ਕਹਾਣੀਕਾਰਾ ਰਾਜਿੰਦਰ ਕੌਰ ਦਿੱਲੀ ਵਰਗੇ ਮਹਾਂਨਗਰ ਦੀ ਵਸਨੀਕ ਰਹੀ ਹੈ ਅਤੇ ਉਸ ਨੇ ਸ਼ਹਿਰੀ ਜੀਵਨ ਨਾਲ ਸਬੰਧਤ ਕਹਾਣੀਆਂ ਦੀ ਰਚਨਾ ਕੀਤੀ। ਔਰਤ ਦੀ ਹੋਣੀ ਅਤੇ ਹਸਤੀ ਬਾਰੇ ਗੱਲਾਂ ਤਾਂ ਉਸ ਦੀ ਤਕਰੀਬਨ ਹਰ ਕਹਾਣੀ ਦਾ ਹਿੱਸਾ ਬਣੀਆਂ। ‘ਕਿੱਲੇ ਨਾਲ ਬੱਧੀ ਗਾਂ’ ਵਿਚ ਵੀ ਉਸ ਨੇ ਔਰਤ ਦਾ ਦਰਦ ਬਿਆਨ ਕੀਤਾ ਹੈ। ਇਸ ਕਹਾਣੀ ਦੀ ਮੁੱਖ ਪਾਤਰ ਆਪਣੀਆਂ ਸਭ ਰੀਝਾਂ ਕੁਰਬਾਨ ਕਰ ਰਹੀ ਹੈ ਅਤੇ ਉਸ ਦੇ ਭਰਾਵਾਂ ਨੂੰ ਲਗਦਾ ਹੈ ਕਿ ਇਹ ਕੁਰਬਾਨੀ ਬੱਸ ਉਸੇ ਨੇ ਹੀ ਦੇਣੀ ਹੈ। ਇਸ ਘੁੱਟਵੇਂ ਮਾਹੌਲ ਵਿਚ ਉਹ ਵਾਰ-ਵਾਰ ਉਡਾਣ ਭਰਨ ਬਾਰੇ ਸੋਚਦੀ ਹੈ, ਪਰ ਮਾਂ ਦਾ ਖਿਆਲ ਹਰ ਵਾਰ ਉਸ ਦੀ ਇਸ ਉਡਾਣ ਦੇ ਖੰਭ ਕੁਤਰ ਦਿੰਦਾ ਹੈ। ਰਾਜਿੰਦਰ ਕੌਰ ਨੇ ਇਸ ਕਹਾਣੀ ਵਿਚ ਔਰਤ ਦੀ ਖਾਮੋਸ਼ੀ ਨੂੰ ਆਪਣੇ ਹੀ ਢੰਗ ਨਾਲ ਜ਼ੁਬਾਨ ਦਿੱਤੀ ਹੈ। -ਸੰਪਾਦਕ
ਰਾਜਿੰਦਰ ਕੌਰ
ਪੰਮੀ ਕਾਲਜ ਤੋਂ ਆਈ ਤਾਂ ਸੁਜੀਤ ਘਰ ਹੀ ਸੀ ਤੇ ਮਾਂ ਦੇ ਪਲੰਘ ‘ਤੇ ਹੀ ਬੈਠਾ ਸੀ। ਮਾਂ ਥੱਕੀ ਹੋਈ ਆਵਾਜ਼ ਵਿਚ ਹੌਲੀ-ਹੌਲੀ ਸੁਜੀਤ ਨਾਲ ਗੱਲਾਂ ਕਰ ਰਹੀ ਸੀ। ਬੱਬੁ ਪੰਘੂੜੇ ਵਿਚ ਸੁੱਤਾ ਪਿਆ ਸੀ। ਸੁਜੀਤ ਨੇ ਪੰਮੀ ਨੂੰ ਆਪਣੇ ਸਾਹਮਣੇ ਬੈਠਣ ਲਈ ਕਿਹਾ। ਸੁਜੀਤ ਦਾ ਚਿਹਰਾ ਬੜਾ ਉਦਾਸ ਲੱਗ ਰਿਹਾ ਸੀ। ਸ਼ਾਇਦ ਉਹ ਮਾਂ ਦੀਆਂ ਗੱਲਾਂ ਸੁਣ ਕੇ ਭਾਵੁਕ ਹੋ ਗਿਆ। ਸੁਜੀਤ ਦੀ ਭਾਵੁਕਤਾ ਹੁਣ ਪੰਮੀ ਨੂੰ ਟੁੰਬਦੀ ਨਹੀਂ।
ਤਿੰਨ ਹਫ਼ਤੇ ਪਹਿਲਾਂ ਹੀ ਸੁਜੀਤ ਅਮਰੀਕਾ ਤੋਂ ਆਇਆ ਸੀ, ਪੰਜ ਸਾਲ ਬਾਅਦ ਪਾਲਮ ਏਅਰਪੋਰਟ ‘ਤੇ ਹੀ ਉਹ ਪੰਮੀ ਅਤੇ ਪਾਲ ਨੂੰ ਗਲੇ ਲਗਾ ਕੇ ਫਿਸ ਪਿਆ ਸੀ। ਪਾਲ ਦੇ ਵੀ ਅੱਥਰੂ ਵਹਿ ਨਿਕਲੇ ਸਨ। ਪੰਮੀ ਹੈਰਾਨ ਸੀ। ਉਨ੍ਹਾਂ ਦੋਵਾਂ ਦੇ ਅੱਥਰੂਆਂ ਨੂੰ ਵੇਖ ਕੇ ਉਹਦਾ ਦਿਲ ਜ਼ਰਾ ਨਹੀਂ ਸੀ ਪਿਘਲਿਆ। ਪਾਲ ਵਰਗੇ ਲੜਕੇ ਦੀਆਂ ਅੱਖਾਂ ਵਿਚ ਵੀ ਲੋੜ ਵੇਲੇ ਪਤਾ ਨਹੀਂ ਕਿੱਥੋਂ ਅੱਥਰੂ ਆ ਟਪਕਦੇ ਹਨ।
ਇਹੀ ਪਾਲ ਹਰ ਵੇਲੇ ਸੁਜੀਤ ਦੇ ਖ਼ਿਲਾਫ ਬੋਲਦਾ ਰਹਿੰਦਾ ਹੈ, ‘ਹੂੰæææ! ਸੁਜੀਤ ਤਾਂ ਸਭ ਜ਼ਿੰਮੇਵਾਰੀਆਂ ਛੱਡ ਕੇ ਅਮਰੀਕਾ ਜਾ ਬੈਠਾ ਹੈ। ਉਹਨੂੰ ਤਾਂ ਆਪਣੀ ਬਿਮਾਰ ਮਾਂ ਅਤੇ ਜੁਆਨ ਭੈਣ ਦਾ ਕੋਈ ਫਿਕਰ ਨਹੀਂ।’
ਭਾਬੀ ਵੀ ਸਕੂਲ ਤੋਂ ਆ ਗਈ ਸੀ। ਨੰਦੂ ਨੇ ਖਾਣਾ ਮੇਜ਼ ‘ਤੇ ਲਗਾ ਕੇ ਆਵਾਜ਼ ਦਿੱਤੀ। ਖਾਣਾ ਖਾਂਦਿਆਂ ਬੋਝਲ ਜਿਹੀ ਚੁੱਪ ਛਾਈ ਰਹੀ। ਤਦੇ ਹੀ ਬੱਬੂ ਦੇ ਰੋਣ ਦੀ ਆਵਾਜ਼ ਨਾਲ ਸਭ ਨੂੰ ਰਾਹਤ ਮਿਲੀ। ਤਿੰਨਾਂ ਦੇ ਖਾਣਾ ਖਾਂਦੇ ਹੋਏ ਹੱਥ ਅਚਾਨਕ ਥੰਮ੍ਹ ਗਏ। ਸਭ ਦੀ ਨਿਗ੍ਹਾ ਬੱਬੂ ਕੋਲ ਪਹੁੰਚ ਚੁੱਕੀ ਸੀ।
“ਬੱਬੂ ਨਾਲ ਪੰਮੀ ਦਾ ਬੜਾ ਮੋਹ ਹੈ।” ਸੁਜੀਤ ਨੇ ਹੀ ਗੱਲ ਚਲਾਈ।
“ਹਾਂ, ਰਾਤ ਨੂੰ ਵੀ ਉਠ-ਉਠ ਕੇ ਘੁੰਮਾਂਦੀ ਰਹਿੰਦੀ ਹੈ। ਗਵਾਂਢੀਆਂ ਦੇ ਬੱਚਿਆਂ ਦੀਆਂ ਗੱਲ੍ਹਾਂ ਵੀ ਸਾਫ਼ ਕਰਦੀ ਥੱਕਦੀ ਨਹੀਂ।”
ਸੁਜੀਤ ਅਤੇ ਭਾਬੀ ਦੀਆਂ ਗੱਲਾਂ ਦਾ ਮੋੜ ਬੱਬੂ ਅਤੇ ਪੰਮੀ ਤੋਂ ਹਟ ਕੇ ਭਾਬੀ ਦੇ ਸਕੁਲ ਵੱਲ ਚਲਾ ਗਿਆ ਸੀ। ਭਾਬੀ ਸੁਜੀਤ ਨੂੰ ਆਪਣੇ ਸਕੂਲ ਦੀ ਇਕ ਕੁੜੀ ਦੇ ਨੱਠ ਜਾਣ ਦੀ ਖ਼ਬਰ ਦੱਸ ਰਹੀ ਸੀ। ਪੰਮੀ ਪਹਿਲਾਂ ਵੀ ਇਹ ਗੱਲ ਸੁਣ ਚੁੱਕੀ ਸੀ। ਪਤਾ ਨਹੀਂ ਕਿਉਂ, ਭਾਬੀ ਦੀ ਇਹ ਗੱਲ ਸੁਣ ਕੇ ਉਹਨੂੰ ਦਹਿਸ਼ਤ ਜਿਹੀ ਹੋਈ ਸੀ।
ਭਾਬੀ ਖਾਣਾ ਖਾ ਕੇ ਬੱਬੂ ਨੂੰ ਲੈ ਕੇ ਆਪਣੇ ਕਮਰੇ ਵਿਚ ਚਲੀ ਗਈ ਤਾਂ ਪੰਮੀ ਫਿਰ ਖਾਣੇ ਦੀ ਮੇਜ਼ ‘ਤੇ ਆ ਬੈਠੀ, ਸੁਜੀਤ ਹਾਲੇ ਉਥੇ ਹੀ ਬੈਠਾ ਸੀ।
