ਸੁਰਿੰਦਰ ਨੀਰ ਦੀ ‘ਮਾਇਆ’ ਬਨਾਮ ਜ਼ਿੰਦਗੀ ਦਾ ਜਸ਼ਨ (6)
ਜੰਮੂ ਵੱਸਦੀ ਪੰਜਾਬੀ ਸਾਹਿਤਕਾਰ ਸੁਰਿੰਦਰ ਨੀਰ ਦੇ ਵੱਡ-ਅਕਾਰੀ ਨਾਵਲ ‘ਮਾਇਆ’ ਨੇ ਪੰਜਾਬੀ ਸਾਹਿਤ ਜਗਤ ਵਿਚ ਚੋਖੀ ਹਲਚਲ ਕੀਤੀ ਹੈ। ਸਾਹਿਤ ਜਗਤ ਵਿਚ ਚਿਰਾਂ ਬਾਅਦ ਅਜਿਹੀ ਰਚਨਾ ਸਾਹਮਣੇ ਆਈ ਹੈ ਜਿਸ ਬਾਰੇ ਇਸ ਤਰ੍ਹਾਂ ਦੀ ਚਰਚਾ ਅਰੰਭ ਹੋਈ ਹੈ। ਮੋਟੇ ਤੌਰ ‘ਤੇ ਤਾਂ ਇਸ ਰਚਨਾ ਦਾ ਸਵਾਗਤ ਹੀ ਹੋਇਆ ਹੈ, ਪਰ ਕੁਝ ਪਾਠਕਾਂ/ਬੁੱਧੀਜੀਵੀਆਂ ਨੇ ਇਸ ਨਾਵਲ ਦੀ ਤਿੱਖੀ ਨੁਕਤਾਚੀਨੀ ਵੀ ਕੀਤੀ ਹੈ। ਇਸ ਨਾਵਲ ਬਾਰੇ ‘ਪੰਜਾਬ ਟਾਈਮਜ਼’ ਦੇ ਖੈਰ-ਖਵਾਹ ਅਤੇ ਮਿੱਤਰ ਗੁਰਦਿਆਲ ਸਿੰਘ ਬੱਲ ਨੇ ਲੰਮਾ ਲੇਖ ਲਿਖਿਆ ਹੈ। ਇਹ ਲੇਖ ਨਿਰਾ-ਪੁਰਾ ਇਸ ਨਾਵਲ ਬਾਰੇ ਹੀ ਨਹੀਂ, ਬਲਕਿ ਇਸ ਵਿਚ ਸੰਸਾਰ ਸਾਹਿਤ ਦੀਆਂ ਉਹ ਗੱਲਾਂ ਸਾਂਝੀਆਂ ਕੀਤੀਆਂ ਗਈਆਂ ਹਨ ਜੋ ਜ਼ਿੰਦਗੀ ਨੂੰ ਸਮਝਣ/ਸਮਝਾਉਣ ਲਈ ਨਾਮੀ ਲੇਖਕਾਂ ਨੇ ਵੱਖ-ਵੱਖ ਸਮਿਆਂ ਵਿਚ ਆਪਣੀਆਂ ਲਿਖਤਾਂ ਦਾ ਹਿੱਸਾ ਬਣਾਈਆਂ ਸਨ। -ਸੰਪਾਦਕ
ਗੁਰਦਿਆਲ ਸਿੰਘ ਬੱਲ
‘ਮਾਇਆ’ ਨਾਵਲ ਵਿਚ ਆਏ ਮਾਨਵੀ ਜੀਵਨ ਦੇ ਤ੍ਰਾਸਦਿਕ ਅਤੇ ਸੁਖਾਂਤਕ ਆਯਾਮਾਂ ਬਾਰੇ ਸੋਚਦਿਆਂ ਮੈਨੂੰ ਕਈ ਸਾਲ ਵੱਡੇ ਪਰ ਕਾਲਜ ਦੇ ਦਿਨਾਂ ਦੇ ਦਿਲਚਸਪ ਦੋਸਤ ਮਰਹੂਮ ਕੁਲਬੀਰ ਹੁੰਦਲ ਦੀਆਂ ਗੱਲਾਂ ਯਾਦ ਆ ਗਈਆਂ ਹਨ। 1970 ‘ਚ ਜਲੰਧਰ ਮੈਂ ਅਤੇ ਉਹ ਇਕੱਠੇ ਰਹਿ ਰਹੇ ਸਾਂ। ਉਥੇ ਹੀ ਉਹਨੇ ਇਰਵਿੰਗ ਸਟੋਨ ਦੀ ਰਚਨਾ ‘ਲਸਟ ਫਾਰ ਲਾਈਫ’ ਦਾ ਲਗਾਤਾਰ ਦੋ ਵਾਰ ਪੜ੍ਹੀ ਸੀ। ਉਹ ਵਾਨਗੌਗ ਦੇ ਆਪਣਾ ਕੰਨ ਕੱਟ ਕੇ ਗਸ਼ੇਲ ਨਾਂ ਦੀ ਮੁਟਿਆਰ ਵੇਸਵਾ ਨੂੰ ਤੋਹਫੇ ਵਜੋਂ ਦੇਣ ਅਤੇ ਬਾਅਦ ਵਿਚ ਆਤਮ-ਹੱਤਿਆ ਕਰ ਜਾਣ ਬਾਰੇ ਗੱਲ ਅਕਸਰ ਕਰਦਾ ਸੀ। ਦੋ ਗੱਲਾਂ ਹੋਰ ਜੋ ਉਹ ਆਮ ਹੀ ਕਰਦਾ ਸੀ। ਉਨ੍ਹਾਂ ‘ਚੋਂ ਇਕ ਤਾਂ ਸੀ ਸ਼ੈਕਸਪੀਅਰ ਦੇ ਕਿਸੇ ਕਿਰਦਾਰ ਦਾ ਇਹ ਕਥਨ ਕਿ ‘ਇਨਸਾਨ ਉਪਰ ਦੁੱਖ ਜਦੋਂ ਆਉਂਦੇ ਹਨ ਤਾਂ ਉਹ ਇਕੱਲੇ-ਦੁਕੱਲੇ ਸਿਪਾਹੀ ਦੇ ਰੂਪ ਵਿਚ ਨਹੀਂ ਆਉਂਦੇ, ਦੁੱਖਾਂ ਦੀਆਂ ਬਟਾਲੀਅਨਾਂ ਚਲੀਆਂ ਆਉਂਦੀਆਂ ਹਨ।’ ਤੇ ਜਾਂ ਫਿਰ ਉਹ ਹਾਰਡੀ ਦੇ ਨਾਵਲ ‘ਦਿ ਮੇਅਰ ਆਫ ਕੈਸਟਰਬ੍ਰਿਜ’ ਦਾ ਇਹ ਕਥਨ ਦੁਹਰਾਉਂਦਾ, ‘ਇਨਸਾਨੀ ਜੀਵਨ ਦੇ ਨਿਰੰਤਰ ਦੁੱਖਾਂ ਦੇ ਨਾਟਕ ਵਿਚ ਖੁਸ਼ੀ ਦਾ ਪਲ ਕਦੀ ਕਦੀ ਹੀ ਨਸੀਬ ਹੁੰਦਾ ਹੈ।’ ਕੰਵਲ ਗਾਲਿਬ ਦਾ ਇਹ ਸ਼ੇਅਰ ਅਕਸਰ ਦੁਹਰਾਉਂਦਾ,
ਕੈਦੇ ਹਯਾਤ ਓ ਬੰਦੇ ਗਮ ਅਸਲ ਮੇਂ ਦੋਨੋ ਏਕ ਹੈਂ
ਮਰਨੇ ਸੇ ਪਹਿਲੇ ਆਦਮੀ ਗਮ ਸੇ ਨਿਜ਼ਾਤ ਪਾਏ ਕਿਉਂ।
ਸੁਰਿੰਦਰ ਨੀਰ ਦੇ ਨਾਵਲੀ ਜਗਤ ਵਿਚ ਹਰ ਤਰ੍ਹਾਂ ਦੇ ਦੁੱਖਾਂ ਅਤੇ ਸੁੱਖਾਂ ਦਾ ਚੱਕਰ ਤਾਂ ਬੱਝਾ ਰਹਿੰਦਾ ਹੈ, ਪਰ ਉਹ ਵਿਕਰਾਲ ਨਹੀਂ ਹੈ; ਕਤਈ ਤੌਰ ‘ਤੇ ਬੋਝਲ ਨਹੀਂ। ਨਾਵਲ ਦਾ 71ਵਾਂ ਕਾਂਡ ਬਹੁਤ ਦਿਲਚਸਪ ਹੈ। ਇਸ ਮੋੜ ‘ਤੇ ਸੁਰਿੰਦਰ ਨੀਰ ਦੀ ਸੰਵੇਦਨਾ ਮੈਨੂੰ ਜ਼ਿੰਦਗੀ ਪ੍ਰਤੀ ਅਪਣੱਤ ਦੀ ਸਿਖਰ ਛੂੰਹਦੀ ਮਲੂਮ ਹੁੰਦੀ ਹੈ। ਇਸ ਕਾਂਡ ਵਿਚ ਜੈ ਦੇਵ ਦੇ ਨਵੀਂ ਦਿੱਲੀ ਸਥਿਤ ਵਿਸ਼ਾਲ ਫਾਰਮ ਹਾਊਸ ‘ਤੇ ਬਲਬੀਰ ਸਾਹਿਬਜੀਤ ਦੇ ਰੂਪ ਵਿਚ ਆਪਣੇ ਬਚਪਨ ਦੇ ਪਿਆਰ ਦਾ ਬੱਚਾ ਕਨਸੀਵ ਕਰਦੀ ਹੈ। ਇਸੇ ਕਾਂਡ ਦੇ ਪੰਨਾ 519 ਉਪਰ ਬਲਬੀਰ ਅਤੇ ਮਾਇਆ ਦੀ ਇਕ-ਦੂਜੇ ਪ੍ਰਤੀ ਸਮਰਪਣ ਭਾਵਨਾ ਇਸ ਪ੍ਰਕਾਰ ਦਰਸਾਈ ਗਈ ਹੈ,
