ਫ਼ਿਲਮ ‘ਜ਼ਿੰਗੋ’, ਮੁੱਖਧਾਰਾ ਅਤੇ ਮੂਲਵਾਸੀ

ਜਤਿੰਦਰ ਮੌਹਰ
+91-97799-34747
ਜ਼ਿੰਗੋ ਬ੍ਰਾਜ਼ੀਲ ਦੇ ਉੱਤਰੀ-ਕੇਂਦਰੀ ਖਿੱਤੇ ‘ਚ ਵਹਿੰਦਾ ਮਸ਼ਹੂਰ ਦਰਿਆ ਹੈ। ਇਹਨੂੰ ਮਹਾਨ ਐਮਾਜ਼ੌਨ ਦਰਿਆ ਦੀ ਉੱਪ-ਨਦੀ ਵਜੋਂ ਵੀ ਜਾਣਿਆਂ ਜਾਂਦਾ ਹੈ। ਜ਼ਿੰਗੋ ਦੇ ਆਸ-ਪਾਸ ਸੰਘਣੇ ਜੰਗਲ ਹਨ ਅਤੇ ਉਨ੍ਹਾਂ ਜੰਗਲਾਂ ‘ਚ ਮੂਲਵਾਸੀਆਂ ਦਾ ਸਦੀਆਂ ਤੋਂ ਬਸੇਰਾ ਹੈ। ਵੀਹਵੀਂ ਸਦੀ ਦੇ ਪੰਜਵੇਂ ਦਹਾਕੇ ਤੱਕ ਜ਼ਿੰਗੋ ਦਾ ਖਿੱਤਾ ‘ਅਣਛੋਹਿਆ’ ਸੀ। ਅਣਛੋਹੇ ਦਾ ਮਤਲਬ, ਕੁਦਰਤੀ ਸੋਮਿਆਂ ਦੀ ਲੁੱਟ ਮਚਾਉਣ ਲਈ ਗੋਰੇ ਅਜੇ ਉਸ ਖਿੱਤੇ ਵਿਚ ਨਹੀਂ ਸਨ ਪਹੁੰਚੇ। ਪੰਜਾਹਵਿਆਂ ਦੇ ਸ਼ੁਰੂ ‘ਚ ਬ੍ਰਾਜ਼ੀਲੀ ਗੋਰੀ ਸਰਕਾਰ ਨੇ ਇਹ ਖ਼ਿੱਤਾ ਗਾਹੁਣ ਦਾ ਫ਼ੈਸਲਾ ਕੀਤਾ। ਇਸ ਮੁਹਿੰਮ ਨੂੰ ‘ਮਾਰਚ ਵੈਸਟ’ ਦਾ ਨਾਮ ਦਿੱਤਾ ਗਿਆ। ਇਹਨੂੰ ਉਹ ਮੂਲਵਾਸੀਆਂ ਨੂੰ ‘ਮੁੱਖਧਾਰਾ’ ਵਿਚ ਲਿਆਉਣ ਦਾ ਕਾਰਜ ਕਹਿੰਦੇ ਸਨ। æææ ਤੇ ‘ਮੁੱਖਧਾਰਾ’ ਸ਼ਬਦ ਦੀ ਸਿਆਸਤ ਬੇਹੱਦ ਖ਼ਤਰਨਾਕ ਹੈ।
ਪਹਿਲਾ ਖੋਜੀ ਦਲ ਜ਼ਿੰਗੋ ਦਰਿਆ ਦੇ ਆਲੇ-ਦੁਆਲੇ ‘ਨਵੇਂ ਸੰਪਰਕ’ ਬਣਾਉਣ ਲਈ ਭੇਜਿਆ ਗਿਆ। ਇਸ ਦਲ ਵਿਚ ਤਿੰਨ ਵਿਲਾਸ ਬੋਆਜ਼ ਭਰਾ ਸ਼ਾਮਲ ਸਨ। ਅਸਲ ਵਿਚ ਖੋਜੀ ਦਲ ‘ਚ ਅਨਪੜ੍ਹਾਂ ਨੂੰ ਚੁਣਿਆ ਜਾ ਰਿਹਾ ਸੀ। ਇਨ੍ਹਾਂ ਜਗਿਆਸੂ ਭਰਾਵਾਂ ਨੇ ਆਪਣੇ ਆਪ ਨੂੰ ਅਨਪੜ੍ਹ ਦੱਸ ਕੇ ਦਲ ‘ਚ ਥਾਂ ਬਣਾ ਲਈ। ਬ੍ਰਾਜ਼ੀਲੀ ਫ਼ਿਲਮ ‘ਜ਼ਿੰਗੋ’ ਇਨ੍ਹਾਂ ਤਿੰਨਾਂ ਭਰਾਵਾਂ ਦੀ ਕਹਾਣੀ ਹੈ। ‘ਅਣਛੋਹੇ’ ਇਲਾਕੇ ਵਿਚ ਜਾਣਾ ਜੋਖ਼ਮ ਭਰਿਆ ਕੰਮ ਸੀ। ਉਂਝ ਕਿਸੇ ਦੇ ਇਲਾਕੇ ‘ਚ ਧੱਕੇ ਦੀ ਘੁਸਪੈਠ ਖ਼ਤਰੇ ਤੋਂ ਖਾਲੀ ਨਹੀਂ ਹੈ। ਛੇਤੀ ਹੀ ਹਥਿਆਰਾਂ ਨਾਲ ਲੈਸ ਦਲ ਦਾ ਸਾਹਮਣਾ ਮੂਲਵਾਸੀ ਕਬੀਲੇ ਨਾਲ ਹੋ ਜਾਂਦਾ ਹੈ। ਕਬੀਲੇ ਨੇ ਪਹਿਲੀ ਵਾਰ ਗੋਰੇ ਬੰਦੇ ਦੇਖੇ ਸਨ। ਗੋਰਿਆਂ ਦੇ ਪ੍ਰਚਾਰ ਦੇ ਉਲਟ ਮੂਲਵਾਸੀ ਖੋਜੀ ਦਲ ਦਾ ਸੁਆਗਤ ਕਰਦੇ ਹਨ। ਦਲ ਦਾ ਕੰਮ ਇਲਾਕੇ ‘ਚ ਹਵਾਈ ਪੱਟੀ ਬਣਾਉਣਾ ਹੈ ਤਾਂ ਕਿ ਸਰਕਾਰ ਸਾਰੇ ਖਿੱਤੇ ਵਿਚ ‘ਵਿਕਾਸ’ ਕਰ ਸਕੇ। ਗੋਰਿਆਂ ਦਾ ਮੂਲਵਾਸੀਆਂ ਨਾਲ ਪਹਿਲਾ ਸੰਪਰਕ ਹੀ ਕਬੀਲੇ ਦੀ ਜਾਨ ਦਾ ਖੌਅ ਬਣ ਜਾਂਦਾ ਹੈ। ਗੋਰਿਆਂ ਨਾਲ ਆਈਆਂ ਮਾਮੂਲੀ ਅਤੇ ਇਲਾਜਯੋਗ ਬਿਮਾਰੀਆਂ (ਫਲੂ, ਮਿਆਦੀ ਬੁਖਾਰ) ਨਾਲ ਪਿੰਡ ਦੀ ਅੱਧੀ ਵਸੋਂ ਖਤਮ ਹੋ ਗਈ। ਛੇਤੀ ਹੀ ਇਹ ਬਿਮਾਰੀ ਉਪਰਲੇ ਜ਼ਿੰਗੋ ਖ਼ਿੱਤੇ ‘ਚ ਫੈਲ ਗਈ। ਉਨ੍ਹਾਂ ਦੇ ਇਲਾਜ ਦਾ ਕੋਈ ਇੰਤਜ਼ਾਮ ਨਹੀਂ ਸੋਚਿਆ ਸੀ ਗਿਆ। ਵਿਲਾਸ ਬੋਆਜ਼ ਭਰਾ ਸਰਕਾਰ ਤੋਂ ਦਵਾਈਆਂ ਦੀ ਮੰਗ ਕਰਦੇ ਹਨ ਜੋ ਪੂਰੀ ਨਹੀਂ ਕੀਤੀ ਜਾਂਦੀ। ਖੋਜੀ ਦਲ ਦੇ ਪਿੱਛੇ ਸਰਕਾਰੀ ਨੁਮਾਇੰਦੇ ਪਹੁੰਚਣੇ ਸ਼ੁਰੂ ਹੋ ਜਾਂਦੇ ਹਨ। ਉਨ੍ਹਾਂ ਦੀ ਨੀਤ ਜ਼ਾਹਿਰ ਹੋ ਜਾਂਦੀ ਹੈ। ਸਰਕਾਰ ਅਮੀਰਾਂ ਨੂੰ ਜੰਗਲ ਵੇਚਣੇ ਸ਼ੁਰੂ ਕਰ ਦਿੰਦੀ ਹੈ। ਮੂਲਵਾਸੀਆਂ ਨੂੰ ਕੰਮ ਬਦਲੇ ਰੋਟੀ ਵੀ ਨਹੀਂ ਦਿੱਤੀ ਜਾਂਦੀ। ਜ਼ਮੀਨ ‘ਤੇ ਕਬਜ਼ੇ ਲਈ ਮੂਲਵਾਸੀਆਂ ਦੇ ਪਿੰਡ ਜਲਾਏ ਜਾਂਦੇ ਹਨ। ਕਤਲੇਆਮ ਅਤੇ ਬਲਾਤਕਾਰ ਦੇ ਸਾਕੇ ਵਰਤਾਏ ਜਾ ਰਹੇ ਹਨ। ਹਕੂਮਤ ਮੂਲਵਾਸੀਆਂ ਨੂੰ ਸੁਰੱਖਿਅਤ ਇਲਾਕਾ ਦੇਣ ਤੋਂ ਵੀ ਮੁੱਕਰ ਜਾਂਦੀ ਹੈ। ਬੋਆਜ਼ ਭਰਾਵਾਂ ਮੂਹਰੇ ਇਹ ਚੁਣੌਤੀ ਹੈ ਕਿ ਗੋਰਿਆਂ ਦਾ ਆਉਣਾ ਮੂਲਵਾਸੀਆਂ ਦੀ ਤਬਾਹੀ ਹੈ, ਗੋਰੇ ਉਨ੍ਹਾਂ ਦੇ ਕਹਿਣ ਨਾਲ ਆਉਣ ਤੋਂ ਰੁਕਣਗੇ ਨਹੀਂ; ਇਸ ਕਰ ਕੇ ਸਰਕਾਰ ਨਾਲ ਗੱਲਬਾਤ ਕਰ ਕੇ ਮੂਲਵਾਸੀਆਂ ਲਈ ਰਾਖਵੇਂ ਇਲਾਕੇ ਲਈ ਜ਼ੋਰ ਪਾਇਆ ਜਾਵੇ। ਤਿੰਨਾਂ ਭਰਾਵਾਂ ‘ਚੋਂ ਇੱਕ ਕਲਾਡੀਉ, ਮੂਲਵਾਸੀਆਂ ਨੂੰ ਹਥਿਆਰਬੰਦ ਕਰ ਕੇ ਜੰਗਲ ਦੇ ਇੱਕ ਹਿੱਸੇ ‘ਤੇ ਕਬਜ਼ਾ ਕਰੀ ਬੈਠੇ ਅਮੀਰ ਨੂੰ ਭਜਾਉਂਦਾ ਹੈ। ਸਰਕਾਰ ਰਾਖਵਾਂ ਇਲਾਕਾ ਦੇਣ ਲਈ ਮੰਨ ਜਾਂਦੀ ਹੈ। ਕਲਾਡੀਉ ਨੂੰ ਮਸੌਦਾ ਲਿਖਣ ਦੀ ਜ਼ਿੰਮੇਵਾਰੀ ਦਿੱਤੀ ਜਾਂਦੀ ਹੈ। ਉਹ ਰਾਖ਼ਵੇਂ ਇਲਾਕੇ ਦਾ ਨਾਮ ‘ਜ਼ਿੰਗੋ ਮੂਲਵਾਸੀ ਪਾਰਕ’ ਰੱਖਣ ਦੀ ਤਜ਼ਵੀਜ਼ ਰੱਖਦਾ ਹੈ। ਸਰਕਾਰੀ ਨੁਮਾਇੰਦੇ ਦਾ ਕਹਿਣਾ ਹੈ ਕਿ ਮੂਲਵਾਸੀਆਂ ਨੂੰ ਬ੍ਰਾਜ਼ੀਲ ‘ਚ ਕੋਈ ਪਸੰਦ ਨਹੀਂ ਕਰਦਾ, ਇਸ ਕਰ ਕੇ ਮੂਲਵਾਸੀ ਸ਼ਬਦ ਹਟਾ ਦਿਉ। ਬ੍ਰਾਜ਼ੀਲ ਦਾ ਅਰਥ ਇੱਥੇ ‘ਪੜ੍ਹੇ-ਲਿਖੇ, ਸ਼ਹਿਰੀ ਅਤੇ ਸੱਭਿਅਕ ਗੋਰਿਆਂ’ ਤੋਂ ਹੈ। ਪਾਰਕ ਦਾ ਨਾਮ ‘ਜ਼ਿੰਗੋ ਕੌਮੀ ਪਾਰਕ’ ਰੱਖਿਆ ਜਾਂਦਾ ਹੈ ਕਿਉਂਕਿ ‘ਕੌਮੀ’ ਸ਼ਬਦ ਫ਼ੌਜ ਅਤੇ ‘ਸ਼ਹਿਰੀ ਸੱਭਿਅਕ ਜਮਾਤ’ ਦੇ ਸੂਤ ਬੈਠਦਾ ਹੈ। ਇਸ ਬਿਆਨ ‘ਚੋਂ ਨੇਸ਼ਨ ਸਟੇਟ ਦੇ ਕਿਰਦਾਰ ਦੀ ਝਲਕ ਪੈਂਦੀ ਹੈ ਜਿੱਥੇ ਮੁਲਕ ਦੀ ਏਕਤਾ ਅਤੇ ਅਖੰਡਤਾ ਦੇ ਨਾਮ ‘ਤੇ ਮੂਲਵਾਸੀਆਂ ਦੀ ਹਰ ਹੱਕੀ ਮੰਗ ‘ਤੇ ਸੁਹਾਗਾ ਫੇਰਨਾ ਨਿਆਂ ਸੰਗਤ ਠਹਿਰਾਇਆ ਜਾ ਸਕਦਾ ਹੈ। ਨੇਸ਼ਨ ਸਟੇਟ ਦੀ ਨਜ਼ਰ ‘ਚ ਮੂਲਵਾਸੀਆਂ ਦੀ ਕੀਮਤ ਜਾਨਵਰਾਂ ਦੇ ਬਰਾਬਰ ਹੈ ਜਿਨ੍ਹਾਂ ਨੂੰ ਪਾਰਕ ‘ਚ ਤਾੜਨਾ ਮਜਬੂਰੀ ਹੈ। ਸਰਮਾਏਦਾਰ ਅਤੇ ਉਨ੍ਹਾਂ ਦੀਆਂ ਪਾਲਤੂ ਸਰਕਾਰਾਂ ਇਹ ਜਾਣਦੀਆਂ ਹਨ ਕਿ ‘ਤਰੱਕੀ’ ਦਾ ਲਾਹਾ ਕੁਝ ਇੱਕ ਅਮੀਰਾਂ ਦੇ ਹੱਥ ਹੀ ਜਾਣਾ ਹੈ। ਮੂਲਵਾਸੀਆਂ ਦੇ ਪੱਲੇ ਉਜਾੜਾ ਹੀ ਪੈਣਾ ਹੈ। ਕਲਾਡੀਉ ਦਾ ਮੰਨਣਾ ਹੈ ਕਿ ਇਨ੍ਹਾਂ ਨੂੰ ਗੋਰਿਆਂ ਤੋਂ ਦੂਰ ਰੱਖ ਕੇ ਹੀ ਬਚਾਇਆ ਜਾ ਸਕਦਾ ਹੈ। ਸਰਕਾਰ ਖਿੱਤੇ ਨੂੰ ਕਬਜ਼ੇ ਹੇਠ ਕਰ ਰਹੀ ਹੈ। ਗੋਰਿਆਂ ਦੇ ਸੰਪਰਕ ‘ਚ ਆਉਂਦੇ ਸਾਰ ਮੂਲਵਾਸੀ ਮਰਨੇ ਸ਼ੁਰੂ ਹੋ ਜਾਂਦੇ ਹਨ। ਕਲਾਡੀਉ ਇਨ੍ਹਾਂ ਨੂੰ ਵੱਖ-ਵੱਖ ਇਲਾਕਿਆਂ ਤੋਂ ‘ਕੱਠੇ ਕਰ ਕੇ ਪਾਰਕ ‘ਚ ਲਿਆਉਣ ਦੀ ਕੋਸ਼ਿਸ਼ ਕਰਦਾ ਹੈ ਜੋ ਨਹੀਂ ਆਉਂਦੇ। ਉਨ੍ਹਾਂ ਦੀ ਤਬਾਹੀ ਅਟੱਲ ਹੈ।
ਮੂਲਵਾਸੀਆਂ ਜਾਂ ਆਦਿਵਾਸੀਆਂ ਦੀ ਇਹ ਸੰਸਾਰ ਪੱਧਰ ਦੀ ਹੋਣੀ ਹੈ। ਭਾਰਤ ਵਿਚ ਪਿਛਲੇ ਦਸ ਸਾਲਾਂ ‘ਚ ਮੂਲਵਾਸੀਆਂ ਦਾ ਉਜਾੜਾ ਹੋਰ ਤੇਜ਼ ਹੋਇਆ ਹੈ। ਖ਼ਾਸ ਕਰ ਕੇ ਕੇਂਦਰੀ ਭਾਰਤ ‘ਚ ਮੂਲਵਾਸੀ ਇਸ ਉਜਾੜੇ ਖ਼ਿਲਾਫ਼ ਲੜ ਰਹੇ ਹਨ। ਜੰਗਲ, ਪਾਣੀ, ਜ਼ਮੀਨ ਅਤੇ ਖਣਿਜ ਦਿਉਕੱਦ ਬਹੁਕੌਮੀ ਕੰਪਨੀਆਂ ਨੂੰ ਲੁਟਾਏ ਜਾ ਰਹੇ ਹਨ। ਇਸ ਨੂੰ ਭਾਰਤ ਸਰਕਾਰ ਵੀ ਆਦਿਵਾਸੀਆਂ ਨੂੰ ‘ਮੁੱਖਧਾਰਾ’ ਵਿਚ ਲਿਆਉਣ ਦਾ ਪਵਿੱਤਰ ਕਾਰਜ ਮੰਨਦੀ ਹੈ। ਮਸ਼ਹੂਰ ਨਾਬਰ-ਚਿੰਤਕ ਜੌਹਨ ਜ਼ਾਰਜ਼ਨ ਨਾਬਰੀ ਦੇ ਪੈਂਤੜੇ ਤੋਂ ਦਲੀਲ ਦਿੰਦਾ ਹੈ ਕਿ ਅਖੌਤੀ ਆਧੁਨਿਕਤਾ ਸਿੱਧੇ ਜਾਂ ਅਸਿੱਧੇ ਢੰਗ ਨਾਲ ਆਦਿਵਾਸੀਆਂ ਨੂੰ ਪਾਲਤੂ ਬਣਾਉਣ ਦਾ ਕੰਮ ਕਰਦੀ ਹੈ। ਮੁਖਧਾਰਾ ‘ਚ ਲਿਆਉਣ ਦਾ ਮਤਲਬ ਮਨੁੱਖ ਨੂੰ ਪਾਲਤੂ ਬਣਾਉਣਾ ਗਿਣਿਆ ਜਾਵੇਗਾ। ਫ਼ਿਲਮ ‘ਚ ਜਦੋਂ ਸਾਰੇ ਜ਼ਿੰਗੋ ਖ਼ਿੱਤੇ ਉਤੇ ਸਰਕਾਰ ਦਾ ਕਬਜ਼ਾ ਹੋ ਜਾਂਦਾ ਹੈ, ਇੱਕ ਆਖ਼ਰੀ ਕਬੀਲਾ ‘ਕਰੀਨ ਅਕਰੋਰੀ’ ਗੋਰਿਆਂ ਤੋਂ ‘ਅਣਛੋਹਿਆ’ ਪਿਆ ਹੈ। ਬ੍ਰਾਜ਼ੀਲ ‘ਚ ਉਸ ਵੇਲੇ ਅਮਰੀਕਾ ਪੱਖੀ ਫ਼ੌਜੀ ਹਕੂਮਤ ਸੱਤਾ ‘ਚ ਆ ਚੁੱਕੀ ਸੀ ਜੋ ਐਮਾਜ਼ੌਨ ਦੇ ਜੰਗਲਾਂ ‘ਤੇ ਹਾਬੜੀ ਪਈ ਸੀ। ਫ਼ੌਜੀ ਜਰਨੈਲ, ਉਰਲਾਂਡੋ ਵਿਲਾਸ ਬੋਆਜ਼ ਨੂੰ ਕਹਿੰਦਾ ਹੈ ਕਿ ਅਸੀਂ ਇਸ ਕਬੀਲੇ ਦੇ ਇਲਾਕੇ ‘ਚ ਟਰਾਂਸ-ਐਮਾਜ਼ੌਨ ਸ਼ਾਹਰਾਹ ਕੱਢ ਰਹੇ ਹਾਂ। ਉਰਲਾਂਡੋ ਬੇਨਤੀ ਕਰਦਾ ਹੈ ਕਿ ਘੱਟੋ-ਘੱਟ ਇੱਕ ਕਬੀਲੇ ਨੂੰ ਤਾਂ ਇਕਾਂਤ ਬਖ਼ਸ਼ ਦਿਉ। ਫ਼ੌਜੀ ਦਾ ਪੈਂਤੜਾ ਸਾਫ਼ ਹੈ। ਉਹ ਕਹਿੰਦਾ ਹੈ, “ਕਿਸੇ ਦਾ ਵੀ ਇਕਾਂਤ ‘ਚ ਰਹਿਣਾ ਚੰਗੀ ਗੱਲ ਨਹੀਂ ਹੈ। ਸਿਰਫ਼ ‘ਤਰੱਕੀ’ ਹੀ ਚੰਗੀ ਚੀਜ਼ ਹੈ। ਉਹ ਮੂਲਵਾਸੀਆਂ ਲਈ ਵੀ ਚੰਗੀ ਹੈ।” ਉਰਲਾਂਡੋ ਦਾ ਜਵਾਬ ਹੈ, “ਤਰੱਕੀ ਦਾ ਇਹ ਮਾਡਲ ਸਾਡੇ ਲਈ ਵੀ ਚੰਗਾ ਨਹੀਂ ਹੈ। ਮੂਲਵਾਸੀਆਂ ਲਈ ਤਾਂ ਇਹ ਖ਼ਤਰਨਾਕ ਤੇ ਗ਼ੈਰ-ਜ਼ਰੂਰੀ ਹੈ।” ਪਹਿਲੀ ਵਾਰ ਛੇ ਸੌ ‘ਕਰੀਨ ਅਕਰੋਰੀ’ ਮੂਲਵਾਸੀ ਗੋਰੇ ਬੰਦੇ ਦੇ ਸੰਪਰਕ ‘ਚ ਆਏ ਸਨ। ਸ਼ਾਹਰਾਹ ਬਣਨ ਤੱਕ ਸਿਰਫ਼ ਉਣਾਸੀ ਮੂਲਵਾਸੀ ਬਚੇ ਸਨ ਜਿਨ੍ਹਾਂ ਨੂੰ ‘ਜ਼ਿੰਗੋ ਕੌਮੀ ਪਾਰਕ’ ਵਿਚ ਲਿਆਂਦਾ ਗਿਆ। ਇਸੇ ਕੜੀ ‘ਚ ਲੇਖਕ ਅਰੁੰਧਤੀ ਰਾਏ ਭਾਰਤ ਸਰਕਾਰ ਨੂੰ ਕਹਿੰਦੀ ਹੈ ਕਿ ਆਦਿਵਾਸੀਆਂ ਅਤੇ ਚੌਗਿਰਦੇ ਦੀ ਭਲਾਈ ਲਈ ਬਾਕਸਾਈਟ ਪਹਾੜਾਂ ਵਿਚ ਹੀ ਪਿਆ ਰਹਿਣ ਦਿਉ। ਅਰੁੰਧਤੀ ਦਾ ਇਸ਼ਾਰਾ ਉਸ ਅਖੌਤੀ ਵਿਕਾਸ ਦੇ ਸਿੱਟਿਆਂ ਵੱਲ ਹੈ ਜੋ ਸਾਂਝੀਵਾਲਤਾ, ਕੁਦਰਤ ਪੱਖੀ ਜਾਂ ਸਭ ਦੀ ਸ਼ਮੂਲੀਅਤ ਦੇ ਵਿਚਾਰ ਉੱਤੇ ਟਿਕਿਆ ਹੋਇਆ ਨਹੀਂ ਹੈ। ਉੜੀਸਾ ਦਾ ਡੌਂਗਰੀਆ ਕੌਂਧ ਕਬੀਲਾ ਉਨ੍ਹਾਂ ਪਹਾੜਾਂ ਦਾ ਵਾਸੀ ਹੈ ਜਿਨ੍ਹਾਂ ਹੇਠ ਬਾਕਸਾਈਟ ਦੱਬਿਆ ਪਿਆ ਹੈ। ਇਸੇ ਬਾਕਸਾਈਟ ਦੀ ਲੁੱਟ ਮਚਾਉਣ ਲਈ ਕੌਂਧ ਕਬੀਲੇ ਨੂੰ ਉਜਾੜਿਆ ਜਾ ਰਿਹਾ ਹੈ। ‘ਇੰਡੀਅਨ ਐਕਸਪ੍ਰੈਸ’ ਵਿਚ ਕਾਲਮਨਵੀਸ ਤਵਲੀਨ ਸਿੰਘ ਲਿਖਦੀ ਹੈ ਕਿ ਹੁਣ ਅਨਪੜ੍ਹ ਆਦਿਵਾਸੀ ਸਾਨੂੰ ਦੱਸਣਗੇ ਕਿ ਜਲ, ਜੰਗਲ ਅਤੇ ਜ਼ਮੀਨ ਕਿਸ ਦੀ ਹੈ? ਉਹ ਸਰਕਾਰ ਨੂੰ ਲੁੱਟ ਦਾ ਹੱਲਾ ਹੋਰ ਤੇਜ਼ ਕਰਨ ਲਈ ਉਕਸਾਉਂਦੀ ਹੈ। ਇਹ ਉਹੀ ‘ਸ਼ਹਿਰੀ ਸੱਭਿਅਕ ਜਮਾਤ’ ਹੈ ਜੋ ‘ਜ਼ਿੰਗੋ ਪਾਰਕ’ ਵਿਚ ਮੂਲਵਾਸੀ ਸ਼ਬਦ ਵੀ ਬਰਦਾਸ਼ਤ ਨਹੀਂ ਕਰਦੀ। ਉਂਝ ਇਹ ਬ੍ਰਾਜ਼ੀਲੀ ਸਰਕਾਰ ਦੇ ਉਲਟ ਆਦਿਵਾਸੀਆਂ ਲਈ ਰੱਤੀ ਭਰ ਜ਼ਮੀਨ ਛੱਡਣ ਲਈ ਵੀ ਤਿਆਰ ਨਹੀਂ ਹੋਣਗੇ। ‘ਤਰੱਕੀ’ ਅਤੇ ‘ਤਜਰਬਾ’ ਵੀ ਤਾਂ ਆਖ਼ਰ ਕੋਈ ਸ਼ੈਅ ਹੈ।

Be the first to comment

Leave a Reply

Your email address will not be published.