ਫ਼ਤਹਿਗੜ੍ਹ ਸਾਹਿਬ: ਜ਼ਿਲ੍ਹਾ ਪੁਲਿਸ ਨੇ 21 ਤੋਂ 25 ਸਾਲ ਦੀ ਉਮਰ ਦੇ ਨੌਜਵਾਨਾਂ ਦੇ 12 ਮੈਂਬਰੀ ਗਰੋਹ ਵਿਚੋਂ ਸੱਤ ਨੂੰ ਹਥਿਆਰਾਂ ਤੇ ਗੋਲੀ-ਸਿੱਕੇ ਸਮੇਤ ਕਾਬੂ ਕਰਨ ਦਾ ਦਾਅਵਾ ਕਰਦਿਆਂ ਕਿਹਾ ਹੈ ਕਿ ਇਹ ਖਾੜਕੂ ਸਰਗਰਮੀਆਂ ਵਿਚ ਜੁਟੇ ਹੋਏ ਸਨ। ਪੁਲਿਸ ਮੁਤਾਬਕ ਇਨ੍ਹਾਂ ਨੌਜਵਾਨਾਂ ਨੂੰ ਵਿਦੇਸ਼ ਵਿਚੋਂ ਵੀ ਇਸ ਮੰਤਵ ਲਈ ਪੈਸਾ ਆਉਂਦਾ ਸੀ ਤੇ ਗਰੋਹ ਦੇ ਮੈਂਬਰਾਂ ਦਾ ਮੁੱਖ ਮਕਸਦ 1984 ਦੇ ਕਤਲੇਆਮ ਲਈ ਜ਼ਿੰਮੇਵਾਰ ਤੇ ਸ਼ਿਵ ਸੈਨਾ ਦੇ ਕਾਰਕੁਨਾਂ ਨੂੰ ਆਪਣਾ ਨਿਸ਼ਾਨਾ ਬਣਾਉਣਾ ਸੀ। ਇਨ੍ਹਾਂ ਦੀ ਹਿੱਟ ਲਿਸਟ ‘ਤੇ ਜ਼ਿਲ੍ਹਾ ਗੁਰਦਾਸਪੁਰ ਨਾਲ ਸਬੰਧਤ ਸ਼ਿਵ ਸੈਨਾ (ਬਾਲ ਠਾਕਰੇ) ਦਾ ਆਗੂ ਵੀ ਸ਼ਾਮਲ ਹੈ।
ਪੁਲਿਸ ਸੂਤਰਾਂ ਮੁਤਾਬਕ ਉਨ੍ਹਾਂ ਨੂੰ ਜਾਣਕਾਰੀ ਮਿਲੀ ਸੀ ਕਿ ਨੌਜਵਾਨਾਂ ਵੱਲੋਂ ਆਪਣਾ ਨਵਾਂ ਗਰੋਹ ਬਣਾਇਆ ਹੈ ਜਿਸ ਵੱਲੋਂ ਆਉਣ ਵਾਲੇ ਦਿਨਾਂ ਵਿਚ ਲੁੱਟ-ਖੋਹ ਤੇ ਕਤਲਾਂ ਦੀਆਂ ਕਾਰਵਾਈਆਂ ਕਰਕੇ ਪੰਜਾਬ ਵਿਚ ਦਹਿਸ਼ਤ ਫੈਲਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਜਿਨ੍ਹਾਂ ਵਿਚ ਨਿਊਜ਼ੀਲੈਂਡ ਦੇ ਵੀ ਦੋ ਨੌਜਵਾਨ ਸ਼ਾਮਲ ਹਨ। ਇਸ ਮੰਤਵ ਲਈ ਨਾਡਾ ਸਾਹਿਬ ਦੇ ਵਾਸੀ ਸਤਨਾਮ ਸਿੰਘ ਵੱਲੋਂ ਉੱਤਰ ਪ੍ਰਦੇਸ਼ ਦੇ ਜਨਪਾਲ ਸਿੰਘ ਨਾਲ ਹਥਿਆਰ ਲਿਆਉਣ ਲਈ ਸੰਪਰਕ ਕਰਵਾਇਆ ਗਿਆ ਤੇ ਪਿਛਲੇ ਹਫ਼ਤੇ ਗੁਰਲਾਲ ਸਿੰਘ ਰਾਹੀਂ ਡੁਬਈ ਵਿਚੋਂ ਇਸ ਮੰਤਵ ਲਈ ਪੈਸੇ ਵੀ ਭੇਜੇ ਗਏ ਜੋ ਸਰਵਨ ਸਿੰਘ ਪੁੱਤਰ ਗੁਰਮੁੱਖ ਸਿੰਘ ਵਾਸੀ ਬਾਠ ਰੋਡ ਤਰਨ ਤਾਰਨ ਵੱਲੋਂ ਵਸੂਲੇ ਗਏ।