“ਮੈਨੂੰ ਤਾਂ (ਤੇਰੇ ਚਿਹਰੇ ‘ਤੇ ਡੂੰਘੀਆਂ ਹੋ ਗਈਆਂ) ਇਨ੍ਹਾਂ ਲਕੀਰਾਂ ‘ਤੇ ਪਿਆਰ ਆ ਰਿਹਾ ਸੀ æææ ਬਹੁਤ ਪਿਆਰæææ।” ਆਖਦਿਆਂ ਸਾਹਿਬ ਨੇ ਫਿਰ ਉਸ ਦੇ ਹੋਠਾਂ ਦੇ ਕਿਨਾਰਿਆਂ ਕੋਲ ਡੂੰਘੀਆਂ ਪੈ ਗਈਆਂ ਲਕੀਰਾਂ ‘ਤੇ ਗਹਿਰੀ ਸ਼ਿੱਦਤ ਨਾਲ ਆਪਣੇ ਭਖਦੇ ਹੋਂਠ ਰੱਖ ਦਿੱਤੇ। ਉਹ ਦੋਵੇਂ ਪਿਆਰ ਹੀ ਨਹੀਂ ਸੀ ਕਰ ਰਹੇ, ਸਗੋਂ ਇੰਜ ਲਗਦਾ ਸੀ ਕਿ ਜਿਵੇਂ ਕੁਦਰਤ ਵਲੋਂ ਵਜਾਏ ਜਾ ਰਹੇ ਕਿਸੇ ਆਲੌਕਿਕ ਸਾਜ਼ ਉਤੇ ਕੋਈ ਰੂਹਾਨੀ ਨ੍ਰਿਤ ਕਰ ਰਹੇ ਹੋਣ। ਮੈਨੂੰ ਇਹ ਪੜ੍ਹਦਿਆਂ ਮੁੜ ਜ਼ੋਰਬਾ ਦੀ ਸੰਤੂਰੀ ਸੁਣਾਈ ਦੇਣ ਲੱਗਦੀ ਹੈ।
ਹੁਣ ਨਾਵਲ ਦੀ ਕਹਾਣੀ ਦਾ ਜ਼ਰਾ ਤਵਾਜ਼ਨ ਵੇਖੋ। ਕੁਦਰਤ ਦਾ ਉਪਰ ਬਿਆਨ ਕੀਤਾ ਕ੍ਰਿਸ਼ਮਾ ਲਗਭਗ ਉਨ੍ਹਾਂ ਦਿਨਾਂ ਵਿਚ ਹੀ ਵਾਪਰ ਰਿਹਾ ਹੈ ਜਦੋਂ ਬਲਬੀਰ ਦੇ ਭਾਈ ਸੰਦੀਪ ਸਿੰਘ ਦੀਆਂ ਹਿੰਸਕ/ਖਰੂਦੀ ਕਰਤੂਤਾਂ ਕਾਰਨ ਬਲਬੀਰ ਦੀ ਮਾਂ ਆਪਣੀ ਧੀ ਨੂੰ ਮਿਲਣ ਦੀ ਸਿੱਕ ਮਨ ਵਿਚ ਲੈ ਕੇ ਹਾਰਟ ਅਟੈਕ ਨਾਲ ਕਿਸੇ ਅਗਲੀ ਦੁਨੀਆਂ ਵਿਚ ਜਾ ਚੁੱਕੀ ਹੈ।
ਜੈ ਦੇਵ ਦੇ ਫਾਰਮ ਹਾਊਸ ਤੋਂ ਬਲਬੀਰ ਅਤੇ ਸਾਹਿਬਜੀਤ ਜਦੋਂ ਸੂਖਮ ਦੀ ਮਾਤਾ ਜਸਬੀਰ ਕੋਲ ਵਾਪਸ ਪਰਤਦੇ ਹਨ ਤਾਂ ਕੁਝ ਪਲਾਂ ਬਾਅਦ ਹੀ ਫੋਨ ਉਪਰ ਮਾਤਾ ਰੁਕੋ ਦੇ ਅਗਲੇ ਘਰ ਤੁਰ ਜਾਣ ਦੀ ਤ੍ਰਾਸਦਿਕ ਸੋਅ ਮਿਲ ਜਾਂਦੀ ਹੈ। ਅਗਲੇ ਦਿਨ ਸਵੇਰੇ ਹੀ ਬਲਬੀਰ, ਸਾਹਿਬਜੀਤ, ਜਸਬੀਰ; ਸਾਰੇ ਬਲਬੀਰ ਦੀ ਬਚਪਨ ਦੀ ਸਹੇਲੀ, ਭਰਜਾਈ ਸਪੱਰਸ਼ ਦਾ ਦੁੱਖ ਵੰਡਾਉਣ ਜੰਮੂ ਚੱਲ ਪੈਂਦੇ ਹਨ।
ਨਾਵਲ ਦੇ ਸਫਾ 528 ਉਪਰ ਸੁਰਿੰਦਰ ਨੀਰ, ਬਲਬੀਰ ਦੇ ਦੁੱਖ ਨੂੰ ਇੰਜ ਬਿਆਨ ਕਰਦੀ ਹੈ, “ਮਾਇਆ ਨੂੰ ਲੱਗਾ ਜਿਵੇਂ ਬਚਪਨ ਤੋਂ ਜਿਸ ਰੱਬ ਦੀ ਕੋਮਲ, ਦਯਾਵਾਨ ਤੇ ਕ੍ਰਿਪਾਲੂ ਛਵੀ ਉਸ ਨੇ ਆਪਣੇ ਮਨ ਵਿਚ ਵਸਾ ਕੇ ਰੱਖੀ ਹੋਈ ਸੀ; ਹਰ ਦੁੱਖ ਤੇ ਸੁੱਖ ਵਿਚ ਉਹ ਜਿਸ ਰੱਬ ਨਾਲ ਆਪਣੀਆਂ ਸਾਰੀਆਂ ਮਨ ਦੀਆਂ ਗੱਲਾਂ ਕਰਦੀ ਸੀ ਤੇ ਉਸ ਨੂੰ ਵਿਸ਼ਵਾਸ ਸੀ ਕਿ ਉਹ ਉਸ ਦੀਆਂ ਗੱਲਾਂ ਸੁਣ ਕੇ ਰੱਬ ਹੁੰਗਾਰਾ ਭਰਦਾ ਤੇ ਆਪਣਾ ਅਸ਼ੀਰਵਾਦ ਦਿੰਦਾ ਹੈ, ਉਹੀ ਰੱਬ ਅਚਾਨਕ ਉਸ ਨੂੰ ਪੱਥਰ ਦੀ ਮੂਰਤ ਜਾਂ ਫਿਰ ਫਜ਼ੂਲ ਜਿਹੇ ਭਰਮ ਤੋਂ ਸਿਵਾ ਕੁਝ ਨਾ ਜਾਪਿਆ।”
ਹੁਣ ਬਲਬੀਰ ਦਾ ਆਪਣਾ ਬਿਆਨ ਪੜ੍ਹੋ, “ਕੋਈ ਰੱਬ ਨਹੀਂ ਹੈ ਕਿਧਰੇæææ। ਰੱਬ ਭਰਮ, ਡਰ, ਸਹਿਮ, ਬਿਮਾਰ ਤੇ ਲਾਚਾਰ ਲੋਕਾਂ ਨੇ ਆਪਣੇ ਮਨ ਨੂੰ ਤਸੱਲੀ ਦੇਣ ਲਈ ਪੈਦਾ ਕੀਤਾ ਹੋਇਆ ਹੈ। ਸੱਚ ਤਾਂ ਇਹੀ ਹੈ ਕਿ ਨਾ ਕੋਈ ਰੱਬ ਹੈ, ਨਾ ਉਸ ਦੀ ਕੋਈ ਕਰਾਮਾਤ। ਜੋ ਕੁਝ ਹੁੰਦਾ ਹੈ, ਉਹ ਸਾਰਾ ਵਿਧੀ ਦਾ ਵਿਧਾਨ ਹੈ। ਪ੍ਰਕਿਰਤੀ ਦੀ ਖੇਡ æææ।”
ਬਲਬੀਰ ਨੂੰ ਲਗਦਾ ਹੈ ਕਿ ਹੁਣ ਤੱਕ ਅਗਰ ਉਸ ਦਾ ਕੋਈ ਰੱਬ ਹੈ ਵੀ ਸੀ, ਤਾਂ ਅੱਜ ਉਹ ਵੀ ਮਾਂ ਦੇ ਨਾਲ ਹੀ ਮਰ ਗਿਆ ਹੈ। ਅੱਗੇ ਦਰਜ ਹੈ, “ਮਾਂ ਅਤੇ ਰੱਬ ਇਕੋ ਵਾਰੀ ਉਸ ਦੀ ਜ਼ਿੰਦਗੀ ‘ਚੋਂ ਮਨਫੀ ਹੋ ਕੇ ਫਨਾਹ ਹੋ ਗਏ ਸਨ। ਫਰਕ ਕੇਵਲ ਇਤਨਾ ਸੀ ਕਿ ਮਾਂ ਦੀਆਂ ਯਾਦਾਂ ਉਸ ਦੇ ਮਨ ਵਿਚ ਜ਼ਿੰਦਾ ਸਨ ਜਦੋਂ ਕਿ ਰੱਬ ਨੂੰ ਉਸ ਨੇ ਕੂੜੇ ਵਾਂਗੂੰ ਹੂੰਝ-ਬੁਹਾਰ ਕੇ ਆਪਣੇ ਮਨ ਵਿਚੋਂ ਬਾਹਰ ਸੁੱਟ ਦਿੱਤਾ।”
