ਬਲਜੀਤ ਬਾਸੀ
ਸ਼ਬਦਾਂ ਬਾਰੇ ਤਕਨੀਕੀ ਜਿਹੇ ਵੇਰਵੇ ਪੜ੍ਹ ਪੜ੍ਹ ਕੇ ਬਹੁਤੇ ਪਾਠਕ ਉਕਤਾ ਗਏ ਹੋਣਗੇ। ਮੈਨੂੰ ਫਿਕਰ ਲੱਗਾ ਰਹਿੰਦਾ ਹੈ, ਕਿਤੇ ਉਹ ਦੌੜ ਹੀ ਨਾ ਜਾਣ। ਇਸ ਲਈ ਸੋਚਿਆ ਉਨ੍ਹਾਂ ਨੂੰ ਬੰਨ੍ਹੀ ਰੱਖਣ ਲਈ ਕੁਝ ਹਲਕੀਆਂ ਫੁਲਕੀਆਂ ਗੱਲਾਂ ਨਾਲ ਬੁੱਤਾ ਸਾਰਿਆ ਜਾਵੇ। ਇਹ ਗੱਲਾਂ ਹਲਕੀਆਂ ਫੁਲਕੀਆਂ ਇਸ ਕਰਕੇ ਵੀ ਹਨ ਕਿ ਇਨ੍ਹਾਂ ਵਿਚ ਜਿੰਦਗੀ ਦੇ ਅਹਿਮ ਮੋੜਾਂ ਪਿਛੇ ਬਹੁਤ ਹੀ ਤੁਛ ਜਿਹੇ ਕਾਰਕ ਦ੍ਰਿਸ਼ਟੀਗੋਚਰ ਹੁੰਦੇ ਹਨ। ਆਦਤਨ ਸ਼ਬਦਾਂ ਤੇ ਬੋਲਾਂ ਦਾ ਪਿਛੋਕੜ ਫੋਲਣ ਦਾ ਵਿਹਾਰ ਵੀ ਛੱਡਿਆ ਨਹੀਂ ਜਾਵੇਗਾ।
ਇਕ ਕਹਾਵਤ ਹੈ, ਛੰਨਾ ਵਜਾਇਆ ਤੇ ਮੁੰਡਾ ਪਰਨਾਇਆ। ਇਕੀਵੀਂ ਸਦੀ ਦੇ ਪੰਜਾਬੀਆਂ ਦੇ ਕੰਨੀਂ ਸ਼ਾਇਦ ਇਹ ਕਹਾਵਤ ਕਦੇ ਨਾ ਹੀ ਪਈ ਹੋਵੇ। ਚਲੋ ਅੱਜ ਪਤਾ ਲਾ ਦਿੰਦੇ ਹਾਂ। ਇਸ ਕਹਾਵਤ ਦਾ ਅਰਥ ਹੈ ਕੋਈ ਵੱਡਾ ਕੰਮ ਸੌਖਿਆਂ ਹੀ ਕਰ ਲੈਣਾ। ਪਿਛਲੇ ਜ਼ਮਾਨਿਆਂ ਵਿਚ ਮਾਝੇ ਦੇ ਜ਼ਿਲ੍ਹਿਆਂ ਵਿਚ ਅੱਜ ਦੀ ਤਰ੍ਹਾਂ ਬਹੁਤ ਵੱਡੀ ਬਰਾਤ ਲੈ ਜਾਣ ਦਾ ਰਿਵਾਜ ਨਹੀਂ ਸੀ। ਰਸਮ ਏਨੀ ਕੁ ਹੀ ਸੀ ਕਿ ਧੀ ਵਾਲਾ ਆਪਣੇ ਘਰੋਂ ਇਕ ਘੋੜੀ ਲਾੜੇ ਦੀ ਸਵਾਰੀ ਵਾਸਤੇ ਭੇਜ ਦਿੰਦਾ ਸੀ। ਇਸ ਸਵਾਰੀ ਦੇ ਨਾਲ ਲਾੜੇ ਦੀ ਮਾਂ, ਇਕ ਨਾਈ, ਇਕ ਨਾਇਣ ਤੇ ਇਕ ਉਨ੍ਹਾਂ ਦਾ ਪ੍ਰੋਹਤ ਕੁੜੀ ਦੇ ਘਰ ਢੁਕਾਉ ਕਰਦੇ ਸਨ। ਨਾਈ ਇਕ ਸਾਜ਼ ਵਜਾਉਂਦਾ ਜਾਂਦਾ ਸੀ ਜੋ ਸਾਧਾਰਨ ਛੰਨਾ ਹੀ ਹੁੰਦਾ ਸੀ। ਹੋਰ ਕੋਈ ਬੈਂਡ ਵਾਜਾ ਨਹੀਂ ਸੀ ਹੁੰਦਾ। ਇਸੇ ਤੋਂ ਇਹ ਅਖਾਣ ਮਸ਼ਹੂਰ ਹੋ ਗਿਆ, ‘ਛੰਨਾ ਵਜਾਇਆ ਤੇ ਮੁੰਡਾ ਪਰਨਾਇਆ।’ ਬਰਾਤ ਦਾ ਜਥਾ ਕੁੜਮ ਦੇ ਘਰ ਪਹੁੰਚਦਾ ਸੀ ਤੇ ਸਰਕੜੇ ਦੀਆਂ ਟਾਹਣੀਆਂ ਚੁੱਕੀ ਕੁੜੀਆਂ ‘ਸਵਾਗਤ ਕਰਨ’ ਆਉਂਦੀਆਂ ਸਨ। ਉਹ ਟਾਹਣੀਆਂ ਨਾਲ ਲਾੜੇ ਦੀ ਖੂਬ ਕੁਟਾਈ ਕਰਦੀਆਂ, ਨਾਲੋ ਨਾਲ ਗਾਲਾਂ ਕਢਦੀਆਂ ਅਤੇ ਧੜਾਧੜ ਸਿੱਠਣੀਆਂ ਦਿੰਦੀਆਂ। ਵਿਆਹੁੰਦੜ ਕੁੜੀ ਨੂੰ ਉਸ ਦਾ ਮਾਮਾ, ਚਾਚਾ, ਤਾਇਆ ਜਾਂ ਭਰਾ ਕੰਬਲ ਵਿਚ ਪੋਟਲੀ ਦੀ ਤਰ੍ਹਾਂ ਵਲੇਟ ਕੇ ਘੋੜੀ ਹੇਠੋਂ ਤਿੰਨ ਵਾਰੀ ਲੰਘਾ ਦਿੰਦਾ ਸੀ। ਇਸ ਕਿਰਿਆ ਉਪਰੰਤ ਸੱਤਾਂ ਵਿਚੋਂ ਤਿੰਨ ਫੇਰੇ ਹੋ ਗਏ ਸਮਝੇ ਜਾਂਦੇ ਸਨ। ਫਿਰ ‘ਵਧਾਈ ਜੀ, ਵਧਾਈ ਜੀ’ ਦਾ ਦੌਰ ਚਲਦਾ ਸੀ। ਇਸ ਤੋਂ ਬਾਅਦ ਨੀਅਤ ਲਗਨ ਦੇ ਵੇਲੇ ਰਾਤ ਨੂੰ ਚਾਰ ਹੋਰ ਫੇਰੇ ਵੇਦੀ ਨਾਲ ਦਿੱਤੇ ਜਾਂਦੇ ਸਨ। ਇਸ ਤਰ੍ਹਾਂ ਸੱਤ ਫੇਰੇ ਪੂਰੇ ਕੀਤੇ ਜਾਂਦੇ ਸਨ। ਇਸ ਇਲਾਕੇ ਵਿਚ ਫੇਰੇ ਨੂੰ ਦਾਨ ਕਿਹਾ ਜਾਂਦਾ ਸੀ। ਵਿਆਹ ਦੀ ਇਹ ਸਿਧੀ ਸਾਦੀ ਰੀਤ ਸੁਣ ਕੇ ਕੀ ਤੁਹਾਡਾ ਇਸ ਤਰ੍ਹਾਂ ਦੁਬਾਰਾ ਵਿਆਹ ਕਰਵਾਉਣ ਨੂੰ ਜੀਅ ਨਹੀਂ ਕਰਦਾ?
—
ਅੰਗਰੇਜ਼ੀ ਵਿਚ ਵੱਡੀਆਂ ਵੱਡੀਆਂ ਉਕਤੀਆਂ ਲਈ ਸ਼ਬਦਾਂ ਦੇ ਮੁਢਲੇ ਅੱਖਰਾਂ ਨਾਲ ਹੀ ਸਾਰਨ ਦੀ ਰੀਤ ਬੜੀ ਪੁਰਾਣੀ ਹੈ। ਸੰਸਕ੍ਰਿਤ ਵਿਚ ਵੀ ਅਜਿਹੀ ਰੀਤ ਸੀ ਜਿਵੇਂ ਵਦੀ ਤੇ ਸੁਦੀ ਜੋਤਿਸ਼ ਵਿਚ ਵਰਤੇ ਜਾਂਦੇ ਸੰਖੇਪ ਸ਼ਬਦ ਹਨ। ਦੋਨਾਂ ਦਾ ਸੰਸਕ੍ਰਿਤ ਰੂਪ ਕ੍ਰਮਵਾਰ ਬਦਿ ਅਤੇ ਸ਼ੁਦਿ ਹੈ। ਬਦਿ ਸੰਖੇਪ ਹੈ ਬਹੁਲ ਦਿਵਸ ਦਾ। ਬਹੁਲ ਦਾ ਸੰਸਕ੍ਰਿਤ ਵਿਚ ਇਕ ਅਰਥ ਕਾਲਾ ਜਾਂ ਹਨੇਰਾ ਹੁੰਦਾ ਹੈ। ਸੋ ਬਦਿ ਦਾ ਅਰਥ ਹੋਇਆ ਚੰਦ ਦਾ ਹਨੇਰਾ ਪੱਖ। ਸ਼ੁਦਿ ਦਾ ਪੂਰਾ ਰੂਪ ਹੈ ਸ਼ੁਕਲ ਦਿਵਸ। ਸ਼ੁਕਲ ਦਾ ਅਰਥ ਉਜਲਾ, ਸਫੈਦ ਹੁੰਦਾ ਹੈ। ਅਰਥਾਤ ਚੰਦ ਦਾ ਉਹ ਪੱਖ ਜਦੋਂ ਉਹ ਹਰ ਰੋਜ਼ ਹੋਰ ਹੋਰ ਚਾਨਣਾ ਜਾਂ ਉਜਲਾ ਹੁੰਦਾ ਜਾਂਦਾ ਹੈ। ਪਰ ਸਾਡੀਆਂ ਭਾਸ਼ਾਵਾਂ ਵਿਚ ਇਹ ਸ਼ਬਦ-ਨਿਰਮਾਣ ਕਲਾ ਬਹੁਤੀ ਪ੍ਰਫੁਲਿਤ ਨਾ ਹੋ ਸਕੀ। ਹਰ ਭਾਸ਼ਾ ਦਾ ਆਪਣਾ ਖਾਸਾ ਹੁੰਦਾ ਹੈ। ਅੰਗਰੇਜ਼ੀ ਦੀ ਰੀਸੇ ਅਸੀਂ ਅੱਜ ਵੀ ਕਦੇ ਕਦੇ ਅਜਿਹਾ ਕਰਨ ਦੀ ਕੋਸ਼ਿਸ਼ ਕਰਦੇ ਰਹਿੰਦੇ ਹਾਂ ਪਰ ਗੱਲ ਨਹੀਂ ਬਣਦੀ। ਮਿਸਾਲ ਵਜੋਂ ਭਾਰਤੀ ਜਨਤਾ ਪਾਰਟੀ ਨੂੰ ਅੰਗਰੇਜ਼ੀ ਵਿਚ ਬੀæਜੇæਪੀæ ਅਤੇ ਪੰਜਾਬੀ ਹਿੰਦੀ ਵਾਲੇ ਭਾਜਪਾ ਕਹਿਣ ਲੱਗ ਪਏ ਹਨ। ਮਾਰਕਸਵਾਦੀ ਕਮਿਉਨਸਿਟ ਪਾਰਟੀ ਨੂੰ ਅੰਗਰੇਜ਼ੀ ਵਿਚ ਸੀæਪੀæਐਮæ ਤੇ ਪੰਜਾਬੀ ਹਿੰਦੀ ਵਿਚ ਮਾਕਪਾ। ਪਰ ਗੱਲ ਬਹੁਤੀ ਅੱਗੇ ਨਹੀਂ ਤੁਰਦੀ। ਅਸੀਂ ਬਚਪਨ ਵਿਚ ਕਈ ਅੰਗਰੇਜ਼ੀ ਦੀਆਂ ਅਜਿਹੀਆਂ ਸੰæਖੇਪ ਉਕਤੀਆਂ ਤੋਂ ਆਪਣੇ ਹੀ ਸ਼ਬਦ ਬਣਾਉਣ ਦੀ ਖੇਡ ਖੇਡਿਆ ਕਰਦੇ ਸਾਂ ਜਿਵੇਂ ਪੀæ ਡਬਲਯੂæ ਡੀæ ਨੂੰ ਪਾਪੜ ਵੜੀਆਂ ਦਾਲ, ਪਾਣੀ ਵਾਲਾ ਡੋਲ ਜਾਂ ਪਿਸ਼ਾਬ ਵਾਲਾ ਡੱਬਾ। ਬੀæਐਸ਼ਸੀæ ਨੂੰ ਬਾਟਾ ਸ਼ੂ ਕੰਪਨੀ ਦਾ ਸੰਖੇਪ ਸਮਝਿਆ ਜਾਂਦਾ ਸੀ। ਹੋਰ ਬਚਪਨ ਵਿਚ ਅੰਗਰੇਜ਼ੀ ਦੇ ਅੱਖਰਾਂ ਨਾਲ ਖੇਡਣ ਦਾ ਵੀ ਸ਼ੁਗਲ ਕਰਿਆ ਕਰਦੇ ਸਾਂ। ਜਿਵੇਂ ਏ ਬੀ ਸੀ-ਕਿਥੇ ਗਈ ਸੀ? ਡਬਲਯੂ ਮਰ ਗਿਆ ਮੁਕਾਣੇ ਗਈ ਸੀ। ਇਸ ਤਰ੍ਹਾਂ ਦੇ ਸ਼ੁਗਲ ਤੁਸੀਂ ਵੀ ਕਰਦੇ ਰਹੇ ਹੋਵੋਗੇ।
ਇਸ ਸਾਲ ਅਪਰੈਲ-ਮਈ ਮਹੀਨੇ ਮੈਂ ਭਾਰਤ ਗਿਆ ਤਾਂ ਇਕ ਦਿਨ ਦਿੱਲੀ ਰਹਿੰਦੇ ਆਪਣੇ ਸਾਂਢੂ ਸਾਹਿਬ ਨਾਲ ਦਿੱਲੀ ਗੇੜਾ ਮਾਰਨ ਦਾ ਪ੍ਰੋਗਰਾਮ ਬਣਾਇਆ। ਸਾਂਢੂ ਬੜਾ ਕੁਢਬਾ ਜਿਹਾ ਰਿਸ਼ਤੇਦਾਰ ਅਤੇ ਸ਼ਬਦ ਹੈ ਪਰ ਇਸ ਦਾ ਭੇਦ ਵੀ ਕਿਸੇ ਦਿਨ ਖੋਲ੍ਹਾਂਗਾ। ਦਿੱਲੀ ਦੀਆਂ ਸੜਕਾਂ ‘ਤੇ ਘੁੰਮਦਿਆਂ ਮੈਨੂੰ ਇਕ ਦੁਕਾਨ ਦੇ ਮੱਥੇ ‘ਤੇ ਭਠੱ ਲਿਖਿਆ ਦਿਸਿਆ। ਥੋੜੀ ਹੈਰਾਨੀ ਹੋਈ, ਇਹ ਭਠੱ ਕੀ ਬਲਾ ਹੋਈ? ਆਪਣੇ ਕੁਢਬੇ ਰਿਸ਼ਤੇਦਾਰ ਨਾਲ ਹੈਰਾਨੀ ਸਾਂਝੀ ਕੀਤੀ ਤਾਂ ਉਨ੍ਹਾਂ ਕਿਹਾ ਚਲੋ ਹੁਣੇ ਇਸ ਦੇ ਜਲਵੇ ਦਿਖਾ ਦਿੰਦੇ ਹਾਂ। ਮੈਂ ਇਸ ਭਠੱ ਦੇ ਸਜੀਵ ਜਲਵੇ ਵੀ ਦੇਖੇ ਤੇ ਨਾਲ ਨਾਲ ਇਸ ਦੀ ਕਹਾਣੀ ਵੀ ਸੁਣੀ ਜੋ ਮੈਂ ਆਪਣੇ ਵਲੋਂ ਕੁਝ ਸਾਹਿਤਕ ਢੰਗ ਨਾਲ ਤੁਹਾਡੇ ਲਈ ਲਿਖੀ ਹੈ,
“ਜਾਹ ਉਹ ਸੱਤੇ ਕਪੜਾ ਮਾਰ ਬਾਬੂ ਦੇ ਮੇਜ਼ ‘ਤੇ। ਜਾਹ ਨਾਲੇ ਚਾਹ ਦੇ ਗਲਾਸ ਫੜਾ ਸਰਦਾਰ ਸਾਹਿਬ ਨੂੰ।” ਢਾਬੇ ਦੇ ਇਰਦ-ਗਿਰਦ ਭੰਬੀਰੀ ਵਾਂਗ ਘੁੰਮਦੇ ਸੱਤੇ ਦੀ ਜੀਵਨ ਦੀ ਕੀ ਸੱਤਾ ਸੀ? ਢਾਬੇ ਵਿਚ ਨੌਕਰ ਵਜੋਂ ਉਹ ਵਧ ਤੋਂ ਵਧ ਰੋਟੀਆਂ ਲਾਹੁਣ, ਚਾਹ ਬਣਾਉਣ ਜਾਂ ਮਾਂਹ ਦੀ ਦਾਲ ਤੜਕਣ ਵਾਲਾ ਕੁਝ ਉਚੇਰੇ ਦਰਜੇ ਵਾਲਾ ਕੰਮ ਕਰਨ ਦੀ ਉਮੀਦ ਰੱਖ ਸਕਦਾ ਸੀ। ਦਿੱਲੀ ਦੇ ਰਾਣੀ ਬਾਗ ਵਿਚ ਢੇਰ ਸਮੇਂ ਤੋਂ ਨਿਚਲੇ ਦਰਜੇ ਦੇ ਕੰਮ ਕਰ ਰਹੇ ਸੱਤੇ ਦੇ ਮਨ ਵਿਚ ਕੁਝ ਆਪਣਾ ਕਰ ਸਕਣ ਦੀ ਖਾਹਿਸ਼ ਪੈਦਾ ਹੋਈ ਤਾਂ ਉਸ ਨੇ ਇਕ ਦਿਨ ਮਾਲਿਕ ਤੋਂ ਪੱਕੀ ਛੁੱਟੀ ਮੰਗ ਲਈ। ਉਹ ਇਧਰ ਉਧਰ ਭਟਕਿਆ ਤਾਂ ਰਾਣੀ ਬਾਗ ਦੇ ਹੀ ਇਕ ਰੇੜ੍ਹੀ ਵਾਲੇ ਨੇ ਉਸ ਨੂੰ ਦੱਸਿਆ ਕਿ ਔਹ ਇਕ ਬੇਕਾਰ ਜਿਹੀ ਰੇੜੀ ਪਈ ਹੈ, ਇਸ ਨੂੰ ਚੁੱਕ ਲੈ ਤੇ ਰੇੜੀ ਲਾਉਣ ਦਾ ਧੰਦਾ ਕਰ ਲੈ। ਰੇੜੀ ਦੇ ਇਕ ਪਾਸੇ ਲਿਖਿਆ ਹੋਇਆ ਸੀ “ਬਿੱਟੂ।” ਸੱਤੇ ਨੇ ਰੇੜੀ ਨੂੰ ਝਾੜ ਪੂੰਝ ਤੇ ਧੋ ਧਾ ਕੇ ਲਿਸ਼ਕਾ ਦਿੱਤਾ ਪਰ ‘ਬਿੱਟੂ’ ਨਾਮ ਨਾ ਮਿਟਾ ਸਕਿਆ। ਸੱਤੇ ਨੇ ਉਸ ਰੇੜੀ ਤੇ ਟਿੱਕੀਆਂ ਬਣਾ ਕੇ ਵੇਚਣ ਦਾ ਧੰਦਾ ਸ਼ੁਰੂ ਕਰ ਦਿੱਤਾ। ਉਸ ਦੀਆਂ ਟਿੱਕੀਆਂ ਲੋਕਾਂ ਨੇ ਬਹੁਤ ਪਸੰਦ ਕੀਤੀਆਂ। ਉਹ ‘ਬਿੱਟੂ ਟਿੱਕੀ ਵਾਲਾ’ ਵਜੋਂ ਮਸ਼ਹੂਰ ਹੋ ਗਿਆ ਹਾਲਾਂ ਕਿ ਉਸ ਦਾ ਅਸਲੀ ਨਾਂ ਸਤੀ ਰਾਮ ਯਾਦਵ ਸੀ। ਦੂਰ ਦੂਰ ਤੋਂ ਲੋਕ ਉਸ ਦੀਆਂ ਟਿੱਕੀਆਂ ਖਾਣ ਲਈ ਆਉਣ ਲੱਗੇ। ਹੌਲੀ ਹੌਲੀ ਉਸ ਨੇ ਟਿੱਕੀਆਂ ਤੋਂ ਬਿਨਾ ਹੋਰ ਭੱਲੇ, ਪਾਪੜੀ ਜਿਹੀਆਂ ਚਟਪਟੀਆਂ ਤੇ ਮਿੱਠੀਆਂ ਚੀਜ਼ਾਂ ਵੀ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ। ਉਸ ਦਾ ਕੰਮ ਵਧਦਾ ਗਿਆ। ਨੌਕਰ ਚਾਕਰ ਹੋ ਗਏ। ਦਿੱਲੀ ਦੇ ਕਈ ਦੂਰ-ਦੁਰੇਡੇ ਥਾਂਵਾਂ ‘ਤੇ ਉਸ ਦੇ ਪੰਜ ਤੋਂ ਵਧ ਅਊਟਲੈਟ ਖੁਲ੍ਹ ਗਏ। ਹਾਲਤ ਏਥੇ ਤੱਕ ਪਹੁੰਚ ਗਈ ਕਿ ਹਰ ਬਰਾਤ ਦੀ ਸੇਵਾ ਲਈ ਬਿੱਟੂ ਟਿੱਕੀ ਵਾਲੇ ਦੀਆਂ ਟਿੱਕੀਆਂ ਦਾ ਹੋਣਾ ਲਾਜ਼ਮੀ ਹੋ ਗਿਆ। ਸ਼ਹਿਰ ਦੇ ਧਨਾਢ, ਐਮæਪੀæ, ਮੰਤਰੀ-ਸੰਤਰੀ ਤੇ ਸੰਤਰੀ-ਸੁੰਤਰੀ ਆਪਣੇ ਜਸ਼ਨਾਂ ਵਿਚ ਉਸ ਦੀਆਂ ਟਿੱਕੀਆਂ ਦੀ ਮੰਗ ਕਰਨ ਲੱਗੇ। ਕੰਮ ਦੇ ਬੋਝ ਕਾਰਨ ਉਹ ਕਿਸੇ ਮੰਤਰੀ ਦੀ ਮੰਗ ਨੂੰ ਆਰਾਮ ਨਾਲ ਹੀ ਠੁਕਰਾ ਵੀ ਦਿੰਦਾ ਹੈ। ਕਿਸੇ ਸੁੰਨਸਾਨ ਬਿਲਡਿੰਗ ਦੀਆਂ ਦੁਕਾਨਾਂ ਨਹੀਂ ਚਲਦੀਆਂ, ਉਹ ਬਿੱਟੂ ਟਿੱਕੀ ਵਾਲੇ ਨੂੰ ਸੱਦ ਕੇ ਬਿਲਡਿੰਗ ਦਾ ਬਰਾਂਡਾ ਮੁਫਤ ਕਿਰਾਏ ‘ਤੇ ਦੇ ਦਿੰਦੇ ਹਨ। ਸਤੀ ਰਾਮ ਯਾਦਵ ਦਾ ਧੰਦਾ ਹੋਰ ਵਿਸ਼ਾਲ ਹੋ ਜਾਂਦਾ ਹੈ ਤੇ ਬਿਲਡਿੰਗ ਦੀਆਂ ਦੁਕਾਨਾਂ ਵਿਚ ਰੌਣਕ ਹੋਣ ਲਗਦੀ ਹੈ। ਹੈ ਨਾ ‘ਆਪ ਤਰੇ ਜੱਗ ਤਾਰੇ’ ਵਾਲੀ ਗੱਲ।
ਬਿੱਟੂ ਟਿੱਕੀ ਵਾਲਾ ਖਾਣ-ਪੀਣ ਵਾਲੀਆਂ ਚੀਜ਼ਾਂ ਵਿਚ ਜ਼ੈਤੂਨ ਦਾ ਤੇਲ ਇਸਤੇਮਾਲ ਕਰਦਾ ਹੈ, ਅਤਿ ਦੀ ਸਫਾਈ ਰਖਦਾ ਹੈ ਤੇ ਵਧੀਆ ਡੱਬੇ ਵਰਤਦਾ ਹੈ। ਮਸਾਲਿਆਂ ਬਾਰੇ ਉਸ ਦੇ ਹੋਰ ਗੁਝੇ ਨੁਸਖੇ ਵੀ ਹੋਣਗੇ। ਹੁਣ ਉਸ ਦੀਆਂ ਦੁਕਾਨਾਂ ਦੀ ਲੜੀ ‘ਬਿੱਟੂ ਟਿੱਕੀ ਵਾਲਾ’ ਦੀ ਥਾਂ ‘ਤੇ ਇਸ ਦੇ ਅੰਗਰੇਜ਼ੀਕ੍ਰਿਤ ਬਦਲ ਭਠੱ ਵਜੋਂ ਮਸ਼ਹੂਰ ਹਨ। ਅੰਗਰੇਜ਼ੀ ਨਾਲ ਸਟੇਟਸ ਵੀ ਬਣਦਾ ਹੈ। ਉਸ ਦੀ ਰੀਸੋ-ਰੀਸੀ ਹੋਰ ਟਿੱਕੀ ਵਾਲਿਆਂ ਨੇ ਵੀ ਨਾਂ ਦੀ ਨਕਲ ਕਰਨੀ ਸ਼ੁਰੂ ਕਰ ਦਿੱਤੀ ਜਿਵੇਂ ਬਿੱਲੂ ਟਿੱਕੀ ਵਾਲਾ ਆਦਿ। ਪਰ ਇਨ੍ਹਾਂ ਵਿਚ ਉਹ ਗੱਲ ਕਿੱਥੇ? ਕਹਿੰਦੇ ਹਨ ਪਿਸ਼ੌਰ ਪਿਸ਼ੌਰ ਹੀ ਹੈ ਭਾਵੇਂ ਚੰਡੀਗੜ੍ਹ ਉਸ ਤੋਂ ਵੀ ਅੱਗੇ ਹੋ ਜਾਵੇ।
Leave a Reply