ਡਾæ ਮਨਮੋਹਨ ਸਿੰਘ ਆਰਥਕ ਸੁਧਾਰ ਜਾਰੀ ਰੱਖਣ ਲਈ ਦ੍ਰਿੜ੍ਹ

ਨਵੀਂ ਦਿੱਲੀ: ਰੁਪਏ ਦੀ ਘਟ ਰਹੀ ਕੀਮਤ ‘ਤੇ ਦੇਸ਼ ਭਰ ਵਿਚ ਪੈਦਾ ਹੋਏ ਭੈਅ ਦੇ ਬਾਵਜੂਦ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਨੇ ਐਲਾਨ ਕੀਤਾ ਹੈ ਕਿ ਸਰਕਾਰ ਨਾ ਤਾਂ ਆਰਥਿਕ ਸੁਧਾਰਾਂ ਦੀ ਪ੍ਰਕਿਰਿਆ ਵਾਪਸ ਲਵੇਗੀ ਤੇ ਨਾ ਹੀ ਰੁਪਏ ਨੂੰ ਸੰਭਾਲਣ ਲਈ ਪੂੰਜੀ ਦੀ ਆਵਾਜਾਈ ‘ਤੇ ਕੰਟਰੋਲ ਕਰੇਗੀ। ਡਾæ ਸਿੰਘ ਨੇ ਕਿਹਾ ਕਿ ਰੁਪਏ ਦੀ ਕੀਮਤ ਘਰੇਲੂ ਤੇ ਵਿਸ਼ਵ ਪੱਧਰ ਦੇ ਕਈ ਕਾਰਨਾਂ ਕਰਕੇ ਘਟੀ ਹੈ। ਅਰਥ ਵਿਵਸਥਾ ਦੀ ਹਾਲਤ ਸਬੰਧੀ ਪ੍ਰਧਾਨ ਮੰਤਰੀ ਨੇ ਸੰਸਦ ਵਿਚ ਬਿਆਨ ਦਿੰਦਿਆਂ ਕਿਹਾ ਕਿ ਦੇਸ਼ ਨੂੰ ਆਰਜ਼ੀ ਝਟਕਿਆਂ ਲਈ ਤਿਆਰ ਰਹਿਣਾ ਚਾਹੀਦਾ ਹੈ।
ਇਸ ਦੇ ਨਾਲ ਹੀ ਉਨ੍ਹਾਂ ਭਰੋਸਾ ਦਿੱਤਾ ਕਿ ਸਰਕਾਰ ਇਹ ਗੱਲ ਯਕੀਨੀ ਬਣਾਵੇਗੀ ਕਿ ਅਰਥ ਵਿਵਸਥਾ ਦੀ ਬੁਨਿਆਦ ਮਜ਼ਬੂਤ ਬਣੀ ਰਹੇ। ਡਾæ ਸਿੰਘ ਨੇ ਸਾਰੀਆਂ ਰਾਜਨੀਤਕ ਪਾਰਟੀਆਂ ਨੂੰ ਮੌਜੂਦਾ ਹਾਲਾਤ ਨਾਲ ਨਜਿੱਠਣ ਲਈ ਸਹਿਯੋਗ ਦੇਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਦੇਸ਼ ਸਾਹਮਣੇ ਚੁਣੌਤੀਆਂ ਜ਼ਰੂਰ ਹਨ ਪਰ ਉਨ੍ਹਾਂ ਨਾਲ ਨਜਿੱਠਣ ਦਾ ਦਮ ਵੀ ਮੌਜੂਦ ਹੈ। ਲੋਕ ਸਭਾ ਵਿਚ ਰੁਪਏ ਦੀ ਗਿਰਾਵਟ ‘ਤੇ ਆਪਣੀ ਚੁੱਪ ਤੋੜਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਅਰਥ ਵਿਵਸਥਾ ਨੂੰ ਆਰਜ਼ੀ ਝਟਕੇ ਲੱਗ ਸਕਦੇ ਹਨ ਤੇ ਇਨ੍ਹਾਂ ਨੂੰ ਝੱਲਣਾ ਪਵੇਗਾ।
