ਆਸਾਰਾਮ ਦਾ ਮਨੁੱਖੀ ਜਗਿਆਸਾ ਉਤੇ ਘਾਤਕ ਹਮਲਾ

ਦਲਜੀਤ ਅਮੀ
ਫੋਨ: 91-97811-21873
ਸ਼ਿਕਾਇਤ ਦਰਜ ਕਰਨ ਤੋਂ ਤਕਰੀਬਨ ਦੋ ਹਫ਼ਤੇ ਬਾਅਦ ਅਸੁਮਲ ਸ਼੍ਰਿਉਮਿਲਾਨੀ ਉਰਫ਼ ਆਸਾਰਾਮ ਬਾਪੂ ਨੂੰ ਇੰਦੌਰ ਵਿਚੋਂ ਗ੍ਰਿਫ਼ਤਾਰ ਕਰ ਲਿਆ ਗਿਆ। ਉਸ ਖ਼ਿਲਾਫ਼ ਨਾਬਾਲਗ਼ ਕੁੜੀ ਉੱਤੇ ਕਾਮੁਕ ਹਮਲਾ ਕਰਨ ਦਾ ਇਲਜ਼ਾਮ ਹੈ। ਇਸ ਦੌਰਾਨ ਆਸਾਰਾਮ ਦੇ ਸ਼ਰਧਾਲੂਆਂ ਨੇ ਕਈ ਥਾਈਂ ਰੋਸ ਮੁਜ਼ਾਹਰੇ ਕੀਤੇ। ਪੱਤਰਕਾਰਾਂ ਨਾਲ ਖਿੱਚ-ਧੂਹ ਕੀਤੀ ਅਤੇ ਆਸਾਰਾਮ ਨੂੰ ਰੱਬ ਦਾ ਰੂਪ ਕਰਾਰ ਦਿੱਤਾ। ਭਾਜਪਾ ਦੇ ਕਈ ਆਗੂਆਂ ਨੇ ਆਸਾਰਾਮ ਦਾ ਪੱਖ ਲਿਆ ਅਤੇ ਨਰਿੰਦਰ ਮੋਦੀ ਨੇ ਭਾਜਪਾ ਨੂੰ ਆਸਾਰਾਮ ਦੇ ਮਾਮਲੇ ਤੋਂ ਨਿਖੇੜਾ ਕਰਨ ਦੀ ਸਲਾਹ ਦਿੱਤੀ। ਇਸ ਦੌਰਾਨ Ḕਯੋਗ ਵੇਦਾਂਤਾ ਸਮਿਤੀ’ ਦੇ ਮੁਖੀ ਆਸਾਰਾਮ ਦੇ ਪੱਖ ਵਿਚ 28 ਅਗਸਤ ਨੂੰ ਸੂਰਤ ਵਿਚ Ḕਭਾਰਤੀ ਸੱਭਿਆਚਾਰ ਦੀ ਰੱਖਿਆ ਲਈ ਵਿਰਾਟ ਸੰਤ ਸੰਮਲੇਨ’ ਕੀਤਾ ਗਿਆ। ਆਸਾਰਾਮ ਨੇ ਕਿਹਾ, “ਮੈਨੂੰ ਕੋਈ ਗ੍ਰਿਫ਼ਤਾਰ ਨਹੀਂ ਕਰ ਸਕਦਾ।” ਸਭ ਤੋਂ ਅਹਿਮ ਬਿਆਨ ਇਸੇ ਸੰਮੇਲਨ ਵਿਚ ਸਨਾਤਨ ਸੰਸਥਾ ਦੇ ਬੁਲਾਰੇ ਅਭੈ ਵਾਰਤਕ ਦਾ ਹੈ ਜੋ ਇਸ ਮਾਮਲੇ ਦੀਆਂ ਜੜ੍ਹਾਂ ਅਤੇ ਪਹੁੰਚ ਦੀ ਦੱਸ ਪਾਉਂਦਾ ਹੈ।
ਡਾæ ਨਰਿੰਦਰ ਦਬਹੋਲਕਰ ਦੇ ਕਤਲ ਤੋਂ ਬਾਅਦ ਸ਼ੱਕ ਦੇ ਘੇਰੇ ਵਿਚ ਸਮਝੀ ਜਾਂਦੀ ਹਿੰਦੂ ਜਨਜਾਗ੍ਰਿਤੀ ਸਮਿਤੀ ਇਸ ਵੇਲੇ ਆਸਾਰਾਮ ਦੇ ਪੱਖ ਵਿਚ ਸੰਤਾਂ ਅਤੇ ਹਿੰਦੂ ਸ਼ਰਧਾਲੂਆਂ ਦੀ ਗੋਲਬੰਦੀ ਵਿਚ ਲੱਗੀ ਹੋਈ ਹੈ। ਹਿੰਦੂ ਜਨਜਾਗ੍ਰਿਤੀ ਸਮਿਤੀ ਦੀ ਵੈੱਬਸਾਇਟ ਉੱਤੇ ਸਨਾਤਨ ਸੰਸਥਾ ਦੇ ਬੁਲਾਰੇ ਅਭੈ ਵਾਰਤਕ ਦਾ ਬਿਆਨ ਆਸਾਰਾਮ ਦੀ ਸ਼ਰਧਾ ਵਿਚੋਂ ਉਪਜਦੀ ਤਾਕਤ ਅਤੇ ਡਾæ ਦਬਹੋਲਕਰ ਦੇ ਕਤਲ ਦੀਆਂ ਸਾਂਝੀਆਂ ਤੰਦਾਂ ਦੀ ਸ਼ਨਾਖ਼ਤ ਕਰਦਾ ਹੈ, “ਸਰਕਾਰ ਇੱਕ ਸੰਤ ਨੂੰ ਕਾਬੂ ਕਰਨ ਵਿਚ ਔਖੀ ਹੋਈ ਪਈ ਹੈ। ਇਸੇ ਲਈ ਮਹਾਂਰਾਸ਼ਟਰ ਸਰਕਾਰ ਨੇ Ḕਜਾਦੂ ਟੂਣੇ ਅਤੇ ਅੰਧ-ਵਿਸ਼ਵਾਸ ਖ਼ਿਲਾਫ਼ ਕਾਨੂੰਨ’ ਬਣਾਇਆ ਹੈ ਤਾਂ ਜੋ ਸਾਰੇ ਸੰਤਾਂ ਨੂੰ ਇੱਕੋ ਝਟਕੇ ਵਿਚ ਗ੍ਰਿਫ਼ਤਾਰ ਕੀਤਾ ਜਾ ਸਕੇ। ਇਸ ਕਾਨੂੰਨ ਦਾ ਸੰਤਾਂ ਦੀਆਂ ਜੀਵਨੀਆਂ ਅਤੇ ਰਹੁ-ਰੀਤ ਉੱਤੇ ਮਾੜਾ ਅਸਰ ਪਵੇਗਾ। ਹਿੰਦੂਆਂ ਨੂੰ ਆਸਾਰਾਮ ਦੀ ਬਦਨਾਮੀ ਕਰਨ ਵਾਲੇ ਚੈਨਲਾਂ ਦਾ ਬਾਈਕਾਟ ਕਰ ਕੇ ਸਿਰਫ਼ Ḕਸੁਦਰਸ਼ਨ’ ਚੈਨਲ ਦੇਖਣਾ ਚਾਹੀਦਾ ਹੈ ਅਤੇ Ḕਸਨਾਤਕ ਪ੍ਰਵਾਤ’ ਪੜ੍ਹਨਾ ਚਾਹੀਦਾ ਹੈ ਤਾਂ ਜੋ ਹਿੰਦੂ ਧਰਮ ਵਿਰੋਧੀ ਲੋਕਾਂ ਦਾ ਵਿਚਾਰਧਾਰਕ ਪੱਧਰ ਉੱਤੇ ਵਿਰੋਧ ਕੀਤਾ ਜਾ ਸਕੇ।”