ਦਿੱਲੀਉਂ ਸਵੇਰ ਦੀ ਚੱਲੀ ਬੱਸ ਪਠਾਨਕੋਟ ਪਹੁੰਚਦੀ ਹੈ। ਬਲਬੀਰ ਸਾਰਾ ਰਾਹ ਆਪਣੀਆਂ ਹੀ ਸੋਚਾਂ ਵਿਚ ਗਲਤਾਨ ਰਹੀ ਹੈ, ਪਰ ਪਠਾਨਕੋਟ ਪਹੁੰਚਦਿਆਂ ਉਹ ਅਚਾਨਕ ਪਰਿਵਾਰ ਆਪਣੇ ਦਾ ਸਾਥ ਛੱਡ ਕੇ ਜੰਮੂ ਜਾਣ ਦੀ ਜਗ੍ਹਾ ਵਾਪਸ ਰਾਣੀਖੇਤ ਜਾਣ ਦਾ ਦੋ-ਟੁੱਕ ਫੈਸਲਾ ਉਨ੍ਹਾਂ ਨੂੰ ਸੁਣਾ ਦਿੰਦੀ ਹੈ। ਸ਼ਾਮ ਨੂੰ ਉਹ ਵਾਪਸ ਰਾਣੀਖੇਤ ਪਹੁੰਚ ਜਾਂਦੀ ਹੈ। ਬਲਬੀਰ ਵੱਡੇ ਦੁੱਖ ‘ਚੋਂ ਲੰਘ ਕੇ ਆ ਰਹੀ ਹੈ, ਪਰ ਅੱਗਿਉਂ ਰਾਣੀਖੇਤ ਵਿਚ ਤਾਂ ਚੁਫੇਰੇ ਸੁਖਾਂਤ ਪਸਰਿਆ ਹੋਇਆ ਹੈ। ਅੰਜ਼ੁਮ ਕਾਜ਼ਮੀ, ਸਿੰਥੀਆ, ਕਾਵੇਰੀ; ਸਾਰੇ ਹੀ ਉਸ ਨੂੰ ਧਾਹ ਕੇ ਮਿਲਦੇ ਹਨ, ਜਿਵੇਂ ਸਦੀਆਂ ਤੋਂ ਉਸੇ ਦੀ ਉਡੀਕ ਹੋ ਰਹੀ ਹੋਵੇ। ਚਾਹ ਆ ਜਾਂਦੀ ਹੈ। ਚਾਹ ਪੀਂਦਿਆਂ ਸਾਰੇ ਜੱਗ-ਜਹਾਨ ਦੀਆਂ ਗੱਲਾਂ ਕਰਦੇ ਰਹੇ, ਪਰ ਕਾਜ਼ਮੀ ਨੂੰ ਤਾਂ ਬੱਸ ਆਪਣੀ ਕਿਸਮਤ ਦਾ ਫੈਸਲਾ ਸੁਣਨ ਦੀ ਉਤਸੁਕਤਾ ਲੱਗੀ ਹੋਈ ਸੀ (ਕਿ ਬਲਬੀਰ ਦੇ ਬਾਕੀ ਪਰਿਵਾਰ ਨੇ ਕੀ ਤਾਬਿੰਦਾ ਨਾਲ ਉਸ ਦੇ ਵਿਆਹ ਦੀ ਤਜਵੀਜ਼ ਮੰਨ ਲਈ ਸੀ)।
ਬਲਬੀਰ ਨੂੰ ਉਥੇ ਸਾਰੇ ਮਾਂ ਕਹਿ ਕੇ ਬੁਲਾ ਰਹੇ ਹਨ।æææ “ਮਾਂ, ਜੇ ਜ਼ਿਆਦਾ ਥਕਾਵਟ ਹੋ ਗਈ ਹੋਵੇ ਤਾਂ ਕਾਜ਼ਮੀ ਤੇਰੇ ਪੈਰ ਦਬਾਵੇ।” ਕਾਵੇਰੀ ਨੇ ਮਜ਼ਾਕ ਕੀਤਾ, ਪਰ ਕਾਜ਼ਮੀ ਨੇ ਸੱਚਮੁੱਚ ਹੀ ਉਸ ਦੇ ਪੈਰ ਦਬਾਉਣੇ ਸ਼ੁਰੂ ਕਰ ਦਿੱਤੇ। ਬੜੀ ਜਲਦੀ ਬਲਬੀਰ, ਮਾਂ ਦੀ ਮੌਤ ਦੇ ਸਦਮੇ ਵਿਚੋਂ ਬਾਹਰ ਆ ਜਾਂਦੀ ਹੈ।
—
ਨਾਵਲ ਦੇ ਕਾਂਡ 74 ਵਿਚ ਬਲਬੀਰ ਅਤੇ ਗੁਰੂ ਸਿਧਾਰਥ ਵਿਚਾਲੇ ਨਵੇਂ ਸਿਰਿਉਂ ਅਰੰਭ ਹੋਣ ਵਾਲਾ ਸੰਵਾਦ ਸੁਣਾਉਣ ਤੋਂ ਪਹਿਲਾਂ ਜ਼ਰਾ ਰਾਣੀਖੇਤ ‘ਚ ਕੁਦਰਤ ਦਾ ਵਰਣਨ ਦੇਖੋ: ਹਲਕੀ-ਹਲਕੀ ਬਾਰਸ਼ ਹੋਣ ਕਰ ਕੇ ਸਭ ਕੁਝ ਨਿਖਰਿਆ-ਨਿਖਰਿਆ ਲੱਗ ਰਿਹਾ ਸੀ। ਮੂੰਹ ਹਨੇਰੇ ਅੱਖਾਂ ਖੋਲ੍ਹਦਿਆਂ ਹੀ ਜਦ ਮਾਇਆ ਦੀ ਨਜ਼ਰ ਹਾਲ ਦੀ ਖਿੜਕੀ ‘ਚੋਂ ਬਾਹਰ ਆ ਰਹੇ ਸੇਬ ਦੇ ਬੂਟਿਆਂ ‘ਤੇ ਪਈ ਤਾਂ ਉਹ ਖੁਸ਼ੀ ਨਾਲ ਉਛਲ ਪਈ। ਪੱਤਿਆਂ ‘ਚੋਂ ਬਾਰਸ਼ ਦੀਆਂ ਬੂੰਦਾਂ ਮੋਤੀਆਂ ਵਾਂਗ ਡਿੱਗ ਰਹੀਆਂ ਸਨ।
ਹਵਾ ਸਾਰੇ ਸਰੀਰ ਨੂੰ ਕੁਤ-ਕੁਤਾਰੀਆਂ ਜਿਹੀਆਂ ਕੱਢਦੀ ਸੀ। ਉਹ ਇਕਦਮ ਕੰਬਲ ਸੁੱਟ ਆਪਣੇ ਤਸਮੇ ਕੱਸ ਕੇ ਬਾਹਰ ਨਿਕਲ ਆਈ। ਜੰਗਲ ਸ਼ਰਾਬੀ ਹੋਇਆ ਜਾਪ ਰਿਹਾ ਸੀ। ਬੂੰਦ-ਬੂੰਦ ‘ਚੋਂ ਮਾਦਕਤਾ ਛਲਕ ਰਹੀ ਸੀ ਤੇ ਗਿੱਲੀ ਮਿੱਟੀ ਜੰਗਲ ਨੂੰ ਮੁਹੱਬਤ ਕਰਨ ਵਾਲਿਆਂ ਦੀਆਂ ਪੈੜਾਂ ਚੁੰਮਣ ਲਈ ਜਿਵੇਂ ਵਿਆਕੁਲ ਸੀ। æææ (ਬਲਬੀਰ ਨੂੰ ਲੱਗਾ) ਜਿਵੇਂ ਪ੍ਰਕਿਰਤੀ ਵੀ ਉਸੇ ਵਾਂਗ ਗਰਭ ਧਾਰਨ ਕਰ ਕੇ ਮੌਲਣ ਦੇ ਨਸ਼ੇ ਵਿਚ ਨਸ਼ਿਆਈ ਹੋਈ ਹੈ। ਉਸ ਨੂੰ ਆਪਣਾ ਆਪ ਜੰਗਲ ਦੇ ਕਣ-ਕਣ ਵਿਚ ਅਭੇਦ ਹੁੰਦਾ ਮਹਿਸੂਸ ਹੋਇਆ।
ਔਰਤ ਨੂੰ ਪ੍ਰਕਿਰਤੀ ਦੀ ਉਪਮਾ ਠੀਕ ਹੀ ਦਿੱਤੀ ਗਈ ਹੈ,
ਮਉਲੀ ਧਰਤੀ ਮਉਲਿਆ ਅਕਾਸੁ॥
ਘਟਿ ਘਟਿ ਮਉਲਿਆ ਆਤਮ ਪ੍ਰਗਾਸੁ॥
ਉਸ ਨੂੰ ਗੁਰਬਾਣੀ ਦੀ ਤੁਕ ਯਾਦ ਆਈ ਤਾਂ ਲੱਗਾ ਜਿਵੇਂ ਉਸ ਦਾ ਅੰਗ-ਅੰਗ ਪ੍ਰਕਿਰਤੀ ਵਾਂਗ ਹੀ ਮੌਲਣ ਲਈ ਆਤੁਰ ਹੋਇਆ ਪਿਆ ਸੀ। ਆਪਣੇ ਸਰੀਰ ਵਿਚ ਉਸ ਨੂੰ ਕੁਝ ਤਰਲ ਜਿਹਾ ਭਿੱਜਦਾ ਮਹਿਸੂਸ ਹੋਇਆ ਜਿਵੇਂ ਅੰਗ-ਅੰਗ ‘ਚੋਂ ਦੁੱਧ ਦੇ ਫੁਹਾਰੇ ਫੁੱਟ ਪੈਣ ਲਈ ਉਤਾਵਲੇ ਹੋ ਰਹੇ ਹੋਣ।
ਅਗਾਂਹ ਕੁਝ ਵੀ ਕਹਿਣ ਤੋਂ ਪਹਿਲਾਂ ਦੋ ਹੋਰ ਜਗਤ ਪ੍ਰਸਿੱਧ ਨਾਵਲਾਂ-ਹਾਰਡੀ ਦੇ ‘ਜੂਡ’ ਅਤੇ ਵਿਕਟਰ ਹਿਊਗੋ ਦੇ ‘ਲਾ ਮਿਜ਼ਰੇਬਲ’ ਵਿਚ ਨਾਇਕਾਂ ਦੀ ਤਲਾਸ਼ ਦੀਆਂ ਕਹਾਣੀਆਂ ਬਾਰੇ ਕੁਝ ਧੁੰਦਲੇ ਜਿਹੇ ਵੇਰਵੇ ਯਾਦ ਆ ਰਹੇ ਹਨ, ਪਰ ‘ਜੂਡ’ ਦੀ ਤਲਾਸ਼, ਬਲਬੀਰ ਦੀ ਤਲਾਸ਼ ਦੀ ਕਥਾ ਦੇ ਮੁਕਾਬਲੇ ਨੀਰਸ ਪ੍ਰਤੀਤ ਹੋ ਰਹੀ ਹੈ। ‘ਲਾ ਮਿਜ਼ਰੇਬਲ’ ਠੀਕ ਹੈ। ਜੀਨ ਵਾਲਜੀਨ ਦੀ ਕਥਾ ਸੁਣਾਈ ਜਾ ਸਕਦੀ ਹੈ, ਪਰ ਅੱਜ ਦੀ ਤਰੀਕ ਵਿਚ ਤਬੀਅਤ ਉਸ ਮਹਾਂ-ਕਥਾ ਵੱਲ ਜਾਣ ਲਈ ਵੀ ਤਿਆਰ ਨਹੀਂ ਹੈ। æææ ਹਾਂ, ਮਾਨਵੀ ਹੋਂਦ ਦੇ ਅਰਥਾਂ ਦੀ ਤਲਾਸ਼ ਦੇ ਮਾਮਲੇ ਵਿਚ ਹਰਮੈਨ ਹੈਸ ਦੇ ਨਾਵਲ ‘ਸਿਧਾਰਥ’ ਦਾ ਮੁਕਾਮ ਕਾਫੀ ਉਚਾ ਸੁਣੀਂਦਾ ਹੈ। ਇਹ ਨਾਵਲ ਹੈਸ ਨੇ ਲਿਖਿਆ ਤਾਂ 1922 ਵਿਚ ਸੀ, 1960 ‘ਚ ਅਮਰੀਕਾ ਅਤੇ ਹੋਰ ਪੱਛਮੀ ਦੇਸ਼ਾਂ ਵਿਚ ਬੀਟਲਜ਼ ਦੀ ਪ੍ਰੇਰਨਾ ਨਾਲ ਚੱਲੀ ਹਿੱਪੀ ਲਹਿਰ ਦੌਰਾਨ ਇਹ ਇਕਦਮ ਮਸ਼ਹੂਰ ਹੋ ਗਿਆ।
‘ਸਿਧਾਰਥ’ ਨਾਵਲ ਦੇ ਨਾਇਕ ਸਿਧਾਰਥ ਅਤੇ ‘ਮਾਇਆ’ ਦੀ ਨਾਇਕਾ ਬਲਬੀਰ ਦੀ ਇਕ ਗੱਲ ਸਾਂਝੀ ਹੈ ਕਿ ਬਲਬੀਰ ਵਾਂਗ ਸਿਧਾਰਥ ਵੀ ਬਚਪਨ ਵਿਚ ਬਹੁਤ ਹੋਣਹਾਰ ਹੈ। ਦੁਨੀਆਂ ਭਰ ਦੇ ਸਾਹਿਤ ਅਤੇ ਦਰਸ਼ਨ ਦੀਆਂ ਕਿਤਾਬਾਂ ਉਸ ਨੇ ਚੜ੍ਹਦੀ ਉਮਰੇ ਹੀ ਪੜ੍ਹ ਲਈਆਂ ਹੋਈਆਂ ਹਨ। ਅੰਗਰੇਜ਼ੀ ਦੀ ਐਮæਏæ ਕਰ ਕੇ ਉਹ ਵੀ ਚਾਹੇ ਤਾਂ ਸਹਿਜੇ ਹੀ ਕਿਸੇ ਕਾਲਜ ‘ਚ ਪ੍ਰੋਫੈਸਰ ਲੱਗ ਸਕਦਾ ਹੈ, ਪਰ ਉਹ ਅਜਿਹਾ ਕਰੇਗਾ ਨਹੀਂ। ਬਲਬੀਰ ਵੀ ਪੇਂਟਿੰਗ ਦੇ ਆਪਣੇ ਸ਼ੌਂਕ ਦੀ ਪੂਰਤੀ ਲਈ ਖਤਰਿਆਂ ਨਾਲ ਭਰੇ ਰਾਹਾਂ ਦੀ ਪਾਂਧੀ ਬਣਦੀ ਹੈ। ‘ਸਿਧਾਰਥ’ ਵਿਚ ਭਾਸ਼ਾ ਅਤੇ ਬਿਆਨ ਦਾ ਸੰਜਮ ਕਮਾਲ ਦਾ ਹੈ। ਨਾਵਲ ਦਾ ਅੰਤਿਮ ਭਾਗ ਤਾਂ ਕਿਸੇ ਮਹਾਨ ਸੰਗੀਤਕਾਰ ਦੀ ਸਿੰਫ਼ਨੀ ਵਾਂਗ ਹੈ। ਇਸ ਨਾਵਲ ਦੀ ਸਭ ਤੋਂ ਵੱਡੀ ਖੂਬਸੂਰਤੀ ਨਾਵਲੀ ਪ੍ਰਵਚਨ ਦੀ ਤਾਰਕਿਕ ਇਮਾਨਦਾਰੀ ਵਿਚ ਹੈ। ਭਗਵਾਨ ਬੁੱਧ ਦੀਆਂ ਸਿੱਖਿਆਵਾਂ ਬਾਰੇ ਪੂਰਬ ਅਤੇ ਪੱਛਮ ਵਿਚ ਵਿਦਵਾਨਾਂ ਨੇ ਕਿਤਾਬਾਂ ਦੇ ਗੱਡਿਆਂ ਦੇ ਗੱਡੇ ਲਿਖੇ ਹੋਏ ਹਨ, ਪਰ ਨਾਵਲ ਦਾ ਨਾਇਕ ਸਿਧਾਰਥ ਕਿਧਰੇ ਵੀ ਅਤੇ ਕਿਸੇ ਸਟੇਜ ‘ਤੇ ਵੀ ਕਿਸੇ ਵੀ ਕਿਸਮ ਦੇ ਰਹੱਸਵਾਦੀ ਪ੍ਰਪੰਚ ਦੇ ਮਾਇਆਜਾਲ ਵਿਚ ਗ੍ਰਿਫਤਾਰ ਨਹੀਂ ਹੁੰਦਾ। ਮੇਰੀ ਜਾਚੇ ਸਿਧਾਰਥ ਦੀ ਬੋਧੀ ਜਾਂ ਈਸਾਈ ਰਹੱਸਵਾਦੀ ਪ੍ਰਪੰਚ ਦੀ ਕਿਸੇ ਵੀ ਐਨਕ ਦੇ ਆਸਰੇ ਤੋਂ ਬਗੈਰ ਅਨੰਤ ਅਕਾਸ਼ ਦੇ ਖਾਲੀਪਣ ਵਿਚ ਝਾਕਣ ਅਤੇ ਜੀਵਨ ਨੂੰ ਪਿਆਰ ਕਰਨ ਦੀ ਇਹੋ ਜ਼ੁਰਅੱਤ ਹੈ ਜੋ ਮਾਇਆ ਦੀ ਨਾਇਕਾ ਬਲਬੀਰ ਦੇ ਨਾਲ ਸਾਡੇ ਮਾਣਮੱਤੇ ਅੰਦਾਜ਼ ਇਕੋ ਐਕਸਿਜ਼ ‘ਤੇ ਖੜ੍ਹਾ ਕਰਦੀ ਹੈ।
—
ਹੁਣ ਕਰਦੇ ਹਾਂ ਬਲਬੀਰ ਅਤੇ ਗੁਰੂ ਸਿਧਾਰਥ ਦੇ ਆਖਰੀ ਸੰਵਾਦਾਂ ਦੀ ਚਰਚਾæææ ਉਹ (ਬਲਬੀਰ) ਆਪਣੇ ਕਮਰੇ ਵਿਚੋਂ ਸਵੇਰੇ-ਸਵੇਰੇ ਸੈਰ ਲਈ ਨਿਕਲ ਕੇ ਉਸੇ ਪਥਰਾਟ ਉਪਰ ਬੈਠ ਕੇ ਯੋਗ ਸਾਧਨਾ ਕਰਦੀ ਨਜ਼ਰ ਆ ਰਹੀ ਹੈ ਜਿਥੇ ਉਸ ਦਾ ਸਭ ਤੋਂ ਪਹਿਲੀ ਵਾਰ ਗੁਰੂ ਸਿਧਾਰਥ ਨਾਲ ਸੰਵਾਦ ਹੋਇਆ ਸੀ। ਉਹ ਅੱਖਾਂ ਬੰਦ ਕਰ ਕੇ ਨੱਕ ਦੇ ਇਕ ਪਾਸੇ ਉਂਗਲੀ ਰੱਖ ਕੇ ਦੂਜੇ ਪਾਸਿਉਂ ਸਾਹ ਛੱਡ ਰਹੀ ਹੈ, ਪਰ ਪਤਾ ਨਹੀਂ ਕੀ ਗਲਤੀ ਹੋ ਜਾਂਦੀ ਹੈ।
ਅਜੀਬ ਇਤਫਾਕ ਹੈ ਕਿ ਅਚਾਨਕ ਉਸੇ ਜਗ੍ਹਾ ਗੁਰੂ ਸਿਧਾਰਥ ਬਹੁੜ ਪੈਂਦੇ ਹਨ ਅਤੇ ਬਲਬੀਰ ਦੇ ਕੰਨੀਂ ਇਹ ਸ਼ਬਦ ਪੈਂਦੇ ਹਨ, “ਪਹਿਲਾਂ ਆਪਣੇ ਸਾਹਾਂ ‘ਤੇ ਕਾਬੂ ਰੱਖਣਾ ਸਿੱਖਣਾ ਪਵੇਗਾ।æææਅਗਰ ਮਨ ਨੂੰ 12 ਸੈਕਿੰਡ ਲਈ ਨਿਰਵਿਘਨ ਕਿਸੇ ਚੀਜ਼ ‘ਤੇ ਕੇਂਦਰਿਤ ਕੀਤਾ ਜਾਵੇ ਤਾਂ ਉਸ ਨੂੰ ਇਕਾਗਰਤਾ ਕਿਹਾ ਜਾਂਦਾ ਹੈ। ਅਗਰ ਸਾਡਾ ਜ਼ਿਹਨ ਉਸੇ ਇਕਾਗਰਤਾ ਨੂੰ 2 ਮਿੰਟ 24 ਸੈਕਿੰਡ ਤੱਕ ਬਰਕਰਾਰ ਰੱਖ ਸਕੇ ਤਾਂ ਇਸ ਨੂੰ ਅਸੀਂ ਮੈਡੀਟੇਸ਼ਨ, ਯਾਨਿ ਧਿਆਨ ਕਹਿ ਸਕਦੇ ਹਾਂ। ਅਗਰ ਸਾਡਾ ਮਨ ਉਸੇ ਸਥਿਤੀ ਵਿਚ 28 ਮਿੰਟ ਅਤੇ 48 ਸੈਕਿੰਡ ਤਕ ਸਥਿਰ ਰਹਿੰਦਾ ਹੈ ਤਾਂ ਇਸ ਨੂੰ ਅਸੀਂ ਨਿੱਕੀ ਸਮਾਧੀ ਕਹਿੰਦੇ ਹਾਂ। æææ ਅਤੇ ਅਗਰ ਇਹ ਨਿੱਕੀ ਸਮਾਧੀ 5 ਘੰਟੇ, 45 ਮਿੰਟ ਅਤੇ 36 ਸੈਕਿੰਡ ਤੱਕ ਕਾਇਮ ਰਹਿ ਸਕਦੀ ਹੈ ਤਾਂ ਇਹ ਸਾਨੂੰ ਨਿਰਵਿਕਲਪ ਸਮਾਧੀ ਤੱਕ ਲੈ ਜਾਂਦੀ ਹੈ।”
ਮਾਇਆ ਹੈਰਾਨੀ ਨਾਲ ਗੁਰੂ ਸਿਧਾਰਥ ਦੇ ਚਿਹਰੇ ਵੱਲ ਵੇਖ ਰਹੀ ਸੀæææ। (ਗੁਰੂ ਜੀ ਉਸ ਦੀ ਹੈਰਤ ਵੱਲ ਧਿਆਨ ਦਿੱਤੇ ਬਗੈਰ ਹੀ ਆਪਣਾ ਪ੍ਰਵਚਨ ਜਾਰੀ ਰੱਖਦੇ ਹਨ।)
“ਕਰਦੇ ਰਹੋ ਅਭਿਆਸ। ਮਿਹਨਤ ਅਤੇ ਲਗਨ ਨਾਲ ਸਭ ਕੁਝ ਹੋ ਜਾਂਦਾ ਹੈ। ਸ਼ਾਇਦ ਤੁਸੀਂ ਕੋਈ ਯੋਗ ਦੀ ਕਲਾਸ ਅਟੈਂਡ ਨਹੀਂ ਕੀਤੀ ਹੁਣ ਤੱਕ।”
ਕਥਾ ਦੇ ਇਸੇ ਮੋੜ ‘ਤੇ ਅੱਗਿਉਂ ਬਲਬੀਰ ਵੱਲੋਂ ਗੁਰੂ ਸਿਧਾਰਥ ਦੇ ਬਣਾਏ ਜਾ ਰਹੇ ਉਸ ਚਿੱਤਰ ਦੀ ਕਹਾਣੀ ਜਾਂ ਉਸ ਬਾਰੇ ਗੱਲਬਾਤ ਸ਼ੁਰੂ ਹੋ ਜਾਂਦੀ ਹੈ ਜਿਸ ਨੇ ‘ਅਪੂਰਨ’ ਹੀ ਰਹਿਣਾ ਹੈ!
ਬਲਬੀਰ ਗੁਰੂ ਸਿਧਾਰਥ ਅੱਗੇ ਇਹ ਕਹਿੰਦਿਆਂ ਸਿੱਧਾ ਚੈਲਿੰਜ ਸੁੱਟ ਦੇਵੇਗੀ, “ਗੁਰੂ ਜੀ, ਜਦੋਂ ਮੈਂ ਤੁਹਾਨੂੰ ਪਹਿਲੀ ਵਾਰ ਜੰਗਲ ਵਿਚ ਮਿਲੀ ਸਾਂ, ਉਦੋਂ ਤੁਸੀਂ ਬੇਹੱਦ ਸਰਲ, ਸਹਿਜ ਅਤੇ ਰੀਚੇਬਲ ਇਨਸਾਨ ਲੱਗੇ ਸੀ; ਪਰ ਉਸ ਤੋਂ ਪਿੱਛੋਂ ਜਦੋਂ ਵੀ ਮੈਂ ਤੁਹਾਨੂੰ ਸਰੋਤਿਆਂ ਨੂੰ ਸੰਬੋਧਨ ਕਰਦੇ ਵੇਖਿਆ ਤਾਂ ਅਜੀਬ ਵਿਰੋਧਾਭਾਸ ਮਹਿਸੂਸ ਹੋਇਆ। ਤੁਹਾਡੇ ਹਾਵ ਭਾਵ æææ ਤੁਹਾਡੇ ਜੈਸਚਰ, ਤੁਹਾਡੇ ਲਿਬਾਸ ਦੀ ਨਫਾਸਤ, ਇਥੋਂ ਤੱਕ ਕਿ ਸਲੀਕੇ ਨਾਲ ਵਾਹੇ ਤੁਹਾਡੇ ਵਾਲ ਵੀ ਇਲੀਟ ਅਤੇ ਅਨ-ਰੀਚੇਬਲ ਜਿਹੀ ਹੋਂਦ ਦਾ ਅਹਿਸਾਸ ਕਰਾਉਂਦੇ ਰਹੇ।”
“ਤਾਂ ਹੀ ਤੁਹਾਡੇ ਕੋਲੋਂ (ਮੇਰੇ ਵਾਲਾ) ਚਿੱਤਰ ਮੁਕੰਮਲ ਨਹੀਂ ਹੋ ਰਿਹਾ।” ਗੁਰੂ ਜੀ ਨੇ ਗੰਭੀਰਤਾ ਨਾਲ ਬਲਬੀਰ ਦੇ ਚਿਹਰੇ ਵੱਲ ਤੱਕਦਿਆਂ ਕਿਹਾ।
—
ਸਾਨੂੰ ਪਤਾ ਹੈ ਕਿ ਬਲਬੀਰ ਗਰਭਵਤੀ ਹੈ। ਉਸ ਨੂੰ ਮਮਤਾ ਦੇ ਅਹਿਸਾਸ ਨੂੰ ਆਸ਼ਕਾਰ ਕਰਨ ਲਈ ਨਵੇਂ ਸਿਰਿਉਂ ਪੇਂਟਿੰਗਾਂ ਦੀ ਪੂਰੀ ਲੜੀ ਬਣਾਉਣ ਦੀ ਵਿਆਕੁਲਤਾ ਜਾਗੇਗੀ। ਇਸ ਸਟੇਜ ‘ਤੇ ਉਹ ਕਿਸ ਉਚੀ ਪ੍ਰੇਰਨਾਮਈ ਮਨੋਸਥਿਤੀ ਵਿਚ ਵਿਚਰ ਰਹੀ ਹੈ, ਉਸ ਦਾ ਪਤਾ ਉਸ ਦੀ ਸਹੇਲੀ ਸਿੰਥੀਆ ਨਾਲ ਉਸ ਦੇ ਸੰਵਾਦ ਤੋਂ ਲੱਗੇਗਾ। ਨਾਵਲ ਦੇ ਪੰਨਾ 549 ਉਪਰ ਬਲਬੀਰ, ਸਿੰਥੀਆ ਨੂੰ ਦੱਸ ਰਹੀ ਹੈ: “ਪਤਾ ਹੈ ਸਿੰਥੀਆ æææ ਜਦੋਂ ਮੈਂ ਪੈਦਾ ਹੋਣ ਵਾਲੀ ਸਾਂ ਤੇ ਮੇਰੀ ਅੰਮਾ, ਯਾਨਿ ਪੜਨਾਨੀ ਨੇ ਮੇਰੀ ਮਾਂ ਦੇ ਪੇਟ ‘ਤੇ ਰੰਗਾਂ ਦਾ ਤਿਲਕ ਲਗਾਉਂਦਿਆਂ ਕਿਹਾ ਸੀ, ਲੈ ਨੀ ਪਾਰਬਤੀਏ, ਮੈਂ ਤੇਰੇ ਬੱਚੇ ਕੋ ਰੰਗਾਂ ਦੇ ਹਵਾਲੇ ਕਰ ਦਿੱਤਾ ਵਾ। ਇਸ ਦੇ ਨਸੀਬ ਇਨ੍ਹਾਂ ਰੰਗਾਂ ਨਾਲ ਹੀ ਮੈਂ ਰੰਗ ਛੋੜਨੇ।”
—
“ਤੇ ਹੁਣ ਮੈਂ ਵੀ ਇਨ੍ਹਾਂ ਰੰਗਾਂ ਦਾ ਅਸ਼ੀਰਵਾਦ ਆਪਣੇ ਬੱਚੇ ਨੂੰ ਦਿਆਂਗੀ ਤੇ ਪਹਿਲੀ ਆਵਾਜ਼ ਜੋ ਉਸ ਦੇ ਕੰਨ ਸੁਣਨਗੇ, ਉਹ ਮੇਰੀ ਅੰਮਾਂ ਦੇ ਕਬੀਲੇ ਦਾ ਗੀਤ ਹੋਵੇਗਾ ਜੋ ਮੇਰੇ ਪੈਦਾ ਹੋਣ ‘ਤੇ ਮੈਨੂੰ ਲੋਰੀ ਵਾਂਗ ਸੁਣਾਇਆ ਗਿਆ ਸੀ।”
“ਕਿਹੜਾ?”