ਗੁਪਤ ਸੂਚਨਾ ਦੇ ਆਧਾਰ ‘ਤੇ ਪੁਲਿਸ ਵੱਲੋਂ ਫ਼ਤਹਿਗੜ੍ਹ ਸਾਹਿਬ-ਚੰਡੀਗੜ੍ਹ ਰੋਡ ‘ਤੇ ਮੋਟਰਸਾਈਕਲ ਉਪਰ ਕਰਮਜੀਤ ਸਿੰਘ, ਸਰਵਨ ਸਿੰਘ ਤੇ ਜਤਿੰਦਰ ਸਿੰਘ ਨੂੰ 30 ਬੋਰ, 9 ਐਮæਐਮ ਤੇ 32 ਬੋਰ ਦੇ ਪਿਸਤੌਲ ਤੇ ਗੋਲੀ-ਸਿੱਕੇ ਸਮੇਤ ਕਾਬੂ ਕੀਤਾ ਗਿਆ ਤੇ ਉਨ੍ਹਾਂ ਦੀ ਪੁੱਛਗਿੱਛ ਦੇ ਆਧਾਰ ‘ਤੇ ਪਿੰਡ ਪੀਰਜੈਨ ਦੇ ਜਤਿੰਦਰ ਸਿੰਘ ਉਰਫ਼ ਹੈਪੀ ਦੇ ਘਰ ਉਪਰ ਛਾਪਾ ਮਾਰਿਆ ਗਿਆ ਜਿਥੋਂ ਚਾਰ ਵਿਅਕਤੀ ਜਿਨ੍ਹਾਂ ਵਿਚ ਧਰਮ ਸਿੰਘ ਉਰਫ਼ ਧਮਾ, ਕਸ਼ਮੀਰ ਸਿੰਘ, ਰਾਣਾ ਪ੍ਰਤਾਪ ਤੇ ਲਾਭ ਸਿੰਘ ਸ਼ਾਮਲ ਹਨ, ਨੂੰ ਕਾਬੂ ਕਰ ਲਿਆ ਗਿਆ ਤੇ ਇਨ੍ਹਾਂ ਤੋਂ ਤਿੰਨ ਪਿਸਤੌਲ 315 ਬੋਰ ਤੇ ਹੋਰ ਗੋਲੀ-ਸਿੱਕਾ ਬਰਾਮਦ ਕੀਤਾ ਗਿਆ।
ਗਰੋਹ ਵਿਚ ਸਾਰੇ ਨੌਜਵਾਨ ਪੜ੍ਹੇ-ਲਿਖੇ ਹਨ ਤੇ ਕੋਈ ਵੀ ਨਸ਼ਈ ਨਹੀਂ ਹੈ। ਇਹ ਸਾਰੇ ਗਤਕਾ ਗਰੁੱਪ ਨਾਲ ਸਬੰਧਤ ਹਨ ਤੇ ਇਨ੍ਹਾਂ ਵੱਲੋਂ ਪਹਿਲੀ ਕਾਰਵਾਈ ਕੁਝ ਹੀ ਦਿਨਾਂ ਵਿਚ ਜ਼ਿਲ੍ਹਾ ਗੁਰਦਾਸਪੁਰ ਵਿਚ ਕਰਨੀ ਸੀ। ਉਨ੍ਹਾਂ ਦੱਸਿਆ ਕਿ ਪਿੰਡਾਂ ਵਿਚ 1984 ਦੇ ਕਤਲੇਆਮ ਬਾਰੇ ਕੈਸੇਟਾਂ ਰਾਹੀਂ ਕੀਤੇ ਪ੍ਰਚਾਰ, ਕੰਪਿਊਟਰ ਵਿਚ ਵੇਰਵੇ ਪੜ੍ਹਨ ਤੇ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਫਾਂਸੀ ਦੀ ਸਜ਼ਾ ਖ਼ਿਲਾਫ਼ ਗੁਰਦਾਸਪੁਰ ਵਿਚ ਪ੍ਰਦਰਸ਼ਨ ਦੌਰਾਨ ਨੌਜਵਾਨ ਜਸਪਾਲ ਸਿੰਘ ਦੀ ਹੋਈ ਮੌਤ ਦੇ ਮਾਮਲੇ ਨੂੰ ਲੈ ਕੇ ਉਨ੍ਹਾਂ ਇਹ ਕਾਰਵਾਈ ਕਰਨ ਦਾ ਫ਼ੈਸਲਾ ਲਿਆ ਸੀ। ਉਨ੍ਹਾਂ ਦੱਸਿਆ ਕਿ ਇਹ ਗਰੋਹ ਤਕਰੀਬਨ ਚਾਰ-ਪੰਜ ਮਹੀਨੇ ਪਹਿਲਾਂ ਹੀ ਸਰਗਰਮੀ ਵਿਚ ਆਇਆ ਤੇ ਯੂæਪੀæ ਤੋਂ ਇਹ ਮੋਟਰ ਸਾਈਕਲ ਉਪਰ ਹੀ ਹਥਿਆਰ ਲੈ ਕੇ ਆਏ।
Leave a Reply