ਸੁਜੀਤ ਪੰਮੀ ਕੋਲੋਂ ਉਹਦੇ ਕਾਲਜ ਬਾਰੇ ਕਈ ਗੱਲਾਂ ਪੁੱਛ ਰਿਹਾ ਸੀ। ਉਹ ਬੜੇ ਸੰਖੇਪ ਜਿਹੇ ਉਤਰ ਦਿੰਦੀ ਰਹੀ।
“ਤੂੰ ਆਪਣੇ ਕੈਰੀਅਰ ਦੀ ਗੱਲ ਸੋਚ। ਫਸਟ ਕਲਾਸ ਐਮæਐਸਸੀæ ਹੋ ਕੇ ਤੂੰ ਆਪਣਾ ਕੀਮਤੀ ਵਕਤ ਖ਼ਰਾਬ ਕਰ ਰਹੀ ਏਂ। ਪੀਐਚæਡੀæ ਕਰ ਲੈ। ਤੂੰ ਚਾਹੇਂ ਤਾਂ ਅਮਰੀਕਾ ਆ ਜਾ, ਪਰ ਮਾਂ ਦੀ ਸਮੱਸਿਆ ਹੈ। ਪਾਲ ਤਾਂ ਕੋਈ ਜ਼ਿੰਮੇਵਾਰੀ ਹੀ ਨਹੀਂ ਲੈਂਦਾæææ ਕਈ ਵਾਰ ਸੋਚਦਾ ਹਾਂ, ਇਥੇ ਵਾਪਸ ਆ ਜਾਵਾਂ, ਪਰ ਪੇਟ ਦੀ ਖ਼ਾਤਰæææ।”
ਪੰਮੀ ਚੁੱਪ-ਚਾਪ ਸੁਜੀਤ ਨੂੰ ਸੁਣਦੀ ਰਹੀ। ਇਹੀ ਗੱਲਾਂ ਉਹ ਕਈ ਵਾਰ ਖ਼ਤਾਂ ਵਿਚ ਵੀ ਲਿਖ ਚੁੱਕਾ ਸੀ। ਕੋਈ ਵੀ ਗੱਲ ਨਵੀਂ ਨਹੀਂ ਸੀ। ਪੰਮੀ ਸੁਜੀਤ ਨੂੰ ਬਹੁਤ ਕੁਝ ਕਹਿਣਾ ਚਾਹੁੰਦੀ, ਪਰ ਸਾਰੇ ਡਾਇਲਾਗ ਉਹਦੇ ਅੰਦਰ ਹੀ ਘੁੰਮੜਦੇ ਰਹਿੰਦੇ।
ਕਾਲਜ ਦੀ ਪੰਮੀ ਅਤੇ ਘਰ ਦੀ ਪੰਮੀ ਵਿਚ ਬੜਾ ਫਰਕ ਸੀ। ਉਹ ਸਟਾਫ ਰੂਮ ਵਿਚ ਸਾਰਾ ਦਿਨ ਹੱਸਦੀ, ਗਾਂਦੀ ਜਾਂ ਚਹਿਕਦੀ ਰਹਿੰਦੀ। ਮੂੰਹ ਵਿਚ ਪਾਨ ਚਬਾਂਦੀ, ਚੁਟਕਲੇ ਸੁਣਾਂਦੀ, ਉਹ ਠਹਾਕੇ ਮਾਰ ਕੇ ਹੱਸਦੀ। ਉਹਦੀ ਜ਼ੁਬਾਨ ਬੜੀ ਤੇਜ਼ ਸੀ। ਗੱਲਾਂ-ਗੱਲਾਂ ਵਿਚ ਉਹ ਗਾਲ੍ਹ ਕੱਢ ਮਾਰਦੀ। ਉਹ ਬਹੁਤ ਗੰਦੀਆਂ ਗੱਲਾਂ ਕਰਦੀ। ਗੰਦੀਆਂ ਗੱਲਾਂ ਦੀ ਮੁਰਾਦ ਸੈਕਸ ਦੀਆਂ ਗੱਲਾਂ ਨਹੀਂ, ਪਰ ਉਹ ਤਾਂ ਜ਼ਿੰਦਗੀ ਦੇ ਕੋਝੇ ਪੱਖ ਨੂੰ ਰਸ ਲੈ-ਲੈ ਕੇ ਦਰਸਾਂਦੀ ਰਹਿੰਦੀ। ਉਹ ਵਗਦੇ ਨੱਕ ਦੀ ਗੱਲ, ਪਿਸ਼ਾਬ ਅਤੇ ਟੱਟੀ ਦੀ ਗੱਲ ਤਕ ਲਮਕਾ-ਲਮਕਾ ਕੇ ਚਟਖਾਰੇ ਲੈ-ਲੈ ਕੇ ਸੁਣਾਂਦੀ।
