ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਸੂਬੇ ਵਿਚ ਕਰਜ਼ੇ ਦੇ ਭਾਰ ਕਾਰਨ ਖ਼ੁਦਕੁਸ਼ੀਆਂ ਕਰਨ ਵਾਲੇ ਕਿਸਾਨਾਂ ਦੇ ਮਾਮਲੇ ਨੂੰ ਕੇਂਦਰ ਦੇ ਸਨਮੁੱਖ ਰੱਖਣ ਵਿਚ ਹਿਚਕਚਾਹਟ ਦਿਖਾਈ ਜਾ ਰਹੀ ਹੈ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕੇਂਦਰੀ ਵਿੱਤ ਕਮਿਸ਼ਨ ਦੇ ਸਾਹਮਣੇ ਰਾਜ ਦੇ ਕਿਸਾਨਾਂ ਦੀ ਨਿੱਘਰੀ ਹੋਈ ਆਰਥਿਕ ਹਾਲਤ ਤੇ 32000 ਕਰੋੜ ਰੁਪਏ ਦੇ ਕਰਜ਼ਾਈ ਹੋਣ ਦੀ ਗੱਲ ਕਹਿ ਕੇ ਖੇਤੀਬਾੜੀ ਲਈ ਤਾਂ ਪੈਕੇਜ ਮੰਗਿਆ ਪਰ ਮਹਾਂਰਾਸ਼ਟਰ, ਕਰਨਾਟਕ ਤੇ ਆਂਧਰਾ ਪ੍ਰਦੇਸ਼ ਦੀ ਤਰਜ਼ ‘ਤੇ ਪ੍ਰਭਾਵਿਤ ਪਰਿਵਾਰਾਂ ਲਈ ਆਰਥਿਕ ਪੈਕੇਜ ਲਈ ਕੁਝ ਨਹੀਂ ਕਿਹਾ ਗਿਆ।
ਇਥੋਂ ਤੱਕ ਕਿ ਕਰਜ਼ੇ ਕਾਰਨ ਖ਼ੁਦਕੁਸ਼ੀਆਂ ਕਰ ਗਏ ਕਿਸਾਨਾਂ ਦੀ ਗਿਣਤੀ ਵੀ ਕੇਂਦਰ ਦੇ ਸਾਹਮਣੇ ਨਹੀਂ ਰੱਖੀ ਜਾ ਰਹੀ। ਸੂਬੇ ਦੀਆਂ ਤਿੰਨ ਯੂਨੀਵਰਸਿਟੀ ਲੁਧਿਆਣਾ, ਪੰਜਾਬੀ ਯੂਨੀਵਰਸਿਟੀ ਪਟਿਆਲਾ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ ਕੀਤੀ ਗਣਨਾ ਮੁਤਾਬਕ 2000 ਤੋਂ 2010 ਤੱਕ ਸੂਬੇ ਵਿਚ 6926 ਕਿਸਾਨ ਤੇ ਖੇਤ ਮਜ਼ਦੂਰ ਖੁਦਕੁਸ਼ੀਆਂ ਕਰ ਚੁੱਕੇ ਹਨ। ਇਨ੍ਹਾਂ ਵਿਚੋਂ 75 ਤੋਂ 80 ਫ਼ੀਸਦੀ ਖ਼ੁਦਕੁਸ਼ੀਆਂ ਸਿਰਫ਼ ਕਰਜ਼ੇ ਕਾਰਨ ਹੋਈਆਂ ਹਨ।
ਯੂਨੀਵਰਸਿਟੀਆਂ ਦੇ ਸਰਵੇਖਣ ਮੁਤਾਬਕ ਦੱਖਣੀ ਜ਼ਿਲ੍ਹਿਆਂ ਬਠਿੰਡਾ, ਮਾਨਸਾ, ਸੰਗਰੂਰ, ਬਰਨਾਲਾ, ਮੁਕਤਸਰ, ਮੋਗਾ ਵਿਚ ਕਿਸਾਨਾਂ ਦੀ ਹਾਲਤ ਬੇਹੱਦ ਨਿੱਘਰੀ ਹੋਈ ਹੈ। ਇਨ੍ਹਾਂ ਜ਼ਿਲ੍ਹਿਆਂ ਵਿਚ 6128 ਕਿਸਾਨਾਂ ਤੇ ਖੇਤ ਮਜ਼ਦੂਰਾਂ ਨੇ ਖ਼ੁਦਕੁਸ਼ੀਆਂ ਕੀਤੀਆਂ ਹਨ। ਸਭ ਤੋਂ ਜ਼ਿਆਦਾ ਸੰਗਰੂਰ ਜ਼ਿਲ੍ਹੇ ਵਿਚ 1634 ਕਿਸਾਨਾਂ ਤੇ ਮਜ਼ਦੂਰਾਂ ਨੇ ਕਰਜ਼ੇ ਦਾ ਭਾਰ ਨਾ ਝੱਲਦਿਆਂ ਮੌਤ ਨੂੰ ਗਲੇ ਲਾ ਲਿਆ।
ਬਠਿੰਡਾ ਵਿਚ 1256, ਮਾਨਸਾ ਵਿਚ 1334, ਬਰਨਾਲਾ ਵਿਚ 676, ਮੋਗਾ ਵਿੱਚ 590, ਲੁਧਿਆਣਾ ਵਿਚ 638 ਕਿਸਾਨਾਂ ਤੇ ਖੇਤ ਮਜ਼ਦੂਰਾਂ ਨੇ ਖ਼ੁਦਕੁਸ਼ੀਆਂ ਕੀਤੀਆਂ। ਮਾਝਾ ਤੇ ਦੋਆਬਾ ਖਿੱਤੇ ਵਿਚਲੇ ਜ਼ਿਲ੍ਹਿਆਂ ਦੀ ਹਾਲਤ ਮਾਲਵਾ ਦੇ ਮੁਕਾਬਲੇ ਕਾਫ਼ੀ ਬਿਹਤਰ ਹੈ। ਪੰਜਾਬੀ ਯੂਨੀਵਰਸਿਟੀ ਦੇ ਪ੍ਰੋæ ਓæਪੀæ ਮਿਗਲਾਨੀ ਦੀ ਅਗਵਾਈ ਹੇਠ ਜੋ ਸਰਵੇਖਣ ਕੀਤਾ ਗਿਆ, ਉਸ ਮੁਤਾਬਕ ਸੱਤ ਜ਼ਿਲ੍ਹਿਆਂ ਫਰੀਦਕੋਟ, ਫਤਿਹਗੜ੍ਹ ਸਾਹਿਬ, ਹੁਸ਼ਿਆਰਪੁਰ, ਮੁਕਤਸਰ, ਮੁਹਾਲੀ, ਪਟਿਆਲਾ ਤੇ ਰੋਪੜ ਵਿਚ 322 ਕਿਸਾਨਾਂ ਤੇ ਖੇਤ ਮਜ਼ਦੂਰਾਂ ਨੇ ਖੁਦਕੁਸ਼ੀਆਂ ਕੀਤੀਆਂ ਹਨ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਪ੍ਰੋæ ਗਿਆਨ ਕੌਰ ਦੀ ਅਗਵਾਈ ਹੇਠ ਕੀਤੇ ਸਰਵੇਖਣ ਦੌਰਾਨ ਅੰਮ੍ਰਿਤਸਰ, ਤਰਨਤਾਰਨ, ਗੁਰਦਾਸਪੁਰ, ਫਿਰੋਜ਼ਪੁਰ, ਨਵਾਂਸ਼ਹਿਰ, ਜਲੰਧਰ ਤੇ ਕਪੂਰਥਲਾ ਵਿੱਚ ਪਿਛਲੇ ਦਹਾਕੇ ਦੌਰਾਨ ਕਰਜ਼ੇ ਦਾ ਭਾਰ ਨਾ ਸਹਾਰਦਿਆਂ 184 ਕਿਸਾਨਾਂ ਤੇ 41 ਖੇਤ ਮਜ਼ਦੂਰਾਂ ਨੇ ਖੁਦਕੁਸ਼ੀਆਂ ਕੀਤੀਆਂ ਹਨ।
