ਮੈਂ ਕਿਸੇ ਅਖਬਾਰ ਨੂੰ ਪਹਿਲੀ ਵਾਰ ਚਿੱਠੀ ਲਿਖੀ ਹੈ। ਭੁੱਲ-ਚੁੱਕ ਹੋਵੇ ਤਾਂ ਮੁਆਫ ਕਰਨੀ। ਤੁਹਾਡੇ ਵੱਲੋਂ ਬੰਦਾ ਸਿੰਘ ਬਹਾਦਰ ਬਾਰੇ ਛਾਪੀ ਜਾ ਰਹੀ ਲੜੀ ‘ਸਿੱਖੀ, ਬੰਦਾ ਸਿੰਘ ਬਹਾਦਰ ਅਤੇ ਇਤਿਹਾਸ’ ਸਾਰੀ ਦੀ ਸਾਰੀ ਪੜ੍ਹੀ ਹੈ। ਪੜ੍ਹ ਕੇ ਬਹੁਤ ਸਾਰੇ ਭੁਲੇਖੇ ਦੂਰ ਹੋ ਗਏ। ਬਹੁਤ ਸਾਰੀਆਂ ਚੀਜ਼ਾਂ ਬਾਰੇ ਪਤਾ ਨਹੀਂ ਸੀ। ਪਾਠ ਪੁਸਤਕਾਂ ਵਿਚ ਜੋ ਕੁਝ ਸਾਨੂੰ ਪੜ੍ਹਾਇਆ ਗਿਆ, ਉਹ ਝੂਠ ਨਿਕਲ ਗਿਆ। ਫਾਰਸੀ ਇਤਿਹਾਸਕਾਰਾਂ ਨੇ ਤਾਂ ਬੰਦੇ ਬਹਾਦਰ ਨੂੰ ਆਪਣੀ ਨਫਰਤ ਵਿਚੋਂ ਬਥੇਰਾ ਕੁਝ ਉਲਟ-ਪੁਲਟ ਕਿਹਾ ਪਰ ਸਾਡੇ ਆਪਣਿਆਂ ਨੇ ਕਿਹੜਾ ਉਸ ਨਾਲ ਘੱਟ ਕੀਤੀ। ਇਥੋਂ ਤੱਕ ਕਿਹਾ ਗਿਆ ਕਿ ਬੰਦਾ ਸਿੰਘ ਹੰਕਾਰੀ ਸਾਧ ਬਣ ਗਿਆ ਸੀ ਅਤੇ ਉਹ ਆਪਣੇ ਆਪ ਨੂੰ ਗੁਰੂ ਕਹਾਉਣ ਲੱਗ ਪਿਆ ਸੀ, ਇਸੇ ਕਰਕੇ ਉਸ ਨੂੰ ਸਜ਼ਾ ਮਿਲੀ। ਨਵੇਂ ਅੰਕ ਵਿਚ ਗੁਰੂ ਗੋਬਿੰਦ ਸਿੰਘ ਅਤੇ ਬੰਦਾ ਸਿੰਘ ਦੀ ਮੁਲਾਕਾਤ ਬਾਰੇ ਪੜ੍ਹ ਕੇ ਅੱਖਾਂ ਖੁੱਲ੍ਹ ਗਈਆਂ। ਇਹ ਸਾਰੇ ਲੇਖ ਮੈਂ ਆਪਣੇ ਸਾਰੇ ਮਿੱਤਰਾਂ ਨੂੰ ਪੜ੍ਹਾਏ। ਉਹ ਵੀ ਸਾਰੇ ਹੈਰਾਨ ਹਨ। ਉਨ੍ਹਾਂ ਦੇ ਕਹਿਣ ‘ਤੇ ਹੀ ਆਪ ਜੀ ਨੂੰ ਚਿੱਠੀ ਲਿਖੀ ਹੈ ਕਿ ਆਪ ਜੀ ਦਾ ਧੰਨਵਾਦ ਜ਼ਰੂਰ ਕਰਨਾ ਹੈ।
-ਰਣਦੀਪ ਸਿੰਘ ਮਾਨ
ਡਿਟਰਾਇਟ, ਮਿਸ਼ੀਗਨ।
