ਆਸਾਰਾਮ ਬਾਪੂ ਦੇ ਨਾਂ ਨਾਲ ਮਸ਼ਹੂਰ ਬਾਬਾ, ਆਖਰਕਾਰ ਪੁਲਿਸ ਦੀ ਗ੍ਰਿਫਤ ਵਿਚ ਆ ਗਿਆ ਹੈ। ਉਸ ਉਤੇ ਆਪਣੇ ਹੀ ਇਕ ਸ਼ਰਧਾਲੂ ਦੀ ਬੇਟੀ ਦੇ ਜਿਣਸੀ ਸ਼ੋਸ਼ਣ ਦੇ ਦੋਸ਼ ਹਨ। ਉਸ ਦੀ ਇਸ ਗ੍ਰਿਫਤਾਰੀ ਨਾਲ ਅਜਿਹੇ ਪਖੰਡੀ ਬਾਬਿਆਂ ਦੀਆਂ ਕਰਤੂਤਾਂ ਦਾ ਭਾਂਡਾ ਚੌਰਾਹੇ ਵਿਚ ਭੰਨਿਆ ਗਿਆ ਹੈ। ਉਂਜ ਇਸ ਗ੍ਰਿਫਤਾਰੀ ਦਾ ਸਭ ਤੋਂ ਵੱਧ ਦੁੱਖ ਭਾਰਤੀ ਜਨਤਾ ਪਾਰਟੀ ਅਤੇ ਇਸ ਦੀਆਂ ਹੋਰ ਜੋਟੀਦਾਰ ਹਿੰਦੂ ਜਥੇਬੰਦੀਆਂ ਨੇ ਮਨਾਇਆ ਹੈ। ਇਨ੍ਹਾਂ ਜਥੇਬੰਦੀਆਂ ਦੀ ਇਕ ਹੀ ਦਲੀਲ ਹੈ ਕਿ ਆਸਾਰਾਮ ਕਿਉਂਕਿ ਸੋਨੀਆ ਗਾਂਧੀ ਅਤੇ ਉਸ ਦੇ ਟੱਬਰ ਦੀ ਨੁਕਤਾਚੀਨੀ ਕਰਦਾ ਹੈ, ਇਸ ਲਈ ਉਸ ਨੂੰ ਝੂਠੇ ਕੇਸਾਂ ਵਿਚ ਉਲਝਾਇਆ ਜਾ ਰਿਹਾ ਹੈ। ਹੋਰ ਫਿਰਕਿਆਂ ਖਿਲਾਫ ਜ਼ਹਿਰ ਉਗਲਣ ਵਾਲੀ ਜਥੇਬੰਦੀ, ਵਿਸ਼ਵ ਹਿੰਦੂ ਪ੍ਰੀਸ਼ਦ ਦੇ ਆਗੂ ਅਸ਼ੋਕ ਸਿੰਘਲ ਨੇ ਤਾਂ ਆਸਾਰਾਮ ਖਿਲਾਫ ਇਸ ਕਾਰਵਾਈ ਨੂੰ ਹਿੰਦੂ ਧਰਮ ਉਤੇ ਹਮਲਾ ਹੀ ਕਰਾਰ ਦੇ ਦਿੱਤਾ ਹੈ। ਇਨ੍ਹਾਂ ਜਥੇਬੰਦੀਆਂ ਅਤੇ ਇਨ੍ਹਾਂ ਦੇ ਆਗੂਆਂ ਨੇ ਆਸਾਰਾਮ ਦੇ ਹੱਕ ਵਿਚ ਰੋਸ ਵਿਖਾਵੇ ਕਰਨ ਦੇ ਯਤਨ ਵੀ ਕੀਤੇ ਹਨ ਅਤੇ ਉਸ ਦੇ ਸ਼ਰਧਾਲੂਆਂ ਰਾਹੀਂ ਤਾਕਤ ਦੇ ਜ਼ੋਰ ਪ੍ਰਸ਼ਾਸਨ ਨੂੰ ਡਰਾਉਣ ਤੇ ਧਮਕਾਉਣ ਦਾ ਦਾਅ ਵੀ ਵਰਤਿਆ ਹੈ, ਪਰ ਪੁਲਿਸ ਅਤੇ ਪ੍ਰਸ਼ਾਸਨ ਦੀ ਪਹੁੰਚ ਤੋਂ ਜਾਪਦਾ ਹੈ ਕਿ ਐਤਕੀਂ ਆਸਾਰਾਮ ਬਚ ਕੇ ਨਿਕਲ ਨਹੀਂ ਸਕੇਗਾ, ਉਸ ਖਿਲਾਫ ਕਾਰਵਾਈ ਸਿਰੇ ਚੜ੍ਹ ਕੇ ਰਹਿਣੀ ਹੈ। ਆਸਾਰਾਮ ਅਤੇ ਉਸ ਦੇ ਪੁੱਤਰ ਨੇ ਵੀ ਇਸ ਬਾਰੇ ਦੁੱਖ ਜਿਹਾ ਜ਼ਾਹਿਰ ਕੀਤਾ ਹੈ ਕਿ ਪਹਿਲਾਂ ਹਰ ਮਾਮਲੇ ਵਿਚ ਉਨ੍ਹਾਂ ਦਾ ਪੱਖ ਸੁਣ ਕੇ, ਮਾਮਲਾ ਨਜਿੱਠ ਲਿਆ ਜਾਂਦਾ ਰਿਹਾ ਹੈ; ਭਾਵ ਮਾਮਲਾ ਰਫਾ-ਦਫਾ ਕਰ ਦਿੱਤਾ ਜਾਂਦਾ ਰਿਹਾ ਹੈ; ਐਤਕੀਂ ਉਨ੍ਹਾਂ ਦੀ ਗੱਲ ਹੀ ਨਹੀਂ ਸੁਣੀ ਜਾ ਰਹੀ। ਆਸਾਰਾਮ ਨੇ ਤਾਂ ਪਹਿਲਾਂ ਪੁਲਿਸ ਅੱਗੇ ਪੇਸ਼ ਹੋਣ ਤੋਂ ਵੀ ਆਨਾਕਾਨੀ ਕੀਤੀ ਸੀ ਅਤੇ ਬਿਮਾਰ ਹੋਣ ਦਾ ਬਹਾਨਾ ਬਣਾਇਆ ਸੀ, ਪਰ ਪੁਲਿਸ ਰਾਤੋ-ਰਾਤ ਉਸ ਦੇ ਆਸ਼ਰਮ ਪਹੁੰਚ ਗਈ ਅਤੇ ਉਸ ਨੂੰ ਲੈ ਆਈ। ਉਦੋਂ ਹੀ ਮਾਮਲਾ ਸਪਸ਼ਟ ਹੋ ਗਿਆ ਸੀ ਕਿ ਐਤਕੀਂ ਕਾਰਵਾਈ ਲੋਕਲ ਪ੍ਰਸ਼ਾਸਨ ਦੀ ਮਰਜ਼ੀ ਨਾਲ ਨਹੀਂ, ਉਪਰਲੇ ਹੁਕਮਾਂ ਮੁਤਾਬਕ ਹੋ ਰਹੀ ਹੈ। ਨਤੀਜੇ ਵਜੋਂ, ਹਰ ਤਰ੍ਹਾਂ ਦੇ ਵਿਰੋਧ ਦੇ ਬਾਵਜੂਦ ਅੱਜ ਆਸਾਰਾਮ ਜੇਲ੍ਹ ਅੰਦਰ ਬੰਦ ਹੈ। ਉਂਜ, ਜਿਨ੍ਹਾਂ ਦੋਸ਼ਾਂ ਤਹਿਤ ਆਸਾਰਾਮ ਜੇਲ੍ਹ ਅੰਦਰ ਬੰਦ ਹੈ, ਉਹ ਕੋਈ ਨਵੇਂ ਨਹੀਂ ਹਨ। ਅਜਿਹੀਆਂ ਸ਼ਿਕਾਇਤਾਂ ਆਮ ਹਨ, ਪਰ ਅਜਿਹੀਆਂ ਸ਼ਿਕਾਇਤਾਂ ਉਤੇ ਕਾਰਵਾਈ ਬਹੁਤ ਘੱਟ ਹੁੰਦੀ ਰਹੀ ਹੈ। ਇਕ ਤਾਂ ਅਜਿਹੇ ਬਾਬਿਆਂ ਦੀ ਸਰਕਾਰੇ-ਦਰਬਾਰੇ ਚੱਲਦੀ ਇੰਨੀ ਜ਼ਿਆਦਾ ਹੈ ਕਿ ਸ਼ਿਕਾਇਤ ਕਰਨ ਵਾਲਾ ਕੰਧ ਵਿਚ ਟੱਕਰਾਂ ਮਾਰਨ ਜੋਗਾ ਰਹਿ ਜਾਂਦਾ ਹੈ; ਉਸ ਦੀ ਕਿਤੇ ਕੋਈ ਸੁਣਵਾਈ ਨਹੀਂ ਹੁੰਦੀ। ਅਜਿਹੇ ਬਾਬਿਆਂ ਦੀ ਪੁਸ਼ਤਪਨਾਹੀ ਸਿਆਸੀ ਲੀਡਰ ਕਰਦੇ ਹਨ, ਜਿਹਾ ਕਿ ਆਸਾਰਾਮ ਦੀ ਗ੍ਰਿਫਤਾਰੀ ਤੋਂ ਬਾਅਦ ਹੋਈ ਸਿਆਸੀ ਸਰਗਰਮੀ ਤੋਂ ਵੀ ਸਪਸ਼ਟ ਹੋ ਗਿਆ ਹੈ।
ਸਿਆਸੀ ਮਾਹਿਰਾਂ ਅਤੇ ਸਮਾਜ ਸ਼ਾਸਤਰੀਆਂ ਨੇ ਡੇਰਿਆਂ ਅਤੇ ਸਿਆਸਤਦਾਨਾਂ ਦੀ ਇਸ ਪੀਡੀ ਸਾਂਝ ਦੇ ਕਈ ਕਾਰਨ ਗਿਣਾਏ ਹਨ। ਸਭ ਤੋਂ ਵੱਡਾ ਕਾਰਨ ਡੇਰਿਆਂ ਜਾਂ ਆਸ਼ਰਮਾਂ ਦੇ ਸ਼ਰਧਾਲੂ ਹਨ ਜੋ ਸਿਆਸੀ ਲੀਡਰਾਂ ਲਈ ਮਹਿਜ਼ ਵੋਟਾਂ ਹਨ। ਡੇਰਿਆਂ ਦੇ ਸ਼ਰਧਾਲੂਆਂ ਦੀਆਂ ਇਹ ਪੱਕੀਆਂ ਵੋਟਾਂ ਹਾਸਲ ਕਰਨ ਲਈ ਸਿਆਸੀ ਆਗੂ ਅਕਸਰ ਇਨ੍ਹਾਂ ਡੇਰਿਆਂ ਵਿਚ ਗੇੜੇ ਮਾਰਦੇ ਹਨ। ਇਹ ਇਕੱਲੇ ਆਸਾਰਾਮ ਦੀ ਹੀ ਗੱਲ ਨਹੀਂ, ਪੰਜਾਬ ਵਿਚ ਤਾਂ ਇਨ੍ਹਾਂ ਮਾਮਲਿਆਂ ਦੇ ਹੋਰ ਵੀ ਕਈ ਪੱਖ ਹਨ। ਹੁਣ ਤਾਂ ਤੱਥ ਗਵਾਹ ਹਨ ਕਿ ਅਜਿਹੇ ਡੇਰਿਆਂ/ਆਸ਼ਰਮਾਂ ਦਾ ਕਿਸੇ ਧਰਮ ਨਾਲ ਕਿੰਨਾ ਕੁ ਸਬੰਧ ਹੈ? ਹੁਣ ਤਾਂ ਇਹ ਵੀ ਸਥਾਪਤ ਹੋ ਚੁੱਕਾ ਹੈ ਕਿ ਡੇਰਿਆਂ ਵਿਚ ਕਿੰਨੇ ਮਾੜੇ ਕੰਮ ਅਕਸਰ ਹੁੰਦੇ ਹਨ, ਪਰ ਇਨ੍ਹਾਂ ਖਿਲਾਫ ਮੂੰਹ ਖੋਲ੍ਹਣ ਦਾ ਕੋਈ ਜੇਰਾ ਨਹੀਂ ਕਰਦਾ। ਚੋਣਾਂ ਦੇ ਦਿਨੀਂ ਲੋਕਾਂ ਨੇ ਇਨ੍ਹਾਂ ਡੇਰੇਦਾਰਾਂ ਦੀ ਸਿਆਸੀ ਸਾਂਝ ਦੇ ਦਰਸ਼ਨ ਕੀਤੇ ਹੁੰਦੇ ਹਨ; ਇਸ ਲਈ ਆਮ ਕਰ ਕੇ ਲੋਕ ਵਧੀਕੀ ਸਹਿ ਕੇ ਵੀ ਖਾਮੋਸ਼ ਰਹਿੰਦੇ ਹਨ। ਲੋਕਾਂ ਦੀ ਇਹ ਬੇਵਸੀ ਅਕਸਰ, ਬਾਹਰ ਆ ਕੇ ਸ਼ਰਧਾ ਦੇ ਰੂਪ ਵਿਚ ਪ੍ਰਗਟ ਹੁੰਦੀ ਹੈ। ਸਮਾਜ ਸ਼ਾਸਤਰੀਆਂ ਨੇ ਤੱਥਾਂ ਸਹਿਤ ਇਹ ਸਾਬਤ ਕੀਤਾ ਹੈ ਕਿ ਡੇਰਿਆਂ ‘ਤੇ ਜਾਣ ਵਾਲੇ ਸਾਰੇ ਲੋਕ ਸ਼ਰਧਾਲੂ ਨਹੀਂ ਹੁੰਦੇ। ਲੋਕਾਂ ਦੇ ਅਜਿਹੇ ਡੇਰਿਆਂ ਵਿਚ ਜਾਣ ਦੇ ਕਾਰਨ ਸ਼ਰਧਾ ਨਾਲੋਂ ਸਮਾਜਕ-ਆਰਥਿਕ-ਮਨੋਵਿਗਿਆਨਕ ਵਧੇਰੇ ਹੁੰਦੇ ਹਨ। ਪਿੰਡਾਂ ਵਿਚੋਂ ਜਦੋਂ ਕਿਸੇ ਡੇਰੇ ਲਈ ਟਰੱਕਾਂ ਦੇ ਟਰੱਕ ਭਰ ਕੇ ਜਾਂਦੇ ਹਨ ਤਾਂ ਉਨ੍ਹਾਂ ਵਿਚ ਸ਼ਰਧਾਲੂ ਤਾਂ ਆਟੇ ਵਿਚ ਲੂਣ ਬਰਾਬਰ ਹੀ ਹੁੰਦੇ ਹਨ, ਬਾਕੀ ਸਾਰੇ ਨਾਲ ਜਾਣ ਵਾਲੇ ਹੀ ਸਾਥੀ ਹੁੰਦੇ ਹਨ। ਇਹ ਵੱਖਰੀ ਗੱਲ ਹੈ ਕਿ ਬਹੁਤ ਵਾਰ ਇਹ ਸ਼ਰਧਾਲੂ ਅਤੇ ਉਨ੍ਹਾਂ ਦੇ ਨਾਲ ਵਾਲੇ ਅਕਸਰ ਭੁਗਤਦੇ ਸਬੰਧਤ ਡੇਰੇ ਦੇ ਹੱਕ ਵਿਚ ਹਨ। ਦਰਅਸਲ ਡੇਰਿਆਂ ਦਾ ਮੱਕੜ-ਜਾਲ ਹੈ ਹੀ ਅਜਿਹਾ ਕਿ ਸਾਧਾਰਨ ਬੰਦਾ ਇਨ੍ਹਾਂ ਦੀ ਅਸਲੀਅਤ ਤੱਕ ਪਹੁੰਚਣ ਵਿਚ ਨਾਕਾਮ ਰਹਿੰਦਾ ਹੈ। ਜਦੋਂ ਤੱਕ ਅਸਲੀਅਤ ਸਾਹਮਣੇ ਆਉਂਦੀ ਹੈ, ਉਦੋਂ ਤੱਕ ਕਿੰਨਾ ਸਾਰਾ ਪਾਣੀ ਪੁਲਾਂ ਹੇਠੋਂ ਵਗ ਚੁੱਕਾ ਹੁੰਦਾ ਹੈ। ਇਸੇ ਲਈ ਇਨ੍ਹਾਂ ਡੇਰੇਦਾਰਾਂ ਖਿਲਾਫ ਕਦੀ ਭਰਵੀਂ ਮੁਹਿੰਮ ਨਹੀਂ ਫੁੱਟਦੀ ਅਤੇ ਇਕੱਲੇ-ਦੁਕੱਲੇ ਨੂੰ ਇਹ ਜਾਣਦੇ ਕੁਝ ਨਹੀਂ। ਗੱਲ ਉਸੇ ਤਰ੍ਹਾਂ ਆਈ-ਗਈ ਹੋ ਜਾਂਦੀ ਹੈ ਜਿਸ ਤਰ੍ਹਾਂ ਆਸਾਰਾਮ ਅਤੇ ਉਸ ਦੇ ਸਾਥੀ ਪਹਿਲਾਂ ਕਰਦੇ ਰਹੇ ਹਨ ਅਤੇ ਬਚ ਕੇ ਸਾਫ ਨਿਕਲਦੇ ਰਹੇ ਹਨ। ਇਸੇ ਕਰ ਕੇ ਡੇਰਿਆਂ ਦਾ ਇਹ ਤੰਦੂਆ ਜਾਲ ਅੱਜ ਤੱਕ ਬਰਕਰਾਰ ਹੈ; ਨਹੀਂ ਤਾਂ ਕੋਈ ਕਾਰਨ ਨਹੀਂ ਸੀ ਕਿ ਇੰਨੀਆਂ ਵਧੀਕੀਆਂ ਦੇ ਬਾਵਜੂਦ ਆਮ ਲੋਕ ਵਾਰ-ਵਾਰ ਉਹੀ ਗਲਤੀ ਦੁਹਰਾਉਂਦੇ। ਜ਼ਾਹਿਰ ਹੈ ਕਿ ਡੇਰਿਆਂ ਦੇ ਇਸ ਤੰਦੂਆ ਜਾਲ ਲਈ ਮੁੱਖ ਰੂਪ ਵਿਚ ਸਿਆਸੀ ਪਾਰਟੀਆਂ ਅਤੇ ਇਨ੍ਹਾਂ ਦੇ ਆਗੂ ਜ਼ਿੰਮੇਵਾਰ ਹਨ ਜੋ ਆਪਣੇ ਨਿੱਜੀ ਅਤੇ ਸੌੜੇ ਹਿਤਾਂ ਖਾਤਰ ਵੋਟਾਂ ਦੀ ਸਸਤੀ ਸਿਆਸਤ ਉਤੇ ਨਿਰਭਰ ਕਰਦੇ ਹਨ। ਜਿੰਨੀ ਦੇਰ ਇਹ ਤਾਲਮੇਲ ਨਹੀਂ ਟੁੱਟਦਾ, ਉਤਨੀ ਦੇਰ ਆਸਾਰਾਮ ਵਰਗੇ ਦਗੇਬਾਜ਼, ਨਾਂ ਅਤੇ ਥਾਂ ਬਦਲ ਕੇ ਲੋਕਾਂ ਦਾ ਸ਼ੋਸ਼ਣ ਕਰਦੇ ਰਹਿਣਗੇ। ਲੋੜ ਇਨ੍ਹਾਂ ਖਿਲਾਫ ਚੇਤਨਾ ਦੀ ਨ੍ਹੇਰੀ ਚਲਾਉਣ ਦੀ ਹੈ।
Leave a Reply