ਇਸ ਯੂਨੀਵਰਸਿਟੀ ਦੀ ਰਿਪੋਰਟ ਮੁਤਾਬਕ ਜਲੰਧਰ ਅਜਿਹਾ ਜ਼ਿਲ੍ਹਾ ਹੈ ਜਿੱਥੇ ਕਰਜ਼ੇ ਤੋਂ ਬਿਨਾਂ ਹੋਰ ਕਾਰਨਾਂ ਕਰਕੇ ਸਭ ਤੋਂ ਵੱਧ ਖ਼ੁਦਕੁਸ਼ੀਆਂ ਹੋਈਆਂ। ਇਸ ਜ਼ਿਲ੍ਹੇ ਵਿਚ 59 ਕਿਸਾਨਾਂ ਤੇ 70 ਖੇਤ ਮਜ਼ਦੂਰਾਂ ਨੇ ਘਰੇਲੂ ਕਾਰਨਾਂ ਕਰਕੇ ਆਤਮਹੱਤਿਆ ਕੀਤੀ। ਇਸੇ ਤਰ੍ਹਾਂ ਗੁਰਦਾਸਪੁਰ ਦੇ 42 ਕਿਸਾਨਾਂ ਤੇ 82 ਖੇਤ ਮਜ਼ਦੂਰਾਂ ਨੇ ਹੋਰ ਕਾਰਨਾਂ ਕਰਕੇ ਆਪਣਾ ਜੀਵਨ ਦਾ ਅੰਤ ਕਰ ਲਿਆ। ਤਰਨ ਤਾਰਨ ਜ਼ਿਲ੍ਹੇ ਵਿਚ 14 ਕਿਸਾਨਾਂ ਤੇ 45 ਖੇਤ ਮਜ਼ਦੂਰਾਂ ਤੇ ਅੰਮ੍ਰਿਤਸਰ ਵਿਚ 20 ਕਿਸਾਨਾਂ ਤੇ 30 ਖੇਤ ਮਜ਼ਦੂਰਾਂ ਨੇ ਕਰਜ਼ੇ ਤੋਂ ਬਿਨਾਂ ਹੋਰ ਕਾਰਨਾਂ ਕਰਕੇ ਆਤਮ ਹੱਤਿਆ ਕੀਤੀ।
ਪੰਜਾਬੀ ਯੂਨੀਵਰਸਿਟੀ ਮੁਤਾਬਕ ਹੁਸ਼ਿਆਰਪੁਰ ਅਜਿਹਾ ਜ਼ਿਲ੍ਹਾ ਹੈ, ਜਿਥੇ ਹੋਰ ਕਾਰਨਾਂ ਕਰਕੇ ਸਮੁੱਚੇ ਜ਼ਿਲ੍ਹੇ ਦੇ ਪਿੰਡਾਂ ਵਿਚ ਇਕ ਵੀ ਕਿਸਾਨ ਤੇ ਖੇਤ ਮਜ਼ਦੂਰ ਨੇ ਆਤਮ ਹੱਤਿਆ ਨਹੀਂ ਕੀਤੀ। ਇਨ੍ਹਾਂ ਰਿਪੋਰਟਾਂ ਨੂੰ ਅਜੇ ਤੱਕ ਕੇਂਦਰ ਸਰਕਾਰ ਸਾਹਮਣੇ ਨਹੀਂ ਰੱਖਿਆ ਗਿਆ ਹੈ ਇਸੇ ਕਾਰਨ ਕੇਂਦਰ ਵੱਲੋਂ ਹੁਣ ਤੱਕ ਇਹੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਪੰਜਾਬ ਵਿਚ ਕਿਸਾਨਾਂ ਦੀ ਆਰਥਿਕ ਹਾਲਤ ਹੋਰ ਸੂਬਿਆਂ ਦੇ ਮੁਕਾਬਲੇ ਬਿਹਤਰ ਹੈ, ਇਸ ਲਈ ਖੁਦਕੁਸ਼ੀਆਂ ਦੀ ਮਾਰ ਝੱਲ ਰਹੇ ਪਰਿਵਾਰਾਂ ਨੂੰ ਮਾਲੀ ਮਦਦ ਨਹੀਂ ਦਿੱਤੀ ਜਾ ਸਕਦੀ।
______________________________________________
ਬਾਦਲ ਨੇ ਮੰਗੀ 24813 ਕਰੋੜ ਦੀ ਕਰਜ਼ਾ ਰਾਹਤ ਗ੍ਰਾਂਟ
