ਬੂਟਾ ਸਿੰਘ
ਫੋਨ: 91-94634-74342
‘ਪਾਪ ਕੀ ਜੰਞ’ ਅਤੇ ‘ਘਰ ਦੇ ਭੇਤੀ’ ਦਾ ਯੁੱਗਾਂ ਪੁਰਾਣਾ ਡੂੰਘਾ ਰਿਸ਼ਤਾ ਹੈ। ਰਾਮਾਇਣ ਦਾ ਮਿਥਿਹਾਸ ਕਹਿੰਦਾ ਹੈ ਕਿ ਜੇ ‘ਘਰ ਦਾ ਭੇਤੀ’ ਭੇਤ ਦੇਣ ਦਾ ਕਿਰਦਾਰ ਨਾ ਨਿਭਾਉਂਦਾ ਤਾਂ ‘ਭਗਵਾਨ’ ਰਾਮ ਦੀ ਲੰਕਾ ਵਾਲੀ ਫ਼ਤਿਹ ਸ਼ਾਇਦ ਹੀ ਸੰਭਵ ਹੁੰਦੀ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਦੋਂ ਕਾਬਲੋਂ ਧਾਈਂ ‘ਪਾਪ ਕੀ ਜੰਞ’ ਦੀ ਗੱਲ ਕੀਤੀ ਸੀ, ਉਦੋਂ ਮੱਧਯੁਗ ਦਾ ਜ਼ਮਾਨਾ ਸੀ। ਰਾਜਿਆਂ, ਸੁਲਤਾਨਾਂ ਦਾ ਯੁੱਗ। ਫਿਰ ਭਲਾ 20ਵੀਂ-21ਵੀਂ ਸਦੀ ਦੇ ‘ਜਮਹੂਰੀਅਤ ਦੇ ਯੁਗ’ ਵਿਚ ‘ਭੇਤੀਆਂ’ ਦਾ ਕੀ ਕੰਮ? ਜੇ ਯੁੱਗ ਬਦਲ ਗਿਆ, ਫਿਰ ਕੀ ਹੋਇਆ! ਪਾਪ ਕੀ ਜੰਞ ਨੇ ਵੀ ਧਾਈ ਦੇ ਰੂਪ ਬਦਲ ਲਏ। ਇਸ ਨੇ ਜਮਹੂਰੀ ਮਖੌਟੇ ਪਾ ਲਏ ਤੇ ‘ਚੁਣੇ ਹੋਇਆਂ’ ਦਾ ਭੇਖ ਵਟਾ ਲਿਆ। ਅਜਿਹੇ ਹਾਲਾਤ ਵਿਚ ਜਦੋਂ ‘ਘਰ ਦੇ ਭੇਤੀ’ ਹੁਕਮਰਾਨਾਂ ਦੇ ਪਾਜ ਨੰਗੇ ਕਰਦੇ ਹਨ ਤਾਂ ਆਧੁਨਿਕ ਯੁੱਗ ਦੀ ਵੋਟਰ ਰੂਪੀ ਰਿਆਇਆ ਦੇ ਭਲੇ ਦਾ ਕੰਮ ਹੀ ਕਰ ਰਹੇ ਹੁੰਦੇ ਹਨ! ਨਹੀਂ ਤਾਂ ਭੇਖਧਾਰੀ ਹੁਕਮਰਾਨ ਵੋਟਰਾਂ ਨੂੰ ਕੀ ਸਮਝਦੇ ਹਨ!
ਪਾਪ ਕੀ ਜੰਞ ਵਾਲੇ ਹੁਕਮਰਾਨ ਕਿਸੇ ਵੀ ਮੁਲਕ, ਕਿਸੇ ਵੀ ਮਜ਼ਹਬ, ਕਿਸੇ ਵੀ ਨਸਲ ਦੇ ਹੋਣ; ਇਨਸਾਨੀਅਤ ਵਿਰੋਧੀ ਘਿਣਾਉਣੀਆਂ ਮੁਜਰਮਾਨਾ ਕਾਰਵਾਈਆਂ ਤੋਂ ਕਦੇ ਬਾਜ ਨਹੀਂ ਆਉਂਦੇ। ਜਦੋਂ ਪੀੜਤ ਅਵਾਮ ਜਾਂ ਬਾ-ਜ਼ਮੀਰ ਪੱਤਰਕਾਰ ਜਾਂ ਅਵਾਮ ਦੀ ਬਾਂਹ ਫੜਨ ਵਾਲੀਆਂ ਜਥੇਬੰਦੀਆਂ ਇਨ੍ਹਾਂ ਲਾ-ਕਾਨੂੰਨੀਆਂ ਬਾਰੇ ਆਵਾਜ਼ ਉਠਾਉਂਦੇ ਹਨ ਤਾਂ ਸਥਾਪਤੀ ਪੱਖੀ ਤਾਕਤਾਂ ਨੇ ਤਾਂ ਉਨ੍ਹਾਂ ਦਾ ਆਪਣੇ ਸੌੜੇ ਸਵਾਰਥਾਂ ਵਿਚੋਂ ਵਿਰੋਧ ਕਰਨਾ ਹੀ ਹੋਇਆ, ਸਥਾਪਤੀ ਪ੍ਰਤੀ ਅੰਨ੍ਹੀ ਸ਼ਰਧਾ ਵਿਚੋਂ ਅੱਖਾਂ ‘ਤੇ ਪੱਟੀ ਬੰਨ੍ਹੀ ਰੱਖਣ ਵਾਲੇ ਜ਼ਿਆਦਾਤਰ ਨਾਗਰਿਕਾਂ ਨੂੰ ਵੀ ਇਨ੍ਹਾਂ ਤੱਥਾਂ ਬਾਰੇ ਯਕੀਨ ਨਹੀਂ ਆਉਂਦਾ। ਉਹ ਇਨ੍ਹਾਂ ਨੂੰ ਵਿਰੋਧੀ ਧਿਰ ਦੇ ਐਵੇਂ ਬਾਤ ਦਾ ਬਤੰਗੜ ਬਣਾਉਣ ਵਾਲੇ ਇਲਜ਼ਾਮ ਸਮਝ ਕੇ ਮਨ ਨੂੰ ਠੁੰਮਣਾ ਦੇ ਲੈਂਦੇ ਹਨ ਪਰ ਜਦੋਂ ਕੋਈ ‘ਘਰ ਦਾ ਭੇਤੀ’ ਕਿਸੇ ਨਿੱਜੀ ਔਖ ਵਿਚੋਂ ਜਾਂ ਆਪਣੀ ਜ਼ਮੀਰ ਦੀ ਆਵਾਜ਼ ਸੁਣ ਕੇ ਪਰਦਾਫਾਸ਼ ਕਰਨ ਦੇ ਰਾਹ ਤੁਰ ਪੈਂਦਾ ਹੈ, ਉਹ ਸਮਝੋ ਪੀੜਤ ਅਵਾਮ ਲਈ ਮਸੀਹਾ ਬਣ ਕੇ ਬਹੁੜਦਾ ਹੈ।
ਅਮਰੀਕੀ ਸਲਤਨਤ ਦੀ ਮਿਸਾਲ ਹੀ ਲੈ ਲਓ ਜੋ ਇਰਾਕ ਅਤੇ ਲਿਬੀਆ ਤੋਂ ਬਾਅਦ ਹੁਣ ਈਰਾਨ ਤੇ ਸੀਰੀਆ ਵਿਚ ਵਹਿਸ਼ਤ ਦਾ ਨੰਗਾ ਨਾਚ ਨੱਚਣ ਲਈ ਬਹਾਨੇ ਭਾਲ ਰਿਹਾ ਹੈ। ਲੇਲੇ ਨੂੰ ਨਿਗਲਣ ਲਈ ਡਾਢੇ ਬਘਿਆੜ ਵਾਲੇ ਬਹਾਨੇ। ‘ਬੰਬਾਮਾ’ ਪ੍ਰਸ਼ਾਸਨ ਕੌਮਾਂਤਰੀ ਭਾਈਚਾਰੇ ਦੇ ਵਿਰੋਧ ਜਾਂ ਯੂæਐੱਨæਓæ ਦੇ ਕਾਇਦੇ-ਕਾਨੂੰਨਾਂ ਕਿਸੇ ਦੀ ਪ੍ਰਵਾਹ ਨਹੀਂ ਕਰ ਰਿਹਾ। ਇਸ ਦੇ ਜੁਰਮਾਂ ਅਤੇ ਜ਼ੁਲਮਾਂ ਦੀ ਤਫ਼ਸੀਲ ਕਿਸੇ ਤੋਂ ਛੁਪੀ ਹੇਈ ਨਹੀਂ। ਦੂਜੀ ਆਲਮੀ ਜੰਗ ਦੇ ਸਮੇਂ ਤੋਂ ਲੈ ਕੇ ਸ਼ਾਇਦ ਹੀ ਕੋਈ ਤਿਮਾਹੀ ਛਿਮਾਹੀ ਐਸੀ ਲੰਘੀ ਹੋਵੇਗੀ ਜਦੋਂ ਇਸ ਨੇ ਆਪਣੇ ਧੌਂਸਬਾਜ਼, ਗੁੰਡਾ ਤੇ ਧਾੜਵੀ ਹਮਲਿਆਂ ਰਾਹੀਂ ਦੁਨੀਆਂ ਦੇ ਕਿਸੇ ਨਾ ਕਿਸੇ ਮੁਲਕ ਨੂੰ ਕਤਲੋਗ਼ਾਰਤ ਤੇ ਤਬਾਹੀ ਦਾ ਸ਼ਿਕਾਰ ਨਾ ਬਣਾਇਆ ਹੋਵੇ। ਦੁਨੀਆਂ ਲੱਖ ਇਲਜ਼ਾਮ ਲਾਈ ਜਾਵੇ ਪਰ ਇਸ ਨੇ ਆਪਣੀ ਮੀਡੀਆ ਕਲਾਕਾਰੀ ਨਾਲ ਦੁਨੀਆਂ ਦੇ ਜ਼ਿਆਦਾਤਰ ਲੋਕਾਂ, ਖ਼ਾਸ ਕਰ ਕੇ ਆਪਣੇ ਹੀ ਮੁਲਕ ਦੇ ਨਾਗਰਿਕਾਂ ਨੂੰ ਕਾਮਯਾਬੀ ਨਾਲ ਗੁੰਮਰਾਹ ਕਰ ਕੇ ਉਨ੍ਹਾਂ ਦੀ ਰਾਇ ਆਪਣੇ ਪੱਖ ‘ਚ ਬਣਾ ਰੱਖੀ ਹੈ ਜਿਸ ਨੂੰ ਅਮਰੀਕੀ ਬੁੱਧੀਜੀਵੀ ਨੌਮ ਚੌਮਸਕੀ ‘ਬਨਾਉਟੀ ਸਹਿਮਤੀ’ ਕਹਿੰਦਾ ਹੈ ਪਰ ਜਦੋਂ ਜੌਹਨ ਪਰਕਿਨਜ਼ ਜੋ ਜਮਹੂਰੀਅਤ ਦੇ ਭੇਖ ਵਾਲੀ ਦੁਨੀਆਂ ਦੀ ਇਸ ਸਭ ਤੋਂ ਵੱਧ ਧੌਂਸਬਾਜ਼ ਦਾ ਆਹਲਾ ਅਧਿਕਾਰੀ ਰਹਿ ਚੁੱਕਾ ਹੈ, ਨੇ ‘ਇਕ ਆਰਥਕ ਹਤਿਆਰੇ ਦਾ ਇਕਬਾਲੀਆ ਬਿਆਨ’ ਨਾਂ ਦੀ ਕਿਤਾਬ ਲਿਖ ਕੇ ਦੁਨੀਆਂ ਨੂੰ ਸੱਚ ਦੇ ਰੂ-ਬ-ਰੂ ਕਰਾਇਆ ਕਿ ਅਸੀਂ ਆਪਣੇ ਤੋਂ ਨਾਬਰ ਅਤੇ ਕੁਦਰਤੀ ਵਸੀਲਿਆਂ ਨਾਲ ਭਰਪੂਰ ਮੁਲਕਾਂ ਦੀਆਂ ਗੋਡਣੀਆਂ ਲਵਾਉਣ ਅਤੇ ਉਨ੍ਹਾਂ ਨੂੰ ਆਪਣੇ ਮਕੜ ਜਾਲ ਵਿਚ ਫਸਾਉਣ ਲਈ ਇਨ੍ਹਾਂ ਸਟੇਟਾਂ ਦੇ ਚੁਣੇ ਹੋਏ ਮੁਖੀਆਂ ਨੂੰ ਕਤਲ ਕਰਾਉਣ ਤੋਂ ਲੈ ਕੇ ਇਨ੍ਹਾਂ ਨੂੰ ਭਰਮਾਉਣ ਅਤੇ ਖ਼ਰੀਦਣ ਲਈ ਔਰਤਾਂ ਦੀ ਸਪਲਾਈ ਸਮੇਤ ਕਿਹੜੇ ਕਿਹੜੇ ਨੀਚ ਢੰਗ ਅਪਣਾਉਂਦੇ ਰਹੇ ਹਾਂ ਅਤੇ ਅੱਜ ਵੀ ਪੂਰੀ ਬੇਹਯਾਈ ਨਾਲ ਅਜਿਹਾ ਕਰ ਰਹੇ ਹਾਂ, ਤਾਂ ਅਮਰੀਕੀ ਸਟੇਟ ਮੁਖੀਆਂ ਕੋਲ ਉਸ ਦੇ ਦਾਅਵਿਆਂ ਬਾਰੇ ਦੜ ਵੱਟ ਲੈਣ ਤੋਂ ਸਿਵਾਏ ਹੋਰ ਕੋਈ ਚਾਰਾ ਨਹੀਂ ਸੀ। ਪਿੱਛੇ ਜਿਹੇ ਜਦੋਂ ਇਸੇ ਸਲਤਨਤ ਦੇ ਮੁੱਖ ਖੁਫ਼ੀਆ ਵਿੰਗ – ਨੈਸ਼ਨਲ ਸਕਿਊਰਿਟੀ ਏਜੰਸੀ – ਲਈ ਕੁਲ ਦੁਨੀਆਂ ਦੇ ਇੰਟਰਨੈੱਟ ਤੇ ਹੋਰ ਸੰਚਾਰ ਤਾਣੇ-ਬਾਣੇ ਦੀ ਜਾਸੂਸੀ ਕਰਨ ਵਾਲੇ ਟੈਕਨੋ ਮਾਹਿਰ ਐਡਵਰਡ ਸਨੋਡੈਨ ਨੇ ਇਸ ਏਜੰਸੀ ਵਲੋਂ ਕੁਲ ਆਲਮ ਦੇ ਮੁਲਕਾਂ ਅਤੇ ਉਨ੍ਹਾਂ ਦੇ ਨਾਗਰਿਕਾਂ ਦੀ ਨਿੱਜਤਾ ‘ਚ ਸੰਨ੍ਹ ਲਾਉਣ ਦਾ ਸਭ ਤੋਂ ਅਹਿਮ ਖੁਲਾਸਾ ਕੀਤਾ ਤਾਂ ਅਮਰੀਕੀ ਹੁਕਮਰਾਨਾਂ ਕੋਲ ਉਸ ਉੱਪਰ ਦੇਸ਼ਧ੍ਰੋਹੀ ਹੋਣ ਦੀ ਚਿੱਕੜਉਛਾਲੀ ਕਰਨ ਤੋਂ ਸਿਵਾਏ ਕੋਈ ਜਵਾਬ ਨਹੀਂ ਸੀ ਪਰ ਦੁਨੀਆਂ ਲਈ ਇਹ ਖ਼ੁਲਾਸਾ ਅੱਖਾਂ ਖੋਲ੍ਹਣ ਵਾਲਾ ਸੀ। ਭਾਰਤ ਦੇ ਜ਼ਮੀਰਫਰੋਸ਼ ਹੁਕਮਰਾਨਾਂ ਨੂੰ ਛੱਡ ਕੇ ਸ਼ਾਇਦ ਹੀ ਕਿਸੇ ਹੋਰ ਹਕੂਮਤ ਨੇ ਇਸ ਨੂੰ ਮਾਮੂਲੀ ਗੱਲ ਕਹਿ ਕੇ ਟਾਲ ਦੇਣ ਦੀ ਬੇਹਯਾਈ ਕੀਤੀ ਹੋਵੇ।
ਭਾਰਤ ਵਿਚ ਪੀੜਤ ਅਵਾਮ ਅਤੇ ਇਨਸਾਫ਼ਪਸੰਦ ਜਥੇਬੰਦੀਆਂ ਲਗਾਤਾਰ ਆਵਾਜ਼ ਉਠਾ ਰਹੀਆਂ ਹਨ ਕਿ ਭਾਰਤੀ ‘ਜਮਹੂਰੀਅਤ’ ਦੱਬੇ-ਕੁਚਲੇ ਲੋਕਾਂ, ਕੌਮੀਅਤਾਂ, ਧਾਰਮਿਕ ਘੱਟ ਗਿਣਤੀਆਂ ਆਦਿ ਦੀ ਹੱਕ-ਜਤਾਈ ਨੂੰ ਕੁਚਲਣ ਲਈ ਬੇਗੁਨਾਹਾਂ ਨੂੰ ਥੋਕ ਪੱਧਰ ‘ਤੇ ਫਰਜ਼ੀ ਮੁਕਾਬਲਿਆਂ ਰਾਹੀਂ ਬੇਰਹਿਮੀ ਨਾਲ ਕਤਲ ਕਰਵਾਉਂਦੀ ਹੈ। ਪੰਜਾਬ ਵਿਚ ਪਹਿਲਾਂ ਨਕਸਲੀ ਲਹਿਰ ਵੇਲੇ ਅਤੇ ਫਿਰ ਖ਼ਾਲਿਸਤਾਨ ਲਹਿਰ ਦੇ ਜ਼ੋਰ ਵਾਲੇ ਦਹਾਕੇ ਵਿਚ ਪੁਲਿਸ ਨੇ ਹੁਕਮਰਾਨਾਂ ਦੀ ਹਦਾਇਤ ‘ਤੇ ਦਹਿ ਹਜ਼ਾਰਾਂ ਨੌਜਵਾਨਾਂ ਨੂੰ ਫੜ ਫੜ ਕੇ ਤਸੀਹੇ ਦੇ ਕੇ ਜਾਂ ਗੋਲੀਆਂ ਮਾਰ ਕੇ ਕਤਲ ਕੀਤਾ। ਜਦੋਂ ਮਨੁੱਖੀ ਅਧਿਕਾਰ ਜਥੇਬੰਦੀਆਂ ਸਵਾਲ ਉਠਾਉਂਦੀਆਂ ਹਨ ਤਾਂ ਅੱਗਿਉਂ ਸਾਡੇ ਮੁਲਕ ਦੀ ਪਾਪ ਕੀ ਜੰਞ ਦੇ ਰਾਜਸੀ ਮੁਹਰੈਲ ਇਹ ਜਵਾਬ ਦਿੰਦੇ ਰਹੇ ਹਨ ਕਿ ਸਰਕਾਰ ਮੁਲਕ ਦੀ ਏਕਤਾ-ਅਖੰਡਤਾ ਦੀ ਰਾਖੀ ਲਈ ਐਨੀ ਵੱਡੀ ਕੌਮੀ ਲੜਾਈ ਲੜੀ ਰਹੀ ਹੈ, ਮੁਕਾਬਲਿਆਂ ‘ਚ ਦਹਿਸ਼ਤਗਰਦ ਹੀ ਮਰ ਰਹੇ ਹਨ। ਕੋਈ ਬੇਗੁਨਾਹ ਨਹੀਂ ਮਰਿਆ ਅਤੇ ਕੋਈ ਫਰਜ਼ੀ ਮੁਕਾਬਲਾ ਨਹੀਂ ਬਣਾਇਆ। ਜੇ ਜਸਵੰਤ ਸਿੰਘ ਖਾਲੜਾ ਨੇ ਸੱਚ ਸਾਹਮਣੇ ਲਿਆਉਣ ਦਾ ਯਤਨ ਕੀਤਾ ਤਾਂ ਉਸ ਨੂੰ ਵੀ ਮਾਰ ਕੇ ਖਪਾ ਦਿੱਤਾ। ਹੁਣ ਜਦੋਂ ਪੰਜਾਬ ਪੁਲਿਸ ਦੇ ਏæਐੱਸ਼ਆਈæ ਸੁਰਜੀਤ ਸਿੰਘ ਨੇ 86 ਫਰਜ਼ੀ ਪੁਲਿਸ ਮੁਕਾਬਲਿਆਂ ਬਾਰੇ ਖੁਲਾਸਾ ਕੀਤਾ ਕਿ ਉਹ ਨਾ ਸਿਰਫ਼ ਇਨ੍ਹਾਂ ਮੁਕਾਬਲਿਆਂ ਦਾ ਚਸ਼ਮਦੀਦ ਗਵਾਹ ਰਿਹਾ ਹੈ ਸਗੋਂ ਉੱਪਰਲੇ ਪੁਲਿਸ ਅਧਿਕਾਰੀਆਂ ਦੇ ਇਸ਼ਾਰੇ ‘ਤੇ ਹੱਥੀਂ ਫਰਜ਼ੀ ਮੁਕਾਬਲੇ ਬਣਾ ਕੇ ਬੇਗੁਨਾਹਾਂ ਨੂੰ ਮੌਤ ਦੇ ਹਵਾਲੇ ਕਰਦਾ ਰਿਹਾ ਹੈ, ਤਾਂ ਇਸ ਨਾਲ ਉਨ੍ਹਾਂ ਬੇਸ਼ੁਮਾਰ ਲੋਕਾਂ ਨੂੰ ਕੁਝ ਰਾਹਤ ਜ਼ਰੂਰ ਮਹਿਸੂਸ ਹੋਈ ਹੋਵੇਗੀ ਕਿ ਚਲੋ, ਕੋਈ ਤਾਂ ਕਿਸੇ ਬਹਾਨੇ ਸੱਚ ਉਗਲਣ ਲਈ ਸਾਹਮਣੇ ਆਇਆ; ਖ਼ਾਸ ਕਰ ਕੇ ਉਨ੍ਹਾਂ ਪਰਿਵਾਰਾਂ ਨੂੰ ਜਿਨ੍ਹਾਂ ਦੇ ਗੱਭਰੂ ਪੁੱਤ ਸਿਆਸੀ ਹਦਾਇਤਾਂ ‘ਤੇ ਕੰਮ ਕਰੇ ਜ਼ਾਲਮ ਪੁਲਿਸ ਅਧਿਕਾਰੀਆਂ ਨੇ ਸ਼ਰੇਆਮ ਘਰਾਂ ਵਿਚੋਂ ਫੜ ਫੜ ਕੇ ਕਤਲ ਕਰ ਕੇ ਖਪਾ ਦਿੱਤੇ ਅਤੇ ਜੋ ਦੋ ਦਹਾਕਿਆਂ ਤੋਂ ਇਸ ਅੰਨ੍ਹੇ ਬੋਲੇ ਨਿਜ਼ਾਮ ਵਿਚ ਅਦਲ ਦੇ ਤੰਤਰ ਦੇ ਬੂਹਿਆਂ ‘ਤੇ ਅਰਜ਼ਾਂ ਤੇ ਅਰਜ਼ੀਆਂ ਦੀ ਦਸਤਕ ਦਿੰਦਿਆਂ ਹਾਰ-ਹੰਭ ਚੁੱਕੇ ਸਨ।
ਹੁਣੇ ਹੁਣੇ ਇਕ ‘ਘਰ ਦਾ ਭੇਤੀ’ ਭਗਵਾਂ ਬ੍ਰਿਗੇਡ ਲਈ ਸਿਰਦਰਦੀ ਬਣ ਗਿਆ ਹੈ। ਗੁਜਰਾਤ ਵਿਚ ਘੱਟ ਗਿਣਤੀ ਮੁਸਲਿਮ ਭਾਈਚਾਰੇ ਦੇ ਖ਼ੂਨ ਦੇ ਤਿਹਾਏ ਪਾਪ ਦੇ ‘ਵਣਜਾਰੇ’ ਨੇ ਆਖ਼ਿਰ ਮੂੰਹ ਖੋਲ੍ਹਿਆ ਹੈ। ਜੇਲ੍ਹ ਵਿਚ ਬੰਦ ਆਹਲਾ ਪੁਲਿਸ ਅਧਿਕਾਰੀ ਡੀæਜੀæ ਵਣਜਾਰਾ ਨੇ ਦਸ ਸਫ਼ਿਆਂ ਦਾ ਲੰਮਾ ਖ਼ਤ ਜਾਰੀ ਕਰ ਕੇ ਜਿਥੇ ਨਰਿੰਦਰ ਮੋਦੀ ਦੀ ਮੁਲਕ ਦੇ ਅਗਲੇ ਪ੍ਰਧਾਨ ਮੰਤਰੀ ਦੀ ਦਾਅਵੇਦਾਰੀ ਦੇ ਰਾਹ ਵਿਚ ਹੋਰ ਕੰਡੇ ਬੀਜ ਦਿੱਤੇ ਹਨ, ਉਥੇ ਉਸ ਦੇ ਫਾਸ਼ੀਵਾਦੀ ਕਿਰਦਾਰ ਦੀ ਤਸਦੀਕ ਵੀ ਕਰ ਦਿੱਤੀ ਹੈ। ਮੋਦੀ ਦੀ ਸਿਆਸੀ ਪੁਸ਼ਤ-ਪਨਾਹੀ ਹੇਠ ਮਨਮਾਨੀਆਂ ਕਰਨ ਵਾਲੇ ਇਸ ਡੀæਆਈæਜੀæ ਰੈਂਕ ਦੇ ਪੁਲਿਸ ਅਧਿਕਾਰੀ ਨੂੰ ਰੰਜ ਹੈ ਕਿ ਮੋਦੀ ਹਕੂਮਤ ਉਸ ਦੀ ਅਫ਼ਸਰ ਮੰਡਲੀ ਨੂੰ ਆਪਣੇ ਸਿਆਸੀ ਮੁਫ਼ਾਦਾਂ ਲਈ ਥੋਕ ਰੂਪ ‘ਚ ਵਰਤਦੀ ਰਹੀ ਤੇ ਉਹ ਵੀ ਉਸ ਨੂੰ ‘ਰੱਬ’ ਸਮਝ ਕੇ ਉਸ ਦਾ ਹੁਕਮ ਵਜਾਉਂਦੇ ਰਹੇ। ਹੁਣ ਜਦੋਂ ਦੇ ਉਹ ਜੇਲ੍ਹ ਵਿਚ ਬੰਦ ਹਨ, ਉਨ੍ਹਾਂ ਦੀ ਕੋਈ ਸਾਰ ਨਹੀਂ ਲਈ ਜਾ ਰਹੀ। ਵਣਜਾਰਾ ਅਨੁਸਾਰ ਇਹ ‘ਗ਼ਦਾਰੀ ਦੀ ਸਭ ਤੋਂ ਬੇਰਹਿਮ ਅਤੇ ਸਭ ਤੋਂ ਸ਼ਰਮਨਾਕ ਕਾਰਵਾਈ ਹੈ।’ ਉਸ ਨੇ ਸਾਫ਼ ਲਿਖਿਆ ਹੈ, “ਗੁਜਰਾਤ ਸੀæਆਈæਡੀæ/ਸੀæਬੀæਆਈæ ਨੇ ਸਾਨੂੰ ਅਖੌਤੀ ਫਰਜ਼ੀ ਮੁਕਾਬਲੇ ਬਣਾਉਣ ਦਾ ਜ਼ਿੰਮੇਵਾਰ ਠਹਿਰਾ ਕੇ ਮੈਨੂੰ ਅਤੇ ਮੇਰੇ ਅਫ਼ਸਰਾਂ ਨੂੰ ਵੱਖੋ-ਵੱਖਰੇ ਮੁਕਾਬਲਿਆਂ ਦੇ ਮਾਮਲਿਆਂ ‘ਚ ਗ੍ਰਿਫ਼ਤਾਰ ਕਰ ਲਿਆ ਸੀ। ਜੇ ਉਹ (ਦੋਸ਼) ਸੱਚ ਹਨ, ਤਾਂ ਉਨ੍ਹਾਂ ਚਾਰੇ ਮੁਕਾਬਲਿਆਂ ਦੀ ਤਫ਼ਤੀਸ਼ ਕਰਨ ਵਾਲੇ ਸੀæਬੀæਆਈæ ਅਧਿਕਾਰੀਆਂ ਨੂੰ ਨੀਤੀ ਘਾੜਿਆਂ (ਭਾਵ ਮੋਦੀ ਵਜ਼ਾਰਤ) ਨੂੰ ਵੀ ਗ੍ਰਿਫ਼ਤਾਰ ਕਰਨਾ ਚਾਹੀਦਾ ਹੈ ਕਿਉਂਕਿ ਅਸੀਂ ਤਾਂ ‘ਫੀਲਡ ਅਧਿਕਾਰੀ ਹੋਣ ਦੇ ਨਾਤੇ ਇਸ ਹਕੂਮਤ ਦੀ ਸੁਚੇਤ ਨੀਤੀ ਦੀ ਤਾਮੀਲ ਕਰਨ ਵਾਲੇ ਹੀ ਹਾਂ ਜੋ ਸਾਨੂੰ ਇਨ੍ਹਾਂ ਕਾਰਵਾਈਆਂ ਲਈ ਬਹੁਤ ਨੇੜਿਉਂ ਪ੍ਰੇਰਨਾ ਤੇ ਅਗਵਾਈ ਦਿੰਦੇ ਰਹੇ ਹਨ ਅਤੇ ਸਾਡੇ ਵਲੋਂ ਕੀਤੇ ਜਾਂਦੇ ਕੰਮਾਂ ਦੀ ਨਿਗਰਾਨੀ ਕਰਦੇ ਸਨ।æææ ਮੇਰਾ ਇਹ ਪੱਕਾ ਵਿਚਾਰ ਹੈ ਕਿ ਇਸ ਹਕੂਮਤ ਦੀ ਥਾਂ ਗਾਂਧੀਨਗਰ ਵਿਚ ਹੋਣ ਦੀ ਬਜਾਏ ਜਾਂ ਤਾਂ ਨਵੀਂ ਮੁੰਬਈ ਦੀ ਤਲੋਜਾ ਕੇਂਦਰੀ ਜੇਲ੍ਹ ਵਿਚ ਹੋਣੀ ਚਾਹੀਦੀ ਹੈ ਜਾਂ ਅਹਿਮਦਾਬਾਦ ਦੀ ਸਾਬਰਮਤੀ ਕੇਂਦਰੀ ਜੇਲ੍ਹ ਵਿਚ।’
ਵਣਜਾਰਾ ਅਜੇ ਅੱਧਾ ਅਧੂਰਾ ਸੱਚ ਹੀ ਬੋਲ ਰਿਹਾ ਹੈ, ਕਿਉਂਕਿ ਮਾਮਲਾ ਮਹਿਜ਼ ਉਨ੍ਹਾਂ ਚਾਰ ਪੁਲਿਸ ਮੁਕਾਬਲਿਆਂ ਦਾ ਨਹੀਂ ਹੈ ਜਿਨ੍ਹਾਂ ਵਿਚ ਉਸ ਨੂੰ ਤੇ ਉਸ ਦੇ ਨਾਲ ਦੇ ਪੁਲਿਸ ਅਧਿਕਾਰੀਆਂ ਨੂੰ ਦੋਸ਼ੀ ਨਾਮਜ਼ਦ ਕੀਤਾ ਗਿਆ ਹੈ। ਮਾਮਲਾ ਦਰ ਹਕੀਕਤ ਬੇਗੁਨਾਹ ਮੁਸਲਮਾਨਾਂ ਦੀ ਉਸ ਪੂਰੀ ਕਤਲੋਗ਼ਾਰਤ ਦਾ ਹੈ ਜਿਸ ਨੂੰ ਅੰਜਾਮ ਦੇਣ ਲਈ ਵਣਜਾਰੇ ਸਮੇਤ ਗੁਜਰਾਤ ਦਾ ਲਗਭਗ ਪੂਰਾ ਪੁਲਿਸ-ਪ੍ਰਸ਼ਾਸਨ ਮੋਦੀ ਦੇ ਫਾਸ਼ੀਵਾਦੀ ਏਜੰਡੇ ਲਈ ਕੰਮ ਕਰ ਰਿਹਾ ਸੀ। ਜਦੋਂ 2002 ‘ਚ ਪੁਲਿਸ ਦੀ ਮਦਦ ਨਾਲ ਹਿੰਦੂਤਵੀ ਫਾਸ਼ੀਵਾਦੀ ਗੁੰਡਿਆਂ ਵਲੋਂ ਨਾ ਸਿਰਫ਼ ਮੁਸਲਿਮ ਅਵਾਮ ਨੂੰ ਬੇਰਹਿਮੀ ਨਾਲ ਗਾਜਰਾਂ-ਮੂਲੀਆਂ ਵਾਂਗ ਵੱਢ-ਵੱਢ ਕੇ ਘਰ ਘਰ ਸੱਥਰ ਵਿਛਾ ਦਿੱਤੇ ਗਏ ਅਤੇ ਔਰਤਾਂ ਨਾਲ ਵਿਆਪਕ ਪੱਧਰ ‘ਤੇ ਸਮੂਹਕ ਜਬਰ ਜਨਾਹ ਹੀ ਕੀਤੇ ਗਏ ਸਗੋਂ ਮੁਸਲਮਾਨ ਨੌਜਵਾਨਾਂ ਨੂੰ ਥਾਂ ਥਾਂ ਤੋਂ ਗ੍ਰਿਫ਼ਤਾਰ ਕਰਕੇ ਮੁਕਾਬਲਿਆਂ ‘ਚ ਇਹ ਕਹਿ ਕੇ ਮਾਰਨ ਦਾ ਸਿਲਸਿਲਾ ਲੰਮਾ ਸਮਾਂ ਚਲਦਾ ਰਿਹਾ ਕਿ ਉਹ ਮੋਦੀ ਨੂੰ ਕਤਲ ਕਰਨ ਜਾਂ ਫਲਾਣੇ ਮੰਦਰ ‘ਤੇ ਹਮਲਾ ਕਰਨ ਜਾ ਰਹੇ ਆਈæਐੱਸ਼ਆਈæ ਦੇ ਭੇਜੇ ਦਹਿਸ਼ਤਗਰਦ ਸਨ। ਹੁਣ ਤਾਂ ਕਿਸੇ ਨੂੰ ਭੁਲੇਖਾ ਨਹੀਂ ਰਹਿਣਾ ਚਾਹੀਦਾ ਕਿ ਭਗਵਾਂ ਬ੍ਰਿਗੇਡ ਅਤੇ ਕਾਰਪੋਰੇਟ ਸਰਮਾਏਦਾਰੀ ਦਾ ਚਹੇਤਾ ਮੋਦੀ ਚੋਣਾਂ ਦੇ ਜਮਹੂਰੀ ਅਮਲ ਰਾਹੀਂ ਨਹੀਂ ਸਗੋਂ ਬੇਗੁਨਾਹ ਮੁਸਲਮਾਨਾਂ ਦੀਆਂ ਲੋਥਾਂ ਦੀ ਪੌੜਂੀ ਬਣਾ ਕੇ ਤਖ਼ਤ ਨਸ਼ੀਨ ਹੁੰਦਾ ਰਿਹਾ ਹੈ।
ਬਕੌਲ ਆਈæਪੀæਐੱਸ਼ ਅਧਿਕਾਰੀ ਅਭਿਨਵ ਕੁਮਾਰ ਜੋ ਇਸ ਸਮੇਂ ਨੌਕਰੀ ‘ਚ ਹੈ, “1980ਵਿਆਂ ਵਿਚ ਮੁਕਾਬਲਿਆਂ ਦੇ ਇਸ ਸੱਭਿਆਚਾਰ ਨੂੰ ਮੌਜੂਦਾ ਰੂਪ ‘ਚ ਪੁਲਿਸ ਲੀਡਰਸ਼ਿਪ ਨੇ ਨਕਾਰਾ ਹੋ ਚੁੱਕੀ ਕ੍ਰਿਮੀਨਲ ਨਿਆਂ ਪ੍ਰਣਾਲੀ ਦੇ ਪਿਛੋਕੜ ‘ਚ ਖ਼ਾਸ ਤਰ੍ਹਾਂ ਦੇ ਜੁਗਾੜ ਮਾਰਕਾ ਹੱਲ ਵਜੋਂ ਪੇਸ਼ ਕੀਤਾ ਸੀ” ਜਿਸ ਨੂੰ “ਸਿਆਸੀ ਲੀਡਰਸ਼ਿਪ, ਮੀਡੀਆ ਅਤੇ ਮੱਧ ਵਰਗ ਨੇ ਸ਼ੁਕਰਾਨੇ ਭਰੇ ਉਤਸ਼ਾਹ ਨਾਲ ਗਲੇ ਲਗਾਇਆ।” ਇਸ ਸੱਚ ਦੇ ਮੱਦੇਨਜ਼ਰ ਫਿਰ ਸਿਰਫ਼ ਵਣਜਾਰਾ ਤੇ ਉਸ ਦੇ ਸੰਗੀ ਪੁਲਿਸ ਅਧਿਕਾਰੀ ਹੀ ਜੇਲ੍ਹ ਵਿਚ ਕਿਉਂ? ‘ਸਿਆਸੀ ਲੀਡਰਸ਼ਿਪ’ ਸੀਖਾਂ ਪਿੱਛੇ ਕਿਉਂ ਨਹੀਂ? ਵਣਜਾਰੇ ਦਾ ਗਿਲਾ ਨਾਜਾਇਜ਼ ਨਹੀਂ ਹੈ। ਸਾਡੇ ਅਵਾਮ ਨੂੰ ਉਸ ਵਲੋਂ ਗੁੱਸੇ ‘ਚ ਆ ਕੇ ਕੀਤੇ ਪਰਦਾਫਾਸ਼ ਦਾ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ। ਕਿੰਨਾ ਚੰਗਾ ਹੋਵੇ, ਜੇ ਹੋਰ ਥਾਈਂ ਵੀ ਐਸੇ ਹੋਰ ‘ਘਰ ਦੇ ਭੇਤੀ’ ਪਾਪ ਕੀ ਜੰਞ ਦਾ ਅਸਲ ਚਿਹਰਾ ਸਾਹਮਣੇ ਲਿਆਉਣ ਲਈ ਅੱਗੇ ਆਉਣ।
Leave a Reply