ਇੰਟਰਨੈਟ ਨੇ ਸਾਰੀ ਦੁਨੀਆਂ ਨੂੰ ਛੋਟੇ ਜਿਹੇ ਸ਼ਹਿਰ ਵਿਚ ਬਦਲ ਦਿੱਤਾ ਹੈ। ਕੋਈ ਖਬਰ ਦੁਨੀਆਂ ਦੇ ਇਕ ਤੋਂ ਦੂਜੇ ਖੂੰਜੇ ਤੱਕ ਪੁੱਜਣ ਲਈ ਹੁਣ ਹਫ਼ਤੇ ਜਾਂ ਮਹੀਨੇ ਨਹੀਂ ਲੱਗਦੇ, ਸਿਰਫ ਸੈਕੰਡ ਲਗਦੇ ਹਨ। ਇਸ ਨਾਲ ਜ਼ਿੰਦਗੀ ਦੀ ਰਫ਼ਤਾਰ ਹੋਰ ਵੀ ਤੇਜ਼ ਹੋ ਗਈ ਹੈ। ਫੇਸਬੁਕ ਹੀ ਲੈ ਲਉ। ਦੋਸਤਾਂ-ਮਿੱਤਰਾਂ ਨੂੰ ਸੁਨੇਹਾ ਦੇਣ ਹੁੰਦਾ ਹੈ ਤਾਂ ਫੋਨ ਕਰਨ ਦੀ ਵੀ ਲੋੜ ਨਹੀਂ। ਕੋਈ ਵੀ ਗੱਲ ਸਾਂਝੀ ਕਰਨੀ ਹੋਵੇ ਤਾਂ ਬੜਾ ਸੌਖਾ ਕੰਮ ਹੈ ਪਰ ਦੂਜੇ ਪਾਸੇ ਇਸ ਦਾ ਗਲਤ ਕੰਮਾਂ ਲਈ ਵੀ ਇਸਤੇਮਾਲ ਹੋ ਰਿਹਾ ਹੈ। ਸਾਡੇ ਵਿਚ ਸਹਿਣ ਸ਼ਕਤੀ ਦੀ ਪਹਿਲਾਂ ਹੀ ਘਾਟ ਸੀ, ਫੇਸਬੁਕ ਨੇ ਬਿਲਕੁਲ ਹੀ ਖ਼ਤਮ ਕਰ ਦਿੱਤੀ ਹੈ। ਕਿਸੇ ਨੇ ਕੋਈ ਖ਼ਬਰ ਲਾਈ ਨਹੀਂ, ਬਸ ਕਲਿਕ ਸ਼ੁਰੂ ਹੋਏ ਨਹੀਂ! ਸਾਰੇ ਇਕ ਪਾਸੇ ਹੀ ਹੋ ਜਾਂਦੇ ਹਨ। ਕਿਸੇ ਵੀ ਘਟਨਾ ਬਾਰੇ ਇੰਨੀ ਛੇਤੀ ਫੈਸਲਾ? ਉਫ!ææ ਅਸੀਂ ਆਪ ਹੀ ਜੱਜ ਬਣ ਜਾਂਦੇ ਹਾਂ। ਜੇ ਕਿਸੇ ਨੇ ਵੀਡੀਓ ਲਾ ਦਿੱਤੀ ਕਿ ਪੁਲਿਸ ਕਿਸੇ ਨੂੰ ਸੜਕ ‘ਤੇ ਕੁੱਟ ਰਹੀ ਹੈ ਤਾਂ ਸਾਰੇ ਬਿਆਨ ਦੇਣ ਲਈ ਉਤਾਵਲੇ ਹੋ ਜਾਂਦੇ ਹਨ ਕਿ ਦੇਖੋ! ਪੰਜਾਬ ਪੁਲਿਸ ਦਾ ਇੰਨਾ ਮਾੜਾ ਹਾਲ ਹੈ। ਕਿਵੇਂ ਕੁੱਟ ਰਹੇ ਹਨ? ਕੇਸ ਕਿਉਂ ਨਹੀਂ ਪਾਇਆ? ਪਤਾ ਨਹੀਂ ਹੋਰ ਵੀ ਕਿੰਨਾ ਕੁਝ। ਦੂਜੇ ਪਾਸੇ ਜੇ ਪੁਲਿਸ ਨੇ ਕਿਸੇ ਨੂੰ ਫੜਿਆ ਹੋਵੇ ਕਿਉਂਕਿ ਉਸ ਨੇ ਕਿਸੇ ਕੁੜੀ ਨੂੰ ਛੇੜਿਆ ਸੀ, ਤਾਂ ਕੁਮੈਂਟ ਆਉਣਗੇ- ਲਾਓ ਸਾਲੇ ਦੇ ਛਿੱਤਰæææ ਸਾਲੇ ਨੂੰ ਘੱਟ ਕੁੱਟਿਆæææ ਹੋਰ ਲਾਉਣੀਆ ਚਾਹੀਦੀਆਂ ਸੀ। ਉਦੋਂ ਕੋਈ ਨਹੀਂ ਕਹੇਗਾ ਕਿ ਇਸ ਨੂੰ ਨਹੀਂ ਕੁੱਟਣਾ ਚਾਹੀਦਾ, ਇਸ ਉਤੇ ਕੇਸ ਪਾਓ ਤੇ ਜੱਜ ਆਪੇ ਸਜ਼ਾ ਕਰੇਗਾ। ਇਸ ਤਰ੍ਹਾਂ ਅਸੀਂ ਇਕ ਪਾਸੇ ਤਾਂ ਕਾਨੂੰਨ ਦੇ ਰਖਵਾਲੇ ਬਣ ਜਾਂਦੇ ਹਾਂ, ਦੂਜੇ ਪਾਸੇ ਆਪ ਹੀ ਕਾਨੂੰਨ ਦੀਆਂ ਧੱਜੀਆਂ ਉਡਾਉਣ ਤੋਂ ਗੁਰੇਜ਼ ਨਹੀਂ ਕਰਦੇ।
ਫੇਸਬੁਕ ਦਾ ਦੂਜਾ ਪਾਸਾ ਕਈ ਸਿੱਖ ਵੀਰਾਂ ਨੇ ਸਾਂਭਿਆ ਹੋਇਆ ਹੈ। ਗੁਰੂਆਂ ਦੀਆਂ ਫੋਟੋਆਂ ਪਾ ਕੇ ਕਹਿਣਗੇ- ਇਸ ਨੂੰ ਕਲਿਕ ਕਰੋ ਜੀ, ਜੇ ਤੁਸੀਂ ਆਪਣੇ ਗੁਰੂ ਨੂੰ ਪਿਆਰ ਕਰਦੇ ਹੋ! ਬਈ ਦੱਸੋ, ਮੈਂ ਆਪਣੇ ਗੁਰੂ ਨੂੰ ਪਿਆਰ ਕਰਦਾ ਹਾਂ, ਮੈਨੂੰ ਇਨ੍ਹਾਂ ਤੋਂ ਕੋਈ ਪ੍ਰਮਾਣ ਪੱਤਰ ਲੈਣਾ ਪੈਣਾ? ਕਈਆਂ ਨੇ ਤਾਂ ਸਿੱਖੀ ਦਾ ਜਿਵੇਂ ਠੇਕਾ ਹੀ ਲਿਆ ਹੋਇਆ ਹੈ। ਕਈ ਸਿਰਫ਼ ਇਹੀ ਲਿਖਣਗੇ- ਬੋਲੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਨੂੰ ਨਹੀਂ ਪਤਾ, ਆਪਾਂ ਕਹਿਣਾ ਕੀ ਚਾਹੁੰਦੇ ਹਾਂ? ਬੰਦਾ ਤੁਹਾਡੇ ਸਾਹਮਣੇ ਹੈ ਨਹੀਂ, ਉਸ ਨੂੰ ਉਦਾਂ ਹੀ ਫਤਿਹ ਲਿਖ ਦੇਵਾਂ? ਹਰ ਗੱਲ ਬਾਅਦ ਅਸੀਂ ਧਰਮ ਪਹਿਲਾਂ ਖੜ੍ਹਾ ਕਰ ਦਿੰਦੇ ਹਾਂ। ਇਸ ਲਈ ਜਾਪਦਾ ਹੈ ਕਿ ਆਪਣੇ ਮਸਲੇ ਕਦੇ ਹੱਲ ਨਹੀਂ ਹੋਣਗੇ। ਕੋਈ ਸਾਧਾਂ ਪਿੱਛੇ ਪਿਆ ਹੋਇਆ ਹੈ। ਅਸਲ ਤੱਥਾਂ ਦਾ ਕਿਸੇ ਨੂੰ ਪਤਾ ਨਹੀਂ ਹੁੰਦਾ। ਜੇ ਕਿਸੇ ਸਾਧ ਦਾ ਕੇਸ, ਕੋਰਟ ਵਿਚ ਚਲਿਆ ਜਾਂਦਾ ਹੈ ਤਾਂ ਲੋਕ ਆਪਸ ਵਿਚ ਮਰਨ ਮਾਰਨ ਨੂੰ ਤਿਆਰ ਹੋ ਜਾਂਦੇ ਹਨ। ਭਲਾ ਜੇ ਤੁਸੀਂ ਦੂਜੇ ਨੂੰ ਮਾਰਨ ਜਾਂਦੇ ਹੋ ਤਾਂ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਸਾਧ ਨੇ ਤੁਹਾਨੂੰ ਕੀ ਸਿੱਖਿਆ ਦਿੱਤੀ? ਕੋਰਟ ਦੇ ਫੈਸਲੇ ਬਾਰੇ ਕਿਉਂ ਉਡੀਕ ਨਹੀਂ ਕਰਦੇ?
