ਪੰਜਾਬ ਟਾਈਮਜ਼ ਦੇ 7 ਸਤੰਬਰ 2013 ਦੇ ਅੰਕ ਵਿਚ ‘ਗੁਰੂ ਗ੍ਰੰਥ ਸਾਹਿਬ ਦੀ ਸਰਬਉਚਤਾ ਅਤੇ ਸਿੱਖ ਏਕੇ ‘ਤੇ ਹਮਲਾ!’ ਸਿਰਲੇਖ ਹੇਠ ਮਝੈਲ ਸਿੰਘ ਸਰਾਂ ਦੇ ਵਿਚਾਰ ਪੜ੍ਹੇ। ਮੇਰਾ ਇਹ ਪੱਤਰ ਉਨ੍ਹਾਂ ਵੱਲੋਂ ਉਠਾਏ ਕੁਝ ਸਵਾਲਾਂ ਦੇ ਜਵਾਬ ਵਿਚ ਹੈ।
ਸ੍ਰੀ ਅਕਾਲ ਤਖਤ ਤੋਂ 27 ਨਵੰਬਰ 2006 ਨੂੰ ਜਾਰੀ ਹੋਏ ਹੁਕਮਨਾਮੇ ਵਿਚ ਸਮੁੱਚੇ ਪੰਥ ਨੂੰ ਕਿਹਾ ਗਿਆ ਹੈ, ‘ਕੁਝ ਸ਼ਰਾਰਤੀ ਅਨਸਰਾਂ ਵਲੋਂ ਮੀਡੀਏ ਰਾਹੀਂ ਦਸਮ ਗ੍ਰੰਥ ਬਾਰੇ ਗੁਮਰਾਹਕੁਨ ਪ੍ਰਚਾਰ ਕੀਤਾ ਜਾ ਰਿਹਾ ਹੈ ਜਦੋਂਕਿ ਗੁਰੂ ਪੰਥ ਨੂੰ ਸਮਰਪਿਤ ਵਿਦਵਾਨ ਸ੍ਰੀ ਅਕਾਲ ਤਖਤ ਦੇ 14 ਮਈ 2000 ਦੇ ਅਦੇਸ਼ਾਂ ਉਪਰ ਪਹਿਰਾ ਦਿੰਦੇ ਹੋਏ ਚੁੱਪ ਹਨ। ਮਾਮਲੇ ਨੂੰ ਧਿਆਨ ਵਿਚ ਰੱਖਦਿਆਂæææਗੁਰੂ ਪੰਥ ਨੂੰ ਸਮਰਤਿ ਵਿਦਵਾਨ ਅਜਿਹੇ ਸ਼ਰਾਰਤੀ ਅਨਸਰਾਂ ਵਲੋਂ ਕੀਤੇ ਜਾ ਰਹੇ ਕੂੜ ਪ੍ਰਚਾਰ ਦਾ ਇਤਹਾਸਕ ਤੱਥਾਂ ਅਤੇ ਗੁਰਮਤਿ ਦੀ ਰੋਸ਼ਨੀ ਦੇ ਅਧਾਰ ਤੇ ਢੁਕਵਾਂ ਉਤਰ ਦੇਣ।’ ਇਹ ਜਾਣਕਾਰੀ ਗੁਰਦੁਆਰਾ ਸੈਨ ਹੋਜ਼ੇ ਵਿਖੇ ਜੁਲਾਈ ਮਹੀਨੇ ਹੋਏ ਸੈਮੀਨਾਰ ਦੇ ਆਯੋਜਕਾਂ ਨੇ ਸ਼ੁਰੂ ਵਿਚ ਹੀ ਇਸ ਹੁਕਮਨਾਮੇ ਦੀ ਕਾਪੀ ਵਿਖਾ ਕੇ ਅਤੇ ਸ੍ਰੀ ਅਕਾਲ ਤਖਤ ਦੇ ਜਥੇਦਾਰ ਦੇ ਇਸ ਮੌਕੇ ਭੇਜੇ ਵਿਸ਼ੇਸ਼ ਸੰਦੇਸ਼ ਨੂੰ ਵੀ ਸੁਣਾ ਕੇ ਸਾਂਝੀ ਕਰ ਲਈ ਸੀ। ਮੇਰੀ ਸਮਝ ਅਨੁਸਾਰ ਇਸ ਸੈਮੀਨਾਰ ਦਾ ਮਕਸਦ ਪੰਥ ਵਿਰੋਧੀ ਸ਼ਕਤੀਆਂ ਵਲੋਂ ਅਰੰਭੇ ਅੰਮ੍ਰਿਤ ਦੀਆਂ ਅਤੇ ਦਸਮੇਸ਼ ਪਿਤਾ ਦੁਆਰਾ ਰਚੀਆਂ ਬਾਣੀਆਂ ਬਾਰੇ ਹੋ ਰਹੇ ਕੂੜ ਪ੍ਰਚਾਰ ਦੀ ਅਸਲੀਅਤ ਤੋਂ ਸੰਗਤਾਂ ਨੂੰ ਜਾਣੂ ਕਰਵਾਉਣਾ ਅਤੇ ਇਨ੍ਹਾਂ ਬਾਣੀਆਂ ਬਾਰੇ ਪੈਦਾ ਕੀਤੀ ਗਈ ਦੁਬਿਧਾ ਨੂੰ ਦੂਰ ਕਰਨਾ ਸੀ।
ਇਸ ਸੈਮੀਨਾਰ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਰਬਉਚਤਾ ਅਤੇ ਜਗਤ ਗੁਰੂ ਹੋਣ ਬਾਰੇ ਵਾਰ ਵਾਰ ਕਿਹਾ ਗਿਆ। ਨਾਲ ਹੀ ਹਰ ਸਿੱਖ ਨੂੰ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਹੀ ਆਪਣਾ ਗੁਰੂ ਮੰਨਦਿਆਂ ਪੰਜਾਂ ਬਾਣੀਆਂ ਦਾ ਜਾਪ ਅਤੇ ਅਰਦਾਸ ਕਰਕੇ ਤਿਆਰ ਕੀਤੇ ਅੰਮ੍ਰਿਤ ਬਾਟਾ ਛਕਣ ਦੇ ਦਸ਼ਮੇਸ਼ ਪਿਤਾ ਦੇ ਹੁਕਮਾਂ ਦੀ ਪਾਲਣਾ ਕਰਨ ਲਈ ਪ੍ਰੇਰਿਆ ਗਿਆ। ਇਨ੍ਹਾਂ ਪੰਜਾਂ ਬਾਣੀਆਂ ਵਿਚੋਂ ਤਿੰਨ ਬਾਣੀਆਂ ਅਤੇ ਅਰਦਾਸ ਦਸਮ ਗ੍ਰੰਥ ਵਿਚੋਂ ਹੀ ਪ੍ਰਾਪਤ ਕੀਤੀਆਂ ਗਈਆਂ ਹਨ।
ਯਾਦ ਰਹੇ 1699 ਈ: ਵਿਚ ਵਿਸਾਖੀ ਵਾਲੇ ਦਿਨ ਗੁਰੂ ਗੋਬਿੰਦ ਸਿੰਘ ਨੇ ਖਾਲਸੇ ਦੀ ਸਿਰਜਣਾ ਕੀਤੀ ਅਤੇ 1708 ਅਕਾਲ ਚਲਾਣੇ ਤੋਂ ਪਹਿਲਾਂ ਖਾਲਸਾ ਪੰਥ ਨੂੰ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਇਆ। ਸਾਰਾ ਸਿੱਖ ਪੰਥ ਗੁਰੂ ਗ੍ਰੰਥ ਸਾਹਿਬ ਤੋਂ ਅਧਿਆਤਮਿਕ ਸੇਧ ਲੈਂਦਾ ਹੈ ਅਤੇ ਗੁਰੂ ਪੰਥ ਤੋਂ ਜੁਗਤੀ ਪ੍ਰਾਪਤ ਕਰਦਾ ਹੈ। ਇਸ ਪ੍ਰਕਾਰ ਦਸਮ ਗ੍ਰੰਥ ਸਾਹਿਬ ਦਾ ਸਿੱਖੀ ਦੇ ਜਥੇਬੰਧਕ ਢਾਂਚੇ ਵਿਚ ਸ਼ੁਰੂ ਤੋਂ ਹੀ ਅਹਿਮ ਅਸਥਾਨ ਰਿਹਾ ਹੈ।
ਮਝੈਲ ਸਿੰਘ ਸਰਾਂ ਲਿਖਦੇ ਹਨ ਕਿ ਭੰਗਾਣੀ ਦਾ ਯੁੱਧ 1688 ਵਿਚ ਹੋਇਆ ਅਤੇ ਦਸਮ ਗ੍ਰੰਥ 1696 ਵਿਚ ਲਿਖਿਆ ਗਿਆ। ਇਹ ਇਤਿਹਾਸਕ ਪੱਖ ਤੋਂ ਗਲਤ ਬਿਆਨ ਹੈ। ਗੁਰਿੰਦਰ ਸਿੰਘ ਮਾਨ ਨੇ ਸੈਮੀਨਾਰ ਵਿਚ ਵਿਖਾਏ ਸਲਾਈਡ-ਸ਼ੋ ਰਾਹੀਂ ਦਸਿਆ ਸੀ ਕਿ ਦਸਮ ਗ੍ਰੰਥ ਸਾਹਿਬ ਦੀ ਪਹਿਲੀ ਬੀੜ 1696 ਈ: ਵਿਚ ਬਣਾਈ ਗਈ ਸੀ। ਇਸ ਬੀੜ ਨੂੰ ਅਨੰਦਪੁਰੀ ਬੀੜ ਕਹਿੰਦੇ ਹਨ। ਦਸਮ ਗ੍ਰੰਥ ਸਾਹਿਬ ਦੀਆਂ ਕਾਫੀ ਰਚਨਾਵਾਂ 1688 ਤੋਂ ਪਹਿਲਾਂ ਮੁਕੰਮਲ ਹੋ ਚੁਕੀਆਂ ਸਨ। ‘ਕ੍ਰਿਸ਼ਨ ਅਵਤਾਰ’ ਜਿਸ ਵਿਚ ਗੁਰੂ ਸਾਹਿਬ ਨੇ ਇਕ ਪਾਤਰ ਖੜਗ ਸਿੰਘ ਨੂੰ ਕ੍ਰਿਸ਼ਨ ਨਾਲ ਯੁਧ ਕਰਦਾ ਦਰਸਾਇਆ ਹੈ, ਜੂਨ 1688 ਵਿਚ ਪੂਰਾ ਹੋ ਚੁਕਾ ਸੀ। ਇਹ ਪ੍ਰਮਾਣ ਦਸਮ ਗ੍ਰੰਥ ਵਿਚ ਹੀ ਮਿਲ ਜਾਂਦਾ ਹੈ। ਗੁਰੂ ਗੋਬਿੰਦ ਸਿੰਘ ਲਿਖਦੇ ਹਨ, “ਸੱਤ੍ਰਹ ਸੈ ਪੈਤਾਲ ਮਹਿ ਸਾਵਣ ਸੁਦਿ ਥਿਤਿ ਦੀਪ॥ ਨਗਰ ਪਾਂਵਟਾ ਸੁਭ ਕਰਨ ਜਮਨਾ ਬਹੈ ਸਮੀਪ॥2490॥” (ਕ੍ਰਿਸ਼ਨ ਅਵਤਾਰ, ਦਸਮ ਗ੍ਰੰਥ)
ਇਸ ਦਾ ਮਤਲਬ ਹੈ ਕਿ ਕ੍ਰਿਸ਼ਨ ਅਵਤਾਰ ਦੀ ਰਚਨਾ ਸੰਮਤ 1745 (1688 ਈ:) ਸਾਵਣ ਦੇ ਮਹੀਨੇ, ਪਾਉਂਟਾ ਸਾਹਿਬ ਵਿਖੇ ਜਮੁਨਾ ਨਦੀ ਦੇ ਕਿਨਾਰੇ ਸੰਪੂਰਨ ਕੀਤੀ ਗਈ। ਭੰਗਾਣੀ ਦੀ ਜੰਗ ਅਕਤੂਬਰ 1688 ਈ: ਵਿਚ ਹੋਈ ਸੀ।
