ਸੱਤਾ ਦਾ ਸੰਗੀਤ

ਫਲਸਤੀਨੀਆਂ ਉਤੇ ਵਾਰ-ਵਾਰ ਬਾਜ ਬਣ-ਬਣ ਝਪਟ ਰਹੇ ਇਸਰਾਈਲ ਨਾਲ ਸਬੰਧਾਂ ਕਰ ਕੇ ਚਰਚਿਤ ਰਹੇ ਸੰਗੀਤਕਾਰ ਜ਼ੁਬਿਨ ਮਹਿਤਾ ਨੇ ਕਸ਼ਮੀਰ ਵਿਚ ਜਾ ਕੇ ਜਿਹੜੇ ਸੁਰ ਅਲਾਪੇ, ਉਹ ਵਿਵਾਦਾਂ ਵਿਚ ਘਿਰ ਗਏ ਹਨ। ਉਨ੍ਹਾਂ ਦੇ ਇਸ ਪ੍ਰੋਗਰਾਮ ਦਾ ਨਾਂ ‘ਅਹਿਸਾਸ-ਏ-ਕਸ਼ਮੀਰ’ ਰੱਖਿਆ ਗਿਆ ਸੀ ਪਰ ਇਹ ਪ੍ਰੋਗਰਾਮ ‘ਅਹਿਸਾਸ-ਏ-ਅਮੀਰ’ ਹੋ ਨਿਬੜਿਆ। ਮੁਕਾਮੀ ਲੋਕ ਪਹਿਲਾਂ ਹੀ ਇਸ ਪ੍ਰੋਗਰਾਮ ਦੀ ਮੁਖਾਲਫਤ ਕਰ ਰਹੇ ਸਨ। ਉਨ੍ਹਾਂ ਦੀ ਇਕ ਹੀ ਦਲੀਲ ਸੀ ਕਿ ਕਸ਼ਮੀਰ ਅਤੇ ਕਸ਼ਮੀਰੀ ਆਵਾਮ ਬੰਦੂਕ ਅਤੇ ਬਾਰੂਦ ਨਾਲ ਲਹੂ-ਲੁਹਾਣ ਹੋਇਆ ਪਿਆ ਹੈ, ਅਜਿਹੇ ਹਾਲਾਤ ਵਿਚ ਅਜਿਹੇ ਪ੍ਰੋਗਰਾਮ ਸੋਭਦੇ ਨਹੀਂ ਪਰ ਹੁਕਮਰਾਨਾਂ ਦੀ ਜ਼ਿਦ ਸੀ ਅਤੇ ਉਨ੍ਹਾਂ ਨੇ ਇਹ ਪ੍ਰੋਗਰਾਮ ਹਰ ਹੀਲੇ ਸਿਰੇ ਚੜ੍ਹ ਕੇ ਇਹ ਜ਼ਿਦ ਪੁਗਾਈ ਵੀ। ਦਰਅਸਲ ਹੁਕਮਰਾਨ ਇਹ ਸਾਬਤ ਕਰਨ ਲੱਗੇ ਹੋਏ ਹਨ ਕਿ ਕਸ਼ਮੀਰ ਵਿਚ ਹੁਣ ਸਭ ਅੱਛਾ ਹੈ, ਹਾਲਾਤ ਪੁਰ-ਅਮਨ ਹਨ। ਇਹੀ ਕੰਮ ਹੁਕਮਰਾਨਾਂ ਨੇ ਪੰਜਾਬ ਵਿਚ 1990ਵਿਆਂ ਦੇ ਅਰੰਭ ਵਿਚ ਕੀਤਾ ਸੀ। ਉਦੋਂ ਬੇਅੰਤ ਸਿੰਘ ਸਰਕਾਰ ਨੇ ਨੌਜਵਾਨਾਂ ਨੂੰ ਮੁਕਾਬਲਿਆਂ ਵਿਚ ਮਾਰ-ਮਾਰ ਕੇ ਮਗਰੋਂ ਸਭਿਆਚਾਰਕ ਪ੍ਰੋਗਰਾਮਾਂ ਦੇ ਨਾਂ ਹੇਠ ਗੀਤ-ਸੰਗੀਤ ਦਾ ਹੜ੍ਹ ਲਿਆ ਦਿੱਤਾ ਸੀ। ਉਦੋਂ ਵੀ ਇਹੀ ਦਲੀਲ ਦੇਣ ਦਾ ਯਤਨ ਕੀਤਾ ਗਿਆ ਸੀ ਕਿ ਦੇਖੋ! ਹੁਣ ਸਭ ਕੁਝ ਠੀਕ-ਠਾਕ ਹੈ। ਸੱਤਾ ਦਾ ਇਹ ਸੰਗੀਤ, ਹੁਕਮਰਾਨ ਵੱਖ-ਵੱਖ ਥਾਂਈਂ ਲੋੜ ਮੁਤਾਬਕ ਇਸੇ ਤਰ੍ਹਾਂ ਅਲਾਪਦੇ ਹਨ ਅਤੇ ਆਮ ਲੋਕਾਂ ਦੇ ਅੱਖੀਂ ਘੱਟਾ ਪਾਉਂਦੇ ਹਨ। ‘ਅਹਿਸਾਸ-ਏ-ਕਸ਼ਮੀਰ’ ਇਕ ਵਾਰ ਫਿਰ ਇਸੇ ਤਰ੍ਹਾਂ ਦਾ ਅਹਿਸਾਸ ਕਰਵਾ ਗਿਆ। ਇਹ ਪ੍ਰੋਗਰਾਮ ਰੱਖਿਆ ਤਾਂ ਕਸ਼ਮੀਰੀ ਆਵਾਮ ਲਈ ਸੀ ਪਰ ਇਸ ਸਮਾਗਮ ਵਿਚ ਸਿਰਫ ਅਮੀਰ ਤਬਕਾ ਹੀ ਸ਼ਿਰਕਤ ਕਰ ਸਕਿਆ। ਹੋਰ ਤਾਂ ਹੋਰ, ਬਾਅਦ ਵਿਚ ਕਲਾਕਾਰਾਂ ਨੂੰ ਜਿਹੜਾ ਰਾਤਰੀ ਭੋਜ ਦਿੱਤਾ ਗਿਆ, ਉਸ ਵਿਚ ਵੀ ਵਿਤਕਰਾ ਕੀਤਾ ਗਿਆ। ਰਾਤਰੀ ਭੋਜ ਦਾ ਘੇਰਾ ਹੋਰ ਵੀ ਸੀਮਤ ਕਰ ਦਿੱਤਾ ਗਿਆ ਅਤੇ ਪ੍ਰੋਗਰਾਮ ਵਿਚ ਹਿੱਸਾ ਲੈਣ ਵਾਲੇ ਕੁਝ ਕਲਾਕਾਰਾਂ ਨੂੰ ਵੀ ਇਸ ਵਿਚ ਦਾਖਲ ਨਹੀਂ ਹੋਣ ਦਿੱਤਾ ਗਿਆ। ਇਸ ਮਾਮਲੇ ਦਾ ਸਭ ਤੋਂ ਦਿਲਚਸਪ ਪਹਿਲੂ ਇਹ ਸੀ ਕਿ ਜ਼ੁਬਿਨ ਮਹਿਤਾ ਨੇ ਇਨ੍ਹਾਂ ਸਾਰੇ ਮਾਮਲਿਆਂ ਤੋਂ ਅਣਜਾਣਤਾ ਪ੍ਰਗਟ ਕੀਤੀ। ਪੱਤਰਕਾਰਾਂ ਨੇ ਜਦੋਂ ਰਤਾ ਕੁ ਕੁਰੇਦਿਆ ਤਾਂ ਉਨ੍ਹਾਂ ਨੂੰ ਇਹ ਕਹਿਣਾ ਪੈ ਗਿਆ ਕਿ ਇਸਰਾਈਲ ਦੀ ਇਕ ਬਦਨਾਮ ਸੰਗੀਤ ਸੰਸਥਾ ਨਾਲ ਉਨ੍ਹਾਂ ਦਾ ਸਬੰਧ ਤਾਂ ਜ਼ਰੂਰ ਹੈ ਪਰ ਉਹ ਫਲਸਤੀਨ ਦੇ ਵਿਰੋਧ ਵਿਚ ਕਦੀ ਨਹੀਂ ਭੁਗਤੇ ਅਤੇ ਹੁਣ ਵੀ ਆਜ਼ਾਦ ਫਲਸਤੀਨ ਦੇ ਹੱਕ ਵਿਚ ਹਨ। ਕਸ਼ਮੀਰ ਵਿਚ ਉਚੇਚਾ ਪ੍ਰੋਗਰਾਮ ਕਰਨ ਬਾਰੇ ਉਹ ਸਪਸ਼ਟ ਉਤਰ ਨਾ ਦੇ ਸਕੇ। ਇਸ ਪ੍ਰੋਗਰਾਮ ਲਈ ਜਰਮਨੀ ਵੱਲੋਂ ਕੀਤੇ ਗਏ ਭਾਰੀ ਤਰੱਦਦ ਬਾਰੇ ਵੀ ਉਨ੍ਹਾਂ ਕੋਲ ਕੋਈ ਜਵਾਬ ਨਹੀਂ ਸੀ। ਸਭ ਨੂੰ ਯਾਦ ਹੋਵੇਗਾ ਕਿ ਯਹੂਦੀਆਂ ਦਾ ਘਾਣ ਕਰਨ ਵਾਲ ਤਾਨਾਸ਼ਾਹ ਹਿਟਲਰ, ਜਰਮਨੀ ਦਾ ਹੀ ਸ਼ਾਸਕ ਸੀ। ਇਨ੍ਹਾਂ ਸਭ ਤੱਥਾਂ ਨੂੰ ਜੋੜ ਕੇ ਸੱਤਾ ਦੇ ਉਸ ਸੰਗੀਤ ਦੀ ਸਮਝ ਪੈਣ ਲਗਦੀ ਹੈ ਜੋ ਹੁਕਮਰਾਨ ਹਾਲਾਤ ਦੇ ਪਿੰਜੇ ਲੋਕਾਂ ਨੂੰ ਸੁਣਾ ਕੇ ਉਨ੍ਹਾਂ ਦੇ ਜ਼ਖਮਾਂ ਉਤੇ ਲੂਣ ਛਿੜਕਦੇ ਹਨ।
‘ਅਹਿਸਾਸ-ਏ-ਕਸ਼ਮੀਰ’ ਦੇ ਬਰਾਬਰ ਕਸ਼ਮੀਰੀ ਆਵਾਮ ਨੇ ‘ਹਕੀਕਤ-ਏ-ਕਸ਼ਮੀਰ’ ਦੇ ਨਾਂ ਹੇਠ ਉਸੇ ਦਿਨ ਆਪਣਾ ਵੱਖਰਾ ਸੰਗੀਤ ਪ੍ਰੋਗਰਾਮ ਉਲੀਕਿਆ ਤਾਂ ਕਿ ਦੁਨੀਆਂ ਭਰ ਦੇ ਲੋਕਾਂ ਅੱਗੇ ਕਸ਼ਮੀਰ ਦੀ ਹਕੀਕਤ ਬਿਆਨ ਕੀਤੀ ਜਾ ਸਕੇ। ਇਸ ਪ੍ਰੋਗਰਾਮ ਨੂੰ ਰੋਕਣ ਅਤੇ ਲੋਕਾਂ ਨੂੰ ਡਰਾਉਣ ਲਈ ਸਰਕਾਰ ਨੇ ਹਰ ਹਰਬਾ ਵਰਤਿਆ। ਲੋਕਾਂ ਨੂੰ ਇਸ ਪ੍ਰੋਗਰਾਮ ਵਾਲੀ ਥਾਂ ਤੱਕ ਪੁੱਜਣ ਲਈ ਅਨੇਕਾਂ ਨਾਕੇ ਪਾਰ ਕਰਨੇ ਪਏ ਪਰ ਲੋਕਾਂ ਨੇ ਇਹ ਸਭ ਅੜਿੱਕੇ ਪਾਰ ਕੀਤੇ। ਕਸ਼ਮੀਰੀ ਲੋਕਾਂ ਨੇ ਹੁਣ ਵੀ ਐਨ ਉਸੇ ਤਰ੍ਹਾਂ ਕੀਤਾ ਜਿਵੇਂ ਉਹ ਕਰਫਿਊ ਤੱਕ ਦੀ ਪ੍ਰਵਾਹ ਕੀਤੇ ਬਗੈਰ ਜ਼ਿਆਦਤੀਆਂ ਖਿਲਾਫ ਰੋਸ ਪ੍ਰਗਟ ਕਰਨ ਲਈ ਅਕਸਰ ਸੜਕਾਂ ਉਤੇ ਉਤਰ ਆਉਂਦੇ ਹਨ। ਅਸਲ ਵਿਚ ਕਸ਼ਮੀਰੀਆਂ ਦੇ ਇਸੇ ਹੱਲੇ ਤੋਂ ਸਰਕਾਰ ਸਦਾ ਭੈਅ ਖਾਂਦੀ ਹੈ। ਇਸੇ ਕਰ ਕੇ ਉਥੇ ਲਗਾਤਾਰ ਬਾਰੂਦ ਦੀ ਵਾਛੜ ਕੀਤੀ ਜਾ ਰਹੀ ਹੈ। ਕੌਮਾਂਤਰੀ ਪੱਧਰ ਉਤੇ ਇਸ ਤਰ੍ਹਾਂ ਦਾ ਅਹਿਸਾਸ ਅੱਜਕੱਲ੍ਹ ਅਮਰੀਕੀ ਸਦਰ ਬਰਾਕ ਓਬਾਮਾ ਕਰਵਾ ਰਹੇ ਹਨ। ਤਤਕਾਲੀ ਸਦਰ ਜਾਰਜ ਬੁਸ਼ ਵੱਲੋਂ ਇਰਾਕ ਉਤੇ ਚੜ੍ਹਾਈ ਦਾ ਵਿਰੋਧ ਕਰਨ ਵਾਲੇ ਬਰਾਕ ਓਬਾਮਾ ਹੁਣ ਸੀਰੀਆ ਉਤੇ ਹਮਲੇ ਲਈ ਪਰ ਤੋਲ ਰਹੇ ਹਨ ਅਤੇ ਸੰਸਾਰ ਪੱਧਰੀ ਤੇ ਅਮਰੀਕੀ ਕਾਂਗਰਸ ਦੇ ਵਿਰੋਧ ਦੇ ਬਾਵਜੂਦ ਹਮਲੇ ਲਈ ਬਜ਼ਿਦ ਹਨ। ਅਮਰੀਕੀ ਕਾਂਗਰਸ ਨੇ ਭਾਵੇਂ ਉਨ੍ਹਾਂ ਨੂੰ ਸਪਸ਼ਟ ਪੁੱਛਿਆ ਹੈ ਕਿ ਉਹ ਦੱਸਣ ਤਾਂ ਸਹੀ ਕਿ ਸੀਰੀਆ ਨਾਲ ਅਮਰੀਕਾ ਦੇ ਕਿਹੜੇ ਹਿਤਾਂ ਉਤੇ ਮਾਰ ਪੈ ਰਹੀ ਹੈ। ਉਹ ਇਕ ਹੀ ਰਾਗ ਅਲਾਪ ਰਹੇ ਹਨ ਕਿ ਸੀਰੀਆ ਦੇ ਰਸਾਇਣੀ ਹਥਿਆਰ ਅਮਰੀਕਾ ਲਈ ਖਤਰਾ ਹਨ। ਜਾਰਜ ਬੁਸ਼ ਨੇ ਵੀ ਇਰਾਕ ਉਤੇ ਹਮਲੇ ਵੇਲੇ ਤਬਾਹੀ ਵਾਲੇ ਹਥਿਆਰਾਂ ਦਾ ਬਹਾਨਾ ਬਣਾਇਆ ਸੀ ਪਰ ਉਥੋਂ ਅੱਜ ਤੱਕ ਅਜਿਹੇ ਕੋਈ ਹਥਿਆਰ ਨਹੀਂ ਮਿਲੇ। ਜ਼ਾਹਿਰ ਹੈ ਕਿ ਸੱਤਾ ਦਾ ਸੰਗੀਤ ਸਦਾ ਇੰਨਾ ਹੀ ਕੰਨ ਪਾੜਵਾਂ ਅਤੇ ਮੂੰਹ-ਜ਼ੋਰ ਹੁੰਦਾ ਹੈ, ਕਿਸੇ ਦੀ ਅਪੀਲ-ਦਲੀਲ ਦੀ ਕੋਈ ਗੁੰਜਾਇਸ਼ ਨਹੀਂ ਛੱਡੀ ਜਾਂਦੀ। ਇਤਿਹਾਸ ਗਵਾਹ ਹੈ ਕਿ ਸੱਤਾ ਦਾ ਇਹ ਸੰਗੀਤ ਆਮ ਲੋਕਾਂ ਉਤੇ ਕਿੰਜ ਪਹਾੜ ਬਣ ਕੇ ਟੁੱਟਦਾ ਹੈ। ਇਰਾਨ ਦੇ ਲੋਕ ਆਪਣੀ ਹੋਣੀ ਅੱਜ ਵੀ ਭੁਗਤ ਰਹੇ ਹਨ। ਪੰਜਾਬ ਵਿਚ ਸਭਿਆਚਾਰਕ ਪ੍ਰੋਗਰਾਮਾਂ ਨਾਲ ਸ਼ੁਰੂ ਹੋਇਆ ਅਲਾਪ ਸੂਬੇ ਦੇ ਲੋਕਾਂ ਨੂੰ ਸਭਿਆਚਾਰਕ ਤਬਾਹੀ ਤਕ ਲੈ ਗਿਆ। ਗੀਤ-ਸੰਗੀਤ ਦੇ ਪ੍ਰਦੂਸ਼ਣ ਨੇ ਜਿੰਨੀ ਵੱਡੀ ਸੱਟ ਪੰਜਾਬ ਉਤੇ ਮਾਰੀ ਹੈ, ਉਸ ਦੀਆਂ ਚੀਸਾਂ ਕਚੀਚੀ ਵੱਟਣ ਦੇ ਬਾਵਜੂਦ ਝੱਲੀਆਂ ਨਹੀਂ ਜਾ ਰਹੀਆਂ। ਉਸ ਤੋਂ ਵੀ ਵੱਡੀ ਗੱਲ ਇਹ ਹੈ, ਇਸ ਦਾ ਇਲਾਜ ਵੀ ਕੋਈ ਨਜ਼ਰ ਨਹੀਂ ਆ ਰਿਹਾ। ਇਹੀ ਹੋਣੀ ਕਸ਼ਮੀਰੀ ਆਵਾਮ ਦੇ ਹਿੱਸੇ ਪਾ ਦਿੱਤੀ ਗਈ ਹੈ। ਉਨ੍ਹਾਂ ਦੇ ਮਸਲਿਆਂ ਦੇ ਹੱਲ ਕੱਢਣੇ ਤਾਂ ਇਕ ਪਾਸੇ ਰਹੇ, ਉਨ੍ਹਾਂ ਬਾਰੇ ਗੱਲ ਵੀ ਨਹੀਂ ਚਲਾਈ ਜਾ ਰਹੀ। ਹੁਣ ਅਮੀਰਾਂ ਦੇ ਸੰਗੀਤ ਦੇ ਜ਼ੋਰ ਹਕੀਕਤ ਉਤੇ ਪਰਦਾ ਪਾਇਆ ਜਾ ਰਿਹਾ ਹੈ। ਇਸ ਪਰਦੇ ਤੋਂ ਪਰਦਾ ਕਦੋਂ ਚੁੱਕਿਆ ਜਾਣਾ ਹੈ, ਇਹ ਸਭ ਅਜੇ ਭਵਿਖ ਦੀਆਂ ਤਹਿਆਂ ਵਿਚ ਪਿਆ ਹੈ।

 

Be the first to comment

Leave a Reply

Your email address will not be published.