ਸੁਖਬੀਰ ਸਿੰਘ ਬਾਦਲ ਦੀ ਆਰਥਿਕ ਰਣਨੀਤੀ ਹੋਈ ਢਹਿ ਢੇਰੀ

ਚੰਡੀਗੜ੍ਹ: ਉਪ ਮੁੱਖ ਮੰਤਰੀ ਸੁਖਬੀਰ ਬਾਦਲ ਦੀ ਆਰਥਿਕ ਰਣਨੀਤੀ ਢਹਿ ਢੇਰੀ ਹੋ ਗਈ ਹੈ ਜਿਸ ਕਰਕੇ ਪੰਜਾਬ ਸਰਕਾਰ ਟੈਕਸ ਵਸੂਲੀ ਵਿਚ ਬੁਰੀ ਤਰ੍ਹਾਂ ਪਛੜ ਗਈ ਹੈ। ਚਲੰਤ ਮਾਲੀ ਸਾਲ ਦੇ ਪਹਿਲੇ ਚਾਰ ਮਹੀਨਿਆਂ ਦੌਰਾਨ ਕਾਰਾਂ ਦੀ ਖਰੀਦ ਤੇ ਐਂਟਰੀ ਟੈਕਸ ਤੋਂ ਵਸੂਲੀ ਵਿਚ ਗਿਰਾਵਟ 14 ਫੀਸਦੀ ਤੱਕ ਪਹੁੰਚ ਗਈ ਹੈ। ਸੂਬਾ ਸਰਕਾਰ ਨੇ ਕਰਾਂ ਦੀ ਵਸੂਲੀ ਵਿਚ ਵਾਧੇ ਦਾ ਟੀਚਾ 20 ਫੀਸਦੀ ਮਿਥਿਆ ਸੀ ਜੋ 12 ਫੀਸਦੀ ਤੱਕ ਹੀ ਪਹੁੰਚ ਸਕਿਆ ਹੈ। ਜੁਲਾਈ ਤੱਕ ਕਾਰਾਂ ਤੋਂ ਟੈਕਸ ਦੀ ਵਸੂਲੀ ਪਿਛਲੇ ਸਾਲ 536 ਕਰੋੜ ਰੁਪਏ ਤੇ ਐਤਕੀਂ 494 ਕਰੋੜ ਰੁਪਏ ਹੈ।
ਕਰ ਤੇ ਆਬਕਾਰੀ ਵਿਭਾਗ ਤੋਂ ਪ੍ਰਾਪਤ ਅੰਕੜਿਆਂ ਮੁਤਾਬਕ ਕਾਰਾਂ ਦੀ ਵਿਕਰੀ ਤੋਂ ਅਪਰੈਲ, ਮਈ ਤੇ ਜੂਨ ਮਹੀਨਿਆਂ ਦੌਰਾਨ ਸੱਤ ਫੀਸਦੀ ਤੱਕ ਦਾ ਘਾਟਾ ਸੀ ਜੋ ਵਧ ਕੇ 13 ਫੀਸਦੀ ਤੱਕ ਪਹੁੰਚ ਗਿਆ ਹੈ। ਸੂਬਾ ਸਰਕਾਰ ਇਸ ਸਮੇਂ ਗੰਭੀਰ ਮਾਲੀ ਸੰਕਟ ਦਾ ਸ਼ਿਕਾਰ ਹੈ। ਵਿੱਤ ਵਿਭਾਗ ਸਿਰਫ਼ ਕੇਂਦਰੀ ਸਹਾਇਤਾ ਪ੍ਰਾਪਤ ਸਕੀਮਾਂ ਲਈ ਕੇਂਦਰ ਤੋਂ ਆਈ 1400 ਕਰੋੜ ਰੁਪਏ ਦੀ ਰਕਮ ਵਿਚੋਂ 800 ਕਰੋੜ ਰੁਪਏ ਹੀ ਜਾਰੀ ਕਰ ਸਕਿਆ ਹੈ। ਵਿਕਾਸ ਕਾਰਜਾਂ ਲਈ ਵਿੱਤ ਵਿਭਾਗ ਕੋਲ ਧੇਲਾ ਵੀ ਨਹੀਂ ਹੈ। ਸਰਕਾਰ ਦੀ ਸਾਰੀ ਟੇਕ ਹੁਣ ਅਕਤੂਬਰ ਮਹੀਨੇ ਤੋਂ ਸ਼ੁਰੂ ਹੋਣ ਵਾਲੇ ਤਿਉਹਾਰਾਂ ਤੇ ਵਿਆਹਾਂ-ਸ਼ਾਦੀਆਂ ਦੇ ਸੀਜ਼ਨ ‘ਤੇ ਲੱਗੀ ਹੋਈ ਹੈ ਜਦੋਂ ਖ਼ਰੀਦੋ-ਫਰੋਖਤ ਵਧਣ ਨਾਲ ਟੈਕਸਾਂ ਦੀ ਵਸੂਲੀ ਵਧੇਗੀ। ਕਾਰਾਂ ਦੀ ਖ਼ਰੀਦ ਤੋਂ ਆਉਂਦੇ ਕਰਾਂ ਤੇ ਐਂਟਰੀ ਟੈਕਸ ਦੀ ਵਸੂਲੀ ਵਿਚ ਕਮੀ ਨੇ ਪੰਜਾਬ ਸਰਕਾਰ ਨੂੰ ਫਿਕਰਾਂ ਵਿਚ ਪਾ ਦਿੱਤਾ ਹੈ। ਸੂਤਰਾਂ ਮੁਤਾਬਕ ਜੁਲਾਈ ਮਹੀਨੇ ਦੌਰਾਨ ਕਾਰਾਂ ਦੀ ਖਰੀਦ ਤੋਂ 120 ਕਰੋੜ ਰੁਪਏ ਦਾ ਟੈਕਸ ਆਇਆ ਜਦੋਂਕਿ ਪਿਛਲੇ ਸਾਲ ਇਹ ਵਸੂਲੀ 140 ਕਰੋੜ ਰੁਪਏ ਸੀ।
ਇਸੇ ਤਰ੍ਹਾਂ ਐਂਟਰੀ ਟੈਕਸ ਤੋਂ ਪਿਛਲੇ ਸਾਲ ਜੁਲਾਈ ਮਹੀਨੇ ਜੇਕਰ 154 ਕਰੋੜ ਰੁਪਏ ਦੀ ਵਸੂਲੀ ਹੋਈ ਤਾਂ ਇਸ ਵਾਰੀ 121 ਕਰੋੜ ਰੁਪਏ ਹੀ ਸਰਕਾਰੀ ਖ਼ਜ਼ਾਨੇ ਵਿਚ ਆਏ। ਐਂਟਰੀ ਟੈਕਸ ਤੋਂ ਆਉਣ ਵਾਲੇ ਕਰਾਂ ਵਿਚ ਪਹਿਲੀ ਤਿਮਾਹੀ ਦੌਰਾਨ ਛੇ ਫੀਸਦੀ ਦੀ ਗਿਰਾਵਟ ਆਈ ਜੋ ਵਧ ਕੇ ਤਕਰੀਬਨ 15 ਫੀਸਦੀ ਪਹੁੰਚ ਗਈ ਹੈ। ਜੁਲਾਈ ਮਹੀਨੇ ਦੌਰਾਨ ਵੈਟ ਦੀ ਕੁੱਲ ਵਸੂਲੀ 1286 ਕਰੋੜ ਰੁਪਏ ਸੀ ਜੋ ਕਿ ਪਿਛਲੇ ਸਾਲ ਦੇ ਮੁਕਾਬਲੇ ਸਿਰਫ਼ 12æ4 ਫੀਸਦੀ ਹੀ ਵਧ ਸਕੀ। ਸਰਕਾਰ ਨੇ ਟੀਚਾ 20 ਫੀਸਦੀ ਵਾਧੇ ਦਾ ਮਿਥਿਆ ਹੋਇਆ ਹੈ। ਸਰਕਾਰੀ ਖ਼ਰਚੇ 15 ਫੀਸਦੀ ਤੱਕ ਵਧਣ ਦਾ ਅਨੁਮਾਨ ਹੈ।
ਇਸ ਤਰ੍ਹਾਂ ਆਮਦਨ ਤੇ ਖਰਚ ਵਿਚਲਾ ਪਾੜਾ ਹੋਰ ਵਧੇਗਾ। ਪੰਜਾਬ ਵਿਚ ਵਾਹਨਾਂ ਦੀ ਬਹੁਤਾਤ ਕਾਰਨ ਪੈਟਰੋਲ ਤੇ ਡੀਜ਼ਲ ਦੀ ਖ਼ਪਤ ਵਿਚ ਵੀ ਹਰ ਸਾਲ ਰਿਕਾਰਡ ਵਾਧਾ ਹੋਣ ਕਾਰਨ ਵੈਟ ਦੀ ਭਾਰੀ ਵਸੂਲੀ ਹੁੰਦੀ ਸੀ। ਹੁਣ ਇਸ ਖੇਤਰ ਵਿਚਲਾ ਵਾਧਾ ਵੀ ਸਰਕਾਰ ਨੂੰ ਨਿਰਾਸ਼ ਕਰਨ ਵਾਲਾ ਹੈ। ਪੰਜਾਬ ਦੇ ਕਰ ਤੇ ਆਬਕਾਰੀ ਵਿਭਾਗ ਤੋਂ ਪ੍ਰਾਪਤ ਅੰਕੜਿਆਂ ਮੁਤਾਬਕ ਇਸ ਸਾਲ ਦੌਰਾਨ ਕਣਕ ਤੋਂ ਵੈਟ ਦੀ ਵਸੂਲੀ 721 ਕਰੋੜ ਰੁਪਏ ਹੋਈ ਜੋ ਪਿਛਲੇ ਸਾਲ 779æ22 ਕਰੋੜ ਰੁਪਏ ਸੀ। ਇਹ ਘਾਟਾ ਸੱਤ ਫੀਸਦੀ ਤੱਕ ਦਾ ਹੈ। ਮਹੱਤਵਪੂਰਨ ਤੱਥ ਇਹ ਹੈ ਕਿ ਸਾਲ 2011-12 ਦੌਰਾਨ ਕਣਕ ਤੋਂ ਵੈਟ ਦੀ ਵਸੂਲੀ 551æ7 ਕਰੋੜ ਰੁਪਏ ਦੇ ਮੁਕਾਬਲੇ ਸਾਲ 2012-13 ਵਿਚ 779æ22 ਕਰੋੜ ਰੁਪਏ ਹੋਈ ਸੀ ਜੋ 41æ4 ਫੀਸਦੀ ਦਾ ਵਾਧਾ ਮੰਨਿਆ ਗਿਆ ਸੀ। ਪੰਜਾਬ ਵਿਚ ਕਾਰਾਂ ਦੀ ਵਿਕਰੀ ਤੋਂ ਸਾਲ 2011-12 ਦੌਰਾਨ 301æ38 ਕਰੋੜ ਤੇ ਸਾਲ 2012-13 ਦੌਰਾਨ 31æ4 ਫੀਸਦੀ ਦੇ ਵਾਧੇ ਨਾਲ 396æ11 ਕਰੋੜ ਰੁਪਏ ਮਿਲੇ। ਇਸ ਸਾਲ ਕਾਰਾਂ ਦੀ ਖਰੀਦ ਤੋਂ ਕਰ 374æ81 ਕਰੋੜ ਰੁਪਏ ਆਇਆ ਜੋ 5æ4 ਫੀਸਦੀ ਦਾ ਘਾਟਾ ਸੀ ਜੋ 13 ਫੀਸਦੀ ਤੱਕ ਪਹੁੰਚ ਗਿਆ। ਰਜਿਸਟਰੀ ਫੀਸ, ਕੁਲੈਕਟਰ ਰੇਟਾਂ ਵਿਚ ਵਾਧਾ ਕਰਨ ਦੇ ਬਾਵਜੂਦ ਰਜਿਸਟਰੀਆਂ ਤੋਂ ਕਮਾਈ ਪਿਛਲੇ ਸਾਲ ਨਾਲੋਂ ਵਧ ਨਹੀਂ ਸਕੀ। ਉਧਰ ਆਰਥਿਕ ਮਾਹਿਰਾਂ ਦਾ ਮੰਨਣਾ ਹੈ ਕਿ ਇਹ ਸਾਲ ਸਰਕਾਰ ਲਈ ਵਿੱਤੀ ਸੰਕਟ ਵਾਲਾ ਰਹੇਗਾ। ਇਸ ਲਈ ਸਰਕਾਰ ਨੂੰ ਖਰਚਿਆਂ ਵਿਚ ਕਟੌਤੀ ਕਰਨੀ ਚਾਹੀਦੀ ਹੈ। ਜ਼ਿਕਰਯੋਗ ਹੈ ਕਿ ਸਰਕਾਰ ਨੇ 38 ਕਰੋੜ ਰੁਪਏ ਦਾ ਨਵਾਂ ਹੈਲੀਕਾਪਟਰ ਪਿਛਲੇ ਮਹੀਨਿਆਂ ਦੌਰਾਨ ਖਰੀਦਿਆ ਹੈ ਤੇ ਹੁਣ ਸਰਕਾਰ ਵੱਲੋਂ ਜਹਾਜ਼ ਖ਼ਰੀਦਣ ਦੀ ਤਿਆਰੀ ਕੀਤੀ ਜਾ ਰਹੀ ਹੈ। ਪੰਜਾਬ ਸਰਕਾਰ ਸਿਰ ਇਸ ਸਮੇਂ 87517æ70 ਕਰੋੜ ਰੁਪਏ ਦਾ ਕਰਜ਼ਾ ਹੈ। ਇਸ ਕਰਜ਼ੇ ‘ਤੇ 9300 ਕਰੋੜ ਰੁਪਏ ਹਰ ਸਾਲ ਸਿਰਫ਼ ਵਿਆਜ ਅਦਾ ਕਰਨਾ ਪੈਂਦਾ ਹੈ। ਇਨ੍ਹਾਂ ਚਾਰਾਂ ਮਹੀਨਿਆਂ ਦੌਰਾਨ ਇਸ ਵਿਆਜ ਦੀ ਰਕਮ ਵਿਚੋਂ 3500 ਕਰੋੜ ਰੁਪਏ ਦਾ ਵਿਆਜ, 1700 ਕਰੋੜ ਰੁਪਏ ਬਿਜਲੀ ਸਬਸਿਡੀ ਦੇ ਅਦਾ ਕੀਤੇ ਹਨ। ਸਰਕਾਰ ਨੇ ਮੁਲਾਜ਼ਮਾਂ ਨੂੰ 1000 ਕਰੋੜ ਰੁਪਏ ਤਨਖਾਹ ਕਮਿਸ਼ਨ ਦੇ ਬਕਾਇਆਂ ਵਜੋਂ ਅਦਾ ਕਰਨੇ ਹਨ। ਇਸੇ ਤਰ੍ਹਾਂ ਮਹਿੰਗਾਈ ਭੱਤਿਆਂ ਦੀਆਂ ਕਿਸ਼ਤਾਂ ਦਾ ਬੋਝ ਵੀ 1800 ਕਰੋੜ ਰੁਪਏ ਤੱਕ ਪਹੁੰਚ ਗਿਆ ਹੈ। ਸਰਕਾਰ ਮੁਲਾਜ਼ਮਾਂ ਦੀ 2800 ਕਰੋੜ ਰੁਪਏ ਦੀ ਕਰਜ਼ਾਈ ਹੈ।
________________________________
ਅਕਤੂਬਰ ਵਿਚ ਹਾਲਾਤ ਸੁਧਰਨ ਦੀ ਉਮੀਦ
ਚੰਡੀਗੜ੍ਹ: ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਦਾ ਕਹਿਣਾ ਹੈ ਕਿ ਅਕਤੂਬਰ ਮਹੀਨੇ ਤੋਂ ਸਰਕਾਰ ਦੀ ਮਾਲੀ ਹਾਲਤ ਵਿਚ ਸੁਧਾਰ ਆਉਣ ਦੀ ਉਮੀਦ ਹੈ ਕਿਉਂਕਿ ਇਸ ਮਹੀਨੇ ਤੋਂ ਤਿਉਹਾਰ ਤੇ ਵਿਆਹ-ਸ਼ਾਦੀਆਂ ਸ਼ੁਰੂ ਹੋ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਮਾਲੀ ਸੰਕਟ ਸਿਰਫ਼ ਪੰਜਾਬ ‘ਤੇ ਹੀ ਨਹੀਂ ਸਗੋਂ ਕੇਂਦਰ ਸਰਕਾਰ ਤੇ ਹੋਰਨਾਂ ਰਾਜਾਂ ‘ਤੇ ਵੀ ਹੈ ਤੇ ਪੰਜਾਬ ਦੀ ਹਾਲਤ ਹੋਰਨਾਂ ਨਾਲੋਂ ਫਿਰ ਵੀ ਬਿਹਤਰ ਹੈ।

Be the first to comment

Leave a Reply

Your email address will not be published.