“ਤੈਨੂੰ ਸਮਝ ਨਹੀਂ ਆਵੇਗਾ, ਪਰ ਮੈਂ ਤੈਨੂੰ ਗਾ ਕੇ ਤੇ ਨੱਚ ਕੇ ਵਿਖਾਵਾਂਗੀ।”
ਤੇ ਬਲਬੀਰ ਆਪਣੇ ਲੱਕ ਦੁਆਲੇ ਦੁਪੱਟਾ ਬੰਨ੍ਹ ਕੇ ਗੋਲ-ਗੋਲ ਘੁੰਮ ਕੇ ਦੋ ਉਂਗਲਾਂ ਦੀ ਚੁਟਕੀ ਮਾਰਦੀ ਹੋਈ ਗੀਤ ਗਾਉਂਦੀ ਹੈ, ਉਹੋ ਸੰਮੀ ਵਾਲਾ ਗੀਤ,
ਮੈਂ ਵਾਰੀ ਮੈਂ ਵਾਰੀ ਨੀ ਸੰਮੀਏ
ਸੰਮੀ ਮੇਰੀ ਵਾਰ æææ
ਮੈਂ ਵਾਰੀ ਮੈਂ ਵਾਰੀ ਨੀ ਸੰਮੀਏ
ਸੰਮੀ ਸਵੇਂਦੀ, ਸਮੇਂ ਜਗੇਂਦੀ
ਮਾਣ ਕਰੇਂਦੀ æææ ਸੰਮੀ ਮੇਰੀ ਵਾਰ
ਮੈਂ ਵਾਰੀ ਨੀ ਵਾਰੀ ਮੇਰੀ ਸੰਮੀਏæææ।
ਬਲਬੀਰ ਬੇਸੁੱਧ ਜਿਹੀ ਹੋ ਕੇ ਨੱਚ ਰਹੀ ਹੈ ਕਿ ਸਿੰਥੀਆ ਵੀ ਜੋਸ਼ ਵਿਚ ਆ ਕੇ ਨੱਚਣ ਲੱਗ ਪੈਂਦੀ ਹੈ। ਦੋਵੇਂ ਜਿਵੇਂ ਕਿਸੇ ਦਰਗਾਹ ‘ਤੇ ਮੁਰਸ਼ਦ ਸਾਹਵੇਂ ਨੱਚਦੀਆਂ ਉਸ ਨੂੰ ਖੁਸ਼ ਕਰ ਰਹੀਆਂ ਸਨ।
ਸੁਰਿੰਦਰ ਨੀਰ ਨੇ ਇਥੇ ਆ ਕੇ ਵੱਖਰਾ ਹੀ ਜਲਵਾ ਖੜ੍ਹਾ ਕੀਤਾ ਹੈ। ਮਾਇਆ ਦੇ ਕਾਲੇ ਲੰਮੇ ਵਾਲ ਤੇ ਸਿੰਥੀਆ ਦੀਆਂ ਸੁਨਹਿਰੀ ਜ਼ੁਲਫਾਂ ਹਵਾ ਵਿਚ ਲਹਿਰਾਉਂਦੀਆਂ ਉਨ੍ਹਾਂ ਦੇ ਗੋਲ ਚੱਕਰਾਂ ਨੂੰ ਹੋਰ ਵੀ ਸੁਹਜਮਈ ਬਣਾ ਰਹੀਆਂ ਹਨ। ਨੱਚਦੀਆਂ-ਨੱਚਦੀਆਂ ਝੱਲੀਆਂ ਹੋ ਕੇ ਉਹ ਇਕ-ਦੂਜੀ ਦੀਆਂ ਬਾਹਾਂ ਵਿਚ ਸਮਾ ਜਾਂਦੀਆਂ ਹਨ।
“ਇਹੀ ਤਾਂ ਵਜੂਦ ਹੈ। ਜਦ ਕੋਈ ਫਕੀਰ ਆਪਣਾ ਆਪ ਭੁੱਲ ਕੇ ਅੰਤਰ ਧਿਆਨ ਹੋ ਨੱਚ ਉਠਦਾ ਹੈ ਤਾਂ ਸਮਝੋ ਉਸ ਦੀ ਲਿਵ ਕਿਤੇ ਜੁੜ ਗਈ ਹੈ।” ਮਿਸਟਰ ਸਵਾਮੀਨਾਥਨ ਗੁਰੂ ਸਿਧਾਰਥ ਨੂੰ ਮੁਖਾਤਬ ਹੁੰਦਿਆਂ ਕਹਿ ਰਹੇ ਹਨ। ਗੁਰੂ ਸਿਧਾਰਥ ਕੁਝ ਨਹੀਂ ਬੋਲ ਪਾਉਂਦੇ, ਬਸ ਮੁਸਕਰਾ ਕੇ ਰਹਿ ਜਾਂਦੇ ਹਨ।
—
ਅਗਾਂਹ ਨਾਵਲ ਦੀ ਕਹਾਣੀ ਦੇ ਕੁਝ ਹੋਰ ਵੇਰਵੇ ਹਨ। ਸਿੰਥੀਆ ਦਾ ਦੋਸਤ ਬੁੱਤ ਤਰਾਸ਼ ਜੌਹਨ ਰਿਕਸਨ ਕਿਸੇ ਹਾਦਸੇ ਦਾ ਸ਼ਿਕਾਰ ਹੋ ਜਾਂਦਾ ਹੈ। ਸਿੰਥੀਆਂ ਨੂੰ ਮੈਕਲੋਡਗੰਜ ਦੇ ਨੇੜੇ ਪਿੰਡ ਦੇ ਆਪਣੇ ਠਿਕਾਣੇ ‘ਤੇ ਛੱਡ ਕੇ ਜਾਣਾ ਪੈ ਜਾਂਦਾ ਹੈ। ਮਾਇਆ ਦੇ ਦਿੱਲੀਉਂ ਪਰਤਣ ‘ਤੇ ਲਾਇਬਰੇਰੀ ਇੰਚਾਰਜ, ਸਿੰਥੀਆ ਦੇ ਘਰ ਦੀ ਚਾਬੀ ਮਾਇਆ ਦੇ ਹਵਾਲੇ ਕਰ ਦਿੰਦਾ ਹੈ।
—
ਹੁਣ ਅਸੀਂ ਪਾਠਕਾਂ ਨੂੰ ਮੈਕਲੌਡਗੰਜ ਨਿਮਨਾਂ ਦੇ ਵਿਹੜੇ ਜਾਣ ਤੋਂ ਪਹਿਲਾਂ ਬਲਬੀਰ ਦੀ ਯਾਤਰਾ ਦੇ ਉਸ ਪੜਾਅ ‘ਤੇ ਜ਼ਰਾ ਲੈ ਕੇ ਚੱਲਦੇ ਹਾਂ ਜਿਥੇ ਸੁਰਿੰਦਰ ਨੀਰ ਆਪਣੀ ਨਾਇਕਾ ਨੂੰ ਇਕ ਵਾਰ ਮੁੜ ਗੁਰੂ ਸਿਧਾਰਥ ਦੇ ਸਾਹਮਣੇ ਖੜ੍ਹਾ ਕਰਦੀ ਹੈ। ਨਾਵਲ ਦੇ ਪੰਨਾ 602 ਉਪਰ ਬਲਬੀਰ ਆਪਣੀ ਸਹੇਲੀ ਸਿੰਥੀਆ ਦੇ ਘਰ ਵੱਲ ਜਾ ਰਹੀ ਹੈ ਕਿ ਅਚਾਨਕ ਸਾਹਮਣੇ ਉਸ ਨੂੰ ਗੁਰੂ ਸਿਧਾਰਥ ਟੱਕਰ ਜਾਂਦੇ ਹਨ।
“ਚਲੋ ਮੈਂ ਤੁਹਾਨੂੰ ਉਥੇ ਤੱਕ ਛੱਡ ਦਿੰਦਾ ਹਾਂ।” ਆਖਦਿਆਂ ਉਹ ਕਾਰ ਦੀ ਬਾਰੀ ਖੋਲ੍ਹ ਕੇ ਬਲਬੀਰ ਨੂੰ ਆਪਣੇ ਨਾਲ ਬਿਠਾ ਲੈਂਦੇ ਹਨ। ਹੁੰਦਾ ਇਹ ਹੈ ਕਿ ਗੁਰੂ ਜੀ ਉਸ ਨੂੰ ਸਿੰਥੀਆ ਦੇ ਘਰ ਛੱਡ ਕੇ ਆਉਣ ਦੀ ਬਜਾਏ ਆਪਣੀ ਕੁਟੀਆ ਵਿਚ ਲੈ ਆਉਂਦੇ ਹਨ। ਨਾਵਲ ਦੇ ਪੰਨਾ 606 ਉਪਰ ਰਾਤ ਦੇ ਖਾਣੇ ਸਮੇਂ ਟੇਬਲ ‘ਤੇ ਬੈਠਿਆਂ ਬਲਬੀਰ ਅਤੇ ਗੁਰੂ ਸਿਧਾਰਥ ਵਿਚਾਲੇ ਜ਼ਰਾ ਇਕ-ਦੋ ਸੰਵਾਦ ਸੁਣੋ,
ਗੁਰੂ ਸਿਧਾਰਥ ਬਲਬੀਰ ਨੂੰ ਸਮਝਾਉਂਦੇ ਹਨ ਕਿ “ਸਾਧਾਰਨ ਇਨਸਾਨ ਵੀ ਕਲਾਕਾਰ ਹੀ ਹੁੰਦਾ ਹੈ, ਪਰ ਫਰਕ ਇਹੀ ਹੈ ਕਿ ਅਸੀਂ ਕਲਾਕਾਰ ਉਸੇ ਨੂੰ ਮੰਨ ਲੈਂਦੇ ਹਾਂ ਜਿਹੜਾ ਐਸੀ ਕਲਾ ਦਾ ਨਿਰਮਾਤਾ ਹੋਵੇ, ਜਿਹੜੀ ਬਾਜ਼ਾਰ ਵਿਚ ਵਿਕਦੀ ਅਤੇ ਮੁੱਲ ਵੱਟਦੀ ਹੈ।”