ਮਝੈਲ ਸਿੰਘ ਸਰਾਂ ਦੇ ਵਿਚਾਰ ਪੜ੍ਹ ਕੇ ਮਹਿਸੂਸ ਹੁੰਦਾ ਹੈ ਕਿ ਉਨ੍ਹਾਂ ਨੂੰ ਚਰਿਤਰੋ ਪਾਖਿਆਨ ਦੇ ਢਾਂਚੇ ਬਾਰੇ ਜਾਣਕਾਰੀ ਨਹੀਂ ਹੈ ਅਤੇ ਨਾ ਹੀ ਉਨ੍ਹਾਂ ਨੇ ਦਸਮ ਗ੍ਰੰਥ ਪੜ੍ਹਿਆ ਹੈ।
ਚਰਿਤਰੋ ਪਾਖਿਆਨ ਵਿਚ 404 ਚਰਿਤਰ ਹਨ। ਉਪਾਖਿਆਨ ਦਾ ਅਰਥ ਹੈ, ਇਕ ਛੋਟੀ ਕਹਾਣੀ ਜੋ ਕਿ ਇਕ ਵੱਡੀ ਮੂਲ ਕਹਾਣੀ ਦਾ ਹਿੱਸਾ ਹੈ। ਚਰਿਤਰ ਨੰ: 2 ਵਿਚ ਗੁਰੂ ਸਾਹਿਬ ਲਿਖਦੇ ਹਨ ਕਿ ਚਿਤਰ ਸਿੰਘ ਨਾਮ ਦਾ ਇਕ ਰਾਜਾ ਬੁੱਢੀ ਉਮਰੇ ਇਕ ਜਵਾਨ ਲੜਕੀ ਨਾਲ ਵਿਆਹ ਕਰ ਲੈਂਦਾ ਹੈ। ਰਾਣੀ ਰਾਜੇ ਦੇ (ਪਹਿਲੇ ਵਿਆਹ ‘ਚੋਂ ਹੋਏ) ਪੁੱਤਰ ਨਾਲ ਸਰੀਰਕ ਸਬੰਧ ਬਣਾਉਣਾ ਲੋਚਦੀ ਹੈ। ਨਾਂਹ ਕਰਨ ‘ਤੇ ਖ਼ਫਾ ਹੋ ਕੇ ਜਵਾਨ ਰਾਣੀ ਰਾਜੇ ਨੂੰ ਉਸ ਦੇ ਪੁੱਤਰ ਦੇ ਮਾੜੇ ਇਰਾਦੇ ਬਾਰੇ ਝੂਠੇ ਇਲਜ਼ਾਮ ਲਾ ਕੇ ਸ਼ਿਕਾਇਤ ਕਰ ਦਿੰਦੀ ਹੈ। ਰਾਜਾ ਨਾਰਾਜ਼ ਹੋ ਕੇ ਆਪਣੇ ਹੀ ਬੇਕਸੂਰ ਪੁੱਤਰ ਨੂੰ ਫਾਂਸੀ ਲਾਉਣਾ ਚਾਹੁੰਦਾ ਹੈ। ਉਧਰ, ਰਾਜੇ ਦਾ ਮੰਤਰੀ ਅਸਲੀਅਤ ਤੋਂ ਜਾਣੂੰ ਹੈ ਅਤੇ ਇਕ ਸਿਆਣਾ ਪੁਰਖ ਹੋਣ ਦੇ ਨਾਤੇ ਰਾਜੇ ਨੂੰ ਸਿੱਧਾ ਤਾਂ ਕੁਝ ਨਹੀਂ ਕਹਿੰਦਾ ਪਰ ਦੁਨੀਆਂ ਵਿਚ ਵਿਚਰ ਰਹੇ ਲੋਕਾਂ ਦੀਆਂ ਤਰ੍ਹਾਂ ਤਰ੍ਹਾਂ ਦੀਆਂ ਬਦਇਖਲਾਕੀ ਕਰਤੂਤਾਂ ਨੂੰ ਵਖ ਵਖ ਕਹਾਣੀਆਂ ਦੇ ਰੂਪ ਵਿਚ ਬਿਆਨ ਕਰਦਾ ਹੈ। ਮੰਤਰੀ ਦਾ ਮੰਤਵ ਰਾਜੇ ਨੂੰ ਉਸ ਦੇ ਪੁੱਤਰ ਦੇ ਬੇਕਸੂਰ ਹੋਣ ਬਾਰੇ ਜਾਣੂੰ ਕਰਵਾਉਣਾ ਹੈ। ਅਗਲੇ ਚਰਿਤਰ ਇਸੇ ਹੀ ਕੜੀ ਦਾ ਹਿੱਸਾ ਹਨ ਅਤੇ ਉਨ੍ਹਾਂ ਵਿਚ ਵਖ ਵਖ ਕਹਾਣੀਆਂ ਦਸ ਕੇ ਕਾਮ ਵਾਸਨਾ ਵਿਚ ਗ੍ਰਸੇ ਲੋਕਾਂ ਦੀ ਹਾਲਤ ਦਰਸਾਈ ਗਈ ਹੈ। ਇਹ ਦਸਮ ਗ੍ਰੰਥ ਦਾ ਗਲਪ ਹਿੱਸਾ ਹੈ ਅਤੇ ਇਸ ਦਾ ਮਨੋਰਥ ਖ਼ਾਲਸੇ ਨੂੰ ਆਪਣਾ ਇਖਲਾਕ ਉਚਾ ਰੱਖਣ ਦੀ ਸਿਖਿਆ ਹੈ। ਖ਼ਾਲਸੇ ਦੀਆਂ ਚਾਰ ਬੱਜਰ ਕੁਰਹਿਤਾਂ ਵਿਚੋਂ ਪਰ ਨਾਰੀ ਦਾ ਸੰਗ ਵਿਵਰਜਿਤ ਕਰਦੀ ਕੁਰਹਿਤ ਦਾ ਵਰਣਨ ਵੀ ਇਸੇ ਹੀ ਰਚਨਾ ਵਿਚੋਂ ਹੈ। ਗੁਰੂ ਗੋਬਿੰਦ ਸਿੰਘ ਲਿਖਦੇ ਹਨ,
ਸੁਧ ਜਬ ਤੇ ਹਮ ਧਰੀ ਬਚਨ ਗੁਰ ਦਏ ਹਮਾਰੇ।
ਪੂਤ ਇਹੈ ਪ੍ਰਣ ਤੋਹਿ ਪ੍ਰਾਣ ਜਬ ਲਗ ਘਟ ਥਾਰੇ।
ਨਿਜ ਨਾਰੀ ਕੇ ਸਾਥ ਨੇਹੁ ਤੁਨ ਨਿਤ ਬਢੈਯਹੁ।
ਪਰ ਨਾਰੀ ਕੀ ਸੇਜ ਭੂਲ ਸੁਪਨੇ ਹੂੰ ਨ ਜੈਯਹੂ।
(ਚਰਿਤਰੋ ਪਾਖਿਆਨ, ਦਸਮ ਗ੍ਰੰਥ)
ਮਝੈਲ ਸਿੰਘ ਸਰਾਂ ਲਿਖਦੇ ਹਨ ਕਿ ਮਹਾਰਾਜਾ ਰਣਜੀਤ ਸਿੰਘ ਨੇ ਬਹੁਤ ਜੰਗਾਂ ਜਿੱਤੀਆਂ। ਉਹ ਕਿਹੜਾ ਦਸਮ ਗ੍ਰੰਥ ਪੜ੍ਹਦੇ ਸਨ। ਇਹ ਬਿਆਨ ਉਨ੍ਹਾਂ ਦੇ ਸਿੱਖ ਇਤਿਹਾਸ ਦੇ ਗਿਆਨ ਵਿਹੂਣੇ ਹੋਣਾ ਸਾਬਿਤ ਕਰਦਾ ਹੈ। ਇੱਥੇ ਇਹ ਦਸਣਾ ਜ਼ਰੂਰੀ ਹੈ ਕਿ ਮੁਫਤੀ ਅੱਲ ਉਦ-ਦੀਨ ਇਬਾਰਤਨਾਮਾ ਵਿਚ ਲਿਖਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਜਦੋਂ ਵੀ ਦੌਰੇ ਅਤੇ ਜੰਗ ਵਿਚ ਜਾਂਦੇ ਸਨ ਤਾਂ ਗੁਰੂ ਗ੍ਰੰਥ ਸਾਹਿਬ ਅਤੇ ਦਸਮ ਗ੍ਰੰਥ ਦੇ ਸਰੂਪ ਗ੍ਰੰਥੀ ਸਿੰਘਾਂ ਸਮੇਤ ਨਾਲ ਲੈ ਕੇ ਜਾਂਦੇ ਸਨ। ਇਨ੍ਹਾਂ ਦੋਨੋਂ ਹੀ ਸਰੂਪਾਂ ਦੇ ਨਾਲ ਨਿਸ਼ਾਨ ਸਾਹਿਬ ਅਤੇ ਇਕ ਖ਼ਾਸ ਫੌਜੀ ਦਸਤੇ ਦਾ ਪਹਿਰਾ ਹੁੰਦਾ ਸੀ। ਹਰ ਰੈਜੀਮੈਂਟ ਵਿਚ ਇਹ ਦੋਵੇਂ ਹੀ ਗ੍ਰੰਥ ਮੌਜੂਦ ਹੁੰਦੇ ਸਨ। ਉਸ ਸਮੇਂ ਦਸਮ ਗ੍ਰੰਥ ‘ਦਸਮਾਂ ਪਾਤਸ਼ਾਹ ਜੂ ਕਾ ਗ੍ਰੰਥ’ ਨਾਮ ਨਾਲ ਜਾਣਿਆ ਜਾਂਦਾ ਸੀ।
ਅੰਗਰੇਜ਼ ਲਿਖਾਰੀ ਜੌਨ ਮੈਲਕਮ ਵੀ ਆਪਣੀ 1812 ਵਿਚ ਲਿਖੀ ਕਿਤਾਬ ‘ਸਕੈਚ ਆਫ ਦ ਸਿੱਖਸ’ ਵਿਚ ਦੋਹਾਂ ਗ੍ਰੰਥਾਂ ਦੀ ਹੋਂਦ ਬਾਰੇ ਲਿਖਦਾ ਹੈ।
ਸੈਮੀਨਾਰ ਦੇ ਪ੍ਰਬੰਧਕ ਵਧਾਈ ਦੇ ਹੱਕਦਾਰ ਹਨ ਕਿ ਉਨ੍ਹਾਂ ਇਕ ਬੇਮਿਸਾਲ ਪ੍ਰੋਗਰਾਮ ਕੀਤਾ। ਸੰਗਤਾਂ ਨੂੰ ਅੰਮ੍ਰਿਤ ਬਾਣੀਆਂ ਬਾਰੇ ਕੀਤੇ ਜਾ ਰਹੇ ਕੂੜ ਪ੍ਰਚਾਰ ਤੋਂ ਸਾਵਧਾਨ ਕੀਤਾ। ਸਾਰੀ ਸੰਗਤ ਨੇ ਬੜੇ ਹੀ ਉਤਸ਼ਾਹ ਨਾਲ ਇਹ ਸਮੁੱਚਾ ਪ੍ਰੋਗਰਾਮ ਸੁਣਿਆ। ਮੈਂ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਸ਼ਰਾਰਤੀ ਅਨਸਰਾਂ ਦੇ ਝੂਠੇ ਪ੍ਰਚਾਰ ਨੂੰ, ਜੋ ਜ਼ਿਆਦਾ ਕਰਕੇ ਇੰਟਰਨੈਟ ਦੇ ਜ਼ਰੀਏ ਕੀਤਾ ਜਾਂਦਾ ਹੈ, ਬਹੁਤ ਹੱਦ ਤਕ ਠੱਲ ਪੈ ਗਈ ਹੈ।
-ਇੰਦਰ ਸਿੰਘ, ਕੈਲੀਫੋਰਨੀਆ
ਫੋਨ: 916-804-0811
Leave a Reply