ਔਰਤ ਦੀ ਆਜ਼ਾਦੀ-ਸਮਾਜ ਦਾ ਰਵੱਈਆ

ਡਾæ ਗੁਰਨਾਮ ਕੌਰ, ਕੈਨੇਡਾ
‘ਵਾਰ ਆਸਾ ਕੀ’ ਇੱਕ ਅਜਿਹੀ ਬਾਣੀ ਹੈ ਜਿਸ ਵਿਚ ਗੁਰੂ ਨਾਨਕ ਸਾਹਿਬ ਨੇ ਧਾਰਮਿਕ, ਸਮਾਜਿਕ, ਰਾਜਨੀਤਕ-ਹਰ ਤਰ੍ਹਾਂ ਦੀਆਂ ਕੁਰੀਤੀਆਂ ਬਾਰੇ ਗੱਲ ਕਰਦਿਆਂ ਮਨੁੱਖ ਨੂੰ ਚੇਤੰਨ ਕਰਨ ਦੀ ਕੋਸ਼ਿਸ਼ ਕੀਤੀ ਹੈ। ਆਸਾ ਦੀ ਵਾਰ ਵਿਚ ਹੀ ਗੁਰੂ ਨਾਨਕ ਸਾਹਿਬ ਜਦੋਂ ਇਸਤਰੀ ਦੀ ਗੱਲ ਕਰਦਿਆਂ ਉਸ ਨੂੰ ‘ਸੋ ਕਿਉ ਮੰਦਾ ਆਖੀਐ’ ਕਹਿੰਦੇ ਹਨ ਤਾਂ ਉਸ ਵੇਲੇ ਦੇ ਸਮਾਜ ਅਤੇ ਜੋਗ-ਮੱਤ ਵਰਗੀਆਂ ਧਾਰਮਿਕ ਪਰੰਪਰਾਵਾਂ ਦਾ ਉਹ ਨਜ਼ਰੀਆ ਪ੍ਰਗਟ ਹੁੰਦਾ ਹੈ ਜੋ ਆਮ ਤੌਰ ‘ਤੇ ਇਸਤਰੀ ਪ੍ਰਤੀ ਅਪਨਾਇਆ ਹੋਇਆ ਸੀ। ਸਮੇਂ ਦੇ ਬੀਤਣ ਨਾਲ ਵੀ ਸਮਾਜ ਦੇ ਉਸ ਨਜ਼ਰੀਏ ਵਿਚ ਕੋਈ ਬਹੁਤ ਜ਼ਿਆਦਾ ਬਦਲਾਉ ਨਹੀਂ ਆਇਆ ਭਾਵੇਂ ਕਾਫੀ ਕੁੱਝ ਸਮੇਂ ਦੇ ਨਾਲ ਬਦਲ ਵੀ ਗਿਆ ਹੈ।
ਲੇਖਿਕਾ ਸੁਰਿੰਦਰ ਨੀਰ ਦੇ ਨਾਵਲ ‘ਮਾਇਆ’ ਦੀ ਅੱਜ ਕਲ੍ਹ ਪੰਜਾਬ ਵਿਚ ਵੀ ਅਤੇ ਇਥੇ ਵੀ ਅਖ਼ਬਾਰਾਂ ਵਿਚ ਨਾਵਲ ਦੇ ‘ਰਿਵਿਊ’ ਦੇ ਰੂਪ ਵਿਚ ਲੋੜੋਂ ਵੱਧ ਚਰਚਾ ਹੋਈ ਹੈ। ਚਰਚਾ ਕਰਦਿਆਂ ਕਈ ਤਰ੍ਹਾਂ ਦੇ ਸਵਾਲ-ਜਵਾਬ ਉਠੇ ਹਨ। ਇਸ ਲੇਖ ਦਾ ਮਕਸਦ ਉਨ੍ਹਾਂ ਸਵਾਲਾਂ-ਜਵਾਬਾਂ ਵਿਚ ਪੈਣਾ ਜਾਂ ਸੁਰਿੰਦਰ ਨੀਰ ਦੇ ਨਾਵਲ ਦਾ ‘ਰਿਵਿਊ’ ਕਰਨਾ ਨਹੀਂ ਹੈ ਕਿਉਂਕਿ ਪਹਿਲਾਂ ਹੀ ਇਸ ਨਾਵਲ ਵਾਰੇ ਜਿੰਨਾ ਕੁੱਝ ਕਿਹਾ ਜਾ ਚੁੱਕਾ ਹੈ ਉਹ ਸ਼ਾਇਦ ਕਿਸੇ ਹੋਰ ਲੇਖਕ ਦੀ ਕਿਸੇ ਰਚਨਾ ਬਾਰੇ ਨਾ ਕਿਹਾ ਗਿਆ ਹੋਵੇ। ਇਸ ਲੇਖ ਦਾ ਮਕਸਦ ਉਨ੍ਹਾਂ ਪਹਿਲੂਆਂ ਅਤੇ ਤੱਤਾਂ ਵੱਲ ਸੰਖੇਪ ਜਿਹਾ ਸੰਕੇਤ ਕਰਨ ਦਾ ਹੈ ਜੋ ਇਸਤਰੀ ਦੀ ਆਜ਼ਾਦੀ ਨਾਲ ਜੁੜੇ ਹੋਏ ਹਨ, ਖਾਸ ਕਰਕੇ ਹਿੰਦੁਸਤਾਨੀ ਔਰਤ ਦੀ ਆਜ਼ਾਦੀ ਨਾਲ। ਔਰਤ ਦੀ ਇਸ ਲੰਬੀ ਯਾਤਰਾ ਨੂੰ ਉਸ ਦੇ ਜਨਮ ਤੋਂ ਹੀ ਸ਼ੁਰੂ ਕੀਤਾ ਜਾ ਸਕਦਾ ਹੈ।
ਗੁਰੂ ਨਾਨਕ ਸਾਹਿਬ ਨੇ ਆਪਣੀ ਬਾਣੀ ਵਿਚ ਸਪੱਸ਼ਟ ਕੀਤਾ ਹੈ ਕਿ ਇਸ ਸੰਸਾਰ ਤੇ ਹਰ ਮਨੁੱਖ ਦੇ ਪੈਦਾ ਹੋਣ ਦਾ ਜ਼ਰੀਆ ਇਸਤਰੀ ਹੈ, ਇੱਕੋ-ਇੱਕ ਹਸਤੀ ਅਕਾਲ ਪੁਰਖ ਹੈ ਜੋ ‘ਸੈਭੰ’ ਹੈ ਅਤੇ ਇਸਤਰੀ ਰਾਹੀਂ ਜਨਮ ਨਹੀਂ ਲੈਂਦਾ। ਫਿਰ ਵੀ ਕਿੰਨੇ ਤਾਜ਼ੁਬ ਦੀ ਗੱਲ ਹੈ ਕਿ ਹਿੰਦੁਸਤਾਨੀ (ਭਾਵੇਂ ਉਹ ਕਿਸੇ ਮੁਲਕ ਵਿਚ ਵੀ ਵੱਸ ਗਏ ਹਨ, ਉਨ੍ਹਾਂ ਦਾ ਨਜ਼ਰੀਆ ਬਹੁਤਾ ਨਹੀਂ ਬਦਲਿਆ) ਕੁੜੀ ਦਾ ਪੈਦਾ ਹੋਣਾ ਹੀ ਅਪਸ਼ਗਨ ਮੰਨਦੇ ਹਨ। ਇਸ ਇੱਕੀਵੀਂ ਸਦੀ ਦੇ ਜ਼ਮਾਨੇ ਵਿਚ ਵੀ ਕੁੜੀਆਂ ਨੂੰ ਜਨਮ ਤੋਂ ਪਹਿਲਾਂ ਹੀ ਮਾਂ ਦੇ ਗਰਭ ਵਿਚ ਹੀ ਖਤਮ ਕਰ ਦਿੱਤਾ ਜਾਂਦਾ ਹੈ। ਅਮਰੀਕਾ-ਕੈਨੇਡਾ ਵਿਚ ਛਪਦੇ ਪੰਜਾਬੀ ਅਖਬਾਰਾਂ ਵਿਚ ‘ਮੁੰਡਾ ਹੈ ਜਾਂ ਕੁੜੀ-ਮਨ ਚਾਹੀ ਸੰਤਾਨ ਪਾਉਣ ਦਾ ਸਹੀ ਤਰੀਕਾ’ ਸਿਰਲੇਖ ਹੇਠ ਛਪਦੇ ਇਸ਼ਤਿਹਾਰ ਇਸ ਦੇ ਗਵਾਹ ਹਨ।
ਗੁਰੂ ਨਾਨਕ ਸਾਹਿਬ ਨੇ ਜਿਸ ਧਰਤੀ ਤੋਂ ਆਪਣੇ ਸਿਧਾਂਤਾਂ ਦੇ ਪ੍ਰਚਾਰ ਦਾ ਆਗ਼ਾਜ਼ ਕੀਤਾ ਉਹ ਸੂਬਾ (ਪੰਜਾਬ) ਇਸ ਕੰਮ ਵਿਚ ਸਭ ਤੋਂ ਅੱਗੇ ਹੈ। ਜਿਵੇਂ ਗੁਰੂ ਨਾਨਕ ਸਾਹਿਬ ਨੇ ਕਿਹਾ ਹੈ ਕਿ ਸਮਾਜ ਔਰਤ ਨਾਲ ਹੀ ਅੱਗੇ ਚੱਲਦਾ ਹੈ ਕਿਉਂਕਿ ਔਰਤ ਰਾਹੀਂ ਹੀ ਸਾਰੇ ਸਮਾਜਿਕ ਰਿਸ਼ਤੇ ਬਣਦੇ ਹਨ, ਫਿਰ ਵੀ ਔਰਤ ਦਾ ਜਨਮ ਲੈਣਾ ਹੀ ਕਿਉਂ ਰੋਕਿਆ ਜਾਂਦਾ ਹੈ? ਭਾਵੇਂ ਇਹ ਕਹਿਣਾ ਵੀ ਗਲਤ ਨਹੀਂ ਹੋਵੇਗਾ ਕਿ ਕੁੜੀਆਂ ਦਾ ਪਾਲਣ-ਪੋਸ਼ਣ ਅਤੇ ਉਨ੍ਹਾਂ ਦੀ ਪੜ੍ਹਾਈ-ਲਿਖਾਈ ਕਰਾਉਣੀ ਮੁੰਡਿਆਂ ਨਾਲੋਂ ਸੌਖੀ ਵੀ ਹੈ ਅਤੇ ਘੱਟ ਖਰਚੀਲੀ ਵੀ, ਕਿਉਂ ਕੁੜੀਆਂ ਅਤੇ ਮੁੰਡਿਆਂ ਦੀ ਪੜਾ੍ਹਈ-ਲਿਖਾਈ ਅਤੇ ਪਾਲਣ-ਪੋਸ਼ਣ ਵੱਲ ਇੱਕੋ ਜਿਹੀ ਤਵੱਜ਼ੋ ਨਹੀਂ ਦਿੱਤੀ ਜਾਂਦੀ? ਅੱਜ ਵੀ ਕਾਫ਼ੀ ਗਿਣਤੀ ਵਿਚ ਮੁੰਡਿਆਂ ਦੇ ਪਾਲਣ-ਪੋਸ਼ਣ ਵਿਚ ਅਤੇ ਕੁੜੀਆਂ ਦੇ ਪਾਲਣ-ਪੋਸ਼ਣ ਵਿਚ ਦੁਰੈਤ ਵਰਤੀ ਜਾਂਦੀ ਹੈ।
ਇਸਤਰੀ ਦੀ ਆਜ਼ਾਦੀ ਵੱਲ ਪਹਿਲਾ ਕਦਮ ਹੀ ਇਹ ਹੈ ਕਿ ਉਸ ਨੂੰ ਵੀ ਜਨਮ ਲੈਣ ਦਾ ਓਨਾ ਹੀ ਅਧਿਕਾਰ ਦਿੱਤਾ ਜਾਵੇ ਜਿੰਨਾ ਕਿ ਪੁਰਸ਼ ਨੂੰ ਹੈ। ਉਸ ਨੂੰ ਵੀ ਜ਼ਿੰਦਗੀ ਦਾ ਸਫਰ ਮੁਕੰਮਲ ਕਰਨ ਲਈ ਅਤੇ ਸਫ਼ਲ ਹੋਣ ਲਈ ਉਸੇ ਤਰ੍ਹਾਂ ਦੇ ਪਾਲਣ-ਪੋਸ਼ਣ ਅਤੇ ਪੜ੍ਹਾਈ-ਲਿਖਾਈ ਦੀ ਜ਼ਰੂਰਤ ਹੈ ਜਿਹੋ ਜਿਹੀ ਲੜਕਿਆਂ ਨੂੰ। ਸਗੋਂ ਇਹ ਕਹਿਣਾ ਚਾਹੀਦਾ ਹੈ ਕਿ ਵਰਤਮਾਨ ਯੁੱਗ ਵਿਚ ਇਸਤਰੀ ਪੁਰਸ਼ ਨਾਲੋਂ ਵੱਧ ਜਿੰਮੇਵਾਰੀਆਂ ਨਿਭਾ ਰਹੀ ਹੈ ਅਤੇ ਨਿਭਾਉਣ ਦੇ ਕਾਬਲ ਵੀ ਹੈ, ਕਿਉਂਕਿ ਉਹ ਘਰ-ਗ੍ਰਹਿਸਥੀ ਚਲਾਉਣ ਦੇ ਨਾਲ ਨਾਲ, ਬੱਚਿਆਂ ਦਾ ਪਾਲਣ-ਪੋਸ਼ਣ ਅਤੇ ਨੌਕਰੀ ਵੀ ਕਰਦੀ ਹੈ, ਬਾਕੀ ਪਰਿਵਾਰਕ ਅਤੇ ਸਮਾਜਿਕ ਜਿੰਮੇਵਾਰੀਆਂ ਵੀ ਨਿਭਾਉਂਦੀ ਹੈ। ਪਰਿਵਾਰ ਦਾ ਬੋਝ ਪੁਰਸ਼ ਨਾਲੋਂ ਉਸ ਦੇ ਮੋਢਿਆਂ ‘ਤੇ ਕਿਧਰੇ ਜ਼ਿਆਦਾ ਹੈ। ਪਰ ਕੀ ਜਿੰਨੀ ਕੁ ਜਿੰਮੇਵਾਰੀ ਉਹ ਨਿਭਾਉਂਦੀ ਹੈ ਉਸ ਦਾ ਬਣਦਾ ਸਤਿਕਾਰ, ਉਸ ਦੀ ਬਣਦੀ ਮਾਨਤਾ ਉਸ ਨੂੰ ਦਿੱਤੀ ਜਾਂਦੀ ਹੈ? ਕੀ ਸਹੁਰੇ ਪਰਿਵਾਰ ਵਿਚ ਉਸ ਨੁੰ ਆਪਣੀ ਗੱਲ ਕਹਿ ਸਕਣ ਦਾ ਉਵੇਂ ਹੀ ਅਧਿਕਾਰ ਦਿੱਤਾ ਜਾਂਦਾ ਹੈ ਜਿਵੇਂ ਦਾ ਉਸ ਦੇ ਪਤੀ ਨੂੰ ਹੁੰਦਾ ਹੈ? ਕੀ ਉਸ ਨੂੰ ਵੀ ਇਹ ਹੱਕ ਹੈ ਕਿ ਉਹ ਗਲਤ ਨੂੰ ਗਲਤ ਅਤੇ ਠੀਕ ਨੂੰ ਠੀਕ ਕਹਿ ਸਕੇ? ਜੇ ਕੋਈ ਪੜੀ੍ਹ-ਲਿਖੀ ਔਰਤ ਆਪਣਾ ਹੱਕ ਸਮਝ ਕੇ ਅਜਿਹੀ ਗਲਤੀ ਕਰ ਲੈਂਦੀ ਹੈ ਤਾਂ ਉਸੇ ਵੇਲੇ ਪਤੀ ਦਹਾੜ ਉਠਦਾ ਹੈ ‘ਮੇਰੀ ਮਾਂ; ‘ਮੇਰਾ ਭਰਾ’ ‘ਮੇਰੇ ਰਿਸ਼ਤੇਦਾਰ’ ਵਗੈਰਾ ਵਗੈਰਾ। ਜਿਸ ਪਰਿਵਾਰ ਲਈ ਉਹ ਦਿਨ-ਰਾਤ ਆਪਣੀ ਮਿਹਨਤ ਜੁਟਾਉਂਦੀ ਹੈ, ਉਹ ਪਰਿਵਾਰ ਉਸ ਲਈ ਸਾਰੀ ਉਮਰ ਉਸ ਦੇ ਪਤੀ ਦਾ ਪਰਿਵਾਰ ਹੀ ਰਹਿੰਦਾ ਹੈ, ਉਸ ਦਾ ਨਹੀਂ।
ਪੰਜਾਬੀ ਭਾਈਚਾਰੇ ਦਾ ਪੁਰਸ਼ ਮਾਂ-ਭੈਣ ਦੀ ਗਾਲ੍ਹ ਕੱਢਣ ਨੂੰ ਆਪਣਾ ਜੱਦੀ-ਪੁਰਸ਼ੀ ਹੱਕ ਹੀ ਨਹੀਂ ਸਮਝਦਾ ਬਲਕਿ ਇਸ ਨੂੰ ਆਪਣਾ ‘ਸਭਿਆਚਾਰ’ ਦੱਸਦਾ ਹੈ। ਲੜਾਈ ਦੋ ਪੁਰਸ਼ਾਂ ਵਿਚਕਾਰ ਹੋ ਰਹੀ ਹੁੰਦੀ ਹੈ ਪਰ ਗਾਲ੍ਹਾਂ ਘਰ ਅੰਦਰ ਬੈਠੀਆਂ ਮਾਂਵਾਂ-ਭੈਣਾਂ, ਜਿਨ੍ਹਾਂ ਦਾ ਉਨ੍ਹਾਂ ਦੀ ਲੜਾਈ ਨਾਲ ਦੂਰ ਦਾ ਵੀ ਸਬੰਧ ਨਹੀਂ ਹੁੰਦਾ, ਉਨ੍ਹਾਂ ਨੂੰ ਕੱਢੀਆਂ ਜਾ ਰਹੀਆਂ ਹੁੰਦੀਆਂ ਹਨ। ਪੜ੍ਹਿਆ-ਲਿਖਿਆ ਪਤੀ ਵੀ ਬਹੁਤੀ ਵਾਰ ‘ਅਸਭਿਅਕ’ ਭਾਸ਼ਾ ਵਰਤਣ ਤੋਂ ਗੁਰੇਜ਼ ਨਹੀਂ ਕਰਦਾ। ਪਤਨੀ ਨੂੰ ਗਾਲ੍ਹ ਕੱਢਣਾ ਆਪਣਾ ਹੱਕ ਸਮਝਦਾ ਹੈ। ਫਿਰ ਕਿਹੜੀ ਆਜ਼ਾਦੀ ਦੀ ਗੱਲ ਕੀਤੀ ਜਾ ਰਹੀ ਹੈ? ਭਾਵੇਂ ਸਦੀਆਂ ਬੀਤ ਚੁੱਕੀਆਂ ਹਨ ਪਰ ਅੱਜ ਵੀ ਸਮਾਜ ਦੇ ਮਨ ਵਿਚ ਮਨੂ ਸਿਮਰਤੀ ਦੀ ਇਹ ਸਿੱਖਿਆ ਕਿ ‘ਇਸਤਰੀ ਨੂੰ ਸ਼ਾਦੀ ਤੋਂ ਪਹਿਲਾਂ ਪਿਤਾ ਦੇ ਅਧੀਨ, ਸ਼ਾਦੀ ਤੋਂ ਬਾਅਦ ਪਤੀ ਦੇ ਅਤੇ ਬੁਢਾਪੇ ਵਿਚ ਪੁੱਤਰ ਦੇ ਅਧੀਨ ਰਹਿਣਾ ਚਾਹੀਦਾ ਹੈ’ ਪੱਕੀ ਤਰ੍ਹਾਂ ਘਰ ਕਰੀ ਬੈਠੀ ਹੈ।
ਕੁੜੀਆਂ ਜੀਨ ਪਾਉਂਦੀਆਂ ਹਨ ਜਾਂ ਸਲਵਾਰ ਕਮੀਜ਼, ਇਸ ਨਾਲ ਕੋਈ ਫਰਕ ਨਹੀਂ ਪੈਂਦਾ। ਪਹਿਰਾਵਾ ਤਨ ਢਕਣ ਲਈ ਹੈ ਜੋ ਸਮੇਂ ਦੇ ਨਾਲ ਨਾਲ ਬਦਲ ਵੀ ਸਕਦਾ ਹੈ। ਫਰਕ ਪੈਂਦਾ ਹੈ ਪਿਤਾ-ਪੁਰਖੀ ਸਮਾਜ ਵਿਚ ਪੁਰਸ਼ ਦੇ ਇਸਤਰੀ ਪ੍ਰਤੀ ਨਜ਼ਰੀਏ ਦਾ। ਸਵਾਲ ਪਹਿਰਾਵੇ ਦਾ ਨਹੀਂ, ਸਵਾਲ ਇਹ ਹੈ ਕਿ ਲੜਕੀ ਨੂੰ ਵੀ ਇੱਕ ਪੂਰੇ-ਸੂਰੇ ਇਨਸਾਨ ਦੀ ਤਰ੍ਹਾਂ ਸਵੈ-ਨਿਰਭਰ ਹੋਣ, ਆਪਣੇ ਫੈਸਲੇ ਆਪ ਲੈ ਸਕਣ ਦਾ ਹੱਕ ਹੈ ਜਾਂ ਨਹੀਂ? ਕੀ ਅੱਜ ਵੀ ਭਾਰਤੀ ਸਮਾਜ ਵਿਚ ਅੱਜ ਦੀ ਪੜ੍ਹੀ-ਲਿਖੀ ਕੁੜੀ ਨੂੰ ਆਪਣਾ ਜੀਵਨ ਸਾਥੀ ਚੁਣਨ ਦਾ ਅਧਿਕਾਰ ਹੈ, ਜਿਸ ਨਾਲ ਉਸ ਨੇ ਸਾਰੀ ਉਮਰ ਗੁਜ਼ਾਰਨੀ ਹੈ? ਅੱਜ ਵੀ ਰੋਜ਼ ਅਖ਼ਬਾਰਾਂ ਵਿਚ ‘ਇਜ਼ਤ ਲਈ ਕਤਲ’ ਦੀਆਂ ਖ਼ਬਰਾਂ ਛਪਦੀਆਂ ਹਨ। ਅੱਜ ਵੀ ਇਹ ਸਮਝਿਆ ਜਾਂਦਾ ਹੈ ਕਿ ਲੜਕਾ ਗਲਤੀ ਕਰਦਾ ਹੈ ਤਾਂ ਕੋਈ ਫ਼ਰਕ ਨਹੀਂ ਪੈਂਦਾ ਪਰ ਜੇ ਲੜਕੀ ਗਲਤੀ ਕਰਦੀ ਹੈ ਤਾਂ ਘਰ ਦੀ ਇੱਜ਼ਤ ਮਿੱਟੀ ਵਿਚ ਮਿਲ ਜਾਂਦੀ ਹੈ। ਗਲਤੀ ਤਾਂ ਗਲਤੀ ਹੈ ਉਹ ਭਾਵੇਂ ਪੁੱਤਰ ਕਰੇ ਭਾਵੇਂ ਧੀ। ਨੁਕਸਾਨ ਅਤੇ ਬੇ-ਇਜ਼ਤੀ ਵੀ ਇੱਕੋ ਜਿਹੀ ਹੁੰਦੀ ਹੈ ਪਰ ਲੜਕੀ ਨੂੰ ਹੀ ਕਿਉਂ ਕਸੂਰਵਾਰ ਸਮਝਿਆ ਜਾਂਦਾ ਹੈ? ਚਾਹੀਦਾ ਤਾਂ ਇਹ ਹੈ ਕਿ ਲੜਕੀ ਨੂੰ ਘਰ ਵਿਚ ਇਸ ਤਰ੍ਹਾਂ ਦਾ ਦੋਸਤਾਨਾ ਮਾਹੌਲ ਦਿੱਤਾ ਜਾਵੇ ਕਿ ਉਹ ਆਪਣੇ ਵਡੇਰਿਆਂ ਤੋਂ ਅਗਵਾਈ ਲੈ ਸਕੇ, ਉਨ੍ਹਾਂ ਨਾਲ ਆਪਣੀ ਪਸੰਦ, ਆਪਣੀਆਂ ਮੁਸ਼ਕਲਾਂ-ਪ੍ਰਾਪਤੀਆਂ, ਆਪਣੀਆਂ ਖੁਸ਼ੀਆਂ-ਗ਼ਮੀਆਂ ਸਾਂਝੀਆਂ ਕਰ ਸਕੇ। ਲੋੜ ਪੈਣ ‘ਤੇ ਉਹ ਮਾਂ-ਬਾਪ, ਵੱਡੇ ਭੈਣ-ਭਰਾਵਾਂ ਤੋਂ ਅਗਵਾਈ ਲੈ ਸਕੇ। ਉਸ ਲਈ ਮੁੰਡਿਆਂ ਵਾਂਗ ਖੁਸ਼-ਗਵਾਰ ਅਤੇ ਸੁਖਾਵਾਂ ਮਾਹੌਲ ਪੈਦਾ ਕਰਨਾ ਪਰਿਵਾਰ ਦਾ ਫ਼ਰਜ਼ ਹੈ ਅਤੇ ਇਹ ਉਸ ਦੀ ਮੌਲਿਕ ਆਜ਼ਾਦੀ ਦਾ ਮੁੱਢ ਹੈ। ਸਿਆਣੇ ਬੱਚੇ ਭਾਵੇਂ ਉਹ ਧੀਆਂ ਹੋਣ ਜਾਂ ਪੁੱਤਰ, ਆਪਣੀ ਆਜ਼ਾਦੀ ਦਾ ਗਲਤ ਇਸਤੇਮਾਲ ਘੱਟ ਹੀ ਕਰਦੇ ਹਨ, ਜੇ ਗਲਤੀ ਹੋ ਜਾਂਦੀ ਹੈ ਤਾਂ ਉਸ ਨੂੰ ਸੁਧਾਰਨ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ ਪਰ ਫੈਸਲਾ ਕਰਨ ਦਾ ਹੱਕ ਮਿਲਣਾ ਲੜਕੀ ਦਾ ਉਸੇ ਕਿਸਮ ਦਾ ਅਧਿਕਾਰ ਹੈ ਜਿਸ ਕਿਸਮ ਦਾ ਲੜਕੇ ਦਾ।
ਅੱਜ ਹਿੰਦੁਸਤਾਨੀ ਔਰਤ ਸੰਸਾਰ ਭਰ ਦੀਆਂ ਔਰਤਾਂ ਦੀ ਤਰ੍ਹਾਂ ਹੀ ਘਰ ਤੋਂ ਬਾਹਰ ਹਰ ਖੇਤਰ ਵਿਚ ਹੀ ਪੁਰਸ਼ ਦੇ ਬਰਾਬਰ ਪ੍ਰਾਪਤੀਆਂ ਕਰ ਰਹੀ ਹੈ। ਕੰਮ ਦਾ ਕੋਈ ਵੀ ਖੇਤਰ ਜਾਂ ਕਿੱਤਾ ਅਜਿਹਾ ਨਹੀਂ ਹੈ ਜਿਥੇ ਇਸਤਰੀ ਨੇ ਪ੍ਰਵੇਸ਼ ਨਾ ਕੀਤਾ ਹੋਵੇ। ਪਰ ਕੀ ਦਫਤਰਾਂ ਵਿਚ, ਕੰਮ-ਕਾਜ ਦੀਆਂ ਥਾਂਵਾਂ ‘ਤੇ ਉਹ ਵੀ ਆਪਣੇ ਕਿੱਤੇ ਨੂੰ ਬਿਨਾਂ ਕਿਸੇ ਭੈ ਦੇ ਉਵੇਂ ਹੀ ਅੱਗੇ ਲੈ ਜਾ ਸਕਣ ਲਈ ਸੁਤੰਤਰ ਹੈ ਜਿਵੇਂ ਪੁਰਸ਼? ਬਹੁਤੀ ਵਾਰ ਆਪਣੇ ਪੁਰਸ਼ ਸਹਿ-ਕਰਮੀਆਂ ਨਾਲੋਂ ਵੱਧ ਨਿਪੁੰਨ ਹੋਣ ਦੇ ਬਾਵਜੂਦ ਵੀ ਉਹ ਤਰੱਕੀ ਪ੍ਰਾਪਤ ਕਰਨ ਲਈ ਇਸ ਵਾਸਤੇ ਪਿੱਛੇ ਰਹਿ ਜਾਂਦੀ ਕਿ ਉਹ ਇਸਤਰੀ ਹੈ। ਕੀ ਭਾਰਤੀ ਇਸਤਰੀ ਆਪਣੇ ਮੁਲਕ ਦੀਆਂ ਸੜਕਾਂ ‘ਤੇ ਆਪਣੇ ਪ੍ਰੋਫੈਸ਼ਨ ਦੀ ਖ਼ਾਤਰ ਆਜ਼ਾਦੀ ਨਾਲ ਜਾ ਸਕਦੀ ਹੈ? ਉਸ ਮੁਲਕ ਵਿਚ ਇਸਤਰੀ ਕਿੰਨੀ ਕੁ ਆਜ਼ਾਦ ਹੋ ਸਕਦੀ ਹੈ ਜਿਥੇ ਮੁੰਬਈ ਵਰਗੇ ਆਧੁਨਿਕ ਸ਼ਹਿਰ ਵਿਚ ਵੀ ਇੱਕ ਫੋਟੋ-ਜਰਨਲਿਸਟ ਲੜਕੀ ਨੂੰ ਗੁੰਡੇ ਧੂਹ ਕੇ ਲੈ ਜਾਣ ਅਤੇ ਅਤੇ ਉਸ ਨਾਲ ਜ਼ਬਰ ਜਨਾਹ ਕਰਨ? ਇੱਕ ਪੁਲਿਸ ਅਫਸਰ ਨੂੰ ਹੁਕਮਰਾਨ ਪਾਰਟੀ ਦੇ ਗੁੰਡਿਆਂ ਹੱਥੋਂ ਆਪਣੀ ਧੀ ਦੀ ਇੱਜ਼ਤ ਬਚਾਉਣ ਲਈ ਗੁਰੂ ਕੀ ਨਗਰੀ ਵਿਚ ਆਪਣੀ ਜਾਨ ਦੇਣੀ ਪੈ ਜਾਵੇ? ਰਾਜਧਾਨੀ ਦਿੱਲੀ ਵਿਚ ਫਿਜੀਓਥੈਰੇਪਿਸਟ ਡਾਕਟਰ ਕੁੜੀ ਨੂੰ ਆਪਣੀ ਇੱਜ਼ਤ ਅਤੇ ਜਾਨ ਦੋਵਾਂ ਤੋਂ ਹੱਥ ਧੋਣੇ ਪੈ ਜਾਣ? ਉਸ ਮੁਲਕ ਵਿਚ ਇਸਤਰੀ ਦੀ ਆਜ਼ਾਦੀ ਦੀ ਗੱਲ ਕਿੰਨੀ ਹਾਸੋ-ਹੀਣੀ ਲੱਗਦੀ ਹੈ ਜਿੱਥੇ ਪੰਜ-ਪੰਜ ਸਾਲ ਦੀਆਂ ਫੁੱਲਾਂ ਵਰਗੀਆਂ ਬੱਚੀਆਂ ਨੂੰ ਵੀ ਵਲੂੰਧਰ ਦਿੱਤਾ ਜਾਂਦਾ ਹੈ? ਇਹ ਸਭ ਮਨੁੱਖ ਦੀ ਇਸਤਰੀ ਪ੍ਰਤੀ ਘਟੀਆਂ ਸੋਚ ਅਤੇ ਨਜ਼ਰੀਏ ਦਾ ਨਤੀਜਾ ਹੈ। ਜਦੋਂ ਤੱਕ ਇਹ ਸੋਚ ਨਹੀਂ ਬਦਲਦੀ ਉਦੋਂ ਤੱਕ ਔਰਤ ਸੰਵਿਧਾਨਕ ਤੌਰ ‘ਤੇ ਆਜ਼ਾਦ ਹੋ ਕੇ ਵੀ ਆਜ਼ਾਦ ਨਹੀਂ ਹੈ।