ਕਈ ਸਟਾਫ ਮੈਂਬਰ ਬਹੁਤ ਗੁੱਸੇ ਹੁੰਦੀਆਂ। ਕੰਨਾਂ ‘ਤੇ ਹੱਥ ਰੱਖ ਹੱਸਦੀਆਂ ਵੀ ਜਾਂਦੀਆਂ ਤੇ ਉਹਨੂੰ ਡਾਂਟਦੀਆਂ ਵੀ ਜਾਂਦੀਆਂ। ਉਹ ਬੈਠੀ ਹੁੰਦੀ ਤਾਂ ਚਾਹ ਪੀਣੀ ਔਖੀ ਹੋ ਜਾਂਦੀ। ਜਦੋਂ ਉਹ ਨਾ ਆਉਂਦੀ ਤਾਂ ਸਟਾਫ਼ ਰੂਮ ਵਿਚ ਮੁਰਦੇਹਾਣੀ ਛਾ ਜਾਂਦੀ।
ਉਸ ਦਿਨ ਉਸ ਚਪੜਾਸੀ ਤੋਂ ਪਾਨ ਮੰਗਾਇਆ ਤਾਂ ਬੋਲੀ, “ਇਕ ਹੀ ਹੈ, ਵੈਸੇ ਵੀ ਆਫ਼ਰ ਨਹੀਂ ਕਰ ਸਕਦੀ, ਇਹ ਤੰਬਾਕੂ ਵਾਲਾ ਹੈ।”
ਹੈਰਾਨੀ ਨਾਲ ਸਭ ਦੀਆਂ ਅੱਖਾਂ ਖੁੱਲ੍ਹੀਆਂ ਰਹਿ ਗਈਆਂ ਸਨ।
“ਤੰਬਾਕੂ ਵਾਲਾ ਪਾਨ ਨਾ ਖਾਇਆ ਕਰ, ਮਰੇਂਗੀ।” ਸਭ ਇਕੋ ਸੁਰ ਵਿਚ ਬੋਲੀਆਂ ਸਨ।
“ਇਸੇ ਕਰ ਕੇ ਤਾਂ ਜਿਉਂਦੀ ਹਾਂ”, ਉਹ ਹੱਸਦੀ ਬੋਲੀ, “ਇਹਦੇ ਨਾਲ ਹੌਲਾ-ਹੌਲਾ ਨਸ਼ਾ ਰਹਿੰਦਾ ਹੈ। ਆਪਣਾ ਆਪ ਭੁੱਲ ਜਾਈਦਾ ਹੈ।”
ਜਾਂ ਫਿਰ ਉਹਦਾ ਘੜਿਆ-ਘੜਾਇਆ ਜੁਆਬ ਹੁੰਦਾ, “ਅਰੇ ਯਾਰ, ਜ਼ਹਿਰ ਜ਼ਹਿਰ ਨੂੰ ਕੱਟਦਾ ਹੈ। ਮੇਰਾ ਕੀ ਵਿਗਾੜ ਲਵੇਗਾ। ਇਸੇ ਪਾਨ ਦੀ ਬਦੌਲਤ ਹੀ ਤਾਂ ਮੈਂ ਚੜ੍ਹਦੀ ਕਲਾ ‘ਚ ਰਹਿੰਦੀ ਹਾਂ।”
ਹਸੌੜ ਪੰਮੀ ਹਰ ਇਕ ਦੇ ਕੰਮ ਆਉਂਦੀ। ਹਰ ਫੰਕਸ਼ਨ ਵਿਚ ਪ੍ਰਧਾਨ ਹੁੰਦੀ। ਗਾਉਣ ਲਗਦੀ ਤਾਂ ਹਰ ਇਕ ਦਾ ਦਿਲ ਹਲੁਣ ਦਿੰਦੀ।
“ਮੇਰਾ ਕੋਈ ਭਰਾ ਜਾਂ ਦੇਵਰ ਕੁਆਰਾ ਹੁੰਦਾ ਤਾਂ ਤੈਨੂੰ ਮੈਂ ਆਪਣੇ ਘਰ ਲੈ ਆਉਂਦੀ।” ਇਕ ਸਟਾਫ ਮੈਂਬਰ ਕਹਿੰਦੀ।
“ਅਰੇ ਯਾਰ! ਕੋਈ ਵੀ ਚਲੇਗਾ, ਤੂੰ ਲਿਆ ਤਾਂ ਸਹੀ।” ਪੰਮੀ ਪਾਨ ਚਬਾਂਦੀ ਹੋਈ ਬੋਲਦੀ।
‘ਅਰੇ ਯਾਰ! ਅਰੇ ਸਾਹਿਬ’ ਤਾਂ ਉਹਦੇ ਹਰ ਵਾਕ ਨਾਲ ਜੁੜਿਆ ਹੁੰਦਾ।
ਪਰ ਇਹੋ ਪੰਮੀ ਘਰ ਵਿਚ ਕਛੂਕੁੰਮੇ ਵਾਂਗ ਆਪਣੀ ਹੀ ਖੱਲ ਵਿਚ ਲੁਕੀ ਰਹਿੰਦੀ।
ਪੰਜ ਸਾਲ ਪਹਿਲਾਂ ਬਾਊ ਜੀ ਦੇ ਗੁਜ਼ਰਨ ‘ਤੇ ਸੁਜੀਤ ਆਇਆ ਸੀ। ਤਦ ਨਰੇਸ਼ ਵੀ ਇੰਗਲੈਂਡ ਤੋਂ ਇਥੇ ਆਇਆ ਹੋਇਆ ਸੀ। ਪੰਮੀ ਨੇ ਉਸੇ ਸਾਲ ਐਮæਐਸਸੀæ ਪੂਰੀ ਕੀਤੀ ਸੀ। ਪੰਮੀ ਨੂੰ ਨਰੇਸ਼ ਤਾਂ ਨਾਲ ਲਿਜਾਣ ਲਈ ਹੀ ਆਇਆ ਸੀ ਪਰ ਅਚਾਨਕ ਪਿਤਾ ਜੀ ਚਲ ਵਸੇ ਸਨ।
