ਹਰਭਜਨ ਮਾਨ ਨੇ 2002 ਵਿਚ ਫਿਲਮ ‘ਜੀ ਆਇਆਂ ਨੂੰ’ ਨਾਲ ਪੰਜਾਬੀ ਫਿਲਮਾਂ ਦੇ ਵਿਹੜੇ ਪੈਰ ਧਰਿਆ ਸੀ ਅਤੇ ਹੁਣ ਉਸ ਦੀ ਨਵੀਂ ਫਿਲਮ ‘ਹਾਣੀ’ ਰਿਲੀਜ਼ ਹੋਈ ਹੈ। ਇਸ ਫਿਲਮ ਵਿਚ ਉਹਦੇ ਨਾਲ ਮਹਿਰੀਨ ਕਾਲੇਕਾ, ਸੋਨੀਆ ਮਾਨ ਅਤੇ ਸਰਬਜੀਤ ਚੀਮਾ ਮੁੱਖ ਕਲਾਕਾਰ ਹਨ। ਅੱਜਕੱਲ੍ਹ ਜਿਸ ਤਰ੍ਹਾਂ ਦੀਆਂ ਹਲਕੀਆਂ ਅਤੇ ਅਖੌਤੀ ਕਾਮੇਡੀ ਫਿਲਮਾਂ ਆ ਰਹੀਆਂ ਹਨ, ਉਨ੍ਹਾਂ ਦੇ ਮੁਕਾਬਲੇ ‘ਹਾਣੀ’ ਕਿਤੇ ਸੁਥਰੀ ਫਿਲਮ ਹੈ। ਕਾਮੇਡੀ ਫਿਲਮਾਂ ਦਾ ਤਾਂ ਟ੍ਰੈਂਡ ਇੰਨਾ ਜ਼ਿਆਦਾ ਹਾਵੀ ਹੋਇਆ ਹੈ ਕਿ ਇਹ ਫਿਲਮਾਂ ਚੁਟਕਲਿਆਂ ਦਾ ਸੰਗ੍ਰਹਿ ਲੱਗਣ ਲੱਗ ਪਈਆਂ ਹਨ।
ਹਿੱਟ ਫਿਲਮਾਂ ਦਾ ਕਦੀ ਕੋਈ ਬੱਝਿਆ ਫਾਰਮੂਲਾ ਨਹੀਂ ਹੁੰਦਾ। ਕਿਸੇ ਵੇਲੇ ਫਿਲਮ ਦੀ ਸਫਲਤਾ ਲਈ ਮਿਹਰ ਮਿੱਤਲ ਨੂੰ ਫਿਲਮ ਵਿਚ ਜ਼ਰੂਰ ਲਿਆ ਜਾਂਦਾ ਸੀ ਅਤੇ ਉਸ ਦਾ ਗੰਦ-ਮੰਦ ਸਭ ਸੁਣੀ-ਦੇਖੀ ਜਾਂਦੇ ਸਨ। ਹੁਣ ਵੀ ਉਦਾਂ ਕੁ ਦੀ ਗੱਲ ਹੋ ਗਈ ਹੈ। ਘਟੀਆ ਤੇ ਚਾਲੂ ਜਿਹਾ ਹਾਸਰਸ ਪੰਜਾਬੀ ਫਿਲਮਾਂ ਦਾ ਹਿੱਸਾ ਬਣਾ ਦਿੱਤਾ ਗਿਆ ਹੈ। ‘ਹਾਣੀ’ ਅਜਿਹੇ ਫਾਰਮੂਲਿਆਂ ਤੋਂ ਹਟਵੀਂ ਫਿਲਮ ਹੈ। ਇਸ ਫਿਲਮ ਵਿਚ ਪਿਆਰ ਦੀ ਤਾਕਤ ਅਤੇ ਪਰਿਵਾਰ ਦੇ ਪਿਆਰ ਦੀ ਬਾਤ ਪਾਈ ਗਈ ਹੈ। ਫਿਲਮ ਦੇ ਨਿਰਦੇਸ਼ਕ ਅਮਿਤੋਜ ਮਾਨ ਹਨ। ਹਰਭਜਨ ਮਾਨ ਦੀਆਂ ਫਿਲਮਾਂ ਵੀ ਭਾਵੇਂ ਦੇਸ-ਪਰਦੇਸ ਦੇ ਫਾਰਮੂਲੇ ਵੱਲ ਛਾਲਾਂ ਮਾਰਦੀਆਂ ਜਾਂਦੀਆਂ ਹਨ ਪਰ ਉਸ ਦੀਆਂ ਫਿਲਮਾਂ ਵਿਚ ਉਹ ਜੱਕੜ ਨਹੀਂ ਮਾਰੇ ਜਾਂਦੇ ਜਿਸ ਤਰ੍ਹਾਂ ਕਥਿਤ ਕਾਮੇਡੀ ਵਿਚ ਦੇਖਣ ਨੂੰ ਮਿਲ ਰਹੇ ਹਨ। ਜਿਸ ਤਰ੍ਹਾਂ ਹਰਭਜਨ ਮਾਨ ਉਸ ਦੇ ਗਾਏ ਹਰ ਗੀਤ ਦਾ ਮਤਲਬ ਬਣਦਾ ਹੈ, ਐਨ ਉਸੇ ਤਰ੍ਹਾਂ ਉਸ ਦੀਆਂ ਹੋਰ ਫਿਲਮਾਂ ਵਾਂਗ ਇਹ ਫਿਲਮ ਵੀ ਬੜੀ ਭਾਵਪੂਰਤ ਹੈ। ਇਸ ਵਿਚ ਪਿਆਰ ਦਾ ਸੁਨੇਹਾ ਬਹੁਤ ਸੁਹਣੇ ਢੰਗ ਨਾਲ ਦਿੱਤਾ ਗਿਆ ਹੈ।
Leave a Reply