ਬਲਬੀਰ ਦਾ ਜਵਾਬ ਹੈ, “ਨਹੀਂ, ਗੁਰੂ ਜੀ, ਮੈਂ ਐਸਾ ਨਹੀਂ ਮੰਨਦੀ। ਮੇਰੀ ਨਜ਼ਰ ਵਿਚ ਤਾਂ ਚਰਖੇ ਤੇ ਪੂਣੀ ਕੱਤਣ ਵਾਲੀ ਤੇ ਘਰ ਦੀਆਂ ਕੰਧਾਂ ‘ਤੇ ਚਿਤਰਕਾਰੀ ਕਰਦੀ ਔਰਤ, ਮਿੱਟੀ ਦੇ ਭਾਂਡੇ ਬਣਾਉਂਦੇ ਘੁਮਾਰ, ਇਥੋਂ ਤੱਕ ਕਿ ਘਰਾਂ ਦੀਆਂ ਚਾਰ ਦੀਵਾਰੀਆਂ ਅੰਦਰ ਛੁਪ ਕੇ ਝੁਰਮਟ ਪਾਉਂਦੀਆਂ ਔਰਤਾਂ ਵੀ ਕਲਾਕਾਰ ਹੀ ਹਨ ਜਿਨ੍ਹਾਂ ਦੀ ਕਲਾ ਸਿਰਫ ਉਨ੍ਹਾਂ ਦੇ ਆਪਣੇ ਮਨੋਰੰਜਨ ਲਈ ਹੁੰਦੀ ਹੈ, ਬਜ਼ਾਰ ਲਈ ਨਹੀਂ।”
“ਹੂੰ æææ ਅ।” ਆਖਦਿਆਂ ਗੁਰੂ ਜੀ ਮਰਿਆ ਜਿਹਾ ਹੁੰਗਾਰਾ ਭਰਦੇ ਹਨ।
ਨਾਵਲ ਦੇ 87ਵੇਂ ਕਾਂਡ ਵਿਚ ਬਲਬੀਰ ਗੁਰੂ ਸਿਧਾਰਥ ਦੇ ਘਰੋਂ ਜਾਣ ਲਈ ਉਨ੍ਹਾਂ ਤੋਂ ਇਜਾਜ਼ਤ ਦੀ ਤਵੱਕੋ ਕਰਦੀ ਨਜ਼ਰ ਆਉਣ ਲਗ ਜਾਂਦੀ ਹੈ। ਗੁਰੂ ਸਿਧਾਰਥ ਬੇਵਸ ਵੀ ਹਨ, ਉਦਾਸ ਵੀ ਹਨ। ਗੁਰੂ ਜੀ ਦੀ ਹਾਲਤ ਡਾਢੀ ਪਤਲੀ ਹੈ, ਪਰ ਬਲਬੀਰ ਕੀ ਕਰ ਸਕਦੀ ਹੈ। ਉਹ ਗੁਰੂ ਜੀ ਦੇ ਘਰੋਂ ਨਿਕਲ ਕੇ ਪਹਿਲੀ ਵਾਰ ਜੰਗਲ ਵਿਚ ਦੂਰ ਕਿਸੇ ਘੁਮਾਰ ਬਸਤੀ ਵਿਚ ਪਹੁੰਚਦੀ ਹੈ ਜਿਥੇ ਉਸ ਦਾ ਸਾਹਮਣਾ ਬੁਢੜੀ ਘੁਮਿਆਰਨ ਅਤੇ ਸਾਂਵਲ ਨਾਲ ਹੋਵੇਗਾ, ਪਰ ਗੁਰੂ ਜੀ ਨਾਲ ਕੀਤੇ ਵਾਅਦੇ ਅਨੁਸਾਰ ਇਕ ਦਿਨ ਲਈ ਉਹ ‘ਕੁਟੀਆ’ ਵਿਚ ਪਰਤ ਆਵੇਗੀ। ਬਲਬੀਰ ਅਤੇ ਗੁਰੂ ਸਿਧਾਰਥ ਵਿਚਾਲੇ ਜੀਵਨ ਦੇ ਸੁਭਾਅ ਬਾਰੇ, ਯੋਗ ਬਾਰੇ ਅਤੇ ਪ੍ਰਕਿਰਤੀ ਦੇ ਰਹੱਸ ਬਾਰੇ ਇਕ ਹੋਰ ਬੜਾ ਅਹਿਮ ਸੰਵਾਦ ਹੁੰਦਾ ਹੈ। ਗੁਰੂ ਸਿਧਾਰਥ ਆਖ ਰਹੇ ਹਨ, “ਯੋਗੀ ਤਾਂ ਹਰ ਸਮੇਂ ਹੀ ਸਮਾਧੀ ਵਿਚ ਹੁੰਦਾ ਹੈ ਮਾਇਆ। ਉਹ ਭੀੜ ਵਿਚ ਵੀ ਇਕੱਲਾ ਹੀ ਹੁੰਦਾ ਹੈ ਅਤੇ ਸ਼ੋਰ ਵਿਚ ਵੀ ਆਪਣੇ ਅੰਦਰਲਾ ਸੰਗੀਤ ਸੁਣਦਾ ਹੈ, ਪਰ ਕੁਦਰਤ ਨਾਲ ਇਕਮਿਕ ਹੋਣ ਦਾ ਸਮਾਂ ਸਹੀ ਅਰਥਾਂ ਵਿਚ ਰਾਤ ਦਾ ਹੀ ਹੁੰਦਾ ਹੈ। ਮੈਂ ਤਾਂ ਹਨੇਰੇ ਨੂੰ ਨਤਮਸਤਕ ਹੁੰਦਾ ਹਾਂ।”
ਗੁਰੂ ਜੀ ਨੇ ਮਾਇਆ ਦੇ ਚਿਹਰੇ ‘ਤੇ ਇਸ ਮੱਧਮ ਚਾਨਣੀ ਵਿਚ ਚਮਕ ਰਹੇ ਨੂਰ ਨੂੰ ਅਸਚਰਜਤਾ ਨਾਲ ਵੇਖਿਆ ਪਰ ਮਾਇਆ ਤਾਂ ਪ੍ਰਕਿਰਤੀ ਨੂੰ ਰਬਾਬ ਵਜਾਉਂਦਿਆਂ ਸੁਣ ਰਹੀ ਸੀ। ਹੌਲੀ-ਹੌਲੀ ਉਸ ਦੇ ਮੂੰਹੋਂ ਮਿੱਠੀ ਅਤੇ ਲੈਅਬੱਧ ਸੰਗੀਤਕ ਆਵਾਜ਼ ਆਬਸ਼ਾਰਾਂ ਵਾਂਗ ਵਹਿ ਰਹੀ ਸੀ,
ਗਾਵਹਿ ਤੁਹਨੋ ਪਉਣ ਪਾਣੀ
ਬੈਸੰਤਰ ਗਾਵੈ ਰਾਜਾ ਧਰਮ ਦੁਆਰੇ॥
ਗਾਵਹਿ ਚਿਤ ਗੁਪਤ ਲਿਖਿ ਜਾਣਹਿ
ਲਿਖਿ ਲਿਖਿ ਧਰਮ ਵੀਚਾਰੇ॥
ਗਾਵਹਿ ਈਸਰ ਬਰਮਾ ਦੇਵੀ
ਸੋਹਨਿ ਸਦਾ ਸਵਾਰੇ॥
ਗਾਵਹਿ ਇੰਦ ਇੰਦਾਸਣ ਬੈਠੇ
ਦੇਵਤਿਆ ਦਰ ਨਾਲੇ॥
ਗਾਵਹਿ ਸਿਧ ਸਮਾਧੀ ਅੰਦਰ
ਗਾਵਨਿ ਸਾਧ ਵਿਚਾਰੇ॥
ਉਹ ਗਾ ਰਹੀ ਸੀ ਅਤੇ ਗੁਰੂ ਸਿਧਾਰਥ ਨੂੰ ਉਸ ਤਲਿਸਮ ਵਿਚ ਹਵਾ, ਰੁੱਖ, ਪੱਤੇ, ਪੰਛੀ, ਧਰਤ, ਪਾਣੀ, ਸਭ ਕੁਝ ਟਿਕ ਕੇ ਖੜੋਤੇ ਮਾਇਆ ਦੇ ਨਾਲ ਹੀ ਜਾਪ ਜਪਦੇ ਮਹਿਸੂਸ ਹੋ ਰਹੇ ਸਨ।
ਸੁਰਿੰਦਰ ਨੀਰ ਦੱਸਦੀ ਹੈ ਕਿ “ਮਾਇਆ ਗੁਰੂ ਸਿਧਾਰਥ ਲਈ ਬੁਝਾਰਤ ਸੀ। ਉਸ ਦੀ ਜਾਤ ਤੋਂ ਲੈ ਕੇ ਉਸ ਦੇ ਪੇਟ ਵਿਚ ਪਲ ਰਹੇ ਬੱਚੇ ਤੱਕ ਰਹੱਸ ਹੀ ਰਹੱਸ। ਤੇ ਦੁਨੀਆਂ ਦਾ ਸਭ ਤੋਂ ਜੀਨੀਅਸ ਰਹੱਸਵਾਦੀ ਵੀ ਇਸ ‘ਰਹੱਸ’ ਨੂੰ ਸਮਝ ਨਹੀਂ ਸਕੇਗਾ।” ਲਾਲੀ ਬਾਬਾ, ਸੁਰਿੰਦਰ ਨੀਰ ਅਤੇ ‘ਮਾਇਆ’ ਨਾਵਲ ਦੀ ਨਾਇਕਾ ਬਲਬੀਰ ਜ਼ਿੰਦਾਬਾਦ! ਜ਼ਿੰਦਾਬਾਦ!!
