ਮੈਂ ‘ਪੰਜਾਬ ਟਾਈਮਜ਼’ ਅਖ਼ਬਾਰ ਦਾ ਪੁਰਾਣਾ ਪਾਠਕ ਹਾਂ। ਪਿਛਲੇ ਹਫ਼ਤੇ ਵਾਲੀ ਅਖ਼ਬਾਰ ਵਿਚ ਕੁਝ ਐਸੀਆਂ ਚਿੱਠੀਆਂ ਛਪੀਆਂ ਦੇਖੀਆਂ ਜਿਨ੍ਹਾਂ ਵਿਚ ਇਕ ਲਿਖਤ ਬਾਰੇ ਬੜੀ ਤਿੱਖੀ ਨੁਕਤਾਚੀਨੀ ਕੀਤੀ ਹੋਈ ਸੀ। ਮੈਂ ਹੈਰਾਨ ਹੋਇਆ ਕਿ ਤੁਸੀਂ ਇਹ ਚਿੱਠੀ ਛਾਪ ਕਿਵੇਂ ਦਿੱਤੀ? ਅਖ਼ਬਾਰਾਂ ਵਾਲੇ ਤਾਂ ਮਿੱਠਾ ਮਿੱਠਾ ਹੜੱਪ, ਕੌੜਾ ਥੂਹ ਥੂਹ ਕਰਦੇ ਹੁੰਦੇ ਆ। ਉਂਜ ਮੈਨੂੰ ਇਸੇ ਚਿੱਠੀ ਤੋਂ ਹੌਸਲਾ ਮਿਲਿਆ ਹੈ ਕਿ ਮੈਂ ਵੀ ਆਪਣਾ ਦਿਲ ਹੌਲਾ ਕਰ ਲਵਾਂ।
ਗੱਲ ਇਹ ਹੈ ਕਿ ਮੈਨੂੰ ਪੇਂਡੂ ਹੋਣ ਨਾਤੇ ਤੁਹਾਡੀ ਅਖ਼ਬਾਰ ਦੇ ਕੁਝ ਕਾਲਮਨਵੀਸਾਂ ਦੀਆਂ ਲਿਖਤਾਂ ਬਹੁਤ ਚੰਗੀਆਂ ਲਗਦੀਆਂ ਨੇ। ਸਿੱਧੀ ਸਾਦੀ ਬੋਲੀ ਵਿਚ ਗੱਲ ਕੀਤੀ ਗਈ ਹੁੰਦੀ ਹੈ। ਖ਼ਾਸ ਕਰ ਕੇ ਤਰਲੋਚਨ ਸਿੰਘ ਦੁਪਾਲਪੁਰ ਅਤੇ ਮੇਜਰ ਕੁਲਾਰ ਨੂੰ ਮੈਂ ਜ਼ਰੂਰ ਪੜ੍ਹਦਾ ਹੁੰਦਾ ਹਾਂ ਕਿਉਂਕਿ ਇਹ ਦੋਵੇਂ ਬਾਈ ਵੀ ਪੇਂਡੂ ਹਨ। ਸਾਧਾਰਨ ਗੱਲਾਂ-ਬਾਤਾਂ ਨੂੰ ਵੀ ਉਹ ਰਸੀਲੀਆਂ ਬਣਾ ਕੇ ਪੇਸ਼ ਕਰਦੇ ਹਨ ਪਰ ਮੁਆਫ਼ ਕਰਨਾ ਜੀ, ਮੈਂ ਇਹ ਸਿੱਟਾ ਕੱਢਿਆ ਹੈ ਕਿ ਸ਼ ਦੁਪਾਲਪੁਰ ਦੀ ਹਰ ਲਿਖਤ ਵਿਚ ਗੁਰਦੁਆਰਾ ਜਾਂ ਫਿਰ ਪੰਜਾਬ ਦੀ ਅਕਾਲੀ ਸਰਕਾਰ ਦੀ ਗੱਲ ਜ਼ਰੂਰ ਆ ਵੜਦੀ ਹੈ। ਉਨ੍ਹਾਂ ਨੂੰ ਹਮੇਸ਼ਾ ਸਿੱਖੀ ਦੀ ਚਿੰਤਾ ਲੱਗੀ ਰਹਿੰਦੀ ਹੈ। ਦੂਜੇ ਪਾਸੇ ਕੁਲਾਰ ਬਾਈ ਜੀ ਸਦਾ ਗ੍ਰੀਨ ਕਾਰਡ ਦੁਆਲੇ ਹੀ ਘੁੰਮਦੇ ਰਹਿੰਦੇ ਨੇ। ਉਹ ਹਰ ਲੇਖ ਵਿਚ ਗੱਲ ਘੁਮਾ-ਫਿਰਾ ਕੇ ਇਸੇ ਗ੍ਰੀਨ ਕਾਰਡ ‘ਤੇ ਲਿਆ ਡੇਗਦੇ ਹਨ। ਮੰਨਿਆ ਕਿ ਉਨ੍ਹਾਂ ਨੂੰ ਹਾਲੇ ਇਹ ਕਾਰਡ ਨਸੀਬ ਨਹੀਂ ਹੋਇਆ ਹੋਵੇਗਾ, ਇਸ ਲਈ ਉਨ੍ਹਾਂ ਦੀ ਸੋਚ ਵਿਚੋਂ ਇਹ ਮਨਫ਼ੀ ਨਹੀਂ ਹੁੰਦਾ, ਫਿਰ ਵੀæææ। ਇਸੇ ਤਰ੍ਹਾਂ ਜਥੇਦਾਰ ਦੁਪਾਲਪੁਰ ਸ਼੍ਰੋਮਣੀ ਕਮੇਟੀ ਦੇ ਮੈਂਬਰ ਰਹੇ ਹੋਣ ਕਰ ਕੇ ਅਕਸਰ ਸਿੱਖ ਧਰਮ ਬਾਰੇ ਚਿੰਤਾ ਕਰੀ ਜਾਂਦੇ ਹਨ, ਪਰ ਦੋਹਾਂ ਦੀ ਲੇਖਣੀ ਮੇਰੇ ਵਰਗੇ ਅਧਪੜ੍ਹ ਪੇਂਡੂਆਂ ਨੂੰ ਵੀ ਪਸੰਦ ਆਉਂਦੀ ਹੈ। ਇਸ ਲਈ ਉਹ ਸਾਨੂੰ ਇਕੋ ਰੰਗ ਵਿਚ ਨਾ ਬੰਨ੍ਹੀ ਰੱਖਣ। ਸੋ, ਮੈਂ ਚਾਹੁੰਦਾ ਹਾਂ ਕਿ ਇਹ ਦੋਵੇਂ ਬੀਰ ਗੁਰਦੁਆਰਾ ਅਤੇ ਗ੍ਰੀਨ ਕਾਰਡ ਦੇ ਦਾਇਰੇ ਵਿਚੋਂ ਬਾਹਰ ਵੀ ਆ ਜਾਣ। ਦੋਹਾਂ ਦੇ ਲੇਖ ਰੰਗ-ਬਰੰਗੇ ਵੀ ਹੋਣ। ਗ੍ਰੀਨ ਕਾਰਡ ਜਾਂ ਧਰਮ ਤੋਂ ਇਲਾਵਾ ਹੋਰ ਵੀ ਬਥੇਰੇ ਵਿਸ਼ੇ ਹਨ ਜਿਨ੍ਹਾਂ ‘ਤੇ ਕਲਮ ਚਲਾਈ ਜਾ ਸਕਦੀ ਹੈ। ਸੁਣਿਆ ਹੈ ਕਿ ਕਵੀ ਤੇ ਲਿਖਾਰੀ ਆਪਣੀ ਨੁਕਤਾਚੀਨੀ ਸੁਣ ਕੇ ਗੁੱਸਾ ਵੀ ਬਹੁਤ ਕਰ ਲੈਂਦੇ ਨੇ, ਪਰ ਮੈਨੂੰ ਉਮੀਦ ਐ ਕਿ ਮੇਰੀ ਇਹ ਚਿੱਠੀ ਤੁਸੀਂ ਛਾਪ ਦਿਉਗੇ ਤੇ ਦੋਵੇਂ ਲਿਖਾਰੀ ਮੇਰਾ ਸੁਝਾਅ ਮੰਨ ਲੈਣਗੇ ਤੇ ਗੁੱਸਾ ਵੀ ਨਹੀਂ ਕਰਨਗੇ ਕਿਉਂਕਿ ਮੈਂ ਉਨ੍ਹਾਂ ਦਾ ਵੱਡਾ ਫੈਨ ਹਾਂ।
-ਲਸ਼ਕਰ ਸਿੰਘ ਮਾਹੀ, ਵੁੱਡਲੈਂਡ
Leave a Reply