ਨਫਰਤ ਨੇ ਲੂਹ ਸੁੱਟੇ ਸਿੱਖਾਂ ਦੇ ਹਿਰਦੇ

ਉਸਾਮਾ ਦੇ ਸਾਥੀ ਸਮਝ ਕੇ ਹੋ ਰਹੇ ਨੇ ਹਮਲੇ
ਵਾਸ਼ਿੰਗਟਨ (ਪੰਜਾਬ ਟਾਈਮਜ਼ ਬਿਊਰੋ): ਵਿਦੇਸ਼ਾਂ ਵਿਚ ਵਸੇ ਸਿੱਖ ਅਜੇ ਵੀ ‘ਬੇਗਾਨੇ’ ਮੁਲਕਾਂ ਵਿਚ ਆਪਣੀ ਸ਼ਨਾਖ਼ਤ ਬਾਰੇ ਪੈਦਾ ਹੋਈ ਗਲਤਫਹਿਮੀ ਦੂਰ ਕਰਨ ਵਿਚ ਕਾਮਯਾਬ ਨਹੀਂ ਹੋ ਸਕੇ। ਇਹੀ ਕਾਰਨ ਹੈ ਕਿ ਉਨ੍ਹਾਂ ਨੂੰ ਉਸਾਮਾ ਬਿਨ-ਲਾਦਿਨ ਦੇ ਸਾਥੀ ਸਮਝਦੇ ਹੋਏ ਵਿਦੇਸ਼ੀਆਂ ਦੀ ਨਫਰਤ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਪਿਛਲੇ ਵਰ੍ਹੇ ਅਮਰੀਕਾ ਦੇ ਓਕ ਕਰੀਕ ਸਥਿਤ ਗੁਰਦੁਆਰੇ ਵਿਚ ਵਾਪਰੀ ਘਟਨਾ ਨੇ ਇਸ ਮਾਮਲੇ ਨੂੰ ਜ਼ੋਰ-ਸ਼ੋਰ ਨਾਲ ਉਭਾਰਿਆ ਸੀ ਪਰ ਕੁਝ ਸਮੇਂ ਦੀ ਸਰਗਰਮੀ ਤੋਂ ਬਾਅਦ ਇਸ ਪਾਸਿਉਂ ਸਭ ਦਾ ਧਿਆਨ ਹਟ ਗਿਆ।
ਅਮਰੀਕਾ ਵਿਚ ਸਿੱਖਾਂ ਬਾਰੇ ਜਾਗਰੂਕਤਾ ਦਾ ਇਸ ਵੇਲੇ ਇਹ ਹਾਲ ਹੈ ਕਿ ਬਹੁਤੇ ਅਮਰੀਕੀ ਲੋਕ, ਸਿੱਖਾਂ ਨੂੰ ਅਲ-ਕਾਇਦਾ ਦੇ ਮਾਰੇ ਗਏ ਮੁਖੀ ਉਸਾਮਾ ਬਿਨ-ਲਾਦਿਨ ਨਾਲ ਜੋੜ ਕੇ ਦੇਖਦੇ ਹਨ। ਸਿੱਖ ਅਮਰੀਕਨ ਲੀਗਲ ਡਿਫੈਂਸ ਐਂਡ ਐਜ਼ੂਕੇਸ਼ਨ (ਸੈਲਡੈਫ) ਤੇ ਸਟੈਨਫੋਰਡ ਯੂਨੀਵਰਸਿਟੀ ਵੱਲੋਂ ਸਾਂਝੇ ਤੌਰ ‘ਤੇ ਕੀਤੇ ਗਏ ਅਧਿਐਨ ‘ਟਰਬਨ ਮਿੱਥਸ’ ਵਿਚ ਖੁਲਾਸਾ ਕੀਤਾ ਗਿਆ ਕਿ 49 ਫ਼ੀਸਦੀ ਅਮਰੀਕੀ ਲੋਕ, ਸਿੱਖਾਂ ਨੂੰ ਇਸਲਾਮ ਦਾ ਹੀ ਹਿੱਸਾ ਮੰਨਦੇ ਹਨ ਜਦਕਿ 70 ਫ਼ੀਸਦੀ ਕਿਸੇ ਸਿੱਖ ਦੀ ਤਸਵੀਰ ਵਿਚ ਉਸ ਦੀ ਸਿੱਖ ਵਜੋਂ ਸ਼ਨਾਖ਼ਤ ਨਹੀਂ ਕਰ ਸਕਦੇ। ਪਾਲੋ ਅਲਟੋ (ਕੈਲੀਫਰੋਨੀਆ) ਵਿਚ ਜਾਰੀ ਰਿਪੋਰਟ ਵਿਚ ਕਿਹਾ ਗਿਆ ਕਿ 79 ਫ਼ੀਸਦੀ ਅਮਰੀਕੀ, ਸਿੱਖ ਮਤ ਦੀ ਉਤਪਤੀ ਦੇ ਸਥਾਨ ਭਾਰਤ ਨੂੰ ਭੂਗੋਲਿਕ ਤੌਰ ‘ਤੇ ਪਛਾਣ ਨਹੀਂ ਸਕਦੇ। ਸਰਵੇਖਣ ਵਿਚ ਇਹ ਗੱਲ ਦੇਖੀ ਗਈ ਕਿ 70 ਫ਼ੀਸਦੀ ਅਮਰੀਕੀ ਦਸਤਾਰ ਸਜਾਉਣ ਵਾਲਿਆਂ ਨੂੰ ਮੁਸਲਮਾਨ ਸਮਝਦੇ ਹਨ ਜਦਕਿ 48 ਫ਼ੀਸਦੀ ਹਿੰਦੂ, ਬੋਧੀ ਜਾਂ ਸ਼ਿੰਟੋ (ਜਪਾਨੀ ਧਰਮ) ਸਮਝਦੇ ਹਨ। ਇਹ ਇਸ ਤੱਥ ਦੇ ਪੂਰੀ ਤਰ੍ਹਾਂ ਉਲਟ ਹੈ ਕਿ ਅਮਰੀਕਾ ਵਿਚ ਤਕਰੀਬਨ ਸਾਰੇ ਵਿਅਕਤੀ ਜਿਹੜੇ ਪੱਗ ਬੰਨ੍ਹਦੇ ਹਨ, ਸਿੱਖ-ਅਮਰੀਕਨ ਹਨ ਜਿਨ੍ਹਾਂ ਦੇ ਧਰਮ ਦੀ ਉਤਪਤੀ ਭਾਰਤ ਤੋਂ ਹੋਈ।
‘ਸੈਲਡੈਫ’ ਦੇ ਅਗਜ਼ੈਕਟਿਵ ਡਾਇਰੈਕਟਰ ਜਸਜੀਤ ਸਿੰਘ ਦਾ ਕਹਿਣਾ ਹੈ ਕਿ ਇਹ ਖੋਜ ਸਿੱਖ ਭਾਈਚਾਰੇ ਲਈ ਅਹਿਮ ਹੈ ਤੇ ਅਸਲ ਤੇ ਅਮਲੀ ਜ਼ਿੰਦਗੀ ਜਿਉਣ ਦੇ ਤਜਰਬਿਆਂ ਦੀ ਪੁਸ਼ਟੀ ਕਰਦੀ ਹੈ। ਇਸ ਅਧਿਐਨ ਦੀ ਨਿਗਰਾਨੀ ਸਟੈਨਫੋਰਡ ਯੂਨੀਵਰਸਿਟੀ ਦੇ ਖੋਜੀ ਤੇ ਸ਼ਾਂਤੀ ਇਨੋਵੇਸ਼ਨ ਲੈਬ ਕੋ-ਡਾਇਰੈਕਟਰ ਮਰਗਰੀਤਾ ਕੁਈਹੁਈਜ਼ ਨੇ ਕੀਤੀ। ਇਹ ਖੋਜ ਸਰਵੇਖਣ, ਸਮਾਜਕ ਵਿਗਿਆਨ ਖੋਜ ਤੇ ਸਿੱਖਾਂ ਤੇ ਸ਼ਹਿਰੀ ਹੱਕਾਂ ਬਾਰੇ ਨਾਗਰਿਕ ਸੰਗਠਨਾਂ ਵਿਚਲੇ ਵਿਅਕਤੀਆਂ ਨਾਲ ਲੰਬੀਆਂ ਚੌੜੀਆਂ ਮੁਲਾਕਾਤਾਂ ‘ਤੇ ਆਧਾਰਤ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਸਮੇਂ ਦੌਰਾਨ ਸਿੱਖਾਂ ਨੇ ਕੈਨੇਡਾ ਤੇ ਅਮਰੀਕਾ ਵਰਗੇ ਮੁਲਕਾਂ ਦੀ ਸਿਆਸਤ ਵਿਚ ਵੀ ਚੰਗਾ ਮੁਕਾਮ ਹਾਸਲ ਕਰ ਲਿਆ ਹੈ ਪਰ ਦਸਤਾਰ ਕਾਰਨ ਜ਼ਿਆਦਾਤਰ ਗੋਰੇ ਸਿੱਖਾਂ ਨੂੰ ਮੁਸਲਮਾਨ ਹੀ ਸਮਝਦੇ ਹਨ। ਅਲ-ਕਾਇਦਾ ਵੱਲੋਂ ਅਮਰੀਕਾ ਵਿਚ ਕੀਤੇ ਹਮਲੇ ਤੋਂ ਬਾਅਦ ਗੋਰਿਆਂ ਦੇ ਮਨਾਂ ਵਿਚ ਮੁਸਲਮਾਨਾਂ ਬਾਰੇ ਪੈਦਾ ਹੋਈ ਨਫਰਤ ਦਾ ਸ਼ਿਕਾਰ ਸਿੱਖਾਂ ਨੂੰ ਵੀ ਹੋਣਾ ਪੈ ਰਿਹਾ ਹੈ।
ਇਕ ਹੋਰ ਸਰਵੇਖਣ ਵਿਚ ਸਾਹਮਣੇ ਆਇਆ ਹੈ ਕਿ ਨਿਊ ਯਾਰਕ ਸ਼ਹਿਰ ਦੇ ਪਬਲਿਕ ਸਕੂਲਾਂ ਵਿਚ ਸਿੱਖਾਂ ਸਮੇਤ ਏਸ਼ੀਆਈ-ਅਮਰੀਕੀ ਵਿਦਿਆਰਥੀਆਂ ਨੂੰ ਧਮਕਾਉਣ ਡਰਾਉਣ ਦੀਆਂ ਘਟਨਾਵਾਂ ਦੁੱਗਣੀਆਂ ਹੋ ਕੇ 50 ਫੀਸਦੀ ਹੋ ਗਈਆਂ ਹਨ। ਮਾਨਵੀ ਹੱਕਾਂ ਬਾਰੇ ਦੋ ਜਥੇਬੰਦੀਆਂ ਨੇ ਇਹ ਖੁਲਾਸਾ ਕੀਤਾ ਹੈ। ਸਿੱਖ ਕੁਲੀਸ਼ਨ ਤੇ ‘ਏਸ਼ੀਆ ਅਮੈਰੀਕਨ ਲੀਗਲ ਡਿਫੈਂਸ ਐਂਡ ਐਜੂਕੇਸ਼ਨ ਫੰਡ’ ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਏਸ਼ੀਆਈ-ਅਮਰੀਕੀ ਵਿਦਿਆਰਥੀਆਂ ਨੂੰ ਡਰਾਉਣ-ਧਮਕਾਉਣ ਅਤੇ ਉਨ੍ਹਾਂ ‘ਤੇ ਧੌਂਸ ਜਮਾਉਣ ਦੀਆਂ ਕਾਰਵਾਈਆਂ 2012 ਵਿਚ 50 ਫੀਸਦੀ ਹੋ ਗਈਆਂ ਹਨ। 2009 ਵਿਚ ਅਜਿਹੀਆਂ ਕਾਰਵਾਈਆਂ 27 ਫੀਸਦੀ ਸਨ।
ਡਰਾਉਣ-ਧਮਕਾਉਣ ਦੇ ਤਰੀਕਿਆਂ ਵਿਚ ਗਾਲ ਮੰਦਾ ਕਰਨਾ, ਇੰਟਰਨੈਟ ‘ਤੇ ਡਰਾਉਣ ਤੋਂ ਲੈ ਕੇ ਸਰੀਰਕ ਖਿੱਚ-ਧੂਹ ਸ਼ਾਮਲ ਹੈ।
ਵਾਸ਼ਿੰਗਟਨ ਪੋਸਟ ਨੇ ਰਿਲੀਜ਼ਨ ਨਿਊਜ਼ ਸਰਵਿਸ ਦੇ ਹਵਾਲੇ ਨਾਲ ਕਿਹਾ ਸੀ ਕਿ ਵਿਦਿਆਰਥੀਆਂ ਦੀਆਂ ਦਸਤਾਰਾਂ ਲਾਹੁਣਾ ਤੇ ਸਿਰ ਦਾ ਕੱਪੜਾ ਧੂਹਣਾ ਇਨ੍ਹਾਂ ਕਾਰਵਾਈਆਂ ਵਿਚ ਸ਼ਾਮਲ ਹੈ। ਜੂਨੀਅਰ ਸਿੱਖ ਕੁਲੀਸ਼ਨ ਦੇ ਵਿਦਿਆਰਥੀ ਆਗੂ ਤੇ ਡੈਵਿਟ ਕਲਿੰਟਨ ਹਾਈ ਸਕੂਲ ਬਰੌਂਕਸ ਦੇ ਪਵਨਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਨੂੰ ਅਕਸਰ ‘ਉਸਾਮਾ’ ਅਤੇ ‘ਲੀਰਾਂ ਦੇ ਸਿਰ ਵਾਲਾ’ (ਰੈਗਜ਼) ਜਿਹੇ ਸੰਬੋਧਨ ਸੁਣਨੇ ਪੈਂਦੇ ਹਨ। ਨਿਊ ਯਾਰਕ ਦੇ ਹੀ ਇਕ ਸਕੂਲ ਦੀ ਬੰਗਾਲੀ-ਅਮਰੀਕੀ ਤੇ ਮੁਸਲਿਮ ਵਿਦਿਆਰਥਣ ਅਰੋਨੋ ਸ਼ਾਸੀ ਨੇ ਦੱਸਿਆ ਕਿ ਉਹ ਡਰ ਕੇ ਘਰ ਬੈਠ ਗਈ ਹੈ। ਡਰਾਉਣ-ਧਮਕਾਉਣ ਵਾਲੇ ਜੋ ਕਹਿੰਦੇ ਹਨ, ਮਨ ਉਹ ਸੱਚ ਮੰਨਣ ਲੱਗਦਾ ਹੈ। ਪੱਖਪਾਤ ਦੇ ਆਧਾਰ ‘ਤੇ ਡਰਾਉਣ-ਧਮਕਾਉਣ ਵਿਰੁਧ 2008 ਵਿਚ ਨੀਤੀਆਂ ਬਣਾਉਣ ਦੇ ਬਾਵਜੂਦ ਇਹ ਘਟਨਾਵਾਂ ਵਧੀਆਂ ਹਨ। ਬੱਚਿਆਂ ਦਾ ਕਹਿਣਾ ਹੈ ਕਿ ਦੱਸਣ ‘ਤੇ ਅਧਿਆਪਕ ਵੀ ਕੁਝ ਨਹੀਂ ਕਰਦੇ ਸਗੋਂ ਕਈ ਵਾਰ ਖੁਦ ਵੀ ਮਾੜੀ ਟਿੱਪਣੀ ਕਰ ਦਿੰਦੇ ਹਨ।
ਇਸੇ ਦੌਰਾਨ ਸਿੱਖ ਵਿਦਵਾਨਾਂ ਨੇ ਇਸ ਰਿਪੋਰਟ ਦੇ ਖੁਲਾਸਿਆਂ ਪ੍ਰਤੀ ਫ਼ਿਕਰਮੰਦੀ ਜ਼ਾਹਿਰ ਕਰਦਿਆਂ ਕਿਹਾ ਹੈ ਕਿ ਬੇਗਾਨੀ ਧਰਤੀ ‘ਤੇ ਸਿੱਖਾਂ ਦੀ ਅਸਲ ਪਛਾਣ ਦਾ ਮੁੱਦਾ ਬੇਹੱਦ ਨਾਜ਼ੁਕ ਹੈ। ਸਿੱਖ, ਮੁਸਲਮਾਨਾਂ ਦੇ ਭੁਲੇਖੇ ਅਮਰੀਕਾ ਵਿਚ ਨਸਲੀ ਹਮਲਿਆਂ ਦੇ ਸ਼ਿਕਾਰ ਹੋ ਰਹੇ ਹਨ। ਸਿੱਖ ਵਿਦਵਾਨਾਂ ਦਾ ਕਹਿਣਾ ਹੈ ਕਿ ਆਪਣੀ ਧਾਰਮਿਕ ਪਛਾਣ ਪ੍ਰਤੀ ਪਏ ਖੱਪੇ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੂਰਨ ਦਾ ਯਤਨ ਕੀਤਾ ਜਾ ਸਕਦਾ ਹੈ। ਅਮਰੀਕਨਾਂ ਦਾ ਵਿਸ਼ਵਾਸ ਜਿੱਤਣ ਵਾਲੇ ਕਾਰਜ ਕਰਨ ਦੇ ਨਾਲ-ਨਾਲ ਇਸ ਪ੍ਰਤੀ ਵੀ ਜਾਗਰੂਕਤਾ ਫੈਲਾਉਣੀ ਚਾਹੀਦੀ ਹੈ ਕਿ ਸਿੱਖ ਵੀ ਅਮਰੀਕੀ ਭਾਈਚਾਰੇ ਦੀ ਬਿਹਤਰੀ ਲਈ ਸਰਗਰਮ ਹਨ।

Be the first to comment

Leave a Reply

Your email address will not be published.