ਅੱਨਾ ਕਾਰੇਨਿਨਾ ਆਊਟਸਾਈਡਰ ਹੈ, ‘ਵੁਦਰਿੰਗ ਰਾਈਟਸ’ ਦੀ ਕੈਥੀ ਆਊਟਸਾਈਡਰ ਹੈ, ਵਾਨਗੌਗ ਆਊਟਸਾਈਡਰ ਹੈ, ਜ਼ੋਰਬਾ ਆਊਟਸਾਈਡਰ ਹੈ, ‘ਮਾਇਆ’ ਦੀ ਨਾਇਕਾ ਬਲਬੀਰ ਆਊਟਸਾਈਡਰ ਹੈ, ਬਾਬਾ ਸੁਖਜੀਤ ਆਊਟਸਾਈਡਰ ਹੈ, ਸਾਡਾ ਵੀਰ ਕਰਮਜੀਤ ਆਪਣੇ ਰੰਗ ਦਾ ਆਊਟਸਾਈਡਰ ਹੈ ਅਤੇ ਅਖੀਰ ਵਿਚ ਸਾਡਾ ਪਿਆਰਾ ਮਨਿੰਦਰ ਕਾਂਗ ਵੀ ਅਦਭੁਤ ਆਊਟਸਾਈਡਰ ਸੀ।
ਮਨਿੰਦਰ ਕਾਂਗ ਦਾ ਮੈਨੂੰ ਪਤਾ ਨਹੀਂ ਸੀ। ਉਸ ਦੀ ਕਹਾਣੀ ‘ਭਾਰ’ ‘ਹੁਣ’ ਮੈਗਜ਼ੀਨ ਵਿਚ ਛਪਣ ਤੋਂ ਕਿੰਨੀ ਦੇਰ ਤੱਕ ਮੈਂ ਪੜ੍ਹੀ ਨਾ। ਗਰਮੀਆਂ ਦੇ ਦਿਨ ਸਨ। ਮੈਂ ਬਾਹਰ ਅਨਾਰ ਦੇ ਦਰੱਖਤ ਹੇਠ ਬੈਠਾ ਕੋਈ ਅਖਬਾਰ ਵੇਖ ਰਿਹਾ ਸਾਂ ਕਿ ਅਚਾਨਕ ਗੁਰਨਾਮ (ਮੇਰੀ ਪਤਨੀ) ਨੇ ਮੇਰੇ ਅੱਗੇ ਮੈਗਜ਼ੀਨ ਇਹ ਕਹਿੰਦਿਆਂ ਲਿਆ ਸੁੱਟਿਆ ਕਿ ਐਹ ਵੇਖ ਲਓ, ਜ਼ਰਾ ਪੰਜਾਬ ਪੁਲਿਸ ਦੀਆਂ ਕਰਤੂਤਾਂ। ਮੇਰੇ ਮਨ ਵਿਚ ਇਕਦਮ ਉਤਸੁਕਤਾ ਜਾਗ ਪਈ ਕਿ ਛੇਤੀ ਨਾਲ ਪੜ੍ਹ ਕੇ ਵੇਖਾਂ, ਗੱਲ ਜ਼ਰੂਰ ਕੋਈ ਹੋਰ ਵੀ ਨਿਕਲੇਗੀ। ਜਿਉਂ-ਜਿਉਂ ਕਹਾਣੀ ਮੈਂ ਪੜ੍ਹੀ ਗਿਆ, ਬੱਸ ਧੰਨ-ਧੰਨ ਹੁੰਦੀ ਗਈ। ਅਗਲੇ ਦੋ ਦਿਨ ਪੁੱਛ-ਪੁਛਾ ਕੇ ਮਨਿੰਦਰ ਦਾ ਫੋਨ ਨੰਬਰ ਲੱਭਦਿਆਂ ਲੱਗ ਗਏ। ਫੋਨ ਮਿਲਦਿਆਂ ਹੀ ਮੈਂ ਉਸ ਦਾ ਅਤਾ-ਪਤਾ ਪੁੱਛਿਆ ਕਿ ਮੈਂ ਉਸ ਨੂੰ ਮੱਥਾ ਟੇਕਣ ਲਈ ਕਦੋਂ ਤੇ ਕਿਸ ਜਗ੍ਹਾ ਆਵਾਂ।
ਇਸੇ ਤਰ੍ਹਾਂ ਦਾ ਅਹਿਸਾਸ ਮੈਨੂੰ ਗੁਰਬਚਨ ਦੇ ਪਰਚੇ ‘ਫਿਲਹਾਲ’ ਵਿਚ ਸੁਖਜੀਤ ਦੀਆਂ ਯਾਦਾਂ ਪੜ੍ਹ ਕੇ ਹੋਇਆ ਸੀ ਅਤੇ ਇਸੇ ਤਰ੍ਹਾਂ ਮੈਂ ਸਵੇਰੇ 10 ਵੱਜਦੇ ਨੂੰ ਮਾਛੀਵਾੜੇ ਉਸ ਦੇ ਚਰਨਾਂ ਨੂੰ ਜਾ ਹੱਥ ਲਗਾਇਆ ਸੀ। ਸੁਖਜੀਤ ਨੂੰ ਪਹਿਲਾਂ ਕਦੀ ਮਿਲਿਆ ਨਹੀਂ ਸਾਂ, ਪਰ ਉਸ ਦੀ ਸ਼ਾਹਕਾਰ ਕਹਾਣੀ ‘ਅੰਤਰਾ’ ਪੜ੍ਹੀ ਹੋਈ ਸੀ। æææ ਜਾਂ ਫਿਰ ਕਈ ਵਰ੍ਹੇ ਪਹਿਲਾਂ ‘ਸ਼ਵੇਤਾਂਬਰ ਨੇ ਕਿਹਾ ਸੀ’ ਨਾਂ ਦੀ ਅਦਭੁਤ ਕਥਾ ਪੜ੍ਹ ਕੇ ਕਹਾਣੀਕਾਰ ਪ੍ਰੇਮ ਪ੍ਰਕਾਸ਼ ਦੇ ਦਰਾਂ ‘ਤੇ ਜਾ ਹਾਜ਼ਰ ਹੋਣਾ ਪਿਆ ਸੀ, ਪਰ ਉਦੋਂ ਮੈਂ ਉਨ੍ਹਾਂ ਕੋਲ ਆਪਣੇ ਅਜਿਹੇ ਭਾਵ ਪ੍ਰਗਟਾਏ ਨਹੀਂ ਸਨ। 20-22 ਵਰ੍ਹੇ ਪਹਿਲਾਂ ਵਰਿਆਮ ਸੰਧੂ ਦੀ ਕਹਾਣੀ ‘ਮੈਂ ਹੁਣ ਠੀਕ ਠਾਕ ਹਾਂ’ ਪੜ੍ਹ ਕੇ ਵੀ ਇੰਜ ਹੀ ਮਹਿਸੂਸ ਹੋਇਆ ਸੀ। æææ ਤੇ ਹੁਣ ‘ਮਾਇਆ’ ਨਾਵਲ ਦੇ ਪਾਠ ਨਾਲ ਆਤਮਾ ਧੰਨ ਹੋ ਗਈ ਹੈ।
(ਸਮਾਪਤ)
Leave a Reply