ਅੰਮ੍ਰਿਤਸਰ: ਅੰਮ੍ਰਿਤਸਰ ਤੋਂ ਸੰਸਦ ਮੈਂਬਰ ਨਵਜੋਤ ਸਿੰਘ ਸਿੱਧੂ ਨੇ ਲੰਮੇ ਸਮੇਂ ਬਾਅਦ ਆਖ਼ਰ ਚੁੱਪ ਤੋੜਦੇ ਹੋਏ ਕਿਹਾ ਹੈ ਕਿ ਉਹ ਆਪਣੀ ਹੀ ਸਰਕਾਰ ਵਿਚ ਵਿਰੋਧੀ ਧਿਰ ਦੇ ਮੈਂਬਰ ਵਾਂਗ ਮਹਿਸੂਸ ਕਰਦੇ ਹਨ ਕਿਉਂਕਿ ਉਨ੍ਹਾਂ ਵੱਲੋਂ ਪਾਸ ਕਰਵਾਏ ਗਏ ਵੱਖ-ਵੱਖ ਪ੍ਰਾਜੈਕਟ ਅੱਜ ਵੀ ਅਧੂਰੇ ਹਨ। ਉਹ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਆਪਣੇ ਪਿਤਾ ਬਰਾਬਰ ਮੰਨਦੇ ਹਨ ਪਰ ਅਫਸੋਸ ਹੈ ਕਿ ਉਨ੍ਹਾਂ ਨਾਲ ਪੁੱਤਰਾਂ ਵਾਲਾ ਵਤੀਰਾ ਨਹੀਂ ਹੋਇਆ।
ਉਹ ਜਦੋਂ ਪਹਿਲਾਂ 2004 ਵਿਚ ਸੰਸਦ ਮੈਂਬਰ ਬਣੇ ਸਨ ਤਾਂ ਉਸ ਵੇਲੇ ਸੂਬੇ ਵਿਚ ਕਾਂਗਰਸ ਸਰਕਾਰ ਸੀ ਤੇ ਉਹ ਉਡੀਕ ਕਰਦੇ ਰਹੇ ਕਿ ਆਪਣੀ ਅਕਾਲੀ-ਭਾਜਪਾ ਸਰਕਾਰ ਆਏਗੀ ਤਾਂ ਅੰਮ੍ਰਿਤਸਰ ਦੇ ਵਿਕਾਸ ਬਾਰੇ ਸਾਰੇ ਪ੍ਰਾਜੈਕਟ ਪੂਰੇ ਹੋਣਗੇ ਪਰ ਹੁਣ ਜਦੋਂ ਗਠਜੋੜ ਦੀ ਸਰਕਾਰ ਹੈ ਤਾਂ ਪਿਛਲੇ ਛੇ ਸਾਲਾਂ ਤੋਂ ਪਾਸ ਹੋਏ ਕਈ ਪ੍ਰਾਜੈਕਟ ਅਧੂਰੇ ਹਨ ਤੇ ਕਈ ਸ਼ੁਰੂ ਹੀ ਨਹੀਂ ਹੋਏ। ਉਨ੍ਹਾਂ ਆਖਿਆ ਕਿ 2012 ਦੀਆਂ ਵਿਧਾਨ ਸਭਾ ਚੋਣਾਂ ਸਮੇਂ ਇਥੇ ਅੰਮ੍ਰਿਤਸਰ ਸਮੇਤ ਸਮੁੱਚੇ ਪੰਜਾਬ ਵਿਚ ਤੇਜ਼ ਗਤੀ ਨਾਲ ਵਿਕਾਸ ਹੋਇਆ ਸੀ ਤੇ ਸਰਕਾਰ ਨੇ ਪਾਣੀ ਵਾਂਗ ਪੈਸਾ ਖਰਚ ਕੀਤਾ ਪਰ ਹੁਣ ਜਦੋਂ ਲੋਕ ਸਭਾ ਚੋਣਾਂ ਨੇੜੇ ਹਨ ਤਾਂ ਵਿਕਾਸ ਦੀ ਗਤੀ ਹੌਲੀ ਕਿਉਂ ਹੈ।
ਉਨ੍ਹਾਂ ਇਸ ਵਿਤਕਰੇ ਲਈ ਅਕਾਲੀ ਭਾਜਪਾ ਸਰਕਾਰ ਨੂੰ ਕਟਹਿਰੇ ਵਿਚ ਖੜ੍ਹਾ ਕਰਦਿਆਂ ਆਖਿਆ ਕਿ ਉਹ ਹਮੇਸ਼ਾ ਹੀ ਗਠਜੋੜ ਧਰਮ ਨੂੰ ਨਿਭਾਉਣ ਕਰਕੇ ਚੁੱਪ ਰਹੇ ਹਨ ਤੇ ਹੁਣ ਵੀ ਗਠਜੋੜ ਧਰਮ ਨਿਭਾਉਂਦਿਆਂ ਹਰ ਕੁਰਬਾਨੀ ਵਾਸਤੇ ਤਿਆਰ ਹਨ। ਉਨ੍ਹਾਂ ਦਾਅਵਾ ਕੀਤਾ ਕਿ ਅੰਮ੍ਰਿਤਸਰ ਦੇ ਵਿਕਾਸ ਲਈ ਉਨ੍ਹਾਂ ਨੇ ਜਿਨ੍ਹਾਂ ਯੋਜਨਾਵਾਂ ਨੂੰ ਪ੍ਰਵਾਨ ਕਰਵਾਇਆ ਸੀ, ਉਨ੍ਹਾਂ ‘ਤੇ ਪਿਛਲੇ ਕੁਝ ਸਾਲਾਂ ਵਿਚ ਕੋਈ ਕਾਰਵਾਈ ਨਹੀਂ ਹੋਈ। ਸਿੱਟੇ ਵਜੋਂ ਇਹ ਸਾਰੀਆਂ ਹੀ ਯੋਜਨਾਵਾਂ ਹਵਾ ਵਿਚ ਲਟਕ ਰਹੀਆਂ ਹਨ।
ਇਨ੍ਹਾਂ ਯੋਜਨਾਵਾਂ ਬਾਰੇ ਅੰਮ੍ਰਿਤਸਰ ਨਗਰ ਸੁਧਾਰ ਟਰੱਸਟ ਕੋਲ ਕਰੋੜਾਂ ਰੁਪਏ ਦੀ ਗਰਾਂਟ ਵੀ ਆਈ ਹੋਈ ਹੈ ਪਰ ਇਹ ਗਰਾਂਟ ਅੰਮ੍ਰਿਤਸਰ ਦੇ ਵਿਕਾਸ ਕਾਰਜਾਂ ‘ਤੇ ਖਰਚ ਕਰਨ ਦੀ ਥਾਂ ਕੁਝ ਹੋਰ ਸ਼ਹਿਰਾਂ ਭੇਜ ਦਿੱਤੀ ਗਈ ਹੈ। ਇਸ ਬਾਰੇ ਨਗਰ ਸੁਧਾਰ ਟਰੱਸਟ ਵੱਲੋਂ ਜਾਰੀ ਪੱਤਰ ਦਾ ਹਵਾਲਾ ਦਿੰਦਿਆਂ ਉਨ੍ਹਾਂ ਦੱਸਿਆ ਕਿ ਸ਼ਹਿਰ ਲਈ ਆਈ ਗਰਾਂਟ ਵਿਚੋਂ 2012-13 ਤੇ 2013-14 ਦੌਰਾਨ ਨਗਰ ਕੌਂਸਲ ਕਾਦੀਆਂ ਨੂੰ ਤਕਰੀਬਨ ਡੇਢ ਕਰੋੜ ਰੁਪਏ, ਨਗਰ ਕੌਂਸਲ ਮਾਨਸਾ ਨੂੰ ਸਵਾ ਚਾਰ ਕਰੋੜ ਰੁਪਏ, ਨਗਰ ਕੌਂਸਲ ਕੋਟਕਪੂਰਾ ਨੂੰ ਛੇ ਕਰੋੜ ਰੁਪਏ, ਨਗਰ ਸੁਧਾਰ ਟਰੱਸਟ ਤਰਨ ਤਾਰਨ ਨੂੰ ਤਿੰਨ ਕਰੋੜ ਰੁਪਏ ਤੇ ਨਗਰ ਸੁਧਾਰ ਟਰਸਟ ਨਵਾਂ ਸ਼ਹਿਰ ਨੂੰ ਤਿੰਨ ਕਰੋੜ 20 ਲੱਖ ਰੁਪਏ ਕਰਜ਼ੇ ਦੇ ਤੌਰ ‘ਤੇ ਦੇ ਦਿੱਤੇ ਗਏ ਹਨ ਜਦੋਂਕਿ ਅੰਮ੍ਰਿਤਸਰ ਨਗਰ ਨਿਗਮ ਕੋਲ ਕਰਮਚਾਰੀਆਂ ਨੂੰ ਦੇਣ ਲਈ ਤਨਖਾਹਾਂ ਵਾਸਤੇ ਕੌਡੀ ਵੀ ਨਹੀਂ। ਅੰਮ੍ਰਿਤਸਰ ਤੋਂ ਲੰਮਾ ਸਮਾਂ ਦੂਰ ਰਹਿਣ ਬਾਰੇ ਸ਼ ਸਿੱਧੂ ਨੇ ਆਖਿਆ ਕਿ ਉਹ ਅਜਿਹੀ ਸਥਿਤੀ ਵਿਚ ਹੋਰ ਕੀ ਕਰਦੇ। ਗਠਜੋੜ ਧਰਮ ਨੂੰ ਨਿਭਾਉਂਦਿਆਂ ਉਹ ਕਿਸੇ ਖਿਲਾਫ਼ ਵੀ ਬੋਲਣ ਤੋਂ ਅਸਮਰਥ ਹਨ। ਇਸੇ ਲਈ ਉਹ ਕੁਝ ਸਮਾਂ ਅੰਮ੍ਰਿਤਸਰ ਤੋਂ ਦੂਰ ਰਹੇ ਹਨ ਤੇ ਇਸ ਦੌਰਾਨ ਉਨ੍ਹਾਂ ਆਪਣੇ ਕਿੱਤੇ ਨੂੰ ਤਰਜੀਹ ਦਿੱਤੀ ਹੈ ਜਿਸ ਨੂੰ ਉਨ੍ਹਾਂ ਪਿਛਲੇ ਨੌਂ ਸਾਲਾਂ ਤੋਂ ਅਣਦੇਖਿਆ ਕੀਤਾ ਹੋਇਆ ਸੀ। ਕਿੱਤੇ ਪ੍ਰਤੀ ਅਵੇਸਲੇਪਣ ਕਾਰਨ ਉਨ੍ਹਾਂ ਨੂੰ ਵਿੱਤੀ ਨੁਕਸਾਨ ਵੀ ਹੋਇਆ ਹੈ । ਉਨ੍ਹਾਂ ਆਪਣੀ ਪਤਨੀ ਦੀ ਨੌਕਰੀ ਵੀ ਇਸੇ ਕਾਰਨ ਛੁਡਵਾਈ ਹੈ ਤਾਂ ਜੋ ਉਹ ਅੰਮ੍ਰਿਤਸਰ ਵਿਚ ਰਹਿ ਕੇ ਲੋਕਾਂ ਦੀ ਸੇਵਾ ਕਰ ਸਕੇ ਤੇ ਆਪਣਾ ਘਰ ਵੀ ਅੰਮ੍ਰਿਤਸਰ ਵਿਚ ਬਣਵਾ ਰਹੇ ਹਨ। ਇਸ ਲਈ ਉਨ੍ਹਾਂ ਨੂੰ ਆਪਣਾ ਪਟਿਆਲਾ ਸਥਿਤ ਜੱਦੀ ਘਰ ਵੀ ਵੇਚਣਾ ਪਿਆ ਹੈ।
ਜ਼ਿਕਰਯੋਗ ਹੈ ਕਿ ਇਸ ਸਮੇ ਦੌਰਾਨ ਸ਼ ਸਿੱਧੂ ਦੇ ਜਨਤਕ ਆਧਾਰ ਨੂੰ ਖ਼ੋਰਾ ਲੱਗਾ ਹੈ। ਜੇ ਸ਼ ਸਿੱਧੂ ਵੱਲੋਂ ਜਿੱਤੀਆਂ ਤਿੰਨ ਚੋਣਾਂ ਵਿਚ ਜਿੱਤਾਂ ਦਾ ਫਰਕ ਵੇਖਿਆ ਜਾਵੇ ਤਾਂ ਇਹ ਲਗਾਤਾਰ ਘਟਿਆ ਹੈ। ਉਨ੍ਹਾਂ ਆਪਣੀ ਪਹਿਲੀ ਚੋਣ ਸਮੇਂ 2004 ਵਿਚ ਕਾਂਗਰਸ ਦੇ ਪ੍ਰਮੁੱਖ ਆਗੂ ਆਰæਐਲ਼ ਭਾਟੀਆ ਨੂੰ ਇਕ ਲੱਖ ਤੋਂ ਵੱਧ ਵੋਟਾਂ ਦੇ ਫ਼ਰਕ ਨਾਲ ਹਰਾਇਆ ਸੀ ਜਦੋਂਕਿ 2007 ਵਿਚ ਤਤਕਾਲੀ ਪੰਜਾਬ ਦੇ ਵਿੱਤ ਮੰਤਰੀ ਸੁਰਿੰਦਰ ਕੁਮਾਰ ਸਿੰਗਲਾ ਨੂੰ 77 ਹਜ਼ਾਰ 626 ਵੋਟਾਂ ਦੇ ਫ਼ਰਕ ਨਾਲ ਤੇ 2009 ਵਿਚ ਕਾਂਗਰਸੀ ਉਮੀਦਵਾਰ ਓæਪੀ ਸੋਨੀ ਨੂੰ ਸਿਰਫ਼ 6858 ਵੋਟਾਂ ਦੇ ਫ਼ਰਕ ਨਾਲ ਹਰਾਇਆ ਹੈ।
Leave a Reply