ਇਹ ਅਰਥ ਵਿਵਸਥਾ ਦੀ ਵਿਸ਼ਵੀਕਰਨ ਦੀ ਸਚਾਈ ਹੈ ਜਿਸ ਦਾ ਫਾਇਦਾ ਵੀ ਹੋਇਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਿਰਫ ਇਸ ਲਈ ਨੀਤੀਆਂ ਨੂੰ ਵਾਪਸ ਲੈਣ ਦਾ ਸਵਾਲ ਹੀ ਪੈਦਾ ਨਹੀਂ ਕਿ ਪੂੰਜੀ ਤੇ ਵਿਦੇਸ਼ੀ ਮੁਦਰਾ ਵਟਾਂਦਰਾ ਬਾਜ਼ਾਰ ਵਿਚ ਉਤਰਾਅ-ਚੜ੍ਹਾਅ ਆ ਰਹੇ ਹਨ। ਉਨ੍ਹਾਂ ਕਿਹਾ ਕਿ ਰੁਪਏ ਦੀ ਵਟਾਂਦਰਾ ਦਰ ਵਿਚ ਅਚਾਨਕ ਗਿਰਾਵਟ ਇਕ ਝਟਕਾ ਹੈ ਪਰ ਇਸ ਦਾ ਮੁਕਾਬਲਾ ਹੋਰ ਪਹਿਲੂਆਂ ਰਾਹੀਂ ਕੀਤਾ ਜਾਵੇਗਾ ਨਾ ਕਿ ਪੂੰਜੀ ‘ਤੇ ਕੰਟਰੋਲ ਕਰਕੇ ਜਾਂ ਸੁਧਾਰ ਪ੍ਰਕਿਰਿਆ ਤੋਂ ਪਿੱਛੇ ਹਟ ਕੇ।
ਪ੍ਰਧਾਨ ਮੰਤਰੀ ਦੇ ਬਿਆਨ ਤੋਂ ਨਿਰਾਸ਼ ਵਿਰੋਧੀ ਪਾਰਟੀਆਂ ਨੇ ਲੋਕ ਸਭਾ ਤੋਂ ਵਾਕਆਊਟ ਕੀਤਾ ਜਿਨ੍ਹਾਂ ਵਿਚ ਭਾਜਪਾ, ਅੰਨਾæ ਡੀæਐਮæਕੇæ, ਖੱਬੀਆਂ ਪਾਰਟੀਆਂ ਤੇ ਸ਼੍ਰੋਮਣੀ ਅਕਾਲੀ ਦਲ ਸ਼ਾਮਲ ਹਨ। ਸੁਧਾਰ ਪ੍ਰਕਿਰਿਆ ਨੂੰ ਅੱਗੇ ਵਧਾਉਣ ਲਈ ਪ੍ਰਧਾਨ ਮੰਤਰੀ ਨੇ ਕਿਹਾ ਕਿ ਪਹਿਲਾਂ ਸੌਖੇ ਸੁਧਾਰ ਕੀਤੇ ਜਾ ਚੁੱਕੇ ਹਨ ਤੇ ਹੁਣ ਔਖੇ ਸੁਧਾਰ ਬਾਕੀ ਹਨ। ਉਨ੍ਹਾਂ ਕਿਹਾ ਕਿ ਹੁਣ ਮੁਸ਼ਕਲਾਂ ਵਾਲੇ ਸੁਧਾਰ ਅਪਣਾਉਣੇ ਪੈਣਗੇ ਜਿਨ੍ਹਾਂ ਵਿਚ ਸਬਸਿਡੀ ਵਿਚ ਕਟੌਤੀ, ਬੀਮਾ ਤੇ ਪੈਨਸ਼ਨ ਖੇਤਰ ਵਿਚ ਸੁਧਾਰ, ਲਾਲਫੀਤਾਸ਼ਾਹੀ ਨੂੰ ਖਤਮ ਕਰਨਾ ਤੇ ਵਸਤੂ ਤੇ ਸੇਵਾ ਕਰ ਲਾਗੂ ਕਰਨਾ ਸ਼ਾਮਲ ਹੈ।
ਡਾæ ਸਿੰਘ ਨੇ ਕਿਹਾ ਕਿ ਇਹ ਸੁਧਾਰ ਅਸਾਨੀ ਨਾਲ ਲਾਗੂ ਨਹੀਂ ਕੀਤੇ ਜਾ ਸਕਦੇ। ਇਨ੍ਹਾਂ ਲਈ ਰਾਜਨੀਤਕ ਆਮ ਸਹਿਮਤੀ ਜ਼ਰੂਰੀ ਹੈ। ਪ੍ਰਧਾਨ ਮੰਤਰੀ ਨੇ ਰੁਪਏ ਵਿਚ ਅਚਾਨਕ ਗਿਰਾਵਟ ਲਈ ਚਾਲੂ ਖਾਤੇ ਦੇ ਉੱਚੇ ਘਾਟੇ, ਅਮਰੀਕੀ ਫੈਡਰਲ ਰਿਜ਼ਰਵ ਦੀ ਬਾਂਡ ਵੇਚਣ ਦਾ ਪ੍ਰੋਗਰਾਮ ਹੌਲੀ-ਹੌਲੀ ਵਾਪਸ ਲੈਣ ਦੀ ਯੋਜਨਾ ਤੇ ਸੀਰੀਆ ਵਿਚ ਤਣਾਅ ਵਰਗੇ ਵਿਸ਼ਵੀ ਤੇ ਘਰੇਲੂ ਕਾਰਨਾਂ ਨੂੰ ਜ਼ਿੰਮੇਵਾਰ ਦੱਸਿਆ ਹੈ। ਡਾæ ਸਿੰਘ ਨੇ ਕਿਹਾ ਕਿ ਸੋਨੇ ਦੀ ਭਾਰੀ ਦਰਾਮਦ ਤੇ ਦਰਾਮਦ ਕੀਤੇ ਜਾਂਦੇ ਕੱਚੇ ਤੇਲ ਦੀ ਉੱਚੀ ਕੀਮਤ ਤੇ ਹਾਲ ਹੀ ਵਿਚ ਕੋਲੇ ਦੀ ਦਰਾਮਦ ਨਾਲ ਚਾਲੂ ਖਾਤੇ ਦਾ ਘਾਟਾ ਵਧਿਆ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਚਾਲੂ ਖਾਤੇ ਦੇ ਘਾਟੇ ਨੂੰ 70 ਅਰਬ ਡਾਲਰ ਤਕ ਲਿਆਉਣ ਲਈ ਕਦਮ ਚੁੱਕੇਗੀ ਜਿਹੜਾ ਮੌਜੂਦਾ ਸਮੇਂ ਕੁਲ ਘਰੇਲੂ ਉਤਪਾਦਨ 4æ8 ਫ਼ੀਸਦੀ ਭਾਵ 88 ਅਰਬ ਡਾਲਰ ਤਕ ਪਹੁੰਚ ਚੁੱਕਾ ਹੈ। ਉਨ੍ਹਾਂ ਆਸ ਪ੍ਰਗਟ ਕੀਤੀ ਕਿ ਇਸ ਸਾਲ ਭਰਵੀਂ ਮੌਨਸੂਨ ਹੋਣ ਕਾਰਨ 2013-14 ਦੇ ਦੂਸਰੇ ਅੱਧ ਵਿਚ ਵਿਕਾਸ ਦੀ ਰਫ਼ਤਾਰ ਵਿਚ ਤੇਜ਼ੀ ਆਵੇਗੀ ਤੇ ਇਹ ਆਰਥਿਕ ਵਿਕਾਸ ਦਰ ਛੇ ਫ਼ੀਸਦੀ ਤਕ ਪਹੁੰਚ ਸਕਦੀ ਹੈ ਜਿਹੜੀ 2012-13 ਵਿਚ ਘਟ ਕੇ ਪੰਜ ਫ਼ੀਸਦੀ ‘ਤੇ ਆ ਗਈ ਸੀ।
ਉਨ੍ਹਾਂ ਕਿਹਾ ਕਿ ਮੌਨਸੂਨ ਨਾਲ ਭਰਵੀਂ ਫਸਲ ਦੀ ਆਸ ਹੈ ਜਿਸ ਨਾਲ ਅਨਾਜ ਦੀਆਂ ਕੀਮਤਾਂ ਘਟਣਗੀਆਂ ਤੇ ਮਹਿੰਗਾਈ ਘਟੇਗੀ। ਡਾæ ਮਨਮੋਹਨ ਸਿੰਘ ਨੇ ਕਿਹਾ ਕਿ ਦੇਸ਼ ਕੋਲ ਵਿਦੇਸ਼ੀ ਮੁਦਰਾ ਦਾ 278 ਅਰਬ ਡਾਲਰ ਦਾ ਭੰਡਾਰ ਹੈ ਜਿਹੜਾ ਦੇਸ਼ ਦੀਆਂ ਬਾਹਰੀ ਵਿੱਤੀ ਲੋੜਾਂ ਪੂਰੀਆਂ ਕਰਨ ਲਈ ਕਾਫੀ ਹੈ। ਉਨ੍ਹਾਂ ਕਿਹਾ ਕਿ ਰੁਪਏ ਦੀ ਘਟ ਰਹੀ ਕੀਮਤ ਆਰਥਿਕਤਾ ਲਈ ਵਧੀਆ ਹੋ ਸਕਦੀ ਹੈ ਕਿਉਂਕਿ ਇਸ ਨਾਲ ਮੁਕਬਾਲੇ ਵਾਲੇ ਬਾਜ਼ਾਰ ਵਿਚ ਬਰਾਮਦ ਵਧੇਗੀ ਤੇ ਦਰਾਮਦ ਉਤਸ਼ਾਹਹੀਣ ਹੋਵੇਗੀ।

Be the first to comment

Leave a Reply

Your email address will not be published.