ਨਰੇਸ਼ ਵਾਪਸ ਚਲਾ ਗਿਆ ਸੀ। ਪੰਮੀ ਨੂੰ ਨੌਕਰੀ ਮਿਲ ਗਈ ਸੀ। ਉਨ੍ਹਾਂ ਦਿਨਾਂ ਵਿਚ ਹੀ ਮਾਂ ਬਹੁਤ ਬਿਮਾਰ ਰਹਿਣ ਲੱਗ ਪਈ ਸੀ। ਪਾਲ ਦੀ ਮੰਗਣੀ ਬਾਊ ਜੀ ਦੇ ਹੁੰਦਿਆਂ ਹੀ ਹੋ ਚੁੱਕੀ ਸੀ। ਲੜਕੀ ਵਾਲੇ ਵਿਆਹ ਲਈ ਜ਼ੋਰ ਦੇ ਰਹੇ ਸਨ। ਬਾਊ ਜੀ ਤਾਂ ਚਾਹੁੰਦੇ ਸਨ ਕਿ ਪਹਿਲਾਂ ਪੰਮੀ ਨੂੰ ਡੋਲੇ ਪਾ ਕੇ ਫਿਰ ਹੀ ਉਹ ਪਾਲ ਦਾ ਵਿਆਹ ਕਰਨਗੇ, ਪਰ ਉਹ ਇਹ ਚਾਅ ਦਿਲ ਵਿਚ ਨਾਲ ਹੀ ਲੈ ਗਏ ਸਨ।
ਮਜਬੂਰ ਹੋ ਕੇ ਮਾਂ ਨੂੰ ਪਾਲ ਦੇ ਵਿਆਹ ਲਈ ਰਾਜ਼ੀ ਹੋਣਾ ਪਿਆ ਸੀ। ਪਾਲ ਦੇ ਵਿਆਹ ‘ਤੇ ਸੁਜੀਤ ਨਹੀਂ ਸੀ ਪਹੁੰਚਿਆ। ਮਾਂ ਨੇ ਹੌਲੀ-ਹੌਲੀ ਮੰਜਾ ਹੀ ਫੜ ਲਿਆ ਸੀ।
ਨਰੇਸ਼ ਫਿਰ ਆਇਆ ਸੀ। ਨਰੇਸ਼ ਨੇ ਹੀ ਪਾਲ ਨਾਲ ਗੱਲ ਚਲਾਈ ਸੀ। ਪਾਲ ਬਿਫਰ ਉਠਿਆ ਸੀ, “ਕਮਾਲ ਹੈ, ਪੰਮੀ! ਮੰਨਿਆ ਕਿ ਬਚਪਨ ਤੋਂ ਹੀ ਅਸੀਂ ਨਰੇਸ਼ ਨੂੰ ਜਾਣਦੇ ਹਾਂ ਪਰ ਇਹਦਾ ਮਤਲਬ ਇਹ ਨਹੀਂ ਕਿ ਜਾਤ ਬਰਾਦਰੀ ਤੋਂ ਬਾਹਰ ਤੇਰਾ ਵਿਆਹ ਕਰ ਦੇਈਏ। ਹੋਰ ਮੁੰਡਿਆਂ ਦਾ ਤੇਰੇ ਲਈ ਕੋਈ ਕਾਲ ਏ।”
ਪੰਮੀ ਮਨ ਹੀ ਮਨ ਬੜਾ ਰੋਈ ਕਲਪੀ, ਪਰ ਮੂੰਹੋਂ ਕੁਝ ਨਾ ਕਹਿ ਸਕੀ। ਛੇਵੀਂ ਕਲਾਸ ਵਿਚ ਹੀ ਸੀ ਤਾਂ ਉਹ ਨਰੇਸ਼ ਕੋਲੋਂ ਸਵਾਲ ਸਮਝਣ ਜਾਂਦੀ ਸੀ। ਜਿਉਂ-ਜਿਉਂ ਹੋਸ਼ ਸੰਭਾਲਦੀ ਗਈ, ਨਰੇਸ਼ ਦੇ ਨੇੜੇ ਹੁੰਦੀ ਗਈ। ਮਾਂ, ਬਾਊ ਜੀ, ਸੁਜੀਤ, ਪਾਲ਼ææ ਕਿਸੇ ਨੇ ਕਦੀ ਨਹੀਂ ਸੀ ਟੋਕਿਆ। ਸਭ ਦੇ ਦਿਮਾਗ ਵਿਚ ਨਰੇਸ਼ ਅਤੇ ਪੰਮੀ ਦਾ ਰਿਸ਼ਤਾ ਸਾਫ਼ ਸੀ। ਅੱਜ ਜਾਤ ਬਰਾਦਰੀ ਪਤਾ ਨਹੀਂ ਕਿੱਥੋਂ ਆ ਟਪਕੀ ਸੀ?
