ਬਿਨਾ ਸੰਤੋਖ ਨਹੀ ਕੋਊ ਰਾਜੈ

ਡਾæ ਗੁਰਨਾਮ ਕੌਰ, ਕੈਨੇਡਾ
ਪਿਛਲੇ ਲੇਖ ਵਿਚ ‘ਸੰਤੋਖ’ ਦੇ ਸੁਭਾਅ ਦੀ ਚਰਚਾ ਕਰਨ ਤੋਂ ਪਹਿਲਾਂ ਕੁੱਝ ਪ੍ਰਸ਼ਨ ਉਠਾਏ ਗਏ ਸਨ ਕਿ ਮਨੁੱਖ ਨੂੰ ਕਿਸ ਨਾਲ ਜਾਂ ਕਿਵੇਂ ਸੰਤੋਖ ਆਉਣਾ ਹੈ? ਕੀ ਮਨੁੱਖ ਨੂੰ ਗ਼ਰੀਬੀ, ਭੁੱਖ ਜਾਂ ਥੁੜ ਤੋਂ ਬਿਨਾਂ ਇਨ੍ਹਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਦੇ ਸੰਤੋਖ ਕਰ ਲੈਣਾ ਚਾਹੀਦਾ ਹੈ? ਕੀ ਸੰਤੋਖ ਦਾ ਅਰਥ ਹਾਲਾਤ ਨੂੰ ਜਿਵੇਂ ਦਾ ਤਿਵੇਂ ਮਨਜ਼ੂਰ ਕਰ ਲੈਣਾ ਚਾਹੀਦਾ ਹੈ? ਕੀ ਇਸ ਦਾ ਮਤਲਬ ਬੁਰਾਈ, ਆਲਸ ਜਾਂ ਅਕਰਨੀ ਤੇ ਸੰਤੋਖ ਕਰ ਲੈਣਾ ਹੈ? ਕੀ ਸੰਤੋਖ ਦਾ ਅਰਥ ਹੈ ਆਪਣੇ ਮੌਜ਼ੂਦਾ ਹਾਲਾਤ ਨੂੰ ਬਿਨਾ ਨੈਤਿਕ-ਅਧਿਆਤਮਕ ਉਨਤੀ ਵੱਲ ਕਦਮ ਪੁੱਟਿਆਂ ਸਵੀਕਾਰ ਕਰ ਲੈਣਾ ਹੈ? ਇੱਕ ਗੱਲ ਪੱਕੀ ਹੈ ਕਿ ਇਹ ਸਭ ਸੰਤੋਖ ਨਹੀਂ ਹੈ। ਸੰਤੋਖ ਦਾ ਅਰਥ ਕਿਸਮਤਵਾਦ, ਭਾਂਜਵਾਦ ਜਾਂ ਬੁਰਾਈ ਨਾਲ ਸਮਝੌਤਾ ਨਹੀਂ ਹੈ। ਸੰਤੋਖ ਦਾ ਸਿੱਧਾ ਅਰਥ ਬੁਰਾਈ ਨਾਲ ਸਮਝੌਤਾ ਕਰਨ ਦੇ ਬਿਲਕੁਲ ਉਲਟ ਹੈ। ਉਹ ਮਨੁੱਖ ਜਿਹੜਾ ਅੱਗੇ ਵਧਣ ਤੋਂ ਕਤਰਾਉਂਦਾ ਹੈ ਅਤੇ ਕਿਸੇ ਕਿਸਮ ਦੀ ਹਾਰ ਸਹਿਣ ਲਈ ਤਿਆਰ ਨਹੀਂ ਹੈ ਜੋ ਕਿ ਉਸ ਨੂੰ ਅੱਗੇ ਵਧਣ ਦੇ ਅਮਲ ਵਿਚ ਸਹਿਣੀ ਪੈ ਸਕਦੀ ਹੈ, ਨੂੰ ਸੰਤੋਖੀ ਨਹੀਂ ਕਿਹਾ ਜਾ ਸਕਦਾ ਕਿਉਂਕਿ ਉਹ ਆਪਣੇ ਸੰਤੋਖ ਨੂੰ ਇਮਤਿਹਾਨ ਵਿਚ ਪਾਉਣ ਤੋਂ ਡਰਦਾ ਹੈ। ਅਸਲੀ ਸੰਤੋਖ ਦਾ ਸਖਤ ਇਮਤਿਹਾਨ ਇਸ ਤੱਥ ਵਿਚ ਹੈ ਕਿ ਮਨੁੱਖ ਸਫ਼ਲਤਾ ਅਤੇ ਹਾਰ ਨੂੰ ਸ਼ਾਂਤ-ਚਿੱਤ ਮਨਜ਼ੂਰ ਕਰੇ। ਸੰਤੋਖ ਦੁਬਾਰਾ ਕਰਮ ਕਰਨ ਦੀ ਮਨੁੱਖੀ ਦ੍ਰਿੜਤਾ ਵੱਲ ਸੰਕੇਤਕ ਹੈ ਕਿਉਂਕਿ ਅਸਫ਼ਲਤਾ ਸੰਤੋਖ ਰਾਹੀਂ ਪ੍ਰਾਪਤ ਕੀਤੇ ਸੰਤੁਲਨ ਨੂੰ ਭੰਗ ਨਹੀਂ ਕਰਦੀ।
ਮਨੁੱਖ ਵਿਚ ਸੰਤੋਖ ਕਿਉਂ ਨਹੀਂ ਹੁੰਦਾ? ਇਸ ਦਾ ਕਾਰਨ ਸ਼ਾਇਦ ਉਸ ਅੰਦਰ ਬੈਠੇ ਹੋਏ ਡਰ ਵਿਚ ਹੁੰਦਾ ਹੈ। ਆਪਣੇ ਸੰਤੋਖ ਨੂੰ ਮਨੁੱਖ ਇਮਤਿਹਾਨ ਵਿਚ ਪਾਉਣ ਤੋਂ ਇਨਕਾਰ ਇਸ ਲਈ ਕਰਦਾ ਹੈ ਕਿਉਂਕਿ ਇਸ ਦਾ ਪਹਿਲਾ ਕਾਰਨ ਇਹ ਡਰ ਹੁੰਦਾ ਹੈ ਕਿ ਸ਼ਾਇਦ ਉਹ ਸਫ਼ਲ ਨਾ ਹੋਵੇ। ਇਹ ਡਰ ਅਤੇ ਭਲਮਾਣਸੀ ‘ਸੰਤੋਖ’ ਦੇ ਗੁਣ ਦੇ ਵਿਰੋਧੀ ਹਨ। ਗੁਰੂ ਰਾਮਦਾਸ ਨੇ ਫਰਮਾਇਆ ਹੈ ਕਿ ਹੇ ਮੇਰੀ ਜਿੰਦੇ! ਗੁਰੂ ਦੀ ਸ਼ਰਨ ਪੈ ਕੇ ਨਾਮ ਜਪ, ਤੇਰੇ ਭਾਗ ਜਾਗ ਪਏ ਹਨ। ਗੁਰੂ ਦੀ ਦਿੱਤੀ ਹੋਈ ਮਤਿ ਨੂੰ ਆਪਣੀ ਮਾਂ ਬਣਾ ਅਤੇ ਮਤਿ ਨੂੰ ਹੀ ਜੀਵਨ ਦਾ ਆਸਰਾ ਬਣਾ। ਸੰਤੋਖ ਨੂੰ ਪਿਤਾ ਬਣਾ ਅਤੇ ਅਜੋਨੀ ਅਕਾਲ ਪੁਰਖ ਦੇ ਰੂਪ ਗੁਰੂ ਦੀ ਸ਼ਰਨ ਪੈ। ਇਸ ਤਰ੍ਹਾਂ ਅਕਾਲ ਪੁਰਖ ਨੂੰ ਮਿਲ, ਤੇਰੀ ਕਿਸਮਤ ਚੰਗੀ ਹੋ ਗਈ ਹੈ,
ਗੁਰਮਖਿ ਜਿੰਦੂ ਜਪਿ ਨਾਮੁ ਕਰੰਮਾ॥
ਮਤਿ ਮਾਤਾ ਮਤਿ ਜੀਉ ਨਾਮੁ ਮੁਖਿ ਰਾਮਾ॥
ਸੰਤੋਖੁ ਪਿਤਾ ਕਰਿ ਗੁਰੁ ਪੁਰਖੁ ਅਜਨਮਾ॥
ਵਡਭਾਗੀ ਮਿਲੁ ਰਾਮਾ॥1॥ (ਪੰਨਾ 172)
ਇਥੇ ਗੁਰੂ ਰਾਮਦਾਸ ਨੇ ‘ਸੰਤੋਖ’ ਨੂੰ ਪਿਤਾ ਬਣਾਉਣ ਲਈ ਕਿਹਾ ਹੈ। ਇੱਕ ਪਿਤਾ ਦੀਆਂ ਕੀ ਵਿਸ਼ੇਸ਼ਤਾਈਆਂ ਹੁੰਦੀਆਂ ਹਨ? ਪਿਤਾ ਬੱਚੇ ਨੂੰ ਅੱਗੇ ਵਧਣ ਦੀ ਪ੍ਰੇਰਨਾ ਕਰਦਾ ਹੈ। ਪਿਤਾ ਉਸ ਸਾਧਨ ਦਾ ਚਿੰਨ੍ਹ ਹੈ ਜੋ ਡਰ ਨੂੰ ਦੂਰ ਕਰਦਾ ਹੈ, ਬੱਚੇ ਦੇ ਮਨ ਵਿਚੋਂ ਡਰ ਨੂੰ ਦੂਰ ਕਰਦਾ ਹੈ। ਇਸ ਤਰ੍ਹਾਂ ਗੁਰੂ ਸਾਹਿਬ ਅਨੁਸਾਰ ਸੰਤੋਖ ਸਹਿਜ ਦੀ, ਸੰਤੁਲਨ ਦੀ ਰਾਖੀ ਸਫ਼ਲਤਾ ਅਤੇ ਹਾਰ-ਦੋਵਾਂ ਹਾਲਤਾਂ ਵਿਚ ਕਰਦਾ ਹੈ। ਇਸ ਜੀਵਨ ਤੋਂ ਬਾਅਦ ਕੀ ਹੋਵੇਗਾ ਦਾ ਸੰਦੇਹ ਵੀ ਮਨੁੱਖ ਦੇ ਅੰਦਰ ਡਰ ਦਾ ਕਾਰਨ ਬਣਦਾ ਹੈ। ਗੁਰੂ ਅਰਜਨ ਦੇਵ ਫਰਮਾਉਂਦੇ ਹਨ ਕਿ ਜਿਹੜਾ ਮਨੁੱਖ ਪਰਮਾਤਮਾ ਦੇ ਨਾਮ ਨੂੰ ਆਪਣੇ ਹਿਰਦੇ ਵਿਚ ਵਸਾ ਲੈਂਦਾ ਹੈ ਉਹ ਆਪਣੇ ਜੀਵਨ ਦੀ ਰਾਸਿ-ਪੂੰਜੀ ਨੂੰ ਵਿਕਾਰਾਂ ਤੋਂ ਬਚਾ ਕੇ ਆਪਣੇ ਹਿਰਦੇ-ਘਰ ਵਿਚ ਟਿਕਿਆ ਰਹਿੰਦਾ ਹੈ। ਦੁਨੀਆਂ ਦੀ ਕਿਰਤ-ਕਮਾਈ ਕਰਦਿਆਂ ਵੀ ਉਸ ਦੇ ਮਨ ਵਿਚ ਸੰਤੋਖ ਬਣਿਆ ਰਹਿੰਦਾ ਹੈ ਕਿਉਂਕਿ ਗੁਰੂ ਨੇ ਬਾਂਹ ਫੜ ਕੇ ਉਸ ਨੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਦਾ ਸੁਨੇਹਾ ਦੇ ਦਿੱਤਾ ਹੈ,
