ਸੌਖੀ ਮਹਿਮਾ ਦੇ ਮਤਵਾਲੇ ਟੁੰਡਾ, ਭਟਕਲ ਤੇ ਹੱਦੀ

ਗੁਲਜ਼ਾਰ ਸਿੰਘ ਸੰਧੂ
ਭਾਰਤੀ ਸੁਰੱਖਿਆ ਏਜੰਸੀਆਂ ਵਲੋਂ ਅਬਦੁਲ ਕਰੀਮ ਟੁੰਡਾ, ਯਾਸੀਨ ਭਟਕਲ ਤੇ ਅਸਦੁੱਲਾ ਅਖਤਰ ਉਰਫ ਹੱਦੀ ਦੀ ਗ੍ਰਿਫਤਾਰੀ ਗੌਲਣਯੋਗ ਹੈ। ਪਿਛਲੀ ਸੀਟ ਤੋਂ ਚਾਲਕ ਦਾ ਰੋਲ ਖੇਲਣ ਵਾਲੇ ਇਹ ਅਤਿਵਾਦੀ ਆਪਣੇ ਆਰ-ਪਰਿਵਾਰ ਲਈ ਤਾਂ ਈਦੀ ਭੇਜਣਾ ਵੀ ਨਹੀਂ ਭੁੱਲਦੇ ਪਰ ਬਿਗਾਨੇ ਪੁੱਤਾਂ ਨੂੰ ਬਲਦੀ ਅੱਗ ਵਿਚ ਝੋਕਣ ਵਿਚ ਸਭ ਤੋਂ ਅੱਗੇ ਹਨ। ਟੁੰਡਾ ਇਨ੍ਹਾਂ ਵਿਚੋਂ ਵਡੇਰੀ ਉਮਰ ਦਾ ਹੈ ਤੇ ਦੂਜੇ ਦੋਵੇਂ ਗੱਭਰੂ। ਮੰਤਵ ਸਾਰਿਆਂ ਦਾ ਉਹੀਓ ਹੈ ਜੋ ਪੰਜਾਬ ਦੇ ਕਾਲੇ ਦਿਨਾਂ ਵਿਚ ਇਥੋਂ ਦੇ ਅਤਿਵਾਦੀਆਂ ਦਾ ਸੀ। ਸੌਖੀ ਤੇ ਸਸਤੀ ਸ਼ਹੀਦੀ ਪ੍ਰਾਪਤ ਕਰਨਾ। ਫੜੇ ਜਾਣ ਤੇ ਯਾਸੀਨ ਭਟਕਲ ਦਾ ਇਹ ਕਹਿਣਾ ‘ਮੈਂ ਵੁਹ ਹੀ ਹੂੰ ਜਿਸ ਕੋ ਆਪ ਢੂੰਡ ਰਹੇ ਹੋ’ ਦਸਦਾ ਹੈ ਕਿ ਉਹ ਆਪ ਕਿੰਨਾ ਨਿਸਚਿੰਤ ਹੈ। ਸੁਰੱਖਿਆ ਏਜੰਸੀਆਂ ਨੂੰ ਆਪਣੀ ਸਫਲਤਾ ਉਤੇ ਖੁਸ਼ ਹੋਣ ਦੇ ਨਾਲ ਨਾਲ ਇਨ੍ਹਾਂ ਉਤੇ ਕੱਸਿਆ ਸ਼ਿਕੰਜਾ ਢਿੱਲਾ ਨਹੀਂ ਛੱਡਣਾ ਚਾਹੀਦਾ। ਵੱਧ ਤੋਂ ਵੱਧ ਜਾਣਕਾਰੀ ਨਿਚੋੜਨ ਦੀ ਲੋੜ ਹੈ। ਮੀਡੀਆ ਦੇ ਅੰਕੜੇ ਦਸਦੇ ਹਨ ਕਿ 26/11 ਦੇ ਭਿਆਨਕ ਹਮਲੇ ਤੋਂ ਪਿੱਛੋਂ ਹੁਣ ਤੱਕ ਨਿਪਾਲ, ਬੰਗਲਾਦੇਸ਼ ਤੇ ਪਾਕਿਸਤਾਨ ਤੋਂ 876 ਦੋਸ਼ੀ ਫੜੇ ਗਏ ਹਨ ਜਿਨ੍ਹਾਂ ਵਿਚੋਂ ਸਭ ਤੋਂ ਵੱਧ ਪਾਕਿਸਤਾਨ ਦੇ ਵਿਦਿਆਰਥੀ ਅਤੇ ਦੂਜੇ ਸੰਗਠਨ ਦੇ ਹਨ। ਹੁਣ ਤੱਕ ਮਿਲੀ ਜਾਣਕਾਰੀ ਅਨੁਸਾਰ ਦਸੰਬਰ 2011 ਵਿਚ ਭਾਰਤੀ ਸੰਸਦ ਉਤੇ ਦਿਨ ਦਿਹਾੜੇ ਕੀਤੇ ਹਮਲੇ ਤੋਂ ਬਿਨਾਂ ਇਨ੍ਹਾਂ ਨੇ ਬਾਕੀ ਸਾਰੇ ਅਮਲ ਭੀੜ-ਭੜੱਕੇ ਵਾਲੀਆਂ ਅਜਿਹੀਆਂ ਥਾਂਵਾਂ ਉਤੇ ਕੀਤੇ ਹਨ ਜਿੱਥੇ ਜਾਨੀ ਨੁਕਸਾਨ ਸਭ ਤੋਂ ਵੱਧ ਹੋਵੇ ਤੇ ਫੜੇ ਜਾਣ ਦੀ ਸੰਭਾਵਨਾ ਸਭ ਤੋਂ ਘੱਟ। ਉਹ ਇਹ ਵੀ ਜਾਣਦੇ ਹਨ ਕਿ ਇਸ ਤਰ੍ਹਾਂ ਫੜੇ ਜਾਣ ਦੀ ਸੂਰਤ ਵਿਚ ਉਨ੍ਹਾਂ ਨੂੰ ਝੂਠੇ ਪੁਲੀਸ ਮੁਕਾਬਲੇ ਵਿਚ ਮਾਰੇ ਜਾਣ ਦੀ ਕੋਈ ਸੰਭਾਵਨਾ ਨਹੀਂ। ਇਹ ਗੱਲ ਭਟਕਲ ਦੇ ਫੜੇ ਜਾਣ ਉਤੇ ਉਸ ਦੇ ਬਾਪ ਦੀ ਖੁਸ਼ੀ ਤੋਂ ਵੀ ਪ੍ਰਗਟ ਹੈ। ਹੁਣ ਜਦੋਂ ਕਿ ਉਹ ਕਾਬੂ ਵਿਚ ਹਨ ਉਨ੍ਹਾਂ ਕੋਲੋਂ ਅਜਿਹੀ ਜਾਣਕਾਰੀ ਮਿਲ ਸਕਦੀ ਹੈ ਜੋ ਬਹੁਤ ਕੰਮ ਆਵੇ। ਲੋੜ ਹੈ ਵਧੀਆ ਤੋਂ ਵਧੀਆ ਢੰਗ ਨਾਲ ਜਾਣਕਾਰੀ ਪ੍ਰਾਪਤ ਕਰਨ ਦੀ। ਨਿਸਚੇ ਹੀ ਟੁੰਡਾ ਦੀ ਮਾੜੀ ਸਿਹਤ ਵਾਲੀਆਂ ਦਲੀਲਾਂ ਉਤੇ ਪਹਿਰਾ ਦੇਣਾ ਠੀਕ ਲਹੀਂ। ਸੁਰੱਖਿਆ ਅਮਲਾ ਜ਼ਿੰਦਾਬਾਦ!
ਨੀਰੂ ਸ਼ਰਮਾ ਦੀਆਂ ਪ੍ਰਾਪਤੀਆਂ
ਮੇਰੀ ‘ਦੇਸ਼ ਸੇਵਕ’ ਦੀ ਸੰਪਾਦਕੀ ਦੇ ਦਿਨਾਂ ਤੋਂ ਓਥੇ ਕੰਮ ਕਰਦਾ ਨਿਪਾਲੀ ਕਰਮਚਾਰੀ ਕੇਸ਼ਵ ਪ੍ਰਸ਼ਾਦ ਮੇਰੇ ਘਰ ਰਹਿੰਦਾ ਹੈ। ਹੁਣ ਉਹ ਬੀਵੀ ਬੱਚਿਆਂ ਵਾਲਾ ਹੈ। ਵੱਡੀ ਬੇਟੀ ਯਾਸ਼ਿਕਾ ਪੰਜਵੀਂ ਵਿਚ ਪੜ੍ਹਦੀ ਹੈ ਤੇ ਛੋਟੀ ਮੋਨਿਕਾ ਨਰਸਰੀ ਵਿਚ। ਇਨ੍ਹਾਂ ਸਤਰਾਂ ਦੇ ਲਿਖਣ ਸਮੇਂ ਉਹ ਦੋਵੇਂ ਅਧਿਆਪਕ ਦਿਵਸ ਮਨਾਉਣ ਦੀ ਤਿਆਰੀ ਕਰ ਰਹੀਆਂ ਹਨ। ਉਨ੍ਹਾਂ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਆਪਣੇ ਪੜ੍ਹਨ ਕਮਰੇ ਨੂੰ ਸਜਾਉਣਾ ਹੈ। ਉਨ੍ਹਾਂ ਨੇ ਖੁਦ ਗੁਬਾਰੇ ਲੈ ਕੇ ਜਾਣਾ ਹੈ, ਹੋਰਨਾਂ ਨੇ ਸਜਾਵਟੀ ਲੜੀਆਂ ਤੇ ਖਾਣ ਪੀਣ ਦਾ ਸਮਾਨ ਅਤੇ ਵਰਤੋਂ ਲਈ ਕਾਗਜ਼ ਦੇ ਗਿਲਾਸ ਤੇ ਪਲੇਟਾਂ। ਮੇਰੇ ਗੁਆਂਢੀ ਕਰਨਲ ਰਾਜ ਕੁਮਾਰ ਦੱਤਾ ਦੀ ਦੇਸੀ ਸਕੂਲਾਂ ਵਿਚ ਪੜ੍ਹ ਕੇ ਅੰਤਰਰਾਸ਼ਟਰੀ ਸਕੂਲਾਂ ਦੀ ਪ੍ਰਿੰਸੀਪਲ ਬਣੀ ਭਤੀਜੀ ਨੀਰੂ ਸ਼ਰਮਾ ਸਾਡੇ ਬੱਚਿਆਂ ਨੂੰ ਕੀ, ਕਿੱਥੇ, ਕਿਉਂ ਕਰਨਾ ਸਿਖਾ ਰਹੀ ਹੈ। ਉਸ ਦੀ ਗੱਲ ਫੇਰ ਕਰਾਂਗਾ। ਪਹਿਲਾਂ ਮੈਂ ਆਪਣੇ ਉਨ੍ਹਾਂ ਅਧਿਆਪਕਾਂ ਨੂੰ ਯਾਦ ਕਰ ਲਵਾਂ ਜਿਨ੍ਹਾਂ ਨੇ ਮੇਰੀ ਜ਼ਿੰਦਗੀ ਵਿਚ ਮੈਨੂੰ ਸੇਧ ਦਿੱਤੀ।
