ਬਲਜੀਤ ਬਾਸੀ
ਆਪਸੀ ਲਗਾਉ ਲਈ ਸਾਡੇ ਪਾਸ ਕਈ ਸ਼ਬਦ ਹਨ ਜਿਵੇਂ ਪਿਆਰ, ਪ੍ਰੇਮ, ਸਨੇਹ, ਤੇਹ, ਮੁਹੱਬਤ, ਇਸ਼ਕ, ਯਾਰੀ ਆਦਿ ਪਰ ਸਿਵਾਏ ਪਿਆਰ ਦੇ ਹੋਰ ਸ਼ਬਦ ਹਰ ਸਥਿਤੀ ਵਿਚ ਨਹੀਂ ਭੁਗਤਾਏ ਜਾ ਸਕਦੇ। ਮਿਸਾਲ ਵਜੋਂ ਓਪਰੇ ਕੁੜੀ-ਮੁੰਡੇ ਦਾ ਪਿਆਰ ਹੋ ਸਕਦਾ ਹੈ, ਇਸ਼ਕ ਵੀ, ਪਰ ਭੈਣ-ਭਰਾ ਜਾਂ ਮਾਂ-ਪੁੱਤ ਦਾ ਆਪਸ ਵਿਚ ਪਿਆਰ ਹੀ ਹੋਵੇਗਾ, ਇਸ਼ਕ ਨਹੀਂ। ਰੱਬ, ਮੁਰਸ਼ਦ ਜਾਂ ਗੁਰੂ ਨਾਲ ਵੀ ਇਸ਼ਕ ਹੋ ਸਕਦਾ ਹੈ ਪਰ ਪਤੀ-ਪਤਨੀ ਦਾ ਨਹੀਂ। ਹਾਂ, ਵਿਆਹੁਤਾ ਜੋੜੇ ਦੂਸਰਿਆਂ ਦੇ ਪਤੀ-ਪਤਨੀ ਨਾਲ ਇਸ਼ਕ ਲੜਾ ਸਕਦੇ ਹਨ। ਸਾਡਾ ਸਮਾਜ ਅਸਲ ਵਿਚ ਮੁੰਡੇ-ਕੁੜੀ ਦੇ ਸੁਤੰਤਰ ਪਿਆਰ ਨੂੰ ਪ੍ਰਵਾਨਗੀ ਨਹੀਂ ਸੀ ਦਿੰਦਾ। ਇਸ ਲਈ ਤਾਂ ਅਸੀਂ ਯਾਰੀ ਜਿਹੇ ਸ਼ਬਦ ਦੇ ਅਰਥਾਂ ਨੂੰ ਵਿਗਾੜ ਦਿੱਤਾ। ਇਸ ਨੂੰ ਚੋਰੀ ਯਾਰੀ ਕਹਿ ਕੇ ਤਾਂ ਨੈਤਿਕ ਤੌਰ ‘ਤੇ ਪੂਰੀ ਤਰ੍ਹਾਂ ਰੱਦ ਹੀ ਕਰ ਦਿੱਤਾ। ਅਜਿਹੇ ਪਿਆਰ ਲਈ ਕਦੇ ਕਦਾਈਂ ਹਲਕੀ ਪ੍ਰਵਾਨਗੀ ਵਜੋਂ ‘ਰੈਅ ਹੋ ਗਈ’ ਜਿਹੀ ਉਕਤੀ ਵਰਤ ਲਈ ਜਾਂਦੀ ਹੈ।
ਦਰਅਸਲ ਜਿਣਸੀ ਸਬੰਧਾਂ ਦਾ ਕੁਝ ਖੁਲ੍ਹ ਕੇ ਵਿਚਾਰ ਸਾਡੇ ਸਮਾਜ ਵਿਚ ਇਸਲਾਮੀ ਦਖਲ ਨਾਲ ਸ਼ੁਰੂ ਹੁੰਦਾ ਹੈ। ਪੰਜਾਬ ਵਿਚ ਲਗਭਗ ਸਾਰੀਆਂ ਪ੍ਰੇਮ ਕਹਾਣੀਆਂ ਦੇ ਪਾਤਰ ਇਸਲਾਮੀ ਹਨ, ਉਨ੍ਹਾਂ ਦਾ ਇਜ਼ਹਾਰ ਇਸਲਾਮਿਕ ਆਮਦ ਤਹਿਤ ਅਤੇ ਇਸਲਾਮ ਦੇ ਉਦਾਰਵਾਦੀ ਸੂਫੀ ਫਿਰਕੇ ਦੇ ਨਜ਼ਰੀਏ ਤੋਂ ਹੋਈ ਹੈ। ਇਹ ਗੱਲ ਆਮ ਹੀ ਜਾਣੀ ਜਾਂਦੀ ਹੈ ਕਿ ਸਾਡੇ ਦੇਸ਼ ਵਿਚ ਆਤਮਾ-ਪਰਮਾਤਮਾ ਦੇ ਭਗਤੀ ਭਾਵ ਵਾਲੇ ਸਬੰਧਾਂ ਨੂੰ ਵੀ ਪਤੀ-ਪਤਨੀ ਦੇ ਸਮਾਜਕ ਤੌਰ ‘ਤੇ ਪ੍ਰਵਾਨ ਤੇ ਮਰਯਾਦਾਬੱਧ ਸਬੰਧਾਂ ਦੇ ਰੂਪ ਵਿਚ ਹੀ ਦੇਖਿਆ ਸਮਝਿਆ ਗਿਆ ਹੈ ਪਰ ਸੂਫੀ ਨਜ਼ਰੀਏ ਨੇ ਇਸ ਵਿਚ ਸਿਫਤੀ ਤਬਦੀਲੀ ਲਿਆਂਦੀ। ਇਸ਼ਕ ਨੂੰ ਇਸ਼ਕ ਮਿਜਾਜ਼ੀ ਅਤੇ ਇਸ਼ਕ ਹਕੀਕੀ ਦੇ ਪੜਾਵਾਂ ਵਿਚ ਵੰਡ ਕੇ ਇਸ ਨੂੰ ਅਧਿਆਤਮਕ ਦਰਜਾ ਦੇ ਦਿੱਤਾ। ਇਥੋਂ ਤੱਕ ਕਿ ਕਿੱਸਾ ਕਵੀਆਂ ਨੇ ਪ੍ਰੇਮ ਕਥਾਵਾਂ ਨੂੰ ਵੀ ਇਸ ਸੂਫੀਆਨਾ ਨਜ਼ਰੀਏ ਤੋਂ ਪੇਸ਼ ਕੀਤਾ ਜਾਂ ਅਜਿਹਾ ਪੇਸ਼ ਕਰਨ ਦਾ ਦਾਅਵਾ ਕੀਤਾ। ਵਾਰਿਸ ਸ਼ਾਹ ਨੇ ਤਾਂ ‘ਪਹਿਲਾਂ ਆਪ ਹੀ ਰੱਬ ਨੇ ਇਸ਼ਕ ਕੀਤਾ ਤੇ ਮਾਸ਼ੂਕ ਹੈ ਨਬੀ ਰਸੂਲ ਮੀਆਂ’ ਕਹਿ ਕੇ ਇਸ਼ਕ ਨੂੰ ਸਰਵਉਚ ਮੁਰਾਤਬਾ ਦਿਲਾਉਣ ਦੀ ਕੋਸ਼ਿਸ਼ ਕੀਤੀ।
ਇਸ਼ਕ ਮੁਢਲੇ ਤੌਰ ‘ਤੇ ਅਰਬੀ ਦਾ ਸ਼ਬਦ ਸਮਝਿਆ ਜਾਂਦਾ ਹੈ। ਪੰਜਾਬੀ ਵਿਚ ਸਭ ਤੋਂ ਪਹਿਲਾਂ ਲਿਖਤੀ ਤੌਰ ‘ਤੇ ਇਸ ਦੀ ਵਰਤੋਂ ਤੇਰ੍ਹਵੀਂ ਸਦੀ ਦੇ ਸੂਫੀ ਕਵੀ ਬਾਬਾ ਫਰੀਦ ਦੇ ਕਲਾਮ ਤੋਂ ਮਿਲਦੀ ਹੈ, ‘ਰਤੇ ਇਸਕ ਖੁਦਾਇ ਰੰਗਿ ਦੀਦਾਰ ਕੇ।’ ਖੁਦਾ ਦੇ ਇਸ਼ਕ ਦਾ ਜ਼ਿਕਰ ਹੈ ਤਾਂ ਦੁਨਿਆਵੀ ਇਸ਼ਕ ਵੀ ਜ਼ਰੂਰ ਹੋਵੇਗਾ। ਗੁਰੂ ਨਾਨਕ ਨੇ ਵੀ ਅਜਿਹੇ ਅਧਿਆਤਮਕ ਅਰਥਾਂ ਵਿਚ ਇਸ ਦੀ ਵਰਤੋਂ ਕੀਤੀ ਹੈ, ‘ਇਸਕ ਮੁਹਬਤਿ ਨਾਨਕਾ ਲੇਖਾ ਕਰਤੇ ਪਾਸਿ॥’ ਸੂਫੀ ਕਿੱਸਾਕਾਰਾਂ ਤੇ ਹੋਰ ਕਵੀਆਂ ਜਿਵੇਂ ਸ਼ਾਹ ਹੁਸੈਨ, ਬੁਲ੍ਹੇ ਸ਼ਾਹ ਆਦਿ ਨੇ ਇਸ਼ਕ ਸ਼ਬਦ ਨੂੰ ਅਲਮਸਤੀ ਦੇ ਆਲਮ ਵਿਚ ਜਿੰਨਾ ਰਿੜਕਿਆ ਹੈ, ਉਸ ਦਾ ਜੇ ਕਿੱਸਾ ਛੇੜ ਬੈਠਾਂ ਤਾਂ ਮੈਂ ਹੋਰ ਕਾਸੇ ਜੋਗਾ ਨਾ ਰਹਾਂਗਾ, ਇਸ ਲਈ ਇਹ ਗੱਲ ਇਥੇ ਹੀ ਠੱਪ ਦਿੰਦਾ ਹਾਂ। ਪਰ ਆਉ ਪਹਿਲਾਂ ਜਾਣੀਏ ਇਸ਼ਕ ਸ਼ਬਦ ਬਾਰੇ ਮਹਾਨ ਕੋਸ਼ ਕੀ ਕਹਿੰਦਾ ਹੈ, ਇਸ਼ਕ (ਸੰਗਯਾ) ਆਸਕਤਤਾ, ਪ੍ਰੇਮ, ਪ੍ਰੀਤੀ, ‘ਇਸਕ ਮੁਹਬਤਿ ਨਾਨਕਾ ਲੇਖਾ ਕਰਤੇ ਪਾਸਿ।’ ਭਾਈ ਸਾਹਿਬ ਨੇ ਸਪਸ਼ਟ ਤੌਰ ‘ਤੇ ਇਸ ਸ਼ਬਦ ਨੂੰ ਅਰਬੀ ਅਸਲੇ ਦਾ ਬਿਆਨਿਆ ਹੈ ਪਰ ਨਾਲ ਹੀ ਇਸ ਦਾ ਅਰਥਾਪਣ ਸੰਸਕ੍ਰਿਤ ਅਸਲੇ ਦੇ ਸ਼ਬਦ ਆਸਕਤਤਾ ਨਾਲ ਕਰਕੇ ਇੱਕ ਸ਼ੱਕ ਜਿਹੀ ਪਾ ਦਿੱਤੀ ਹੈ। ‘ਆਸਕਤਤਾ’ ਕੋਈ ਪੰਜਾਬੀ ਵਿਚ ਆਮ ਜਾਣਿਆ-ਪਛਾਣਿਆ ਸ਼ਬਦ ਨਹੀਂ ਹੈ। ਫਿਰ ਮਾਅਨੇ ਦੇ ਤੌਰ ‘ਤੇ ਭਾਈ ਸਾਹਿਬ ਨੇ ਇਸ ਦੀ ਵਰਤੋਂ ਕਿਉਂ ਕੀਤੀ ਹੈ? ਅਸਲ ਵਿਚ ਭਾਈ ਸਾਹਿਬ ਦੇ ਮਨ ਵਿਚ ਸ਼ੰਕਾ ਹੈ ਕਿ ਇਸ਼ਕ ਸੰਸਕ੍ਰਿਤ ਅਸਲੇ ਦਾ ਸ਼ਬਦ ਹੈ ਜਿਸ ਦਾ ਪ੍ਰਮਾਣ ਇਸ਼ਕ ਨਾਲ ਸਬੰਧਤ ਆਸ਼ਕ ਸ਼ਬਦ ਦੇ ਇੰਦਰਾਜ ਤੋਂ ਸਾਹਮਣੇ ਆ ਜਾਂਦਾ ਹੈ, ‘ਆਸ਼ਕ- ਆਸ਼ਿਕ। ਸੰ ਆਸਕਤ ਵਿ- ਇਸ਼ਕ ਰੱਖਣ ਵਾਲਾ।’ ਆਸਕੁ ਸ਼ਬਦ ਦੇ ਇੰਦਰਾਜ ਵਿਚ ਵੀ ਆਸਕਤ ਝਲਕ ਰਿਹਾ ਹੈ। ਭਾਈ ਸਾਹਿਬ ਦੇ ਕੋਸ਼ ਵਿਚ ਅਜਿਹੀ ਗੜਬੜ ਆਮ ਹੀ ਦੇਖਣ ਨੂੰ ਮਿਲਦੀ ਹੈ। ਚਲੋ ਪਹਿਲਾਂ ਆਸਕਤ ਜਿਹੇ ਸ਼ਬਦ ਦਾ ਨਿਬੇੜਾ ਕਰ ਲਈਏ। ਮਹਾਨ ਕੋਸ਼ ਵਿਚ ਹੀ ਇਹ ਇੰਦਰਾਜ ਵੀ ਹੈ, ਆਸਕਤ ਵਿæ ਆਸ਼ਿਕ, ਪ੍ਰੇਮੀ, ਲਿਵਲੀਨ ‘ਬਿਖੈ ਰਸ ਸਿਉ ਆਸਕਤ ਮੂੜੈ।’ ਸੰਸਕ੍ਰਿਤ ਅਸਲੇ ਵਾਲੇ ਆਸਕਤ ਸ਼ਬਦ ਦੇ ਮੁਢਲੇ ਅਰਥ ਹਨ ਲਿਪਟਿਆ ਹੋਇਆ, ਚੁੰਬੜਿਆ ਹੋਇਆ, ਰੁਚਿਤ, ਖੁਭਾ ਹੋਇਆ ਆਦਿ। ਭਾਈ ਸਾਹਿਬ ਦੇ ਮਨ ਵਿਚ ਆਸ਼ਕ/ਆਸਕਤ ਦੀ ਸੂਈ ਘੁੰਮਣੋ ਨਹੀਂ ਹਟਦੀ। ਇਹ ਸ਼ਬਦ ਸਕਤ ਦੇ ਅੱਗੇ ‘ਆ’ ਅਗੇਤਰ ਲੱਗ ਕੇ ਬਣਿਆ ਹੈ ਜਦਕਿ ਸਕਤ ਦੇ ਵੀ ਆਸਕਤ ਵਾਲੇ ਹੀ ਅਰਥ ਹਨ। ਅਗੇਤਰ ਸ਼ਬਦ ਦੇ ਅਰਥਾਂ ਨੂੰ ਤੀਖਣ ਕਰਦਾ ਹੈ। ਅਸਲ ਵਿਚ ਇਸ ਸ਼ਬਦ ਦੀ ਯਥਾਰਥਕ ਵਰਤੋਂ ਕਿਸੇ ਸੰਸਾਰਕ ਵਸਤਾਂ, ਵਿਸ਼ੇ ਵਿਕਾਰਾਂ ਦੇ ਮੋਹ ਵੱਲ ਖਚਿਤ ਹੋਣਾ ਹੈ। ਮਿਸਾਲ ਵਜੋਂ ‘ਸੰਤ ਸੰਨਿਆਸੀਆਂ ਦੀ ਸੰਸਾਰਕ ਪਦਾਰਥਾਂ ਵਿਚ ਆਸਕਤੀ ਨਹੀਂ ਹੁੰਦੀ।” ਸਪਸ਼ਟ ਹੈ ਕਿ ਆਸਕਤੀ ਦੇ ਵਾਸ਼ਨਾਮਈ ਅਰਥਾਂ ਦਾ ਇਸ਼ਕ ਦੇ ਉਦਾਤ ਪ੍ਰੇਮ ਨਾਲ ਜੋੜ ਨਹੀਂ ਬੈਠਦਾ।