ਪੰਮੀ ਨੇ ਸੁਜੀਤ ਨੂੰ ਖ਼ਤ ਪਾਇਆ ਸੀ ਪਰ ਉਹਦਾ ਜੁਆਬ ਉਦੋਂ ਆਇਆ ਸੀ ਜਦੋਂ ਨਰੇਸ਼ ਜਾ ਚੁੱਕਾ ਸੀ। ਜਾਣ ਤੋਂ ਪਹਿਲਾਂ ਉਸ ਪੰਮੀ ਨੂੰ ਕੋਰਟ ਮੈਰਿਜ ਕਰਨ ਲਈ ਕਿਹਾ ਸੀ, ਪਰ ਉਹ ਹਿੰਮਤ ਨਹੀਂ ਸੀ ਜੁਟਾ ਪਾਈ।
ਕਾਲਜ ਵਿਚ ਉਹਦੀਆਂ ਸਾਥਣਾਂ ਉਹਨੂੰ ਉਕਸਾਂਦੀਆਂ ਪਰ ਉਹ ਹੱਸ ਕੇ ਗੱਲ ਨੂੰ ਉਡਾ ਛੱਡਦੀ।
“ਤੂੰ ਵਿਆਹ ਹੀ ਨਹੀਂ ਕਰਾਉਣਾ ਚਾਹੁੰਦੀ।” ਉਹਦੀਆਂ ਸਾਥਣਾਂ ਕਹਿੰਦੀਆਂ।
“ਕੌਣ ਸਾਲੀ ਵਿਆਹ ਨਹੀਂ ਕਰਾਉਣਾ ਚਾਹੁੰਦੀ, ਪਰ ਮਾਂ ਬਿਮਾਰ ਏ।”
ਪਿਛਲੇ ਸਾਲ ਜਦੋਂ ਪੰਮੀ ਨੇ ਸੁਣਿਆ ਕਿ ਨਰੇਸ਼ ਨੇ ਉਥੇ ਹੀ ਵਿਆਹ ਕਰਾ ਲਿਆ ਹੈ ਤਾਂ ਸੁੰਨ ਰਹਿ ਗਈ। ਕਈ ਦਿਨ ਉਹ ਆਪਣੇ ਠਹਾਕੇ, ਮਜ਼ਾਕ ਸਭ ਭੁੱਲ ਗਈ।
ਐਤਕੀਂ ਸੁਜੀਤ ਆਇਆ ਤਾਂ ਉਸ ਨਰੇਸ਼ ਬਾਰੇ ਪੁੱਛਿਆ ਸੀ। ਨਰੇਸ਼ ਦੇ ਵਿਆਹ ਦੀ ਖ਼ਬਰ ਸੁਣ ਕੇ ਉਹ ਪੰਮੀ ਨੂੰ ਗਲੇ ਲਗਾ ਕੇ ਰੋ ਪਿਆ ਸੀ।
ਪੰਮੀ ਨੂੰ ਇਹ ਸਭ ਕੁਝ ਨਾਟਕ ਲੱਗਾ ਸੀ।
ਪੰਮੀ ਦੀ ਇਕ ਸਹੇਲੀ ਨੇ ਉਨ੍ਹਾਂ ਦੀ ਹੀ ਜਾਤ ਬਰਾਦਰੀ ਦਾ ਇਕ ਲੜਕਾ ਪੰਮੀ ਨੂੰ ਵਿਖਾਇਆ। ਲੜਕਾ ਚੰਗਾ ਸੀ। ਉਹਦੀ ਸਹੇਲੀ ਨੇ ਪਾਲ ਨਾਲ ਵੀ ਗੱਲ ਕੀਤੀ। ਪਾਲ ਉਸ ਲੜਕੇ ਨੂੰ ਵੇਖ ਆਇਆ।
“ਲੜਕੇ ਦਾ ਕੱਦ ਕੁਝ ਛੋਟਾ ਹੈ। ਨਾਲੇ ਉਸ ਲੜਕੇ ਦਾ ਬਾਪ ਜ਼ਿੰਦਾ ਨਹੀਂ। ਛੋਟੇ ਭੈਣ ਭਰਾਵਾਂ ਦੀ ਸਾਰੀ ਜ਼ਿੰਮੇਵਾਰੀ ਉਸ ‘ਤੇ ਹੀ ਹੈ। ਰਹਿਣ ਸਹਿਣ ਵੀ ਉਨ੍ਹਾਂ ਦਾ ਮੈਨੂੰ ਬੜਾ ਹੀ ਪੁਰਾਣਾ ਲੱਗਾ ਹੈ। ਤੂੰ ਉਥੇ ਰਹਿ ਨਹੀਂ ਪਾਵੇਂਗੀ ਪੰਮੀ।”
ਪਾਲ ਨੇ ਉਸ ਲੜਕੇ ਦੀਆਂ ਸਾਰੀਆਂ ਬੁਰਾਈਆਂ ਗਿਣਾ ਦਿੱਤੀਆਂ ਸਨ ਪਰ ਚੰਗਿਆਈ ਇਕ ਵੀ ਨਹੀਂ ਸੀ ਵੇਖੀ।
