰਦੇ ਹਨ।” ਮੇਰੀ ਬੇਨਤੀ ਤੇ ਉਸ ਨੇ ਹਾਮੀ ਭਰ ਦਿੱਤੀ ਕਿ ਉਹ 210-424-2344 ਨੰਬਰ ‘ਤੇ ਟੈਲੀਫੋਨ ਕਰ ਕੇ ਦਰਿਆਫਤ ਕਰੇਗਾ। ਦੋ ਚਾਰ ਮਿੰਟ ਵਿਚ ਉਸ ਦਾ ਵਾਪਸੀ ਫੋਨ ਆ ਗਿਆ, “ਇਹ ਨੰਬਰ ਬਣਾਉਟੀ ਜਾਪਦਾ ਹੈ। ਮੈਂ ਉਸ ਨੰਬਰ ‘ਤੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਇਹ ਮਿਲਦਾ ਨਹੀਂ ਜਾਂ ਵਾਰ ਵਾਰ ਕੱਟਿਆ ਜਾ ਰਿਹਾ ਹੈ। ਨੰਬਰ ਗੂਗਲ-ਸਰਚ ‘ਤੇ ਪਾ ਕੇ ਤੁਸੀਂ ਆਪ ਅਸਲੀ ਨਕਲੀ ਦੀ ਪਹਿਚਾਣ ਕਰ ਸਕਦੇ ਹੋ।”
ਮੈਂ ਸਿੱਧਾ ਫੋਨ ਮਿਲਾਇਆ। ਜਵਾਬ ਸੀ, “ਇਹ ਨੰਬਰ ਵਰਤੋਂ ਵਿਚ ਨਹੀਂ।” ਚੰਗਾ ਭਲਾ ਚੱਲਦਾ ਨੰਬਰ ਗ਼ਾਇਬ ਹੋ ਗਿਆ! ਠੱਗੀ ਸਾਹਮਣੇ ਆ ਗਈ।
ਮੈਂ ਗੂਗਲ-ਸਰਚ ‘ਤੇ ਨੰਬਰ ਪਾਇਆ। ਲਾਲ ਅੱਖਰਾਂ ਵਿਚ ਲਿਖਿਆ ਆ ਰਿਹਾ ਸੀ, “ਤੁਹਾਡੇ ਨਾਂ ਵਾਰੰਟ ਗ੍ਰਿਫਤਾਰੀ ਜਾਰੀ ਹੋ ਚੁੱਕੇ ਹਨ ਤੇ ਤੁਸੀਂ ਇਸ ਬਾਰੇ ਸਾਵਧਾਨ ਹੋ ਜਾਓ। ਤੁਹਾਡੇ ਦਰ ‘ਤੇ ਪੁਲਿਸ ਵਾਲੇ ਪਹੁੰਚਣ ਵਾਲੇ ਹਨ।” ਸਕਰੀਨ ਤੇ ਲਾਲ ਪੱਟੀ ਚੱਲ ਰਹੀ ਸੀ ਤੇ ਥੱਲੇ ਲਿਖਿਆ ਸੀ, “ਇਹ ਸਕੈਮ ਹੈ। ਤੁਸੀਂ ਚਾਹੋ ਤਾਂ ਇਸ ਬਾਰੇ ਸਾਈਬਰ-ਕ੍ਰਾਈਮ ਬਰਾਂਚ ਨੂੰ ਸ਼ਿਕਾਇਤ ਕਰ ਸਕਦੇ ਹੋ। ਤੁਸੀਂ ਬਚ ਗਏ ਹੋ ਤਾਂ ਹੋਰਾਂ ਨੂੰ ਵੀ ਸਾਵਧਾਨ ਕਰੋ।” ਮੇਰਾ ਸਾਹ ਵਿਚ ਸਾਹ ਆਇਆ।

Be the first to comment

Leave a Reply

Your email address will not be published.