ਕਈ ਫੇਸਬੁਕ ਉਤੇ ਗੁਰਬਾਣੀ ਦੀਆਂ ਤੁਕਾਂ ਹੀ ਲਾਈ ਜਾਣਗੇ, ਆਪ ਭਾਵੇਂ ਬਾਣੀ ਬਾਰੇ ਪਤਾ ਨਾ ਹੋਵੇ, ਪਰ ਹੋਛੇਪਣ ਵਿਚ ਫੇਸਬੁਕ ‘ਤੇ ਜ਼ਰੂਰ ਲਾ ਦੇਣੀ ਹੈ। ਕਈ ਵੀਰ ਗੁਰਬਾਣੀ ਦੀ ਵਿਆਖਿਆ ਕਰਦੇ ਨੇ, ਚੰਗੀ ਗੱਲ ਹੈ; ਸਾਡੇ ਵਰਗਿਆਂ ਨੂੰ ਵੀ ਪਤਾ ਲੱਗ ਜਾਂਦਾ ਹੈ ਬਾਣੀ ਬਾਰੇ। ਅਸਲ ਵਿਚ ਦੂਜਿਆਂ ਨੂੰ ਸਿੱਖਿਆ ਦੇਣੀ ਬੜੀ ਚੰਗੀ ਲੱਗਦੀ ਹੈ, ਅਸੀਂ ਆਪ ਭਾਵੇਂ ਉਸ ‘ਤੇ ਅਮਲ ਕਰੀਏ ਜਾਂ ਨਾ। ਜਿਵੇਂ ਬਿਮਾਰ ਦਾ ਹਾਲ ਪੁੱਛਣ ਗਿਆ ਹਰ ਕੋਈ ਬੰਦਾ ਹੀ ਡਾਕਟਰ ਬਣ ਬਹਿੰਦਾ ਹੈ, ਕਈ ਤਾਂ ਡਾਕਟਰ ਨੂੰ ਵੀ ਗਲਤ ਸਾਬਤ ਕਰਨ ਲਈ ਪੂਰਾ ਟਿਲ ਲਾ ਦਿੰਦੇ ਹਨ। ਇਸੇ ਤਰ੍ਹਾਂ ਫੇਸਬੁਕ ‘ਤੇ ਸਿੱਖਿਆ ਵਾਲੇ ਪੋਸਟਰ ਬਹੁਤ ਲੱਗਦੇ ਨੇ। ਸਿੱਖਿਆ ਦੇਣ ਨਾਲੋਂ ਆਪ ਪਹਿਲਾਂ ਸਿੱਖਿਅਤ ਹੋਣਾ ਜ਼ਰੂਰੀ ਹੈ। ਫੇਰ ਜ਼ਰੂਰ ਲੋਕ ਤੁਹਾਨੂੰ ਦੇਖ ਕੇ ਜਾਂ ਮਿਲ ਕੇ ਤੁਹਾਡੀ ਸ਼ਖ਼ਸੀਅਤ ਤੋਂ ਆਪੇ ਸਿੱਖ ਲੈਣਗੇ। ਫਿਰ ਕਿਸੇ ਨੂੰ ਇਉਂ ਦੱਸਣ ਦੀ ਲੋੜ ਵੀ ਨਹੀਂ ਰਹਿੰਦੀ।
ਅਸੀਂ ਆਪਣੀਆਂ ਖੁਸ਼ੀਆਂ ਸਾਂਝੀਆਂ ਕਰਨ ਲਈ ਫੇਸਬੁਕ ‘ਤੇ ਫੋਟੋਆਂ ਲਾਉਂਦੇ ਹਾਂ। ਦੋਸਤਾਂ ਨਾਲ ਖ਼ੁਸ਼ੀਆਂ ਸਾਂਝੀਆਂ ਕਰਨ ਨਾਲ ਹੋਰ ਖੁਸ਼ੀ ਮਿਲਦੀ ਹੈ, ਪਰ ਇਕ ਬੇਨਤੀ ਜ਼ਰੂਰ ਕਰਾਂਗਾ ਕਿ ਜਦੋਂ ਤੁਸੀਂ ਘੁੰਮਣ-ਫਿਰਨ ਜਾਂਦੇ ਹੋ ਤਾਂ ਉਸੇ ਸਮੇਂ ਫੇਸਬੁਕ ‘ਤੇ ਫੋਟੋਆਂ ਨਾ ਲਾਇਆ ਕਰੋ, ਕਿਉਂਕਿ ਸਭ ਨੂੰ ਪਤਾ ਲੱਗ ਜਾਂਦਾ ਹੈ ਕਿ ਤੁਸੀਂ ਘਰ ਤੋਂ ਬਾਹਰ ਹੋ ਅਤੇ ਤੁਹਾਡੇ ਘਰ ਚੋਰੀ ਦਾ ਡਰ ਜ਼ਰੂਰ ਬਣ ਜਾਂਦਾ ਹੈ। ਇੱਦਾਂ ਦੀਆਂ ਵਾਰਦਾਤਾਂ ਖ਼ਬਰਾਂ ਵਿਚ ਵੀ ਆਉਂਦੀਆਂ ਰਹਿੰਦੀਆਂ ਨੇ।
-ਬਲਜੀਤ ਸਿੱਧੂ, ਸ਼ਿਕਾਗੋ
Leave a Reply