ਆਰੀਆ ਹਾਈ ਸਕੂਲ ਖੰਨਾ ਦੇ ਮਾਸਟਰ ਕਿਸ਼ੋਰੀ ਲਾਲ ਨੇ ਉਰਦੂ ਭਾਸ਼ਾ ਦੀ ਕਦਰ ਸਿਖਾਈ ਤੇ ਖਾਲਸਾ ਹਾਈ ਸਕੂਲ ਮਾਹਿਲਪੁਰ ਦੇ ਸਾਇੰਸ ਆਧਿਆਪਕ ਬਖਤਾਵਰ ਸਿੰਘ ਨੇ ਮੈਨੂੰ ਸਾਇੰਸ ਦੀ ਥਾਂ ਪੰਜਾਬੀ ਪੜ੍ਹਨ ਦੇ ਸਿੱਧੇ ਰਾਹ ਤੋਰਿਆ। ਇਸੇ ਤਰ੍ਹਾਂ ਖਾਲਸਾ ਕਾਲਜ ਮਾਹਿਲਪੁਰ ਦੇ ਪ੍ਰੋæ ਅਵਤਾਰ ਸਿੰਘ ਢੋਡੀ ਨੇ ਸਾਨੂੰ ਉਰਦੂ ਪੰਜਾਬੀ ਦੇ ਸੁਮੇਲ ਤੋਂ ਜਾਣੂ ਕਰਵਾਇਆ ਤੇ ਪ੍ਰਿੰਸੀਪਲ ਸੁਜਾਨ ਸਿੰਘ ਨੇ ਅੰਗਰੇਜ਼ੀ ਭਾਸ਼ਾ ਤੇ ਸਾਹਿਤ ਦੇ ਡੂੰਘੇ ਤੇ ਵਿਸ਼ਾਲ ਸਾਗਰ ਦੀ ਥਾਹ ਪਾਉਣ ਦਾ ਵੱਲ ਦੱਸਿਆ।
ਪਰ ਅੱਜ ਦੇ ਦਿਨ ਇਨ੍ਹਾਂ ਬੱਚਿਆਂ ਦੇ ਮਾਪਿਆਂ ਤੇ ਇਨ੍ਹਾਂ ਦੀ ਆਪਣੀ ਰੋਲ ਮਾਡਲ ਨੀਰੂ ਸ਼ਰਮਾ ਹੀ ਹੈ। ਉਹ ਇਸ ਵੇਲੇ ਹਾਜ਼ਰ ਨਾਜ਼ਰ ਜੁ ਹੋਈ। ਉਹ ਵੀ ਹੁੱਬ ਹੁੱਬ ਕੇ ਆਪਣੀਆਂ ਪ੍ਰਾਪਤੀਆਂ ਬਾਰੇ ਦੱਸ ਰਹੀ ਹੈ। ਕਿਵੇਂ ਬੰਗਾ (ਨਵਾਂ ਸ਼ਹਿਰ) ਦੀ ਖਾਲਸਾ ਸਕੂਲ ਪ੍ਰਣਾਲੀ ਵਿਚੋਂ ਮੁਢਲੀ ਵਿਦਿਆ ਪ੍ਰਾਪਤ ਕਰਨ ਵਾਲੀ ਨੀਰੂ ਡਗਸ਼ਈ (ਹਿਮਾਚਲ ਪ੍ਰਦੇਸ਼), ਅਲਵਰ (ਰਾਜਸਥਾਨ) ਤੇ ਕੋਡਾਈਕਨਾਲ (ਤਾਮਿਲਨਾਡੂ) ਦੇ ਸਕੂਲਾਂ ਵਿਚ ਦੇਸ਼-ਵਿਦੇਸ਼ ਤੋਂ ਪੜ੍ਹਨ ਆਏ ਬੱਚਿਆਂ ਨੂੰ ਪੜ੍ਹਾਉਂਦੀ ਰਹੀ ਹੈ। ਇਹ ਵੀ ਕਿ ਉਸ ਨੇ ਆਪਣੇ ਪਤੀ ਦੇ ਅਫਰੀਕਾ ਵਿਚ ਮਿਲਟਰੀ ਅਟੈਚੀ ਹੁੰਦੇ ਸਮੇਂ ਬੋਧਵਾਨਾ ਦੇ ਪ੍ਰਾਇਮਰੀ ਸਕੂਲ ਤੋਂ ਸ਼ੁਰੂ ਕਰਕੇ ਚੀਨ ਦੇ ਸ਼ੈਨਜਨ ਸ਼ਹਿਰ ਵਿਚ ਸਵਿਟਜ਼ਰਲੈਂਡ ਦੀ ਇੰਟਰਨੈਸ਼ਨਲ ਬਕਲੌਰੀਸੇ ਲੜੀ ਅਧੀਨ ਸਥਾਪਤ ਹੋਈ ਸੰਸਾਰ ਪ੍ਰਸਿੱਧ ਵਿਦਿਅਕ ਸੰਸਥਾ ਵਿਚ ਆਪਣੇ ਬੱਚਿਆਂ ਨੂੰ ਉਚੀ ਵਿਦਿਆ ਦੇ ਯੋਗ ਕੀਤਾ। ਦੋਵੇਂ ਬੱਚੇ ਅੱਜ ਅਮਰੀਕਾ ਤੇ ਥਾਈਲੈਂਡ ਵਿਚ ਟੈਲੀਕਾਮ ਤੇ ਮਾਰਕੀਟਿੰਗ ਨਾਲ ਸਬੰਧਤ ਵੱਡੀਆਂ ਨੌਕਰੀਆਂ ਉਤੇ ਲੱਗੇ ਮੋਟੀਆਂ ਤਨਖਾਹਾਂ ਲੈ ਰਹੇ ਹਨ। ਇਹ ਵੀ ਕਿ ਜਦ ਹੁਣ ਉਸ ਨੇ ਗੁੜਗਾਓਂ (ਹਰਿਆਣਾ) ਦੀ ਐਮਿਟੀ ਇੰਟਰਨੈਸ਼ਨਲ ਸੰਸਥਾ ਦੀ ਪ੍ਰਿੰਸੀਪਲੀ ਛੱਡੀ ਹੈ ਤਾਂ ਇਸ ਤੋਂ  ਵੀ ਵੱਡੀਆਂ ਤੇ ਵਡੇਰੀ ਪ੍ਰਸਿੱਧੀ ਵਾਲੀਆਂ ਅੰਤਰਰਾਸ਼ਟਰੀ ਵਿਦਿਅਕ ਸੰਸਥਾਵਾਂ ਦੀ ਪ੍ਰਿੰਸੀਪਲ ਥਾਪੇ ਜਾਣ ਦੀ ਪੇਸ਼ਕਸ਼ ਉਸ ਦੇ ਬੋਝੇ ਵਿਚ ਹੈ। ਉਸ ਕੋਲੋਂ ਇਹ ਫੈਸਲਾ ਨਹੀਂ ਹੋ ਰਿਹਾ ਕਿ ਕਿਸ ਨੂੰ ਹਾਂ ਕਰੇ। ਮੈਨੂੰ ਆਪਣੇ ਵਿਹੜੇ ਅਧਿਆਪਕ ਦਿਵਸ ਉਤੇ ਬੱਚੇ ਬੁੱਢਿਆਂ ਦਾ ਇਹ ਉਤਸ਼ਾਹ ਚੰਗਾ ਲਗ ਰਿਹਾ ਹੈ। ਇਸ ਨੇ ਮੈਨੂੰ  ਆਪਣੇ ਅਧਿਆਪਕਾਂ ਦੀ ਦੇਣ ਤੇ ਮਿਹਰਬਾਨੀ ਚੇਤੇ ਕਰਵਾ ਦਿੱਤੀ ਹੈ। ਇਹ ਮੇਰਾ ਅਧਿਆਪਕ ਦਿਵਸ ਦਾ ਹਾਸਲ ਹੈ।
ਅੰਤਿਕਾ: (ਅਹਿਮਦ ਫਰਾਜ਼)
ਮੁਝ ਕੋ ਖੁਦ ਅਪਨੇ ਆਪ ਸੇ ਸ਼ਰਮਿੰਦਗੀ ਹੂਈ
ਵੁਹ ਇਸ ਤਰ੍ਹਾ ਕਿ ਤੁਝ ਪੇ ਭਰੋਸਾ ਬਲ ਕਾ ਥਾ
ਵਾਰ ਇਸ ਕਦਰ ਸ਼ਦੀਦ ਕਿ ਦੁਸ਼ਮਨ ਹੀ ਕਰ ਸਕੇ
ਚਿਹਰਾ ਮਗਰ ਜ਼ਰੂਰ ਕਿਸੀ ਆਸ਼ਨਾ ਕਾ ਥਾ।

Be the first to comment

Leave a Reply

Your email address will not be published.