_________________________________
ਅਨਾਰਕਿਸਟ ਉਰਫ ਨਾਬਰ
‘ਪੰਜਾਬ ਟਾਈਮਜ਼’ ਦਾ ਤਾਜ਼ਾ ਅੰਕ (ਸੱਤ ਸਤੰਬਰ) ਪੜ੍ਹ ਕੇ ਰੂਹ ਖੁਸ਼ ਹੋ ਗਈ। ਜਤਿੰਦਰ ਮੌਹਰ ਨੇ ਆਪਣੇ ਲੇਖ ਵਿਚ ਅਨਾਰਕਿਸਟਾਂ ਲਈ ‘ਨਾਬਰ’ ਸ਼ਬਦ ਵਰਤਿਆ ਗਿਆ ਹੈ। ਹੋ ਸਕਦਾ ਹੈ ਕਿ ਇਹ ਸ਼ਬਦ ਵੀ ਅਨਾਰਕਿਸਟਾਂ ਨਾਲ ਇਨਸਾਫ ਨਾ ਕਰਦਾ ਹੋਵੇ, ਪਰ ਇਹ ਗੱਲ ਸੱਚੀ ਹੈ ਕਿ ਅਨਾਰਕਿਸਟਾਂ ਨੂੰ ਭੰਨ-ਤੋੜ ਦੀਆਂ ਕਾਰਵਾਈਆਂ ਨਾਲ ਨੱਥੀ ਕਰ ਦਿੱਤਾ ਗਿਆ ਹੈ। ਅਨਾਰਕਿਸਟ ਸ਼ਬਦ ਅਤੇ ਇਸ ਦੇ ਅਰਥਾਂ ਬਾਰੇ ਹੋਰ ਖੋਜ ਹੋਣੀ ਚਾਹੀਦੀ ਹੈ। ਜਤਿੰਦਰ ਮੌਹਰ ਦੇ ਲੇਖ ਵਿਚ ਕਈ ਤੱਥ ਬੜੇ ਚੰਗੇ ਲੱਗੇ। ਫਿਰ ਉਸ ਦੇ ਇਸ ਤੋਂ ਪਹਿਲਾਂ ਵਾਲੇ ਪਿਛਲੇ ਲੇਖ ਕੱਢ ਕੇ ਪੜ੍ਹੇ। ਕਿਆ ਬਾਤਾਂ ਬਈ। ਹੁਣ ਜਦੋਂ ਕਮਿਉਨਿਸਟਾਂ ਉਤੇ ਵੀ ਵੱਡੇ-ਵੱਡੇ ਪ੍ਰਸ਼ਨ ਚਿੰਨ੍ਹ ਲੱਗ ਰਹੇ ਹਨ ਤਾਂ ਅਨਾਰਕਿਸਟਾਂ ਬਾਰੇ ਇਸ ਤਰ੍ਹਾਂ ਦੀਆਂ ਗੱਲਾਂ ਕੌਣ ਕਰਦਾ ਹੈ? ਅੱਜਕੱਲ੍ਹ ਤਾਂ ਸਾਰੇ ਸਸਤਾ ਅਤੇ ਸ਼ਾਰਟਕੱਟ ਰਸਤਾ ਲੱਭਦੇ ਹਨ। ਬਹੁਤ ਚਿਰ ਪਹਿਲਾਂ ਸ਼ਹੀਦ ਭਗਤ ਸਿੰਘ ਦੇ ਅਨਾਰਕਿਸਟਾਂ ਬਾਰੇ ਲਿਖੇ ਲੇਖ ਪੜ੍ਹੇ ਸਨ। ਹੁਣ ਇਹ ਲੇਖ ਪੜ੍ਹ ਕੇ ਫਿਰ ਉਤਸੁਕਤਾ ਜਾਗ ਪਈ ਹੈ।
-ਸਤਨਾਮ ਘੁੰਮਣ
ਐਲਿਜ਼ਬਥ, ਨਿਊ ਜਰਸੀ।
Leave a Reply