ਔਰਤ ਦੀ ਆਜ਼ਾਦੀ ਸੁਰਿੰਦਰ ਨੀਰ ਦੇ ਨਾਵਲ ਦੀ ਨਾਇਕਾ ਬਲਬੀਰ ਦੇ ਆਪਣੇ ਪੈਸ਼ਨ ਦੀ ਖ਼ਾਤਰ ਘਰੋਂ ਨਿਕਲ ਜਾਣ ਵਿਚ ਜਾਂ ਬਲਬੀਰ ਤੋਂ ‘ਮਾਇਆ’ ਬਣ ਜਾਣ ਵਿਚ ਨਹੀਂ ਹੈ, ਕਿਉਂਕਿ ਘਰੋਂ ਜਾ ਕੇ ਵੀ ਉਸ ਨੂੰ ਆਪਣੇ ਪੈਸ਼ਨ ਦੀ ਕੀਮਤ ਦੇਣੀ ਪੈਂਦੀ ਹੈ। ਇਹ ਕਿਹੋ ਜਿਹੀ ਇਸਤਰੀ-ਆਜ਼ਾਦੀ ਹੈ ਜਿਸ ਦੀ ਕੀਮਤ ਉਸ ਨੂੰ ਦਿੱਲੀ ਵੜਦਿਆਂ ਹੀ ‘ਰੇਪ’ ਰਾਹੀਂ ਦੇਣੀ ਪੈਂਦੀ ਹੈ? ਦਿੱਲੀ ਤੋਂ ਚੰਡੀਗੜ੍ਹ ਆਉਂਦੀ ਹੈ ਤਾਂ ਕਿਸੇ ‘ਸਮੀਰ’ ਦਾ ਆਸਰਾ ਲੈਂਦੀ ਹੈ। ਸਮੀਰ ਤੋਂ ਬਚਣ ਲਈ ਅਤੇ ਆਪਣੇ ਪ੍ਰੋਫੈਸ਼ਨ ਨੂੰ ਅੱਗੇ ਵਧਾਉਣ ਲਈ ਮੈਨਨ ਦਾ ਆਸਰਾ ਲੈਂਦੀ ਹੈ। ਮੈਨਨ ਤੋਂ ਖਹਿੜਾ ਅਮਰੀਕਾ ਜਾ ਕੇ ਛੁੱਟਦਾ ਹੈ। ਜੇ ਗੱਲ ਪੱਛਮੀ ਦੁਨੀਆਂ ਦੀ ਕਰਨੀ ਹੈ ਤਾਂ ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਇਥੇ ਔਰਤ ਆਜ਼ਾਦ ਹੈ ਪਰ ਪੱਛਮੀ ਦੁਨੀਆਂ ਵਿਚ ਵੀ ਔਰਤ ਦੀ ਆਜ਼ਾਦੀ ਦੇ ਨਾਮ ‘ਤੇ ਉਸ ਨੂੰ ਮਹਿਜ ‘ਗਲੈਮਰ’ ਦੀ ਵਸਤੂ ਬਣਾ ਦਿੱਤਾ ਗਿਆ ਹੈ, ਜਿਸ ਨੂੰ ਸ਼ੋ-ਪੀਸ ਵਾਂਗ ਇਸ਼ਤਿਹਾਰਬਾਜੀ ਲਈ ਵਰਤਿਆ ਜਾ ਸਕਦਾ ਹੈ। ਨੀਰ ਦੇ ਨਾਵਲ ਦੀ ਚਰਚਾ ਬਹੁਤ ਹੋ ਰਹੀ ਹੈ ਪਰ ਕੀ ਏਦਾਂ ਸਮਾਜ ਦਾ ਨਜ਼ਰੀਆ ਬਦਲਿਆ ਜਾ ਸਕਦਾ ਹੈ? ਬਹੁਤ ਚੰਗਾ ਹੋਵੇਗਾ ਜੇ ਇਸ ਨਾਲ ਕੋਈ ਇਸਤਰੀ-ਇਨਕਲਾਬ ਆ ਜਾਵੇ? ਜੇ ਸਮਾਜ ਨੂੰ ਮਹਿਜ ਫਿਕਸ਼ਨ ਰਾਹੀਂ ਬਦਲਨਾ ਸੌਖਾ ਹੁੰਦਾ ਤਾਂ ਜਸਵੰਤ ਸਿੰਘ ਕੰਵਲ ਦੇ ‘ਰਾਤ ਬਾਕੀ ਹੈ’ ਨੇ ਵੀ ਕੋਈ ਇਨਕਲਾਬ ਲਿਆ ਦਿੱਤਾ ਹੁੰਦਾ।

Be the first to comment

Leave a Reply

Your email address will not be published.