ਉਸ ਲੜਕੇ ਨੇ ਪੰਮੀ ਨੂੰ ਕਾਲਜ ਇਕ ਦਿਨ ਫੋਨ ਕੀਤਾ ਅਤੇ ਉਹਦਾ ਫੈਸਲਾ ਜਾਣਨਾ ਚਾਹਿਆ- ਪੰਮੀ ਟਾਲ ਗਈ, ਮੇਰਾ ਵੱਡਾ ਭਰਾ ਅਮਰੀਕਾ ਤੋਂ ਆ ਰਿਹੈ, ਉਹੀ ਫੈਸਲਾ ਕਰੇਗਾ।
“ਤੁਹਾਡਾ ਆਪਣਾ ਫੈਸਲਾ ਕੀ ਹੈ ਮੇਰੇ ਬਾਰੇ?” ਉਸ ਲੜਕੇ ਨੇ ਝੇਂਪਦੇ-ਝੇਂਪਦੇ ਪੰਮੀ ਤੋਂ ਪੁੱਛ ਹੀ ਲਿਆ।
ਪੰਮੀ ਅੱਗਿਉਂ ਕੁਝ ਨਹੀਂ ਸੀ ਕਹਿ ਸਕੀ। ਉਹਦੀ ਜ਼ੁਬਾਨ ਨੂੰ ਜਿਵੇਂ ਲਕਵਾ ਮਾਰ ਗਿਆ ਸੀ।
‘ਨਰੇਸ਼ ਵਾਰੀ ਹੀ ਮੈਂ ਆਪਣਾ ਫੈਸਲਾ ਨਾ ਸੁਣਾ ਸਕੀ ਤੇ ਹੁਣ ਮੇਰੇ ਫੈਸਲੇ ਦੀ ਕੀ ਅਹਿਮੀਅਤ ਹੈæææ ‘ ਮਨ ਹੀ ਮਨ ਸੋਚਦੀ ਨੇ ਉਸ ਰਿਸੀਵਰ ਥੱਲੇ ਰੱਖ ਦਿੱਤਾ।
ਉਹ ਲੜਕਾ ਵੀ ਹੁਣ ਤੱਕ ਕਿਧਰੇ ਵਿਆਹਿਆ ਜਾ ਚੁੱਕਾ ਸੀ।
ਸੁਜੀਤ ਨੇ ਇਨ੍ਹਾਂ ਦਿਨਾਂ ਵਿਚ ਮੈਟਰੀਮੋਨੀਅਲ ਕਾਲਮ ਵਿਚ ਇਸ਼ਤਿਹਾਰ ਦਿੱਤਾ ਸੀ।
ਪੰਮੀ ਮਨ ਹੀ ਮਨ ਵਿਅੰਗ ਨਾਲ ਮੁਸਕਰਾ ਉਠਦੀ, “ਦੋਵੇਂ ਵਿਖਾਵੇ ਲਈ ਐਵੇਂ ਵਕਤ ਅਤੇ ਪੈਸਾ ਬਰਬਾਦ ਕਰ ਰਹੇ ਨੇ।”
ਇਕ ਦਿਨ ਦੋਵੇਂ ਭਰਾ ਇਕ ਲੜਕਾ ਵੇਖ ਕੇ ਆਏ ਤਾਂ ਕਹਿਣ ਲੱਗੇ, “ਲੜਕਾ ਤਾਂ ਸੁਹਣਾ ਸੁਨੱਖਾ ਹੈ, ਕਮਾਂਦਾ ਵੀ ਚੰਗਾ ਹੈ, ਪਰ ਕਹਿੰਦਾ ਹੈ ਨੌਕਰੀ ਵਾਲੀ ਘਰ ਵਾਲੀ ਨਹੀਂ ਚਾਹੀਦੀ। ਭਲਾ ਸੁਣੋ! ਨੌਕਰੀ ਕਿਉਂ ਨਹੀਂ ਕਰਾਣੀ! ਅਖੇ! ‘ਮੈਂ ਮਾਂ-ਬਾਪ ਦਾ ਇਕਲੌਤਾ ਮੁੰਡਾ ਹਾਂ। ਮਾਂ-ਬਾਪ ਬੁੱਢੇ ਹਨ, ਉਨ੍ਹਾਂ ਦੀ ਦੇਖਭਾਲ ਦੀ ਲੋੜ ਹੈ।’ ਬਈ ਸਾਡੀ ਭੈਣ ਨੇ ਕੋਈ ਆਯਾ ਬਣ ਕੇ ਜਾਣਾ ਹੈ। ਜਿਹੜੀ ਕੁੜੀ ਇੰਨੀ ਪੜ੍ਹੀ ਲਿਖੀ ਗੁਣਵੰਤੀ ਹੋਵੇ, ਉਹ ਤਾਂ ਘਰ ਦੀ ਚਾਰ ਦੀਵਾਰੀ ਵਿਚ ਘੁੱਟ ਕੇ ਹੀ ਮਰ ਜਾਵੇ।”