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ 14ਵੇਂ ਵਿੱਤ ਕਮਿਸ਼ਨ ਨੂੰ 9639 ਕਰੋੜ ਰੁਪਏ ਦੀ ਰਾਜ ਵਿਸ਼ੇਸ਼ ਗਰਾਂਟ ਦੇਣ ਤੇ 24813 ਕਰੋੜ ਰੁਪਏ ਦੀ ਕਰਜ਼ਾ ਰਾਹਤ ਗਰਾਂਟ ਦੇਣ ਦੀ ਸਿਫਾਰਸ਼ ਕਰਨ ਵਾਸਤੇ ਅਪੀਲ ਕੀਤੀ ਹੈ। ਕਮਿਸ਼ਨ ਦੇ ਚੇਅਰਮੈਨ ਵਾਈæਵੀæ ਰੈਡੀ ਦੀ ਅਗਵਾਈ ਹੇਠ ਆਏ ਵਫ਼ਦ ਨੂੰ ਮੁੱਖ ਮੰਤਰੀ ਨੇ ਦੱਸਿਆ ਕਿ ਸਾਬਕਾ ਪ੍ਰਧਾਨ ਮੰਤਰੀ ਆਈæਕੇæ ਗੁਜਰਾਲ ਨੇ ਦਹਿਸ਼ਤਵਾਦ ਦੌਰਾਨ ਚੜ੍ਹਿਆ ਸਮੁੱਚਾ ਕਰਜ਼ਾ ਮੁਆਫ ਕਰਨ ਦਾ ਐਲਾਨ ਕੀਤਾ ਪਰ ਜਦੋਂ ਇਸ ਨੂੰ ਲਾਗੂ ਕਰਨ ਦਾ ਸਮਾਂ ਆਇਆ ਤਾਂ ਸਿਰਫ ਐਲਾਨ ਵਾਲੀ ਤਰੀਕ ਤੱਕ ਦੇ ਬਕਾਏ ਨੂੰ ਖਤਮ ਕੀਤਾ ਗਿਆ। ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਨੂੰ ਵਿਸ਼ੇਸ਼ ਮਿਆਦੀ ਕਰਜ਼ਾ ਮੁਹੱਈਆ ਕਰਵਾਇਆ ਜਾਵੇ ਤੇ ਮੌਜੂਦਾ ਕੀਮਤ ‘ਤੇ 2694 ਕਰੋੜ ਰੁਪਏ ਦੀ ਰਾਸ਼ੀ ਪਹਿਲਾਂ ਹੀ ਸੂਬੇ ਵੱਲੋਂ ਵਿਆਜ ਵਜੋਂ ਅਦਾ ਕੀਤੀ ਜਾ ਚੁੱਕੀ ਹੈ। ਮੁੱਖ ਮੰਤਰੀ ਨੇ ਕਮਿਸ਼ਨ ਨੂੰ ਅਪੀਲ ਕੀਤੀ ਕਿ ਕੇਂਦਰੀ ਕਰਾਂ ਵਿਚ ਸੂਬਿਆਂ ਦਾ ਹਿੱਸਾ 50 ਫੀਸਦੀ ਕੀਤਾ ਜਾਵੇ ਤੇ ਸੈੱਸ/ਸਰਚਾਰਜ ਤੇ ਰਾਇਲਟੀ ਨੂੰ ਵੀ ਹਿੱਸੇ ਯੋਗ ਪੂਲ ਵਿਚ ਲਿਆਂਦਾ ਜਾਵੇ। ਉਨ੍ਹਾਂ ਕਿਹਾ ਕਿ ਪੰਜਵੇਂ ਕਮਿਸ਼ਨ ਤੋਂ ਬਾਅਦ ਸੂਬੇ ਦਾ ਹਿੱਸਾ ਕੇਂਦਰੀ ਟੈਕਸਾਂ ਵਿਚ 2æ450 ਫੀਸਦੀ ਤੋਂ ਘਟ ਕੇ ਹੁਣ 1æ389 ਫੀਸਦੀ ਰਹਿ ਗਿਆ ਹੈ।
Leave a Reply