ਪ੍ਰਭੁ ਅਪੁਨਾ ਰਿਦੈ ਧਿਆਏ॥
ਘਰਿ ਸਹੀ ਸਲਾਮਤਿ ਆਏ॥
ਸੰਤੋਖੁ ਭਇਆ ਸੰਸਾਰੇ॥
ਗੁਰਿ ਪੂਰੈ ਲੈ ਤਾਰੇ॥1॥ (ਪੰਨਾ 629)
ਸੰਤੋਖ, ਮੁਕਤੀ ਪ੍ਰਤੀ ਕਿਸੇ ਕਿਸਮ ਦੀ ਭ੍ਰਾਂਤੀ ਤੋਂ ਛੁਟਕਾਰੇ ਵੱਲ ਵੀ ਇਸ਼ਾਰਾ ਹੈ। ਗੁਰੂ ਨੇ ਸੰਸਾਰ ਦੇ ਸਾਰੇ ਮਨੁੱਖਾਂ ਦੇ ਕਲਿਆਣ ਦੀ ਸੰਭਾਵਨਾ ਦਾ ਸੰਦੇਸ਼ ਦੇ ਦਿੱਤਾ ਹੈ। ਮਨੁੱਖ ਨੂੰ ਮਨ ਵਿਚ ਇਹ ਭੈ ਰੱਖਣ ਦੀ ਲੋੜ ਨਹੀਂ ਹੈ ਕਿ ਮੁਕਤੀ ਪ੍ਰਾਪਤ ਕਰਨ ਲਈ ਉਸ ਨੂੰ ਵੱਖਰੇ ਸਮਾਜਿਕ ਭਾਈਚਾਰੇ ਵਿਚ ਹੋਰ ਜਨਮ ਲੈਣੇ ਪੈਣਗੇ। ਸੰਤੋਖੀ ਇਨਸਾਨ ਉਚਾਈ ਵੱਲ ਵਧਦਾ ਹੈ ਅਤੇ ਸਾਰੇ ਭੈ ਦੂਰ ਕਰਕੇ ਕੋਸ਼ਿਸ਼ ਜ਼ਾਰੀ ਰੱਖਦਾ ਹੈ। ਸੰਤੋਖ ਈਮਾਨਦਾਰ ਭਰੋਸੇ ਵਿਚੋਂ ਪੈਦਾ ਹੋਇਆ ਸੁਭਾਅ ਹੈ, ਰੁੱਚੀ ਹੈ ਕਿ ਮਨੁੱਖ ਆਪਣੇ ਵੱਲੋਂ ਹਲੀਮੀ ਦੀ ਭਾਵਨਾ ਨਾਲ ਚੰਗੇ ਤੋਂ ਚੰਗਾ ਕਰ ਰਿਹਾ ਹੈ। ਇਸ ਤਰ੍ਹਾਂ ਸੰਤੋਖ ਦਾ ਗੁਣ ਮਨੁੱਖ ਵੱਲੋਂ ਚੰਗਾ ਕਰਨ ਅਤੇ ਬਾਕੀ ਦਾ ਅਕਾਲ ਪੁਰਖ ਤੇ ਛੱਡ ਦੇਣ ਦੀ ਭਾਵਨਾ ਹੈ।
ਸੰਤੋਖੀ ਮਨੁੱਖ, ਜਿਵੇਂ ਕਿ ਉਪਰ ਦੱਸਿਆ ਹੈ ਭੈ ਅਤੇ ਨਿਰਾਸ਼ਾ ਤੋਂ ਮੁਕਤ ਹੁੰਦੇ ਹਨ। ਉਹ ਆਸ਼ਾਵਾਦੀ ਹੁੰਦੇ ਹਨ ਜੋ ਗੁਰੂ ਵੱਲੋਂ ਦਿੱਤੇ ਅਮਨ ਦੇ ਸੁਨੇਹੇ ਵਿਚ ਭਰੋਸਾ ਰੱਖਦੇ ਹਨ। ਗੁਰੂ ਅਮਰਦਾਸ ਸਪੱਸ਼ਟ ਕਰਦੇ ਹਨ ਕਿ ਇੱਕ ਪਵਿੱਤਰ ਮਨੁੱਖ ਜਿਸ ਦੇ ਮਨ ਵਿਚੋਂ ਖੋਟ ਅਤੇ ਵਿਕਾਰ ਦੂਰ ਹੋ ਗਏ ਹਨ, ਜਿਸ ਨੇ ਆਪਣਾ ਮਨ ਜਿਤ ਲਿਆ ਹੈ, ਉਸ ਨੂੰ ਹੀ ਸੱਚਾ ਅਤੇ ਸੰਤੋਖੀ ਮਨੁੱਖ ਕਿਹਾ ਜਾ ਸਕਦਾ ਹੈ,
ਸਤੁ ਸੰਤੋਖੁ ਸਭੁ ਸਚੁ ਹੈ ਗੁਰਮੁਖਿ ਪਵਿਤਾ॥
ਅੰਦਰਹੁ ਕਪਟੁ ਵਿਕਾਰੁ ਗਇਆ ਮਨੁ ਸਹਜੇ ਜਿਤਾ॥ (ਪੰਨਾ 512)
ਉਸ ਨੂੰ ਹਰ ਥਾਂ ਪਰਮਾਤਮਾ ਨਜ਼ਰ ਆਉਂਦਾ ਹੈ। ਇਸ ਅਵਸਥਾ ਵਿਚ ਪਹੁੰਚ ਕੇ ਉਸ ਦੇ ਅੰਦਰ ਪਰਮਾਤਮ-ਜੋਤਿ ਦਾ ਪ੍ਰਕਾਸ਼ ਹੋ ਜਾਂਦਾ ਹੈ। ਉਸ ਦਾ ਅਗਿਆਨ ਦੂਰ ਹੋ ਜਾਂਦਾ ਹੈ ਅਤੇ ਮਨ ਅਨੰਦ ਨਾਲ ਸਰਸ਼ਾਰ ਹੋ ਜਾਂਦਾ ਹੈ। ਅਜਿਹਾ ਮਨੁੱਖ ਜਿਹੜਾ ਆਪਣੇ ਆਦਰਸ਼ ਦਾ ਮਨਨ ਕਰਦਾ ਹੈ ਅਤੇ ਗੁਰੂ ਕੋਲੋਂ ਅਗਵਾਈ ਲੈਂਦਾ ਹੈ, ਸਦਾ ਸਕ੍ਰਿਅ ਰਹਿੰਦਾ ਹੈ, ਇਸ ਭਰੋਸੇ ਅਤੇ ਆਸ਼ਾ ਨਾਲ ਅੱਗੇ ਵੱਧਦਾ ਹੈ ਕਿ ਰਸਤੇ ਵਿਚ ਜੋ ਵੀ ਰੁਕਾਵਟਾਂ ਆਉਣਗੀਆਂ, ਉਨ੍ਹਾਂ ਨਾਲ ਜੂਝੇਗਾ। ਉਸ ਦੇ ਅੰਦਰ ਰੱਬੀ ਗੁਣ ਪੈਦਾ ਹੋ ਜਾਂਦੇ ਹਨ ਅਤੇ ਸਮਝ ਲੱਗ ਜਾਂਦੀ ਹੈ ਕਿ ਅਕਾਲ ਪੁਰਖ ਸਭ ਦਾ ਦਾਤਾ ਅਤੇ ਸਖਾ ਹੈ।
ਵੈਰਾਗ ਅਤੇ ਸੰਤੋਖ ਵਿਚ ਵੱਡਾ ਫਰਕ ਇਹ ਹੈ ਕਿ ਵੈਰਾਗ ਕਿਸੇ ਖਾਸ ਹਾਲਾਤ ਦਾ ਤਿਆਗ ਹੈ, ਉਸ ਤੋਂ ਭੱਜਣਾ ਹੈ ਪ੍ਰੰਤੂ ਸੰਤੋਖ ਮਨੁੱਖੀ ਭਲਾਈ ਵਾਸਤੇ ਅੱਗੇ ਵੱਧਣ ਦੀ ਕੋਸ਼ਿਸ਼ ਵਿਚ ਜੁਟੇ ਰਹਿਣਾ ਹੈ। ਸੰਤੋਖੀ ਮਨੁੱਖ ਅਸਫ਼ਲਤਾ ਨੂੰ ਮਨ ਵਿਚ ਨਹੀਂ ਰੱਖਦਾ ਕਿਉਂਕਿ ਉਸ ਨੂੰ ਅਕਾਲ ਪੁਰਖ ਦੇ ਨਿਆਉਂ ਵਿਚ ਭਰੋਸਾ ਹੁੰਦਾ ਹੈ ਜੋ ਸੁਭਾ ਵੱਲੋਂ ਕ੍ਰਿਪਾਲੂ ਹੈ। ਸੰਤੋਖ ਦਾ ਸੁਭਾਅ ਸਦਮੇ ਨੂੰ ਝੱਲਣਾ ਹੈ, ਭਾਵੇਂ ਇਹ ਸਦਮੇ ਕਿਹੋ ਜਿਹੇ ਵੀ ਹੋਣ। ਇਹ ਮਨੁੱਖ ਨੂੰ ਕਿਸੇ ਕਾਰਜ ਦਾ ਤਿਆਗ ਕੀਤੇ ਬਿਨਾਂ ਉਸ ਕਾਰਜ ਵਿਚੋਂ ਪੈਦਾ ਹੋਣ ਵਾਲੇ ਮਾਨਸਿਕ ਕ੍ਰੋਧ ਦੀ ਭਿਅੰਕਰਤਾ ਤੋਂ ਬਚਾ ਕੇ ਕਾਰਜ ਵਿਚ ਜੋੜੀ ਰੱਖਦਾ ਹੈ। ਅਜਿਹੇ ਕਾਰਜ ਨੂੰ ਅਸੀਂ ਨੈਤਿਕ ਕਾਰਜ ਕਹਿ ਸਕਦੇ ਹਾਂ ਕਿਉਂਕਿ ਇਹ ਫਰੇਬ ਅਤੇ ਧੋਖੇ ਤੋਂ ਮੁਕਤ ਹੁੰਦਾ ਹੈ। ਸਿੱਖ ਨੈਤਿਕਤਾ ਅਨੁਸਾਰ ਸੰਤੋਖ ਕੋਈ ਪਿਛਾਂਹ-ਖਿਚੂ ਗੁਣ ਨਹੀਂ ਹੈ ਜਿਸ ਵਿਚ ਮਨੁੱਖ ਸਬਰ ਕਰਕੇ ਕੋਸ਼ਿਸ਼ ਕਰਨੀ ਛੱਡ ਦੇਵੇ। ਸਿੱਖ ਨੈਤਿਕਤਾ ਹਲੀਮੀ ਨਾਲ ਮਨੁੱਖ ਨੂੰ ਉਦਮ ਕਰਨ ਦੀ ਪ੍ਰੇਰਨਾ ਕਰਦੀ ਹੈ ਜਿਸ ਵਿਚ ਹਲੀਮੀ ਦੇ ਨਾਲ ਹੀ ਅਕਾਲ ਪੁਰਖ ਵਿਚ ਭਰੋਸਾ ਸ਼ਾਮਲ ਹੈ। ਅਜਿਹੀ ਭਾਵਨਾ ਨਾਲ ਹੀ ਮਨੁੱਖ ‘ਸਰਬਤ ਦਾ ਭਲਾ’ ਜਾਂ ਸਮਾਜ-ਕਲਿਆਣ ਲਈ ਯਤਨਸ਼ੀਲ ਹੋ ਸਕਦਾ ਹੈ। ਅਜਿਹੇ ਯਤਨ ਵਿਚ ਹਉਮੈ ਨੂੰ ਕੋਈ ਸਥਾਨ ਪ੍ਰਾਪਤ ਨਹੀਂ ਹੈ।
ਪਰਉਪਕਾਰ: ਸਿੱਖ ਧਰਮ ਚਿੰਤਨ ਵਿਚ ਮਨੁੱਖੀ ਬਰਾਬਰੀ ਅਤੇ ਭਾਈਚਾਰਕ ਸਾਂਝ ਬਹੁਤ ਮਹੱਤਵ ਰੱਖਦੀ ਹੈ। ਅਸਲ ਵਿਚ ਗੁਰੂ ਨਾਨਕ ਆਗਮਨ ਤੋਂ ਪਹਿਲਾਂ ਹਿੰਦੁਸਤਾਨੀ ਸਮਾਜ ਬਹੁਤ ਬੁਰੀ ਤਰ੍ਹਾਂ ਨਾਲ ਵੰਡਿਆ ਹੋਇਆ ਸੀ ਖਾਸ ਕਰਕੇ ਜਾਤੀ-ਵੰਡ ਦੇ ਆਧਾਰ ‘ਤੇ। ਇਸ ਜਾਤੀ ਵੰਡ ਕਾਰਨ ਊਚ-ਨੀਚ ਅਤੇ ਸਮਾਜਿਕ ਨਾ-ਬਰਾਬਰੀ ਨੇ ਆਮ ਮਨੁੱਖ ਦਾ ਸਾਹ ਲੈਣਾ ਵੀ ਔਖਾ ਕੀਤਾ ਹੋਇਆ ਸੀ। ਸਿੱਖ ਧਰਮ ਚਿੰਤਨ ਵਿਚ ਕਿਸੇ ਇਕਾਂਤਕ ਮੁਕਤੀ ਜਾਂ ਸਵਰਗ ਆਦਿ ਦਾ ਕੋਈ ਸੰਕਲਪ ਪ੍ਰਾਪਤ ਨਹੀਂ ਹੈ। ਇਹ ਇੱਕ ਜੀਵਨ ਜਾਚ ਹੈ ਜਿਸ ਅਨੁਸਾਰ ਮਨੁੱਖ ਨੇ ਇਸ ਸੰਸਾਰ ਤੇ ਅਕਾਲ ਪੁਰਖ ਦੀ ਨਦਰਿ ਦਾ ਪਾਤਰ ਬਣ ਕੇ ਜਿਉਣਾ ਹੈ, ਦੂਸਰਿਆਂ ਨੂੰ ਇਸ ਰਾਹ ‘ਤੇ ਨਾਲ ਲੈ ਕੇ ਚੱਲਣਾ ਹੈ। ਆਪ ਹੀ ਅਕਾਲ ਪੁਰਖ ਦਾ ਸਮੀਪੀ ਹੋ ਕੇ ਜੀਵਨ ਬਸਰ ਨਹੀਂ ਕਰਨਾ ਸਗੋਂ ਬਾਕੀ ਸਮਾਜ ਨੂੰ ਵੀ ਇਸ ਮਾਰਗ ‘ਤੇ ਤੋਰਨਾ ਹੈ ਕਿਉਂਕਿ ਸਿੱਖ ਧਰਮ ‘ਸਗਲੈ ਨਿਸਤਾਰੈ’ ਦਾ ਮਾਰਗ ਹੈ। ਆਪਸੀ ਭਾਈਚਾਰਕ ਸਾਂਝ ਦੇ ਅਨੁਭਵ ਲਈ ਆਪਸੀ ਦੁਸ਼ਮਣੀ ਅਤੇ ਨਿੰਦਿਆ ਦਾ ਨਾ ਹੋਣਾ ਹੀ ਕਾਫੀ ਨਹੀਂ ਹੈ ਬਲਕਿ ਇਸ ਸਾਂਝ ਨੂੰ ਮਜ਼ਬੂਤ ਕਰਨ ਲਈ ਅਮਲੀ ਕਦਮ ਪੁੱਟਣੇ ਵੀ ਜ਼ਰੂਰੀ ਹਨ। ਇਸੇ ਭਾਈਚਾਰਕ ਸਾਂਝ ਅਤੇ ਮਨੁੱਖੀ ਬਰਾਬਰੀ ਦੇ ਸੰਕਲਪ ਨੂੰ ਅਮਲੀ ਰੂਪ ਦੇਣ ਲਈ ਸੰਗਤਿ ਅਤੇ ਪੰਗਤਿ ਦੀ ਪਰੰਪਰਾ ਸ਼ੁਰੂ ਕੀਤੀ ਗਈ ਅਤੇ ਉਸ ਨੂੰ ਸਿੱਖ ਧਰਮ ਦੇ ਅਮਲੀ ਰੂਪ ਦਾ ਇੱਕ ਲਾਜ਼ਮੀ ਅੰਗ ਬਣਾਇਆ ਗਿਆ। ਇਸ ਦੇ ਪੂਰਨ ਅਤੇ ਹਾਂ-ਮੁਖੀ ਅਨੁਭਵ ਲਈ ਹੀ ਗੁਰੂ ਸਾਹਿਬਾਨ ਨੇ ਪਰਉਪਕਾਰ ਅਤੇ ਸਮਾਜ ਸੇਵਾ ਦਾ ਸੰਕਲਪ ਮਜ਼ਬੂਤ ਕੀਤਾ। ਉਹ ਆਪਾ ਜਿਹੜਾ ਕਰਨੀ ਰਾਹੀਂ ਅਤੇ ਦੂਸਰਿਆਂ ਨਾਲ ਈਮਨਾਦਾਰੀ ਅਤੇ ਵਿਸ਼ਵਾਸ ਵਿਚੋਂ ਉਪਜਦਾ ਅਤੇ ਘੜਿਆ ਜਾਂਦਾ ਹੈ, ਪ੍ਰਵਾਨ ਚੜ੍ਹਦਾ ਹੈ, ਉਸ ਆਪੇ ਨਾਲੋਂ ਜਿਹੜਾ ਇਕਾਂਤ ਵਿਚ ਅਤੇ ਦੂਸਰਿਆਂ ਦੀਆਂ ਲੋੜਾਂ ਨੂੰ ਅੱਖੋਂ-ਪਰੋਖੇ ਕਰਕੇ ਬਣਦਾ ਹੈ, ਜ਼ਿਆਦਾ ਸੰਪੂਰਨ ਅਤੇ ਖੁਲ੍ਹ-ਦਿਲਾ ਹੁੰਦਾ ਹੈ। ਸਿੱਖ ਧਰਮ ਚਿੰਤਨ ਵਿਚ ਸਿੱਖਿਆ ਦਾ ਮਕਸਦ ਹੀ ਦੂਸਰਿਆਂ ਦਾ ਭਲਾ ਕਰਨਾ ਅਰਥਾਤ ‘ਪਰਉਪਕਾਰ’ ਮੰਨਿਆ ਗਿਆ ਹੈ। ਗੁਰੂ ਨਾਨਕ ਸਾਹਿਬ ਮਨੁੱਖੀ ਪ੍ਰਾਪਤੀ ਦੀਆਂ ਵੱਖ ਵੱਖ ਵੰਨਗੀਆਂ ਅਰਥਾਤ ਵਿਦਵਾਨ, ਜੋਗੀ, ਸੰਨਿਆਸੀ, ਦਿਗੰਬਰ ਆਦਿ ਦਾ ਜ਼ਿਕਰ ਕਰਦੇ ਹੋਏ ਕਹਿੰਦੇ ਹਨ ਕਿ ਵਿੱਦਿਆ ਪ੍ਰਾਪਤ ਕਰਕੇ ਜੋ ਮਨੁੱਖ ਦੂਸਰਿਆਂ ਦਾ ਭਲਾ ਕਰਨ ਵਾਲਾ ਹੋ ਗਿਆ ਹੈ, ਉਹ ਮਨੁੱਖ ਹੀ ਵਿੱਦਿਆ ਪਾ ਕੇ ਵਿਚਾਰਵਾਨ ਬਣਿਆ ਹੈ। ਇਸੇ ਤਰ੍ਹਾਂ ਤੀਰਥਾਂ ‘ਤੇ ਨਿਵਾਸ ਰੱਖਣ ਵਾਲਾ ਤਾਂ ਹੀ ਸਫ਼ਲ ਮੰਨਿਆ ਜਾ ਸਕਦਾ ਹੈ ਜੇ ਉਸ ਨੇ ਪੰਜੇ ਵਿਕਾਰਾਂ-ਕਾਮ, ਕ੍ਰੋਧ, ਲੋਭ, ਮੋਹ ਅਤੇ ਅੰਹਕਾਰ ਨੂੰ ਵੱਸ ਵਿਚ ਕਰ ਲਿਆ ਹੈ, ਇਨ੍ਹਾਂ ‘ਤੇ ਜਿੱਤ ਪ੍ਰਾਪਤ ਕਰ ਲਈ ਹੈ,
ਵਿਦਿਆ ਵੀਚਾਰੀ ਤਾਂ ਪਰਉਪਕਾਰੀ॥
ਜਾਂ ਪੰਚ ਰਾਸੀ ਤਾਂ ਤੀਰਥ ਵਾਸੀ॥1॥ (ਪੰਨਾ 356)
ਗੁਰੂ ਨਾਨਕ ਇਥੇ ਦੂਸਰਿਆਂ ਪ੍ਰਤੀ ਲਗਾਉ ਅਤੇ ਪ੍ਰੇਮ ਰਾਹੀਂ ਮਨੁੱਖ ਦੇ ਸੰਪੂਰਨ ਸਮਾਜੀਕਰਨ ਵੱਲ ਇਸ਼ਾਰਾ ਕਰਦੇ ਹਨ। ਮਨੁੱਖ ਦੀ ਸਿੱਖਿਆ ਨੇ ਸਾਰਥਕ ਤਾਂ ਹੀ ਬਣਨਾ ਹੈ ਜੇ ਉਹ ਦੂਸਰਿਆਂ ਦੀ ਭਲਾਈ ਨਾਲ ਜੁੜੇਗੀ ਅਤੇ ਆਪੇ ਨੂੰ ਮਨੁੱਖ ਦੂਸਰਿਆਂ ਦੇ ਭਲੇ ਹਿਤ ਵਰਤੇਗਾ। ਇਹ ਮਨੁੱਖ ਦੇ ਵਿਕਸਤ ਆਪੇ ਦੀ ਪ੍ਰੀਖਿਆ ਹੈ।
ਸਿੱਖ ਧਰਮ ਚਿੰਤਨ ਅਨੁਸਾਰ ਇਹ ਹੀ ਮਨੁੱਖ ਦੀ ਅਸਲੀਅਤ ਨੂੰ ਮਾਪਣ ਦਾ ਮਹੱਤਵਪੂਰਨ ਅਤੇ ਮੁਢਲਾ ਪੈਮਾਨਾ ਹੈ ਕਿ ਉਹ ਦੂਸਰੇ ਮਨੁੱਖਾਂ ਵਾਸਤੇ ਕੀ ਕੁੱਝ ਕਰ ਸਕਦਾ ਹੈ। ਭਾਈ ਗੁਰਦਾਸ ਕਹਿੰਦੇ ਹਨ ਕਿ ਗੁਰਮੁਖਿ (ਗੁਰੂ ਦੇ ਦੱਸੇ ਰਸਤੇ ‘ਤੇ ਚੱਲਣ ਵਾਲਾ) ਨੂੰ ਸੂਰਜ ਵਾਂਗ ਪਰਉਪਕਾਰੀ ਹੋਣਾ ਚਾਹੀਦਾ ਹੈ। ਸੂਰਜ ਦੇ ਦ੍ਰਿਸ਼ਟਾਂਤ ਰਾਹੀਂ ਭਾਈ ਗੁਰਦਾਸ ਸਮਝਾਉਂਦੇ ਹਨ ਕਿ ਹਨੇਰੀ ਰਾਤ ਨੂੰ ਲੱਖਾਂ-ਕਰੋੜਾਂ ਤਾਰੇ ਚਮਕਣ ਦੇ ਬਾਵਜੂਦ ਹਨੇਰਾ ਸੰਘਣਾ ਹੁੰਦਾ ਹੈ। ਲੋਕ ਹਨੇਰੇ ਨੂੰ ਦੂਰ ਕਰਨ ਲਈ ਘਰਾਂ ਅੰਦਰ ਦੀਵੇ ਬਾਲਦੇ ਹਨ ਅਤੇ ਚੋਰ-ਉਚੱਕੇ ਹਨੇਰੇ ਦਾ ਫਾਇਦਾ ਉਠਾ ਕੇ ਪਰਾਏ ਘਰਾਂ ਅੰਦਰ ਤਾਕ ਲਾਉਂਦੇ ਹਨ। ਸ਼ਹਿਰ ਦੇ ਹੱਟੀਆਂ ਵਾਲੇ ਘਬਰਾਉਂਦੇ ਹਨ ਤੇ ਦਰਵਾਜ਼ੇ ਬੰਦ ਕਰਕੇ ਨਰ-ਨਾਰੀਆਂ ਸੌਂਦੇ ਹਨ। ਸੂਰਜ ਦੀ ਜੋਤਿ ਉਦੇ ਹੋਣ ਨਾਲ ਤਾਰੇ ਵੀ ਤਰ ਜਾਂਦੇ ਹਨ ਅਤੇ ਹਨੇਰਾ ਦੂਰ ਹੋ ਜਾਂਦਾ ਹੈ। ਸੂਰਜ ਵਾਂਗ ਹੀ ਗੁਰਮੁਖਿ ਨਾਮ ਦਾਨ, ਇਸ਼ਨਾਨ ਅਤੇ ਵੀਚਾਰ ਰਾਹੀਂ (ਅਰਥਾਤ ਗੁਰਮਤਿ ਮਾਰਗ ਰਾਹੀਂ) ਸੰਸਾਰ ਨੂੰ ਬੰਧਨ-ਮੁਕਤਿ ਕਰਾਉਂਦਾ ਹੈ। ਗੁਰਮੁਖਿ ਵਾਸਤੇ ਸੁਖ ਫਲ ਦੀ ਪ੍ਰਾਪਤੀ ਇਹ ਹੈ ਕਿ ਸਾਧ-ਸੰਗਤਿ ਵਿਚ ਜਾ ਕੇ (ਸਾਂਝੇ ਯਤਨਾਂ ਰਾਹੀਂ) ਪਸ਼ੂ-ਬਿਰਤੀਆਂ, ਬੁਰੀ ਬੁੱਧੀ ਆਦਿ ਨੂੰ ਦੂਰ ਕਰਕੇ ਭਲਾਈ ਵਾਲੇ ਮਾਰਗ ‘ਤੇ ਚੱਲੇ ਅਤੇ ਦੂਸਰਿਆਂ ਨੂੰ ਇਸ ਮਾਰਗ ‘ਤੇ ਤੋਰੇ (ਗੁਰਮਤਿ ਅਨੁਸਾਰ ਸਤਿ-ਸੰਗਤਿ ਐਸੀ ਥਾਂ ਹੈ ਜਿਥੇ ਜਾ ਕੇ ਪਸ਼ੂ, ਪ੍ਰੇਤ ਅਤੇ ਪਾਪੀ ਮਨੁੱਖ ਵੀ ਤਰ ਜਾਂਦੇ ਹਨ ਕਿਉਂਕਿ ਸਤਿ-ਸੰਗਤ ਵਿਚ ਮਨੁੱਖ ਔਗੁਣਾਂ ਦਾ ਤਿਆਗ ਕਰਕੇ ਗੁਣ ਪ੍ਰਾਪਤ ਕਰਦਾ ਹੈ)। ਪਰਉਪਕਾਰੀ ਮਨੁੱਖ ਹੀ ਗੁਰੂ ਦੇ ਪ੍ਰੇਮ ਦਾ ਪਾਤਰ ਬਣਦਾ ਹੈ,
ਰਾਤਿ ਅਨ੍ਹੇਰੀ ਅੰਧਕਾਰੁ ਲਖ ਕਰੋੜੀ ਚਮਕਨ ਤਾਰੇ।
ਘਰ ਘਰ ਦੀਵੇ ਬਾਲੀਅਨਿ ਪਰ ਘਰ ਤਕਨਿ ਚੋਰ ਚਗਾਰੇ।
ਹਟ ਪਟਣ ਘਰਬਾਰੀਆ ਦੇ ਦੇ ਤਾਕ ਸਵਨਿ ਨਰ ਨਾਰੇ।
ਸੂਰਜ ਜੋਤਿ ਉਦੋਤਿ ਕਰਿ ਤਾਰੇ ਤਾਰਿ ਅਨ੍ਹੇਰ ਨਿਵਾਰੇ।
ਬੰਧਨ ਮੁਕਤਿ ਕਰਾਇਦਾ ਨਾਮੁ ਦਾਨੁ ਇਸਨਾਨੁ ਵਿਚਾਰੇ।
ਗੁਰਮੁਖਿ ਸੁਖ ਫਲੁ ਸਾਧਸੰਗੁ ਪਸੂ ਪਰੇਤ ਪਤਿਤ ਨਿਸਤਾਰੇ।
ਪਰਉਪਕਾਰੀ ਗੁਰੂ ਪਿਆਰੇ॥7॥(16/7)
ਪਰਉਪਕਾਰ ਵਿਚ ਮਨੁੱਖੀ ਭਾਈਚਾਰੇ ਦੀ ਸਹਾਇਤਾ ਕਰਨਾ ਸ਼ਾਮਲ ਹੈ ਪਰ ਇਹ ਸਹਾਇਤਾ ਕਰਨਾ ਕਈ ਵਾਰ ਸਮਾਜਿਕ ਤਰਸ ਦਾ ਰੂਪ ਵੀ ਲੈ ਸਕਦਾ ਹੈ ਜੋ ਕਿ ਗਲਤ ਰੁਝਾਨ ਦਾ ਸੰਕੇਤ ਹੈ। ਇਸ ਦਾ ਅਰਥ ਹੈ ਦੂਸਰਿਆਂ ਨੂੰ ਆਪਣੇ ਤੋਂ ਹੀਣੇ ਸਮਝ ਕੇ ਉਨ੍ਹਾਂ ‘ਤੇ ਦਇਆ ਕਰਨੀ। ਪਰਉਪਕਾਰ ਕਰਨ ਵਾਲੇ ਲਈ ਇਹ ਨਿਹਾਇਤ ਜ਼ਰੂਰੀ ਹੈ ਕਿ ਉਹ ਦੂਸਰਿਆਂ ਦਾ ਭਲਾ ਕਰਦਿਆਂ ਇਸ ਵਿਚ ਨਿਜੀ ਖੁਸ਼ੀ ਮਹਿਸੂਸ ਨਾ ਕਰੇ। ਪਰਉਪਕਾਰ ਕਰਦਿਆਂ ਦੂਸਰਾ ਧਿਆਨ ਦੇਣ ਯੋਗ ਤੱਥ ਇਹ ਹੈ ਕਿ ਪਰਉਪਕਾਰ ਕਰਦੇ ਵਕਤ ਮਨੁੱਖ ਅੰਦਰ ਕੋਈ ਮਾਣ ਜਾਂ ਹਉਮੈ ਦੀ ਭਾਵਨਾ ਨਹੀਂ ਪੈਦਾ ਹੋਣੀ ਚਾਹੀਦੀ। ਇਸ ਤੋਂ ਬਚਣ ਦਾ ਉਪਾਅ ਇਹ ਹੈ ਕਿ ਮਨੁੱਖ ਦੂਸਰਿਆਂ ਦਾ ਭਲਾ ਕਰਦੇ ਵਕਤ ਇਹ ਧਾਰਨਾ ਮਨ ਵਿਚ ਰੱਖੇ ਕਿ ਅਕਾਲ ਪੁਰਖ ਵੱਲੋਂ ਉਸ ਨੂੰ ਇਹ ਇੱਕ ਮੌਕਾ ਬਖ਼ਸ਼ਿਸ਼ ਕੀਤਾ ਗਿਆ ਹੈ ਜਿਸ ਰਾਹੀਂ ਉਹ ਉਸ ਦੀ ਨਦਰਿ ਪ੍ਰਾਪਤ ਕਰ ਸਕਦਾ ਹੈ, ਕਿਉਂਕਿ ਕਰਤਾ ਆਪਣੀ ਸ੍ਰਿਸ਼ਟੀ ਵਿਚ ਆਪ ਵੱਸ ਰਿਹਾ ਹੈ। ਉਹ ਹਰ ਵਿਅਕਤੀ ਦੇ ਅੰਦਰ ਮੌਜ਼ੂਦ ਹੈ। ਸਿੱਖ ਨੈਤਿਕ ਰਹਿਤ ਵਿਚ ਇਸ ਨੂੰ ਅਕਾਲ ਪੁਰਖ ਦੀ ਨਦਰਿ ਦਾ ਪ੍ਰਗਟਾਉ ਮੰਨਿਆ ਗਿਆ ਹੈ।
ਸਿੱਖ ਰਹਿਤਨਾਮਿਆਂ ਵਿਚ ਕਿਹਾ ਗਿਆ ਹੈ ਕਿ ਜੇ ਭੋਜਨ ਤਿਆਰ ਹੋਵੇ ਤਾਂ ਅਰਦਾਸ ਕਰਨੀ ਚਾਹੀਦੀ ਹੈ ਕਿ ਕੋਈ ਜ਼ਰੂਰਤਮੰਦ ਆਵੇ, ਭੋਜਨ ਛਕੇ ਅਤੇ ਤੁਹਾਡਾ ਭੋਜਨ ਪਵਿੱਤਰ ਹੋ ਜਾਵੇ। ਜੇ ਕੋਈ ਜ਼ਰੂਰਤਮੰਦ ਆ ਜਾਵੇ ਤਾਂ ਸਮਝੋ ਕਿ ਪਰਵਦਗਾਰ ਨੇ ਤੁਹਾਡੀ ਅਰਦਾਸ ਸੁਣ ਲਈ ਹੈ ਅਤੇ ਸਤਿਕਾਰ ਸਹਿਤ ਉਸ ਨੂੰ ਪਰਸ਼ਾਦਾ ਛਕਾਉ। ਜੇ ਦੇਵਨੇਤ ਕੋਈ ਨਾ ਆਵੇ ਤਾਂ ਬਾਹਰ ਜਾ ਕੇ ਦੇਖੋ। ਜੇ ਫਿਰ ਵੀ ਕੋਈ ਨਾ ਮਿਲੇ ਤਾਂ ਕੁੱਝ ਭੋਜਨ ਵੱਖ ਰੱਖ ਲਵੋ ਅਤੇ ਜਦੋਂ ਵੀ ਕੋਈ ਹਿੰਦੂ, ਮੁਸਲਮਾਨ ਜਾਂ ਸਿੱਖ ਆਵੇ ਤਾਂ ਉਸ ਨੂੰ ਛਕਾਉ। ਅਜਿਹਾ ਭੋਜਨ ਪਵਿੱਤਰ ਹੋ ਜਾਂਦਾ ਹੈ। ਇਸ ਤਰ੍ਹਾਂ ਮਨੁੱਖ ਮਾਣ ਜਾਂ ਹਉਮੈ ਵਰਗੀ ਬੁਰਾਈ ਤੋਂ ਬਚ ਜਾਂਦਾ ਹੈ। ਗੁਰਮਤਿ ਅਨੁਸਾਰ ਗੁਰਮੁਖਿ ਜਾਂ ਬ੍ਰਹਮਗਿਆਨੀ ਗੁਰੂ ਦੇ ਮਾਰਗ ‘ਤੇ ਸਫਲਤਾ ਨਾਲ ਚੱਲਣ ਵਾਲਾ ਮਨੁੱਖ ਹੈ ਅਤੇ ਗੁਰੂ ਅਰਜਨ ਦੇਵ ਜੀ ਨੇ ਕਿਹਾ ਹੈ ਕਿ ਬ੍ਰਹਮਗਿਆਨੀ ਦੇ ਮਨ ਅੰਦਰ ਹਮੇਸ਼ਾ ਹਲੀਮੀ ਹੁੰਦੀ ਹੈ ਅਤੇ ਉਸ ਨੂੰ ਦੂਸਰਿਆਂ ਦਾ ਭਲਾ ਕਰਨ ਦਾ ਹਮੇਸ਼ਾ ਚਾਅ ਹੁੰਦਾ ਹੈ,
ਬ੍ਰਹਮਗਿਆਨੀ ਕੈ ਗਰੀਬੀ ਸਮਾਹਾ॥
ਬ੍ਰਹਮਗਿਆਨੀ ਪਰਉਪਕਾਰ ਉਮਾਹਾ॥

Be the first to comment

Leave a Reply

Your email address will not be published.