ਇਸ ਵੇਲੇ ਪੂਰੇ ਮੁਲਕ ਵਿਚ ਔਰਤਾਂ ਖ਼ਿਲਾਫ਼ ਹਿੰਸਾ ਉੱਤੇ ਚਰਚਾ ਚੱਲ ਰਹੀ ਹੈ। ਦਿੱਲੀ ਵਾਲੇ ਮਾਮਲੇ ਦਾ ਅਦਾਲਤੀ ਫ਼ੈਸਲਾ ਆਇਆ ਹੈ। ਮੁੰਬਈ ਵਿਚ ਫੋਟੋ-ਪੱਤਰਕਾਰ ਨਾਲ ਬਲਾਤਕਾਰ ਦਾ ਮਾਮਲਾ ਅਖ਼ਬਾਰਾਂ ਦੀਆਂ ਸੁਰਖ਼ੀਆਂ ਬਣਿਆ ਹੋਇਆ ਹੈ। ਨੋਇਡਾ ਦੇ ਸਮੂਹਿਕ ਬਲਾਤਕਾਰ ਦੇ ਮਾਮਲੇ ਦੇ ਮੁਲਜ਼ਮਾਂ ਵਿਚ ਦੋ ਪੁਲਿਸ ਮੁਲਾਜ਼ਮ ਸ਼ਾਮਿਲ ਹਨ। ਬਾਲੀਵੁੱਡ ਫ਼ਿਲਮ ਸਨਅਤ ਦੇ ਕੱਦਾਵਰ ਅਦਾਕਾਰ ਓਮ ਪੂਰੀ ਖ਼ਿਲਾਫ਼ ਉਨ੍ਹਾਂ ਦੀ ਘਰਵਾਲੀ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਇਸੇ ਦੌਰ ਵਿਚ ਆਸਾਰਾਮ ਦੇ ਮੌਜੂਦਾ ਮਾਮਲੇ ਤੋਂ ਪਹਿਲਾਂ ਇੱਕ ਪੁਰਾਣੇ ਬਿਆਨ ਦਾ ਜ਼ਿਕਰ ਕਰਨਾ ਜ਼ਰੂਰੀ ਸੀ। ਜਦੋਂ ਦਿੱਲੀ ਦੇ ਬਲਾਤਕਾਰ ਅਤੇ ਕਤਲ ਮਾਮਲੇ ਵਿਚ ਲੋਕ ਸੜਕਾਂ ਉੱਤੇ ਰੋਸ ਮੁਜ਼ਾਹਰੇ ਕਰ ਰਹੇ ਸਨ ਤਾਂ ਆਸਾਰਾਮ ਨੇ ਬਿਆਨ ਦਿੱਤਾ ਸੀ, “ਮੁਲਜ਼ਮ ਮੁੰਡਿਆਂ ਦੇ ਨਾਲ ਇਹ ਕੁੜੀ ਵੀ ਕਸੂਰਵਾਰ ਹੈ। ਉਸ ਨੂੰ ਰੱਬ ਦਾ ਨਾਮ ਲੈਣਾ ਚਾਹੀਦਾ ਹੈ ਅਤੇ ਹਮਲਾਵਰਾਂ ਨੂੰ ਭਰਾ ਕਹਿ ਕੇ ਉਨ੍ਹਾਂ ਦੇ ਪੈਰੀਂ ਪੈ ਜਾਣਾ ਚਾਹੀਦਾ ਸੀ। ਇਸ ਤਰ੍ਹਾਂ ਉਹ ਬਚ ਸਕਦੀ ਸੀ æææ ਗ਼ਲਤੀ ਇੱਕ ਪਾਸਿਓਂ ਨਹੀਂ ਹੁੰਦੀ।” ਇਨ੍ਹਾਂ ਹਾਲਾਤ ਵਿਚ ਆਸਾਰਾਮ ਦੇ ਮਾਮਲੇ ਉੱਤੇ ਚਰਚਾ ਹੋਣੀ ਚਾਹੀਦੀ ਹੈ। ਜੇ ਇਸ ਮਾਮਲੇ ਨੂੰ ਮੌਜੂਦਾ ਪੁਲਿਸ ਸ਼ਿਕਾਇਤ ਤੱਕ ਮਹਿਦੂਦ ਕਰ ਲਿਆ ਜਾਵੇ ਤਾਂ ਇਹ ਸਬੂਤਾਂ, ਹਾਲਾਤ ਅਤੇ ਗਵਾਹਾਂ ਤੱਕ ਘਟ ਕੇ ਰਹਿ ਜਾਵੇਗਾ ਜਿਸ ਦੀ ਆਪਣੇ-ਆਪ ਵਿਚ ਬਹੁਤ ਅਹਿਮੀਅਤ ਹੈ। ਵਡੇਰਾ ਸਵਾਲ ਇਹ ਹੈ ਕਿ ਇਸ ਰੁਝਾਨ ਪਿੱਛੇ ਕਾਰਜਸ਼ੀਲ ਤਾਕਤ ਕੀ ਹੈ? ਜੇ ਆਸਾਰਾਮ ਨੂੰ ਇਸ ਕਾਰਜਸ਼ੀਲ ਤਾਕਤ ਦਾ ਨੁਮਾਇੰਦਾ ਮੰਨ ਕੇ ਪੜਚੋਲ ਕੀਤੀ ਜਾਵੇ ਤਾਂ ਇਸ ਰੁਝਾਨ ਦੀਆਂ ਕਈ ਪਰਤਾਂ ਸਮਝ ਆਉਂਦੀਆਂ ਹਨ।
ਘਟਨਾ 15 ਅਗਸਤ ਨੂੰ ਜੋਧਪੁਰ ਵਿਚ ਵਾਪਰੀ ਅਤੇ ਸ਼ਿਕਾਇਤ 19 ਅਗਸਤ ਨੂੰ ਦਿੱਲੀ ਵਿਚ ਦਰਜ ਹੋਈ। ਬਾਅਦ ਵਿਚ ਸ਼ਿਕਾਇਤ ਦਾ ਜੋਧਪੁਰ ਤਬਾਦਲਾ ਕੀਤਾ ਗਿਆ। ਆਸਾਰਾਮ ਨੂੰ 26 ਤੋਂ 30 ਅਗਸਤ ਤੱਕ ਪੇਸ਼ ਹੋਣ ਦਾ ਸਮਾਂ ਦਿੱਤਾ ਗਿਆ। ਇਸ ਦੌਰਾਨ ਆਸਾਰਾਮ ਦੇ ਆਸ਼ਰਮਾਂ ਦੇ ਨੁਮਾਇੰਦਿਆਂ ਨੇ ਕਈ ਤਰ੍ਹਾਂ ਦੇ ਬਿਆਨ ਦਿੱਤੇ। ਆਸਾਰਾਮ ਨੇ ਆਪ ਕਈ ਸਮਾਗਮਾਂ ਵਿਚ ਸ਼ਿਰਕਤ ਕੀਤੀ। ਉਨ੍ਹਾਂ ਨੇ ਇਲਜ਼ਾਮਾਂ ਨੂੰ ਸਿਰੇ ਤੋਂ ਖਾਰਜ ਕੀਤਾ। ਆਸਾਰਾਮ ਨੇ ਕਿਹਾ ਕਿ ਉਹ ਕੁੜੀ ਪਾਕ ਹੈ ਅਤੇ ਉਸ ਨਾਲ ਕੁਝ ਵੀ ਅਜਿਹਾ ਨਹੀਂ ਹੋਇਆ। ਉਹ ਇਹ ਵੀ ਕਹਿ ਰਿਹਾ ਸੀ ਕਿ ਉਹ ਕੁੜੀ ਬਹੁਤ ਹੁਸ਼ਿਆਰ ਹੈ ਅਤੇ ਉਸ ਨੂੰ ਨਾਬਾਲਗ਼ ਕਹਿਣਾ ਹੀ ਗ਼ਲਤ ਹੈ। ਆਸਾਰਾਮ ਨੂੰ ਰੱਬ ਕਰਾਰ ਦੇਣ ਅਤੇ ਹੋਰ ਗੁਰੂਆਂ ਨਾਲ ਉਸ ਨੂੰ ਮੇਲ ਕੇ ਵੇਖਣ ਵਾਲੇ ਕਈ ਬਿਆਨ ਆਏ। ਇੱਕ ਅਜਿਹੇ ਹੀ ਬਿਆਨ ਬਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਨੇ ਸ਼ਿਕਾਇਤ ਦਰਜ ਕਰਵਾਈ ਹੈ। ਆਸਾਰਾਮ ਦੇ ਹਮਾਇਤੀਆਂ ਨੇ ਲਗਾਤਾਰ ਕਈ ਤਰ੍ਹਾਂ ਦੀਆਂ ਅਫ਼ਵਾਹਾਂ ਫੈਲਾਈਆਂ। ਆਸਾਰਾਮ ਦੇ ਆਸ਼ਰਮ ਵਿਚੋਂ ਅਸ਼ਵਨੀ ਨਾਮ ਦੀ ਕਿਸੇ ਕੁੜੀ ਦੱਸਿਆ ਕਿ ਉਹ ਇਲਜ਼ਾਮ ਲਗਾਉਣ ਵਾਲੀ ਕੁੜੀ ਦੀ ਜਮਾਤੀ ਹੈ ਅਤੇ ਉਨ੍ਹਾਂ ਦੀ ਟੈਲੀਫੋਨ ਉੱਤੇ ਗੱਲ ਹੋਈ ਹੈ, ਉਹ ਕਹਿ ਰਹੀ ਹੈ, “ਮੈਂ ਨਹੀਂ, ਸਗੋਂ ਮੇਰੇ ਮਾਪੇ ਇਲਜ਼ਾਮ ਲਗਾ ਰਹੇ ਹਨ।”
ਇਸੇ ਦੌਰਾਨ ਮੱਧ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ, ਸਾਬਕਾ ਕੇਂਦਰੀ ਮੰਤਰੀ ਅਤੇ ਭਾਜਪਾ ਆਗੂ ਉਮਾ ਭਾਰਤੀ ਨੇ ਬਿਆਨ ਦਿੱਤਾ, “ਰਾਜਸਥਾਨ ਅਤੇ ਕੇਂਦਰ ਵਿਚ ਕਾਂਗਰਸ ਦੀ ਸਰਕਾਰ ਹੈ। ਆਸਾਰਾਮ ਬਾਪੂ ਕਾਂਗਰਸ, ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਦੀ ਤਿੱਖੀ ਨੁਕਤਾਚੀਨੀ ਕਰਦਾ ਰਿਹਾ ਹੈ। ਮੈਨੂੰ ਲੱਗਦਾ ਹੈ ਕਿ ਇਸ ਮਾਮਲੇ ਉੱਤੇ ਸਿਆਸਤ ਅਸਰਅੰਦਾਜ਼ ਹੋਈ ਹੈ। ਜੇ ਉਹ ਕਸੂਰਵਾਰ ਹੋਇਆ ਤਾਂ ਮੈਂ ਉਸ ਨੂੰ ਸਭ ਤੋਂ ਪਹਿਲਾਂ ਸਜ਼ਾ ਦੇਵਾਂਗੀ।” ਰਾਜ ਸਭਾ ਵਿਚ ਭਾਜਪਾ ਦੇ ਨੁਮਾਇੰਦੇ ਪ੍ਰਭਾਤ ਝਾਅ ਨੇ ਇਸ ਮਾਮਲੇ ਨੂੰ ਸਿਆਸੀ ਸਾਜ਼ਿਸ਼ ਕਰਾਰ ਦਿੱਤਾ। ਇੰਦੌਰ ਤੋਂ ਭਾਜਪਾ ਦੇ ਵਿਧਾਇਕ ਰਮੇਸ਼ ਮੰਦੌਲਾ ਨੇ ਆਸਾਰਾਮ ਦੇ ਸ਼ਰਧਾਲੂਆਂ ਨਾਲ ਮਿਲ ਕੇ ਮੁਜ਼ਾਹਰਾ ਕੀਤਾ। Ḕਦਿ ਹਿੰਦੂ’ ਵਿਚ ਉਸ ਦਾ ਬਿਆਨ ਛਪਿਆ ਹੈ, “ਇਹ ਬਾਪੂ ਨੂੰ ਬਦਨਾਮ ਕਰਨ ਲਈ ਕੁਝ ਭਾਰਤੀਆਂ ਦੀ ਵਿਦੇਸ਼ੀਆਂ ਨਾਲ ਮਿਲ ਕੇ ਕੀਤੀ ਗਈ ਸਾਜ਼ਿਸ਼ ਹੈ। ਅਸੀਂ ਸੰਤਾਂ ਦੀ ਪਸ਼ੇਮਾਨੀ ਦਾ ਵਿਰੋਧ ਕਰਨ ਆਏ ਹਾਂ।” ਭਾਜਪਾ ਦੇ ਇਨ੍ਹਾਂ ਬਿਆਨਾਂ ਤੋਂ ਬਾਅਦ ਨਰਿੰਦਰ ਮੋਦੀ ਨੇ ਚੁੱਪ ਤੋੜੀ, “ਜੇ ਸੰਤ ਅਜਿਹੀਆਂ ਕਰਤੂਤਾਂ ਕਰਦੇ ਹਨ ਤਾਂ ਇਹ ਸਮਾਜ ਉੱਤੇ ਬਹੁਤ ਵੱਡਾ ਧੱਬਾ ਹੈ।” ਜੇ ਭਾਜਪਾ ਆਗੂਆਂ ਸਮੇਤ ਆਸਾਰਾਮ ਦੇ ਸਾਰੇ ਆਗੂਆਂ ਦੇ ਬਿਆਨਾਂ ਦੀ ਪੜਚੋਲ ਕੀਤੀ ਜਾਵੇ ਤਾਂ ਇਨ੍ਹਾਂ ਵਿਚ ਇੱਕ ਤਰਤੀਬ ਉਭਰਦੀ ਹੈ। ਇਨ੍ਹਾਂ ਵਿਚ ਇਨਸਾਫ਼ ਦੀ ਮੰਗ ਕਰਨ ਵਾਲੀ ਔਰਤ ਖ਼ਿਲਾਫ਼ ਵਰਤੀਆਂ ਜਾਣ ਵਾਲੀਆਂ ਤਮਾਮ ਜੁਗਤਾਂ ਹਾਜ਼ਰ ਹਨ। ਇਨ੍ਹਾਂ ਵਿਚ ਸੰਤ ਨੂੰ ਸ਼ਰਧਾ ਦੇ ਘੇਰੇ ਵਿਚ ਰੱਖ ਕੇ ਬਿਨਾਂ ਕਿਸੇ ਪੁੱਛ-ਪੜਤਾਲ ਦੇ ਪਾਕਿ-ਪਵਿੱਤਰ ਕਰਾਰ ਦੇਣ ਦੀ ਦਲੀਲ ਹੈ। ਪੀੜਤ ਨੂੰ ਚਾਲਾਕ ਅਤੇ ਮਾਪਿਆਂ ਨੂੰ ਸਾਜ਼ਿਸ਼ੀ ਗਰਦਾਨਣ ਦਾ ḔਉੱਦਮḔ ਹੈ। ਸ਼ਿਕਾਇਤ ਕਰਨ ਵਾਲਿਆਂ ਉੱਤੇ ਰੱਬ, ਸ਼ਰਧਾ, ਸਮਾਜ ਅਤੇ ਸਿਆਸਤ ਦੇ ਨਾਮ ਉੱਤੇ ਦਬਾਅ ਪਾਉਣ ਦਾ ਉਪਰਾਲਾ ਹੋ ਰਿਹਾ ਹੈ।
ਮੋਦੀ ਅਤੇ ਉਮਾ ਭਾਰਤੀ ਦੇ ਬਿਆਨਾਂ ਵਿਚ ਕੁਝ ਇਤਫ਼ਰਕਾ ਜਾਪਦਾ ਹੈ, ਪਰ ਇਹ ਮਹਿਜ਼ ਲਿਹਾਫ਼ ਹੈ। ਦਰਅਸਲ ਸੰਤਾਂ ਨੂੰ ਸਵਾਲਾਂ ਦੇ ਘੇਰੇ ਤੋਂ ਬਾਹਰ ਰੱਖਣ ਦੀ ਦਲੀਲ ਦੋਵੇਂ ਦੇ ਰਹੇ ਹਨ। ਨਰਿੰਦਰ ਮੋਦੀ ਲਈ ਹੁਣ ਪ੍ਰਧਾਨ ਮੰਤਰੀ ਦੀ ਉਮੀਦਵਾਰੀ ਦਾ ਜ਼ਾਬਤਾ ਅਹਿਮ ਹੋ ਗਿਆ ਹੈ ਅਤੇ ਨਾਲ ਹੀ ਬਿਹਤਰ ਪ੍ਰਸ਼ਾਸਕ ਵਜੋਂ ਅਕਸ ਉਸਾਰਨ ਦਾ ਸਵਾਲ ਹੈ। ਜੇ ਨਰਿੰਦਰ ਮੋਦੀ ਇਸ ਵੇਲੇ ਆਸਾਰਾਮ ਦੀ ਹਮਾਇਤ ਕਰ ਦਿੰਦਾ ਤਾਂ ਭਾਜਪਾ ਦੀ ਜ਼ਿਆਦਾ ਪਸ਼ੇਮਾਨੀ ਹੋਣੀ ਸੀ। ਆਸਾਰਾਮ ਖ਼ਿਲਾਫ਼ ਤਿੰਨ ਅਹਿਮ ਮਾਮਲੇ ਗੁਜਰਾਤ ਵਿਚ ਦਰਜ ਹਨ। ਅਪਰੈਲ 2008 ਵਿਚ ਅਹਿਮਦਾਬਾਦ ਵਿਚ ਆਸਾਰਾਮ ਦੇ ਆਸ਼ਰਮ ਦੀ ਸਰਪ੍ਰਸਤੀ ਵਿਚ ਚੱਲਦੇ ਸਕੂਲ ਵਿਚ ਦੋ ਨਾਬਾਲਗ਼ ਮੁੰਡਿਆਂ ਦੀ ਰਹੱਸਮਈ ਮੌਤ ਹੋਈ ਸੀ। ਇਸ ਮਾਮਲੇ ਵਿਚ ਗੁਜਰਾਤ ਦੀ ਸੀæਆਈæਡੀæ ਨੇ ਆਸ਼ਰਮ ਦੇ ਸੱਤ ਅਹੁਦੇਦਾਰਾਂ ਨੂੰ ਮੁਲਜ਼ਮ ਬਣਾਇਆ ਹੈ। ਇਸੇ ਆਸ਼ਰਮ ਵਿਚ ਆਸਾਰਾਮ ਖ਼ਿਲਾਫ਼ ਇਰਾਦਾ ਕਤਲ ਦਾ ਮਾਮਲਾ ਦਰਜ ਹੈ। ਇਸ ਤੋਂ ਬਿਨਾਂ ਉਸ ਉੱਤੇ 2010 ਵਿਚ ਗੁਜਰਾਤ ਸਰਕਾਰ ਦੀ ਜ਼ਮੀਨ ਉੱਤੇ ਕਬਜ਼ਾ ਕਰਨ ਦਾ ਮੁਕੱਦਮਾ ਚੱਲ ਰਿਹਾ ਹੈ; ਜਦੋਂ ਕਿ ਇਸੇ ਗੁਜਰਾਤ ਸਰਕਾਰ ਨੇ ਨਵਸਾਰੀ ਜ਼ਿਲ੍ਹੇ ਦੇ ਭੈਰਵੀ ਪਿੰਡ ਵਿਚ ਆਸਾਰਾਮ ਆਸ਼ਰਮ ਨੂੰ ਸੰਨ 2000 ਵਿਚ ਦਸ ਏਕੜ ਜ਼ਮੀਨ ਦਿੱਤੀ ਸੀ। ਆਸਾਰਾਮ ਨੇ ਬਾਅਦ ਨੇ ਛੇ ਏਕੜ ਵਾਧੂ ਜ਼ਮੀਨ ਉੱਤੇ ਕਬਜ਼ਾ ਕਰ ਲਿਆ ਸੀ। ਮੁਕਾਮੀ ਲੋਕਾਂ ਨੇ ਵਿਰੋਧ ਕੀਤਾ ਤਾਂ ਪ੍ਰਸ਼ਾਸਨ ਨੇ ਆਸ਼ਰਮ ਦੀਆਂ ਉਸਾਰੀਆਂ ਢਾਹ ਕੇ ਕਬਜ਼ੇ ਵਾਲੀ ਜ਼ਮੀਨ ਛੁਡਾਈ ਸੀ। ਇਨ੍ਹਾਂ ਮਾਮਲਿਆਂ ਦੀ ਜਾਣਕਾਰੀ ਤੋਂ ਬਾਅਦ ਮੋਦੀ ਦਾ ਬੋਚ ਕੇ ਬੋਲਣਾ ਸਮਝ ਆਉਂਦਾ ਹੈ। ਨਾਲ ਹੀ ਇਹ ਸਾਫ਼ ਹੈ ਕਿ ਆਸਾਰਾਮ ਦਾ ਕਾਰੋਬਾਰ ਅਤੇ ਆਸ਼ਰਮਾਂ ਦਾ ਜਾਲ ਸਿਆਸੀ ਸਰਪ੍ਰਸਤੀ ਹੇਠ ਉਸਰਿਆ ਹੈ। ਇਹ ਵੱਖਰੀ ਗੱਲ ਹੈ ਕਿ ਉਹ ਸਿਆਸੀ ਸਰਪ੍ਰਸਤੀ ਦੀ ਗੁੰਜ਼ਾਇਸ਼ ਤੋਂ ਜ਼ਿਆਦਾ ਦੀ ਤਵੱਕੋ ਕਰਦਾ ਹੈ।
ਆਸਾਰਾਮ ਦੀ ਸਿਆਸੀ ਸਰਪ੍ਰਸਤੀ ਸਿਰਫ਼ ਭਾਜਪਾ ਨਹੀਂ ਕਰਦੀ, ਕਾਂਗਰਸੀ ਵੀ ਮੌਕਾ-ਮੇਲ ਹੋਣ ਉੱਤੇ ਇਹੋ ਕਰਦੇ ਹਨ। ਮੱਧ ਪ੍ਰਦੇਸ਼ ਦੀ ਸਰਕਾਰ ਨੇ ਰਤਲਾਮ ਦੇ ਮੇਘਾਲਿਆ ਮੰਦਿਰ ਵਿਚ ਆਸਾਰਾਮ ਦੀ Ḕਯੋਗ ਵੇਦਾਂਤਾ ਸਮਿਤੀ’ ਨੂੰ 2001 ਵਿਚ 11 ਦਿਨਾਂ ਲਈ ਸਤਸੰਗ ਕਰਨ ਦੀ ਇਜਾਜ਼ਤ ਦਿੱਤੀ ਸੀ। ਉਸ ਤੋਂ ਬਾਅਦ ਇਨ੍ਹਾਂ ਨੇ ਅੱਜ ਤੱਕ ਉਹ ਥਾਂ ਖਾਲੀ ਨਹੀਂ ਕੀਤੀ। ਇਸ ਤਰ੍ਹਾਂ ਆਸਾਰਾਮ ਨੇ 700 ਕਰੋੜ ਦੇ ਸਰਕਾਰੀ ਮੁੱਲ ਵਾਲੀ 100 ਏਕੜ ਜ਼ਮੀਨ ਉੱਤੇ ਕਬਜ਼ਾ ਕੀਤਾ ਹੋਇਆ ਹੈ। ਕਬਜ਼ਾ ਕਰਨ ਵੇਲੇ ਮੱਧ ਪ੍ਰਦੇਸ਼ ਵਿਚ ਕਾਂਗਰਸ ਦੀ ਸਰਕਾਰ ਸੀ। ਦਸੰਬਰ 2003 ਤੋਂ ਬਾਅਦ ਮੱਧ ਪ੍ਰਦੇਸ਼ ਵਿਚ ਭਾਜਪਾ ਦੀ ਸਰਕਾਰ ਹੈ ਅਤੇ ਉਮਾ ਭਾਰਤੀ ਆਪ 260 ਦਿਨਾਂ ਲਈ ਮੁੱਖ ਮੰਤਰੀ ਰਹੀ ਹੈ। ਪ੍ਰੋæ ਮੀਰਾ ਨੰਦਾ ਨੇ ਆਪਣੀ ਕਿਤਾਬ Ḕਦਿ ਗੌਡ ਮਾਰਕਿਟ’ ਵਿਚ ਦਲੀਲ ਦਿੱਤੀ ਹੈ ਕਿ ਸਰਕਾਰ (ਕਿਸੇ ਵੀ ਪਾਰਟੀ ਦੀ) ਨੇ ਰੱਬ ਦੇ ਨਾਮ ਉੱਤੇ ਚੱਲਦੇ ਸ਼ਰਧਾ ਦੇ ਕਾਰੋਬਾਰ ਨੂੰ ਲਗਾਤਾਰ ਸਰਪ੍ਰਸਤੀ ਦਿੱਤੀ ਹੈ। ਸਰਕਾਰੀ ਜਾਇਦਾਦ ਉੱਤੇ ਕਬਜ਼ੇ ਕਰਵਾਉਣ ਦੇ ਨਾਲ-ਨਾਲ ਇਨ੍ਹਾਂ ਨੂੰ ਪਰਉਪਕਾਰ ਅਤੇ ਭਲਾਈ ਦੇ ਨਾਮ ਉੱਤੇ ਖ਼ਜ਼ਾਨਾ ਵੀ ਲੁਟਾਇਆ ਗਿਆ ਹੈ। ਨਤੀਜੇ ਵਜੋਂ ਪੜ੍ਹੇ-ਲਿਖੇ ਸ਼ਹਿਰੀ ਮੱਧ-ਵਰਗ ਵਿਚ ਸ਼ਰਧਾ ਦਾ ਪਸਾਰਾ ਹੋਇਆ ਹੈ। ਪ੍ਰੋæ ਮੀਰਾ ਇਸੇ ਦਲੀਲ ਨੂੰ ਖੁੱਲ੍ਹੀ ਮੰਡੀ ਦੇ ਆਪਹੁਦਰੇਪਣ ਨਾਲ ਜੋੜਦੀ ਹੈ। ਇੱਕ ਤਰ੍ਹਾਂ ਨਾਲ ਮੌਜੂਦਾ ਸਿਆਸੀ ਲਾਣਾ ਸਾਧਾਂ-ਸੰਤਾਂ ਦੇ ਆਪਹੁਦਰੇਪਣ ਨੂੰ ਸ਼ਰਧਾ ਦੇ ਘੇਰੇ ਵਿਚੋਂ ਵੇਖਣ ਦੀ ਜਾਚ ਸਿਖਾਉਂਦਾ ਜਾਪਦਾ ਹੈ।
ਇਨ੍ਹਾਂ ਸਾਧਾਂ-ਸੰਤਾਂ ਨੂੰ ਰੱਬ ਕਰਾਰ ਦਿੱਤਾ ਜਾਂਦਾ ਹੈ। ਇਨ੍ਹਾਂ ਨੂੰ ਸਰਕਾਰੀ ਜ਼ਮੀਨਾਂ, ਰਿਆਇਤਾਂ ਅਤੇ ਛੋਟਾਂ ਦਿੱਤੀਆਂ ਜਾਂਦੀਆਂ ਹਨ। ਇਨ੍ਹਾਂ ਦੀਆਂ ਵਧੀਕੀਆਂ ਨੂੰ ਨਜ਼ਰਅੰਦਾਜ਼ ਕੀਤਾ ਜਾਂਦਾ ਹੈ। ਇਨ੍ਹਾਂ ਵਧੀਕੀਆਂ ਵਿਚ ਜ਼ਮੀਨਾਂ-ਜਾਇਦਾਦਾਂ ਉੱਤੇ ਕਬਜ਼ੇ, ਆਸ਼ਰਮਾਂ ਦੇ ਗੁਆਂਢ ਵਿਚ ਲੋਕਾਂ ਨਾਲ ਕੀਤੀ ਧੱਕੇਸ਼ਾਹੀ, ਧਾਰਮਿਕ ਇਕੱਠਾਂ ਨਾਲ ਸੜਕਾਂ ਉੱਤੇ ਹੁੰਦੀ ਖੱਜਲਖੁਆਰੀ, ਰਾਤਾਂ ਨੂੰ ਬੇਆਰਾਮ ਕਰਦਾ ਰੌਲਾ, ਬਾਬਿਆਂ-ਮਾਤਾਵਾਂ ਦੀ ਐਸ਼-ਪ੍ਰਸਤੀ ਦੀ ਮਾਰ ਅਤੇ ਵਿਗਿਆਨਕ ਸੋਚ ਉੱਤੇ ਹਮਲਾ ਸ਼ਾਮਿਲ ਹੈ। Ḕਹਿੰਦੂ ਜਨਜਾਗ੍ਰਿਤੀ ਸਮਿਤੀ’ ਦਾ ਬੁਲਾਰਾ ਅਭੈ ਵਾਰਤਕ ਸ਼ਰਧਾ ਦੇ ਇਸ ਕਾਰੋਬਾਰ ਦਾ ਮੂੰਹ-ਜ਼ੋਰ ਬੁਲਾਰਾ ਹੈ। ਸਿਆਸੀ ਆਗੂ ਅਤੇ ਸਰਕਾਰ ਇਸ ਰੁਝਾਨ ਦੀ ਹਮਾਇਤ ਜਾਂ ਵਿਰੋਧ, ਵਿਚਾਰ ਪੱਖੋਂ ਨਹੀਂ ਸਗੋਂ ਜੁਗਤ ਪੱਖੋਂ ਕਰਦੇ ਹਨ। ਕਾਂਗਰਸੀਆਂ ਨੂੰ ਆਸਾਰਾਮ ਤੋਂ ਵਕਤੀ ਔਖ ਹੋ ਸਕਦੀ ਹੈ, ਪਰ ਉਹ ਕਿਸੇ ਹੋਰ ਬਾਬੇ-ਮਾਤਾ ਦੇ ਪੈਰੀਂ ਲੱਗ ਜਾਣਗੇ। ਕੋਈ ਸੂਬਾਈ ਆਗੂ ਇਸੇ ਵੇਲੇ ਆਸਾਰਾਮ ਨਾਲ ਵੀ ਪੰਜਾਬ ਵਿਚ ਬਾਦਲਕਿਆਂ ਦੀ ਦੋਵੇਂ ਪਾਰਟੀਆਂ ਅਤੇ ਕਾਂਗਰਸ ਦੇ ਆਗੂਆਂ ਨੂੰ ਸੱਚੇ-ਸੌਦੇ ਵਾਲਿਆਂ ਦੇ ਡੇਰੇ ਉੱਤੇ ਨੱਕ ਰਗੜਦੇ ਵੇਖਿਆ ਗਿਆ ਹੈ। ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਜਮਾਂਜੋੜ੍ਹ ਨੂਰਮਹਿਲ ਵਾਲੇ ਆਸ਼ੂਤੋਸ਼ ਦੀ ਪੁਸ਼ਤ-ਪਨਾਹੀ ਕਰਦਾ ਹੈ।
ਇਨ੍ਹਾਂ ਹਾਲਾਤ ਵਿਚ ਜ਼ਿਆਦਾਤਰ ਲੋਕ ਬਾਬਿਆਂ-ਮਾਤਾਵਾਂ-ਡੇਰਿਆਂ ਦੇ ਸ਼ਰਧਾਲੂਆਂ ਤੋਂ ਕੁੱਟ ਖਾ ਕੇ, ਆਪਣੀ ਜਾਇਦਾਦ ਇਨ੍ਹਾਂ ਨੂੰ ਕਬਜ਼ਾਨੁਮਾ ਸੌਦੇ ਰਾਹੀਂ ਵੇਚ ਕੇ, ਕੁੜੀਆਂ-ਮੁੰਡਿਆਂ ਨੂੰ ਵਧੀਕੀਆਂ ਤੋਂ ਬਾਅਦ ਚੁੱਪ ਰਹਿਣ ਦੀ ਮੱਤ ਦੇ ਕੇ ਅਤੇ ਇਨ੍ਹਾਂ ਦੀ ਖੱਜਲਖੁਆਰੀ ਨੂੰ ਹੋਣੀ ਮੰਨ ਕੇ ਚੁੱਪ ਦੇ ਬੰਦੀਖ਼ਾਨੇ ਵਿਚ ਕੈਦ ਹੋ ਜਾਂਦੇ ਹਨ। ਕਈਆਂ ਦੀ ਇੱਕ ਡੇਰੇ ਤੋਂ ਨਾਰਾਜ਼ਗੀ ਦੂਜੇ ਡੇਰੇ ਦੀ ਸ਼ਰਧਾ ਵਿਚ ਵਾਧੇ ਦਾ ਸਬੱਬ ਬਣਦੀ ਹੈ। ਕਈਆਂ ਦੀ ਹਿੰਮਤ ਪ੍ਰਸ਼ਾਸਨ ਦੇ ਮੁਕਾਮੀ ਅਦਾਰਿਆਂ ਦੀ ਤਸ਼ੱਦਦੀ ਪਹੁੰਚ ਸਾਹਮਣੇ ਜਵਾਬ ਦੇ ਜਾਂਦੀ ਹੈ। ਜੇ ਕਿਸੇ ਕੁੜੀ ਦੇ ਮਾਪਿਆਂ ਨੇ ਆਪਣੀ ਪੁਲਿਸ ਤੱਕ ਪਹੁੰਚ ਕੀਤੀ ਹੈ ਤਾਂ ਉਨ੍ਹਾਂ ਨੇ ਬਿਖੜਾ ਪੈਂਡਾ ਤੈਅ ਕੀਤਾ ਹੈ। ਉਥੇ ਤੱਕ ਪਹੁੰਚਣ ਵਿਚ ਹੀ ਉਨ੍ਹਾਂ ਨੂੰ ਆਪਣੇ ਅਕੀਦਿਆਂ, ਸ਼ਰਧਾ ਅਤੇ ਪ੍ਰਸ਼ਾਸਨ ਦੀਆਂ ਸਲਾਹੁਣੀਆਂ ਨਾਲ ਜੂਝਣਾ ਪਿਆ ਹੋਵੇਗਾ।
ਇਸ ਤੋਂ ਬਾਅਦ ਦਾ ਪੈਂਡਾ ਇਕੱਲਤਾ ਭਰਿਆ ਹੈ, ਕਿਉਂਕਿ ਜੋ ਹਾਲਾਤ ਉਨ੍ਹਾਂ ਨੂੰ ਆਸਾਰਾਮ ਦੇ ਤਹਿਖ਼ਾਨੇ ਤੱਕ ਲੈ ਗਏ ਸਨ, ਉਹ ਜਿਉਂ ਦੇ ਤਿਉਂ ਹਨ। ਉਨ੍ਹਾਂ ਦੀ ਜਾਣ-ਪਛਾਣ ਵਾਲਾ ਸਮਾਜਕ ਘੇਰਾ ਉਸੇ ਸੋਚ ਵਾਲੀ ਜੀਵਨ ਸ਼ੈਲੀ ਜਿਉਂ ਰਿਹਾ ਹੈ ਜੋ ਇਨ੍ਹਾਂ ਨੂੰ ਵਧੀਕੀ ਦੀ ਜੱਦ ਵਿਚ ਲੈ ਗਈ ਸੀ। ਪੀੜਤ ਕੁੜੀ ਦਾ ਪਿਉ ਆਸਾਰਾਮ ਦਾ ਸ਼ਰਧਾਲੂ ਰਿਹਾ ਹੈ। ਉਸ ਨੇ ਸ਼ਾਹਜਹਾਂਪੁਰ ਵਿਚ ਆਸਾਰਾਮ ਦੇ ਆਸ਼ਰਮ ਲਈ ਜ਼ਮੀਨ ਖਰੀਦ ਕੇ ਦਿੱਤੀ ਸੀ। ਉਸ ਨੇ ਆਸਾਰਾਮ ਦਾ ਸ਼ਾਹਜਹਾਂਪੁਰ ਵਿਚ ਆਸ਼ਰਮ ਚਲਾਉਣ ਲਈ ਆਪਣਾ ਕਾਰੋਬਾਰ ਛੱਡ ਦਿੱਤਾ। ਆਸਾਰਾਮ ਦੇ ਕਹਿਣ ਉੱਤੇ ਆਪਣੇ ਬੱਚਿਆਂ ਨੂੰ ਆਸ਼ਰਮ ਦੇ ਸਕੂਲਾਂ ਵਿਚ ਪੜ੍ਹਨ ਲਗਾ ਦਿੱਤਾ। ਹੁਣ ਉਸ ਦੇ ਦੋ ਬੱਚੇ ਸਕੂਲੋਂ ਹਟ ਗਏ ਹਨ। ਦਿੱਲੀ ਪੁਲਿਸ ਨੇ ਸ਼ਿਕਾਇਤ, ਧਰਨੇ ਦੀ ਧਮਕੀ ਤੋਂ ਬਾਅਦ ਦਰਜ ਕੀਤੀ ਅਤੇ ਇਸ ਤੋਂ ਪਹਿਲਾਂ ਦਿੱਲੀ ਦੇ ਡਿਪਟੀ ਕਮਿਸ਼ਨਰ ਕੋਲ ਪੇਸ਼ ਕੀਤਾ ਗਿਆ ਜਿਸ ਨੇ ਮੈਜਿਸਟਰੇਟ ਦੀ ਹਾਜ਼ਰੀ ਵਿਚ ਮਾਪਿਆਂ ਅਤੇ ਪੀੜਤ ਕੁੜੀ ਦੇ ਬਿਆਨ ਦਰਜ ਕੀਤੇ। ਦਿੱਲੀ ਤੋਂ ਜੋਧਪੁਰ ਤਬਾਦਲਾ ਕੀਤੀ ਗਈ ਸ਼ਿਕਾਇਤ ਦਰਜ ਕਰਨ ਤੋਂ ਪਹਿਲਾਂ ਪੁਲਿਸ ਨੇ ਘਟਨਾ ਵਾਲੀ ਥਾਂ ਦਾ ਦੌਰਾ ਕੀਤਾ। ਇਸ ਤੋਂ ਬਾਅਦ ਆਸਾਰਾਮ ਦੀ ਗ੍ਰਿਫ਼ਤਾਰੀ ਲਈ ਕੁੜੀ ਦੇ ਪਿਉ ਨੇ ਸ਼ਾਹਜਹਾਂਪੁਰ ਵਿਚ ਧਰਨਾ ਦਿੱਤਾ। ਇਸ ਤੋਂ ਬਾਅਦ Ḕਇੰਡੀਅਨ ਐਕਸਪ੍ਰੈਸḔ ਅਖਬਾਰ ਵਿਚ ਛਪਿਆ ਉਸ ਦਾ ਬਿਆਨ ਬਹੁਤ ਅਹਿਮ ਹੈ, “ਮੈਂ ਉਸ ਵਿਚ ਅੰਨ੍ਹੀ ਸ਼ਰਧਾ ਰੱਖ ਕੇ ਗ਼ਲਤੀ ਕੀਤੀ, ਪਰ ਹੁਣ ਮੈਨੂੰ ਮੇਰੀ ਧੀ ਲਈ ਇਨਸਾਫ਼ ਚਾਹੀਦਾ ਹੈ। ਉਸ ਨੂੰ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ ਤਾਂ ਜੋ ਹੋਰ ਧੀਆਂ-ਭੈਣਾਂ ਦਾ ਬਚਾਅ ਹੋ ਸਕੇ।” ਉਸ ਦੀ ਅਗਲੀ ਗੱਲ ਹੋਰ ਧਿਆਨ ਦੀ ਮੰਗ ਕਰਦੀ ਹੈ, “ਜਦੋਂ ਮੈਂ ਉਸ ਦਾ ਸ਼ਰਧਾਲੂ ਸਾਂ ਤਾਂ ਮੈਨੂੰ ਉਸ ਖ਼ਿਲਾਫ਼ ਕੋਈ ਵੀ ਇਲਜ਼ਾਮ ਸੱਚਾ ਨਹੀਂ ਲੱਗਦਾ ਸੀ। ਮੈਨੂੰ ਪਤਾ ਹੈ ਕਿ ਉਸ ਦੇ ਅੰਨ੍ਹੇ ਸ਼ਰਧਾਲੂ ਕੁਝ ਵੀ ਕਰ ਸਕਦੇ ਹਨ।” ਇਹ ਉਸ ਕੁੜੀ ਦੇ ਪਿਉ ਦਾ ਤਜਰਬਾ ਬੋਲਦਾ ਹੈ। ਉਸੇ ਵਰਗਿਆਂ ਦਾ ਜਮਾਂਜੋੜ੍ਹ ਸ਼ਰਧਾ ਦੇ ਕਾਰੋਬਾਰ ਦਾ ਧੁਰਾ ਹੈ ਜਿਸ ਦੇ ਆਸਰੇ ਸਿਆਸਤਦਾਨ ਆਵਾਮ ਦੇ ਅਸਲ ਮੁੱਦਿਆਂ ਤੋਂ ਕੰਨੀ ਖਿਸਕਾ ਜਾਂਦੇ ਹਨ।
ਇਹ ਅੰਨ੍ਹੀ ਸ਼ਰਧਾ ਦਾ ਕਾਰੋਬਾਰ ਸ਼ਰਧਾਲੂਆਂ ਸਮੇਤ ਸਾਰੇ ਆਵਾਮ ਲਈ ਘਾਤਕ ਹੈ। ਇਹ ਗ਼ੈਰ-ਮਨੁੱਖੀ ਰੁਝਾਨ ਹੈ ਜੋ ਮਨੁੱਖ ਦਾ ਜਗਿਆਸੂ ਵਜੋਂ ਕਤਲ ਕਰਦਾ ਹੈ। ਇਸ ਰੁਝਾਨ ਨੂੰ ਸਵਾਲ ਪ੍ਰਵਾਨ ਨਹੀਂ ਹੈ, ਕਿਉਂਕਿ ਸਿਰ ਨਿਵਾ ਕੇ ਆਸ਼ੀਰਵਾਦ ਲੈਣਾ ਸਭ ਤੋਂ ਅਹਿਮ ਬਣ ਗਿਆ ਹੈ। ਸਰਕਾਰਾਂ ਅਤੇ ਸਿਆਸਤਦਾਨਾਂ ਨੂੰ ਇਹ ਰੁਝਾਨ ਰਾਸ ਆਉਂਦਾ ਹੈ। ਜਗਿਆਸੂ ਮਨੁੱਖ ਸਵਾਲ ਪੁੱਛੇਗਾ; ਬੇਇਨਸਾਫ਼ੀ, ਨਾਬਰਾਬਰੀ ਅਤੇ ਵਿਤਕਰੇ ਨੂੰ ਹੋਣੀ ਮੰਨਣ ਤੋਂ ਇਨਕਾਰ ਕਰੇਗਾ। ਜਦੋਂ ਸਰਕਾਰ ਤੇ ਸਿਆਸਤਦਾਨ ਸ਼ਰਧਾ ਦੇ ਕਾਰੋਬਾਰ ਦੀ ਸਰਪ੍ਰਸਤੀ ਕਰਦੇ ਹਨ ਤਾਂ ਇਹ ਆਵਾਮ ਦੀ ਸ਼ਹਿਰੀ ਵਜੋਂ ਹਤਕ ਕਰਦੇ ਹਨ। ਬਾਬਿਆਂ-ਮਾਤਾਵਾਂ ਅਤੇ ਡੇਰਿਆਂ ਦੇ ਮੁੰਨੇ ਸੀਲ ਸ਼ਰਧਾਲੂ ਇਨ੍ਹਾਂ ਦੇ ਸੀਲ ਪਿੱਛਲੱਗ ਬਣਦੇ ਹਨ, ਮੰਡੀ ਦੇ ਸੀਲ ਖਪਤਕਾਰ ਬਣਦੇ ਹਨ। ਮਨੁੱਖ ਨੂੰ ਕਾਇਨਾਤ ਦਾ ਹਿੱਸਾ ਹੋਣ ਦੇ ਨਾਤੇ ਕੁਦਰਤ ਨੇ ਯਾਦਾਸ਼ਤ, ਜਗਿਆਸਾ ਅਤੇ ਗਿਆਨ ਨਾਲ ਨਵਾਜਿਆ ਹੈ। ਕੁਦਰਤ ਦੀ ਇਸ ਅਮਾਨਤ ਵਿਚ ਮਨੁੱਖੀ ਚੇਤਨਾ ਅਤੇ ਵਿਗਿਆਨਕ ਸੋਚ ਨੇ ਲਗਾਤਾਰ ਵਾਧਾ ਕੀਤਾ ਹੈ। ਸ਼ਰਧਾ ਦਾ ਕਾਰੋਬਾਰ ਮਨੁੱਖ ਨੂੰ ਜਗਿਆਸਾ ਤੋਂ ਨਿਖੇੜ ਕੇ ਪਸ਼ੂ ਬਿਰਤੀ ਨਾਲ ਜੋੜਦਾ ਹੈ ਜਿੱਥੇ ਗਿਆਨ, ਵਿਗਿਆਨ, ਸਤਿਕਾਰ, ਨੈਤਿਕਤਾ ਅਤੇ ਬੌਧਿਕ-ਅਧਿਆਤਮਕ ਉਡਾਨ ਦੇ ਮਾਅਨੇ ਖ਼ਤਮ ਹੋ ਜਾਂਦੇ ਹਨ। ਇਸ ਹਵਾਲੇ ਨਾਲ ਆਸਾਰਾਮ ਮੌਜੂਦਾ ਦੌਰ ਵਿਚ ਉੱਚੀ-ਜਾਤ ਦੇ ਪਿਤਾ-ਪੁਰਖੀ, ਅਮੀਰ ਮਰਦ ਦੇ ਗ਼ਲਬੇ ਦੀ ਨੁਮਾਇੰਦਗੀ ਕਰਦਾ ਹੈ। ਉਹ ਬੀਬੀਆਂ, ਦੂਜੀਆਂ ਜਾਤਾਂ ਅਤੇ ਗ਼ਰੀਬਾਂ ਨੂੰ ਆਪਣੀ ਅੰਨ੍ਹੀ ਰਈਅਤ ਮੰਨਦਾ ਹੈ ਜਿਨ੍ਹਾਂ ਨੂੰ ਖੈਰਾਤ ਰੂਪੀ ਰਿਆਇਤਾਂ ਸਰਕਾਰਾਂ ਅਤੇ ਸਿਆਸਤਦਾਨ ਵੀ ਦਿੰਦੇ ਹਨ। ਵਿਅਕਤੀਗਤ ਪੱਧਰ ਉੱਤੇ ਇਹ ਗ਼ਲਬਾ ਆਪਣੀ ਜਾਤ, ਧਰਮ ਅਤੇ ਪਰਿਵਾਰ ਵਿਚ ਉਸੇ ਤਰ੍ਹਾਂ ਕਾਰਜਸ਼ੀਲ ਰਹਿੰਦਾ ਹੈ ਜਿਵੇਂ ਜਥੇਬੰਦਕ ਰੂਪ ਵਿਚ ਸਮਾਜਕ ਪੱਧਰ ਉੱਤੇ ਸਰਗਰਮ ਹੈ। ਸ਼ਾਹਜਹਾਂਪੁਰ ਵਿਚੋਂ ਇੱਕ ਬਾਪ ਨੇ ਆਪਣੀ ਧੀ ਦੇ ਹਵਾਲੇ ਨਾਲ ਇਸ ਗ਼ਲਬੇ ਉੱਤੇ ਸਵਾਲ ਕੀਤਾ ਹੈ। ਇਸ ਸਵਾਲ ਨੂੰ ਇੱਕ ਪਾਸੇ ਸ਼ਰਧਾਲੂਆਂ ਦੀ ਹੈਂਕੜ ਨਾਲ ਰੱਦ ਕਰਨ ਦਾ ਰੁਝਾਨ ਚੱਲ ਰਿਹਾ ਹੈ ਅਤੇ ਦੂਜੇ ਪਾਸੇ ਪੀੜਤ ਨੂੰ ਕਮਜ਼ੋਰ ਕੜੀ ਮੰਨ ਕੇ ਸੰਕੋਚ ਕੀਤਾ ਜਾ ਰਿਹਾ ਹੈ। ਇਹ ਸੰਕੋਚ ਸ਼ਰਧਾ ਦੇ ਪੱਖ ਵਿਚ ਭੁਗਤੇਗਾ ਅਤੇ ਬਾਅਦ ਵਿਚ ਸ਼ਰਧਾ ਦਾ ਕਾਰੋਬਾਰ ਇਸ ਸੰਕੋਚ ਹੇਠੋਂ ਵੀ ਜ਼ਮੀਨ ਖਿਸਕਾਉਣ ਲਈ ਕਾਰਜਸ਼ੀਲ ਰਹੇਗਾ।
ਇਨ੍ਹਾਂ ਹਾਲਾਤ ਵਿਚ ਹਾਰ-ਜਿੱਤ ਦੇ ਹਿਸਾਬ-ਕਿਤਾਬ ਵਿਚੋਂ ਬਾਹਰ ਨਿਕਲ ਕੇ ਸ਼ਰਧਾ ਰਾਹੀਂ ਉਸਾਰੇ ਗਏ ਗ਼ਲਬੇ ਉੱਤੇ ਹੋਏ ਸਵਾਲ ਨੂੰ ਦੂਣ-ਸਵਾਇਆ ਕਰਨਾ ਜ਼ਰੂਰੀ ਹੈ। ਇਸ ਤਤਕਾਲੀ ਸਵਾਲ ਵਿਚੋਂ ਚਿਰਕਾਲੀ ਮਸਲਿਆਂ ਨਾਲ ਜੁੜੇ ਸਵਾਲਾਂ ਦਾ ਰਾਹ ਖੁੱਲ੍ਹਦਾ ਹੈ। ਜਗਿਆਸੂ ਮਨੁੱਖ ਇਸ ਦੌਰ ਵਿਚ ਦਰਸ਼ਕ ਨਹੀਂ ਹੋ ਸਕਦਾ, ਕਿਉਂਕਿ ਜਗਿਆਸਾ ਨੂੰ ਮਨੁੱਖੀ ਗੁਣ ਬਣਾਈ ਰੱਖਣ ਦੀ ਜ਼ਿੰਮੇਵਾਰੀ ਉਸੇ ਸਿਰ ਪੈਂਦੀ ਹੈ। ਡਾæ ਦਬਹੋਲਕਰ ਦੇ ਕਤਲ ਤੋਂ ਬਾਅਦ ਵਿਗਿਆਨਕ ਚੇਤਨਾ ਸ਼ਰਧਾਜਲੀ ਮਤਿਆਂ ਤੱਕ ਮਹਿਦੂਦ ਨਹੀਂ ਹੋਣੀ ਚਾਹੀਦੀ, ਸਗੋਂ ਇਹ ਸ਼ਹਾਦਤ ਸ਼ਰਧਾ ਦੇ ਕਾਰੋਬਾਰ ਉੱਤੇ ਸਵਾਲ ਕਰਨ ਦੀ ਤਾਕਤ ਬਣਨੀ ਚਾਹੀਦੀ ਹੈ। ਜਦੋਂ ਅਭੈ ਵਾਰਤਕ ਸ਼ਰਧਾਲੂਆਂ ਨੂੰ Ḕਕੁਝ’ ਦੇਖਣ ਅਤੇ ਪੜ੍ਹਨ ਦੀ ਸਲਾਹ ਦਿੰਦਾ ਹੈ ਤਾਂ ਸੋਚਣਾ ਬਣਦਾ ਹੈ ਕਿ ਸਿਰਫ਼ Ḕਕੁਝ’ ਦੇਖਣ ਜਾਂ ਪੜ੍ਹਨ ਦੀ ਸਲਾਹ ਮਨੁੱਖ ਨੂੰ Ḕਕੱਖ ਦਾ ਨਾ ਛੱਡਣ’ ਦੀ ਕੁਹਜੀ ਸਾਜ਼ਿਸ਼ ਕਿਵੇਂ ਹੈ! ਕੀ ਇਹ ਮਨੁੱਖੀ ਜਗਿਆਸਾ ਉੱਤੇ ਕਾਤਲਾਨਾ ਹਮਲਾ ਨਹੀਂ ਹੈ?

Be the first to comment

Leave a Reply

Your email address will not be published.