ਕਰਾਚੀ: ਪਾਕਿਸਤਾਨ ਦੇ ਕਰਾਚੀ ਸ਼ਹਿਰ ਵਿਚ ਲੁੱਟਖੋਹ ਤੇ ਕਾਲੇ ਕਾਰਨਾਮਿਆਂ ਦੀਆਂ ਵਾਰਦਾਤਾਂ ਸਿਖਰਾਂ ‘ਤੇ ਹਨ ਤੇ ਇਸ ਰਾਹੀਂ ਹਰ ਰੋਜ਼ 83 ਕਰੋੜ ਰੁਪਿਆ ਕਮਾਇਆ ਜਾਂਦਾ ਹੈ। ਇਹ ਖੁਲਾਸਾ ਜਿਓ ਨਿਊਜ਼ ਚੈਨਲ ਵੱਲੋਂ ਇਕ ਰਿਪੋਰਟ ਵਿਚ ਕੀਤਾ ਗਿਆ। ਰਿਪੋਰਟ ਮੁਤਾਬਕ ਇਨ੍ਹਾਂ ਕਾਲੇ ਕਾਰਨਾਮਿਆਂ ਵਿਚ ਉਧਾਲਿਆਂ, ਅਗਵਾ ਰਾਹੀਂ ਫਿਰੌਤੀਆਂ ਮੰਗਣਾ, ਲੁੱਟਾਂ-ਖੋਹਾਂ, ਸੜਕਾਂ ‘ਤੇ ਹੁੰਦੇ ਅਪਰਾਧਾਂ, ਗੈਰ-ਕਾਨੂੰਨੀ ਪਾਰਕਿੰਗ ਥਾਵਾਂ, ਰੇਹੜੀ-ਫੜ੍ਹੀ ਵਾਲਿਆਂ ਤੋਂ ਧਨ ਵਸੂਲੀ ਤੇ ਬਿਜਲੀ ਦੇ ਗ਼ੈਰ-ਕਾਨੂੰਨੀ ਕੁਨੈਕਸ਼ਨ ਦੇਣ ਜਿਹੇ ਵਰਤਾਰੇ ਸ਼ਾਮਲ ਹਨ।
ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚ ਹਰ ਰੋਜ਼ ਘੱਟੋ-ਘੱਟ ਇਕ ਕਰੋੜ ਰੁਪਏ ਦੀ ਖੋਹ-ਖਿੰਝ ਹੁੰਦੀ ਹੈ, ਪੰਜ ਕਰੋੜ ਰੁਪਏ ਤੱਕ ਦੀ ਰਕਮ ਲਈ ਅਗਵਾ ਦੀਆਂ ਘਟਨਾਵਾਂ ਹਰ ਰੋਜ਼ ਵਾਪਰਦੀਆਂ ਹਨ। ਕਾਲੇ ਧਨ ਦੀ ਇਸ ਮੰਡੀ ਵਿਚ 500 ਗੈਰਕਾਨੂੰਨੀ ਤੇ ਅਣਅਧਿਕਾਰਤ ਪਾਰਕਿੰਗ ਥਾਵਾਂ ਤੋਂ ਵੀ 24 ਲੱਖ ਰੁਪਏ ਇਕੱਠੇ ਕੀਤੇ ਜਾਂਦੇ ਹਨ। ਹਾਕਰ ਤੇ ਰੇਹੜੀ ਫੜ੍ਹੀ ਵਾਲੇ ਹਰ ਰੋਜ਼ 82æ50 ਲੱਖ ਰੁਪਏ ਪੁਲਿਸ, ਅਪਰਾਧੀਆਂ ਜਾਂ ਠੇਕੇਦਾਰਾਂ ਨੂੰ ਅਦਾ ਕਰਦੇ ਹਨ।
ਰਿਪੋਰਟ ਮੁਤਾਬਕ ਸ਼ਹਿਰ ਵਿਚ 55,000 ਤੋਂ ਵੱਧ ਹਾਕਰ ਆਪਣੀਆਂ ਸਟਾਲਾਂ ਲਾਉਂਦੇ ਹਨ। ਸ਼ਹਿਰ ਵਿਚ ਪਾਣੀ ਮਾਫ਼ੀਆ ਹਰ ਰੋਜ਼ 27 ਕਰੋੜ 20 ਲੱਖ ਗੈਲਨ ਪਾਣੀ ਗ਼ੈਰਕਾਨੂੰਨੀ ਢੰਗ ਨਾਲ ਵੇਚਦਾ ਹੈ ਜਿਸ ਦੀ ਕੀਮਤ 10 ਕਰੋੜ ਰੁਪਏ ਬਣਦੀ ਹੈ। ਨਸ਼ੀਲੇ ਪਦਾਰਥ ਵੇਚਣ ਤੇ ਜੂਏਬਾਜ਼ੀ ਦੇ 15000 ਤੋਂ ਵੱਧ ਅੱਡੇ ਹਨ ਜਿਥੋਂ ਹਰ ਰੋਜ਼ 15 ਕਰੋੜ ਰੁਪਿਆ ਕਮਾਇਆ ਜਾਂਦਾ ਹੈ। ਕਰਾਚੀ ਦਾ ਭੌਂ ਮਾਫੀਆ, ਸਰਕਾਰ ਦੀ 30,000 ਏਕੜ ਤੋਂ ਵੱਧ ਜ਼ਮੀਨ ਉਤੇ ਕਾਬਜ਼ ਹੈ ਤੇ ਇਸ ਤਰ੍ਹਾਂ ਇਹ ਸਰਕਾਰੀ ਖਜ਼ਾਨੇ ਨੂੰ ਸੱਤ ਅਰਬ ਸਾਲਾਨਾ ਤੇ ਰੋਜ਼ 23 ਕਰੋੜ ਰੁਪਏ ਦਾ ਘਾਟਾ ਪਾ ਰਿਹਾ ਹੈ।
ਸ਼ਹਿਰ ਦਾ ਟਰਾਂਸਪੋਰਟ ਮਾਫ਼ੀਆ ਸ਼ਹਿਰ ਦੇ ਜਨਤਕ ਆਵਾਜਾਈ ਪ੍ਰਬੰਧਾਂ ‘ਤੇ ਕਾਬਜ਼ ਹੈ ਤੇ ਇਸ ਨੂੰ ਚਲਾਉਂਦਾ ਹੈ ਤੇ ਇਕ ਕਰੋੜ 48 ਲੱਖ ਰੁਪਏ ਇਸ ਦੀਆਂ ਬੱਸਾਂ, ਰਿਕਸ਼ਿਆਂ ਤੇ ਟੈਕਸੀਆਂ ਤੋਂ ਉਗਰਾਹੁੰਦਾ ਹੈ। ਟਰੱਕਾਂ, ਕੰਟੇਨਰ ਟਰੱਕਾਂ ਤੇ ਤੇਲ ਟੈਂਕਰਾਂ ਨੂੰ ਹੋਣ ਵਾਲੀ 75 ਲੱਖ ਰੁਪਏ ਆਮਦਨ ਅੱਡ ਹੈ। ਸ਼ਹਿਰ ਵਿਚ ਹਰ ਰੋਜ਼ ਇਕ ਕਰੋੜ ਪੰਜ ਲੱਖ ਰੁਪਏ ਦੀ ਬਿਜਲੀ ਚੋਰੀ ਹੁੰਦੀ ਹੈ ਤੇ ਇਥੇ 4000 ਤੋਂ 5000 ਤੱਕ ਕੁੰਡੀ ਕੁਨੈਕਸ਼ਨ ਲੱਗੇ ਹੋਏ ਹਨ।
ਸ਼ਹਿਰ ਵਿਚੋਂ ਹਰ ਰੋਜ਼ 40-50 ਮੋਟਰਸਾਈਕਲ ਤੇ 20-25 ਕਾਰਾਂ ਚੋਰੀ ਹੁੰਦੀਆਂ ਹਨ ਜੋ ਕਮਾਈ ਪੱਖੋਂ ਦੋ ਕਰੋੜ ਪੰਜ ਲੱਖ ਪ੍ਰਤੀ ਦਿਨ ਬਣਦੀ ਹੈ। ਸੜਕਾਂ ‘ਤੇ ਫਿਰਦੇ ਅਪਰਾਧੀ ਹਰ ਰੋਜ਼ 125-150 ਮੋਬਾਈਲ ਫੋਨ, ਗਹਿਣੇ ਤੇ ਹੋਰ ਵਸਤਾਂ ਖੋਂਹਦੇ ਹਨ ਜੋ 52 ਲੱਖ ਰੁਪਏ ਰੋਜ਼ਾਨਾ ਬਣਦੇ ਹਨ। ਹਰ ਰੋਜ਼ ਸ਼ਹਿਰ ਦੇ ਸਰਦੇ-ਪੁੱਜਦੇ ਖੇਤਰਾਂ ਵਿਚੋਂ 10-15 ਅਜਿਹੇ ਅਗਵਾ ਦੇ ਮਾਮਲੇ ਵਾਪਰਦੇ ਹਨ। ਰੋਜ਼ਾਨਾ ਆਧਾਰ ‘ਤੇ ਕਰਾਚੀ ਵਿਚ ਪੁਲਿਸ ਵੀ 21 ਕਰੋੜ ਰੁਪਏ ਹਰ ਰੋਜ਼ ਰਿਸ਼ਵਤ ਦੇ ਉਗਰਾਹੁੰਦੀ ਹੈ ਜੋ ਸਿਖਰ ਤੋਂ ਲੈ ਕੇ ਹੇਠਲੇ ਅਫਸਰਾਂ ਤੱਕ ਵੰਡੀ ਜਾਂਦੀ ਹੈ।
Leave a Reply