ਦੋਵੇਂ ਭਰਾ ਬੋਲਦੇ ਜਾ ਰਹੇ ਸਨ। ਪੰਮੀ ਦੀ ਰਾਏ ਜਾਣਨ ਦੀ ਤਾਂ ਲੋੜ ਹੀ ਨਹੀਂ ਸੀ ਸਮਝੀ।
ਕੱਲ੍ਹ ਸੁਜੀਤ ਨੇ ਜਾਣਾ ਹੈ। ਉਹ ਪਾਲ ਨੂੰ ਕਈ ਹਦਾਇਤਾਂ ਦੇ ਰਿਹਾ ਹੈ, “ਮਾਂ ਦਾ ਇਲਾਜ ਜਾਰੀ ਰੱਖਣਾ। ਮੈਂ ਜਾਂਦਿਆਂ ਹੀ ਕੁਝ ਪੈਸੇ ਭੇਜਾਂਗਾ। ਪੰਮੀ ਲਈ ਜਦੋਂ ਵੀ ਚੰਗਾ ਲੜਕਾ ਮਿਲੇ, ਮੈਨੂੰ ਲਿਖ ਦੇਣਾ। ਮੈਂ ਵਿਆਹ ਲਈ ਕੁਝ ਪੈਸੇ ਭੇਜਾਂਗਾ। ਲੜਕਾ ਚੰਗਾ ਹੋਣਾ ਚਾਹੀਦਾ ਹੈ ਜੋ ਇਹਦੇ ਗੁਣਾਂ ਨੂੰ ਪਛਾਣੇ। ਵੈਸੇ ਤਾਂ ਇਹਨੂੰ ਆਪਣੇ ਕੈਰੀਅਰ ਦੀ ਗੱਲ ਸੋਚਣੀ ਚਾਹੀਦੀ ਹੈ। ਪੀਐਚæਡੀæ ਕਰ ਲਵੇ, ਅਮਰੀਕਾ ਆ ਜਾਵੇ।”
“ਅਮਰੀਕਾ ਕਿੰਜ ਜਾ ਸਕਦੀ ਹੈ। ਮਾਂ ਬਿਮਾਰ ਹੈ, ਇਹਦੀ ਭਾਬੀ ਵੀ ਨੌਕਰੀ ਕਰਦੀ ਹੈ। ਫਿਰ ਹਾਲੇ ਮਕਾਨ ਦਾ ਵੀ ਤਾਂ ਫੈਸਲਾ ਕੁਝ ਨਹੀਂ ਹੋਇਆ। ਬਾਊ ਜੀ ਵੀ ਤਾਂ ਕਮਾਲ ਕਰ ਗਏ। ਮਕਾਨ ਇਹਦੇ ਨਾਂ ਕਰ ਗਏ। ਹੁਣ ਚਾਚਾ ਜੀ ਮਾਮਲਾ ਕੋਰਟ ਵਿਚ ਲੈ ਗਏ ਹਨ। ਜਦੋਂ ਤੱਕ ਇਹ ਝਗੜਾ ਨਹੀਂ ਮੁੱਕਦਾ, ਉਦੋਂ ਤੱਕ ਪੰਮੀæææ।”
ਪਾਲ ਬੋਲੀ ਜਾ ਰਿਹਾ ਸੀ।
ਪੰਮੀ ਮਨ ਹੀ ਮਨ ਉਬਲ ਰਹੀ ਹੈ।
“ਹੂੰ! ਵੱਡੇ ਭਰਾ ਨੂੰ ਮੇਰੇ ਕੈਰੀਅਰ ਦੀ ਫਿਕਰ ਹੈ ਤੇ ਛੋਟੇ ਨੂੰ ਮਕਾਨ ਦੀ ਅਤੇ ਮਾਂ ਲਈ ਆਯਾ ਦੀ। ਜੇ ਮੈਂ ਉਦੋਂ ਹੀ ਨਰੇਸ਼ ਨਾਲ ਨੱਠ ਗਈ ਹੁੰਦੀ ਤਾਂæææ।” ਪਰ ਮਾਂ ਦੀਆਂ ਸਿੱਲ੍ਹੀਆਂ ਅੱਖਾਂ ਵੇਖ ਉਹਦੀ ਸੋਚਣੀ ਕੰਬ ਗਈ, ਮਨ ਦੇ ਉਬਾਲ ਦਾ ਤੂਫ਼ਾਨ ਥੱਲੇ ਬੈਠਣ ਲੱਗ ਪਿਆ।
“ਸਾਲੀ ਤੂੰ ਤਾਂ ਕਿੱਲੇ ਨਾਲ ਬੱਧੀ ਗਾਂ ਹੈਂ।” ਉਸ ਮਨ ਹੀ ਮਨ ਸੋਚਿਆ ਤੇ ਮੁਸਕਰਾ ਪਈ।
Leave a Reply