ਡਰੋਨ ਹਮਲਿਆਂ ਦਾ ਤੋੜ ਲੱਭਣ ‘ਚ ਜੁਟੀ ਅਲ-ਕਾਇਦਾ

ਵਾਸ਼ਿੰਗਟਨ: ਅਮਰੀਕੀ ਡਰੋਨਾਂ ਦੇ ਟਾਕਰੇ ਲਈ ਪਾਕਿਸਤਾਨ ਵਿਚਲੇ ਅਲਕਾਇਦਾ ਇੰਜੀਨੀਅਰ ਲੇਜ਼ਰ ਚਿਤਾਵਨੀ ਪ੍ਰਣਾਲੀ ਤੇ ਸ਼ੋਲਡਰ ਫਾਇਰਡ ਮਿਸਾਈਲਾਂ ਬਣਾਉਣ ਸਮੇਤ ਕਈ ਤਰ੍ਹਾਂ ਦੇ ਉਪਰਾਲੇ ਕਰ ਰਹੇ ਹਨ। ਇਸ ਬਾਰੇ ਵਾਸ਼ਿੰਗਟਨ ਪੋਸਟ ਨੇ ਸੀæਆਈæਏ ਦੇ ਸਾਬਕਾ ਕੰਟਰੈਕਟਰ ਐਡਵਰਡ ਸਨੋਡਨ ਤੋਂ ਮਿਲੇ ਗੁਪਤ ਦਸਤਾਵੇਜ਼ਾਂ ਦੇ ਹਵਾਲੇ ਨਾਲ ਕਿਹਾ ਹੈ ਕਿ ਅਲਕਾਇਦਾ ਲੀਡਰਸ਼ਿਪ ਅੱਜ ਵੀ ਪਾਕਿਸਤਾਨ ਵਿਚ ਸਰਗਰਮ ਹੈ ਤੇ ਇਹ ਅਮਰੀਕਾ ਦੇ ਡਰੋਨ ਹਮਲਿਆਂ ਦੇ ਟਾਕਰੇ ਲਈ ਜੁਆਬੀ ਸਿਸਟਮ ਤਿਆਰ ਕਰਨ ਲਈ ਗੰਭੀਰ ਉਪਰਾਲੇ ਕਰ ਰਹੀ ਹੈ।
ਇਨ੍ਹਾਂ ਗੁਪਤ ਦਸਤਾਵੇਜ਼ਾਂ ਤੋਂ ਇਹ ਸੰਕੇਤ ਮਿਲਦੇ ਹਨ ਕਿ ਅਮਰੀਕਾ ਦੀਆਂ ਏਜੰਸੀਆਂ ਅਲਕਾਇਦਾ ਦੇ ਇਰਾਦਿਆਂ ਤੋਂ ਕਾਫੀ ਬੇਚੈਨ ਹਨ ਜਦਕਿ ਅਲ ਕਾਇਦਾ ਆਗੂ ਡਰੋਨਾਂ ਨੂੰ ਅਸਰਹੀਣ ਕਰਨ ਲਈ ਹਰ ਤਰ੍ਹਾਂ ਦੀ ਵਾਹ ਲਾ ਰਹੇ ਹਨ। 2011 ਦੀ ਗੁਪਤ ਰਿਪੋਰਟ ਵਿਚ ਡਰੋਨ ਹਮਲਿਆਂ ਦਾ ਹਵਾਲਾ ਦੇ ਕੇ ਕਿਹਾ ਗਿਆ ਹੈ ਕਿ ਪਾਕਿਸਤਾਨ ਵਿਚ ਅਲਕਾਇਦਾ ਇੰਜਨੀਅਰ ਅਮਰੀਕੀ ਡਰੋਨ ਹਮਲੇ ਪਛਾੜਨ ਲਈ ਲੇਜ਼ਰ ਵਾਰਨਿੰਗ ਸਿਸਟਮ ਵਿਕਸਤ ਕਰਨ ਵਿਚ ਲੱਗੇ ਹੋਏ ਹਨ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਜਨਵਰੀ 2011 ਵਿਚ ਅਮਰੀਕੀ ਖੁਫ਼ੀਆ ਏਜੰਸੀਆਂ ਨੇ ਉੱਤਰੀ ਵਜ਼ੀਰਿਸਤਾਨ (ਪਾਕਿਸਤਾਨ) ਦੇ ਮੀਰਾਂਸ਼ਾਹ ਖੇਤਰ ਨੇੜਿਓਂ ਅਸਾਧਾਰਨ ਇਲੈਕਟ੍ਰਾਨਿਕ ਸਿਗਨਲ ਉੱਠਦੇ ਪਤਾ ਲਾਏ ਸਨ। ਡਿਫੈਂਸ ਇੰਟੈਲੀਜੈਂਸ ਏਜੰਸੀ (ਡੀæਆਈæਏ) ਨੇ ਦੱਸਿਆ ਕਿ ਇਹ ਸਿਗਨਲ ਅਤਿਵਾਦੀਆਂ ਦੀ ਨਵੀਂ ਜੀæਪੀæਐਸ ਜੈਮਿੰਗ ਸਮਰੱਥਾ ਦਾ ਪਹਿਲਾ ਨਜ਼ਰ ਆ ਰਿਹਾ ਟੈਸਟ ਹੈ। ਡੀæਆਈæਏ ਦਾ ਕਹਿਣਾ ਹੈ ਕਿ ਇਕ ਵਾਰ ਅਲਕਾਇਦਾ ਦੇ ਇੰਜਨੀਅਰ ਸਫਲ ਹੋ ਗਏ ਤਾਂ ਅਮਰੀਕਾ ਦੇ ਪਾਕਿਸਤਾਨ ਤੇ ਅਫਗਾਨਿਸਤਾਨ ਵਿਚ ਡਰੋਨ ਅਪਰੇਸ਼ਨ ਠੱਪ ਹੋ ਜਾਣਗੇ।
________________________________
ਹੱਕਾਨੀ ਧੜੇ ਦਾ ਸੀਨੀਅਰ ਆਗੂ ਡਰੋਨ ਹਮਲੇ ਵਿਚ ਹਲਾਕ
ਪਿਸ਼ਾਵਰ: ਅਮਰੀਕਾ ਨੇ ਡਰੋਨ ਹਮਲੇ ਨਾਲ ਉੱਤਰੀ ਵਜ਼ੀਰਿਸਤਾਨ ਦੇ ਦਰਗਾ ਮੰਡੀ ਪਿੰਡ ਦੇ ਇਕ ਵੱਡੇ ਘਰ ਉਪਰ ਮਿਜ਼ਾਈਲਾਂ ਦਾਗ ਕੇ ਛੇ ਦਹਿਸ਼ਤਗਰਦ ਮਾਰਨ ਦਾ ਦਾਅਵਾ ਕੀਤਾ ਹੈ। ਇਨ੍ਹਾਂ ਵਿਚ ਹੱਕਾਨੀ ਧੜੇ ਦਾ ਸੀਨੀਅਰ ਆਗੂ ਮੁੱਲਾਂ ਸੰਗੀਨ ਜ਼ਾਂਦਰਾਂ ਵੀ ਸਮਝਿਆ ਜਾ ਰਿਹਾ ਹੈ ਜਿਸ ਨੂੰ ਸੰਯੁਕਤ ਰਾਸ਼ਟਰ ਤੇ ਅਮਰੀਕਾ ਨੇ ਬਲੈਕ ਲਿਸਟ ਕੀਤਾ ਹੋਇਆ ਹੈ।
ਅਮਰੀਕਾ ਮੁਤਾਬਕ ਉਹ ਤਾਲਿਬਾਨ ਵਜੋਂ ਅਫਗਾਨਿਸਤਾਨ ਦੇ ਪਾਕਟਿਕਾ ਸੂਬੇ ਦਾ ਬਦਲਵਾਂ ਗਵਰਨਰ ਥਾਪਿਆ ਹੋਇਆ ਸੀ। ਮਰਨ ਵਾਲਿਆਂ ਵਿਚ ਜਾਰਡਨ ਦੇ ਦਹਿਸ਼ਤਗਰਦ ਜ਼ੁਬੇਰ ਮੁਜ਼ੀ, ਮੁਹੰਮਦ ਆਬੂ ਬਿਲਾਲ ਅਲ ਖੋਰਾਸਾਨੀ ਤੇ ਅਬੂ ਦੋਗਾਂ ਅਲ-ਖੋਰਾਸਨੀ ਵੀ ਹਨ। ਹਮਲੇ ਵਿਚ ਚਾਰ ਦਹਿਸ਼ਤਗਰਦ ਜ਼ਖ਼ਮੀ ਹੋਏ ਹਨ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਅਮਰੀਕੀ ਡਰੋਨ ਹਮਲੇ ਦੀ ਨਿਖੇਧੀ ਕਰਦਿਆਂ ਇਸ ਨੂੰ ਦੇਸ਼ ਦੀ ਪ੍ਰਭੂਸੱਤਾ ਉਪਰ ਹਮਲਾ ਕਰਾਰ ਦਿੱਤਾ ਹੈ।

Be the first to comment

Leave a Reply

Your email address will not be published.