ਇੰਡੀਆਨਾ ‘ਚ ਲੁਟੇਰਿਆਂ ਹੱਥੋਂ ਦੋ ਪੰਜਾਬੀ ਹਲਾਕ

ਐਲਕ ਹਾਰਟ, ਇੰਡੀਆਨਾ (ਬਿਊਰੋ): ਇਥੇ ਸਾਲੇਹ ਮਾਰਕਿਟ ਵਿਚ ਲੰਘੀ 5 ਸਤੰਬਰ ਨੂੰ ਸਵੇਰ ਸਮੇਂ ਜਗਤਾਰ ਭੱਟੀ (55) ਅਤੇ ਪਵਨਪ੍ਰੀਤ ਸਿੰਘ (20) ਨੂੰ ਕੁਝ ਅਣਪਛਾਤੇ ਹਮਲਾਵਰਾਂ ਨੇ ਗੋਲੀ ਮਾਰ ਕੇ ਮਾਰ ਦਿੱਤਾ। ਇਤਲਾਹ ਮਿਲਣ ‘ਤੇ ਜਦੋਂ ਪੁਲਿਸ ਪਹੁੰਚੀ, ਦੋਹਾਂ ਦੀ ਮੌਤ ਹੋ ਚੁਕੀ ਸੀ। ਹਮਲੇ ਦਾ ਮਨੋਰਥ ਲੁੱਟ-ਖੋਹ ਸਮਝਿਆ ਜਾਂਦਾ ਹੈ। ਪੁਲਿਸ ਨੇ ਇਸ ਸਬੰਧੀ ਕਾਲੇ ਮੂਲ ਦੇ ਇਕ 28 ਸਾਲਾ ਵਿਅਕਤੀ ਕੈਵਿਨ ਮੂਰ ਨੂੰ ਹਿਰਾਸਤ ਵਿਚ ਲਿਆ ਹੈ ਜੋ ਅਕਸਰ ਇਸ ਮਾਰਕਿਟ ਵਿਚ ਆਉਂਦਾ-ਜਾਂਦਾ ਰਹਿੰਦਾ ਸੀ। ਵਾਰਦਾਤ ਸਮੇਂ ਪਵਨਪ੍ਰੀਤ ਸਿੰਘ ਤੇ ਸਟੋਰ ਮਾਲਕ ਜਗਤਾਰ ਸਿੰਘ ਸਟੋਰ ਖੋਲ੍ਹਣ ਲੱਗੇ ਸਨ ਕਿ ਦੋ ਹਥਿਆਰਬੰਦ ਲੁਟੇਰਿਆਂ ਨੇ ਸਟੋਰ ‘ਤੇ ਧਾਵਾ ਬੋਲਦਿਆਂ ਗੋਲੀਆਂ ਚਲਾ ਦਿੱਤੀਆਂ। ਪੁਲਿਸ ਦੂਜੇ ਹਮਲਾਵਰ ਦੀ ਭਾਲ ਕਰ ਰਹੀ ਹੈ।
ਸਟੋਰ ਦੇ ਇਕ ਹੋਰ ਮੁਲਾਜ਼ਮ ਨੇ ਦੱਸਿਆ ਕਿ ਜਿਸ ਵਕਤ ਹਮਲਾ ਹੋਇਆ ਉਹ ਕਿਚਨ ਵਿਚ ਸੀ ਅਤੇ ਜਦੋਂ ਤੱਕ ਉਹ ਬਾਹਰ ਆਇਆ, ਦੋਹੇਂ ਖੂਨ ਵਿਚ ਲਥਪਥ ਪਏ ਸਨ। ਐਲਕ ਹਰਟ ਕਸਬੇ ਦੀ ਅਬਾਦੀ ਕਰੀਬ 50 ਹਜ਼ਾਰ ਦੱਸੀ ਜਾਂਦੀ ਹੈ।
ਐਨæਆਰæਆਈæ ਸਭਾ ਪੰਜਾਬ ਦੇ ਸਾਬਕਾ ਪ੍ਰਧਾਨ ਪ੍ਰੀਤਮ ਸਿੰਘ ਨੌਰੰਗਪੁਰ, ਸ਼੍ਰੋਮਣੀ ਅਕਾਲੀ ਦਲ ਨਿਊ ਜਰਸੀ (ਯੂæਐਸ਼ਏæ) ਦੇ ਪ੍ਰਧਾਨ ਹਰਦੀਪ ਸਿੰਘ ਗੋਲਡੀ ਤੇ ਸ਼੍ਰੋਮਣੀ ਅਕਾਲੀ ਦਲ ਅਮਰੀਕਾ ਦੇ ਪ੍ਰਧਾਨ ਮਨਜੀਤ ਸਿੰਘ ਦਸੂਹਾ ਨੇ ਪਵਨਪ੍ਰੀਤ ਸਿੰਘ ਤੇ ਜਗਤਾਰ ਸਿੰਘ ਦੀ ਹੱਤਿਆ ਦੀ ਸਖ਼ਤ ਨਿਖੇਧੀ ਕੀਤੀ ਹੈ। ਪਵਨਪ੍ਰੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਮਿਆਣੀ ਇਲਾਕੇ ਦੇ ਪਿੰਡ ਮੂਨਣ ਦਾ ਸੀ ਅਤੇ ਸਟੋਰ ਦਾ ਮਾਲਕ ਜਗਤਾਰ ਸਿੰਘ ਜਲੰਧਰ ਦਾ ਸੀ। ਜਗਤਾਰ ਸਿੰਘ ਦੇ ਗਰੋਸਰੀ ਸਟੋਰ ‘ਤੇ ਪਹਿਲਾਂ ਵੀ ਦੋ ਵਾਰ ਹਮਲੇ ਹੋ ਚੁੱਕੇ ਹਨ।
ਪਵਨਪ੍ਰੀਤ ਸਿੰਘ ਦਾ ਮਾਪਿਆਂ ਨੂੰ ਇਸ ਦਰਦਨਾਕ ਘਟਨਾ ਦੀ ਸੂਚਨਾ ਅਮਰੀਕਾ ਨਾਲ ਰਹਿੰਦੇ ਨੌਜਵਾਨ ਸੁੱਖਾ ਨਿਵਾਸੀ ਤਲਵੰਡੀ ਡੱਡੀਆਂ ਨੇ ਦਿੱਤੀ। ਮ੍ਰਿਤਕ ਨੌਜਵਾਨ 10ਵੀਂ ਜਮਾਤ ਦੀ ਪੜ੍ਹਾਈ ਕਰ ਕੇ 2009 ਵਿਚ ਅਮਰੀਕਾ ਗਿਆ ਸੀ। ਉਸ ਦਾ ਪਿਤਾ ਬਲਵਿੰਦਰ ਸਿੰਘ ਇਟਲੀ ਰਹਿੰਦਾ ਹੈ। ਉਸ ਦੇ ਘਰ ਦਾਦਾ ਗੁਰਮੁਖ ਸਿੰਘ, ਮਾਤਾ ਮਨਜੀਤ ਕੌਰ ਤੇ ਦੋ ਭੈਣਾਂ ਰਮਨਦੀਪ ਕੌਰ, ਅਮਨਦੀਪ ਕੌਰ ਹਨ।
ਜਗਤਾਰ ਸਿੰਘ ਪੁੱਤਰ ਪ੍ਰੀਤਮ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਪਿਛਲੇ 14 ਸਾਲ ਤੋਂ ਇੰਡੀਆਨਾ ਰਹਿੰਦਾ ਸੀ। ਉਸ ਦੇ ਨਾਲ ਉਸ ਦਾ ਵੱਡਾ ਲੜਕਾ ਤੇ ਧੀ ਅਮਰਜੀਤ ਕੌਰ (19) ਵੀ ਰਹਿੰਦੇ ਸਨ। ਉਸ ਦੇ ਉਥੇ ਦੋ ਪੈਟਰੋਲ ਪੰਪ ਤੇ ਉਨ੍ਹਾਂ ਦੇ ਨਾਲ ਗਰੋਸਰੀ ਸਟੋਰ ਹਨ। ਇਕ ਪੈਟਰੋਲ ਪੰਪ ‘ਤੇ ਉਹ ਆਪ ਤੇ ਉਸ ਦਾ ਕਰਿੰਦਾ ਪਵਨ ਸਿੰਘ ਹੁੰਦਾ ਸੀ। ਦੂਸਰਾ ਉਸ ਦਾ ਵੱਡਾ ਲੜਕਾ ਚਲਾ ਰਿਹਾ ਹੈ। ਉਸ ਦਾ ਛੋਟਾ ਲੜਕਾ ਦਲਵਿੰਦਰ ਸਿੰਘ (24) ਤੇ ਪਤਨੀ ਜਸਵਿੰਦਰ ਕੌਰ ਜਲੰਧਰ ਰਹਿੰਦੇ ਹਨ।

Be the first to comment

Leave a Reply

Your email address will not be published.