ਇਸ਼ਕ ਸ਼ਬਦ ਦੀ ਜੋ ਹੁਣ ਤੱਕ ਨਿਰੁਕਤੀ ਕੀਤੀ ਜਾਂਦੀ ਹੈ, ਉਸ ਅਨੁਸਾਰ ਇਹ ਸਾਮੀ ਅਸਲੇ ਦਾ ਸ਼ਬਦ ਹੈ ਜਿਸ ਦਾ ਧਾਤੂ ‘ਸ਼ਕ’ ਹੈ। ਸ਼ਕ ਵਿਚ ਲਿਪਟਣਾ, ਲੱਗਣਾ, ਚੁੰਬੜਨਾ ਪਿਆਰਨਾ ਜਿਹੇ ਭਾਵ ਨਿਹਿਤ ਹਨ। ਅਰਬੀ ਵਿਚ ਇਕ ਦਰਖਤ ਤੇ ਚੜ੍ਹਨ ਵਾਲੀ ਵੇਲ ਨੂੰ ‘ਆਸ਼ਿਕਾ’ ਕਿਹਾ ਜਾਂਦਾ ਹੈ ਜੋ ਕਿ ਇਸੇ ਧਾਤੂ ਤੋਂ ਬਣਿਆ ਹੈ। ਇਕ ਦੂਜੇ ਦੇ ਲਿਪਟਣ ਦੇ ਭਾਵ ਤੋਂ ਹੀ ਇਸ਼ਕ ਸ਼ਬਦ ਬਣਿਆ ਕਿਉਂਕਿ ਇਸ਼ਕ ਵਿਚ ਵੀ ਦੋ ਪ੍ਰੇਮੀ ਇਕ ਦੂਜੇ ਨਾਲ ਰੂਹਾਨੀ ਤੌਰ ‘ਤੇ ਜੁੜ ਜਾਂਦੇ ਹਨ ਭਾਵੇਂ ਇਸ ਸਥਿਤੀ ਦੀ ਕਲਪਨਾ ਇਸ ਦੇ ਸਰੀਰਕ ਬਿੰਬ ਵਿਚ ਹੀ ਕੀਤੀ ਜਾ ਸਕਦੀ ਹੈ। ਇਸੇ ਤੋਂ ਅੱਗੇ ਆਸਕ ਸ਼ਬਦ ਬਣਿਆ ਅਰਥਾਤ ਪ੍ਰੇਮ ਕਰਨ ਵਾਲਾ। ਸ਼ੱਕ ਧਾਤੂ ਦੇ ਅੱਗੇ ‘ਮਾ’ ਅਗੇਤਰ ਲੱਗ ਕੇ ਮਾਸ਼ੂਕਾ ਸ਼ਬਦ ਬਣ ਗਿਆ। ਮਾਸ਼ੂਕਾ ਹੁੰਦੀ ਹੈ ਜਿਸ ਨਾਲ ਇਸ਼ਕ ਕੀਤਾ ਜਾਵੇ। ਇਸ਼ਕ ਲਈ ਹੀ ਇਕ ਸ਼ਬਦ ਬਣਿਆ ਮੁਆਸ਼ਕਾ ਅਰਥਾਤ ਇਸਤਰੀ ਨਾਲ ਪ੍ਰੇਮ। ਆਸ਼ਕ ਤੋਂ ਉਰਦੂ ਵਿਚ ਆਸ਼ਕਾਨਾ ਵਿਸ਼ੇਸ਼ਣ ਬਣ ਗਿਆ। ਉਂਜ ਪੰਜਾਬੀ ਵਿਚ ਆਸ਼ਕ ਸ਼ਬਦ ਦੇ ਅਰਥਾਂ ਵਿਚ ਕੁਝ ਦੁਰਗਤੀ ਵੀ ਹੋਈ ਹੈ। ਜੋ ਆਦਤਨ ਕੁੜੀਆਂ ਦੇ ਮਗਰ ਫਿਰਦਾ ਰਹੇ, ਉਸ ਨੂੰ ਵੀ ਆਸ਼ਕ ਕਹਿ ਦਿੱਤਾ ਜਾਂਦਾ ਹੈ। ਵਾਹਰ ਅਜਿਹੇ ਆਸ਼ਕ-ਫਾਸ਼ਕ ਤੇ ਇਸ਼ਕੀ ਪੱਠੇ ਦੀ ਆਸ਼ਕੀ ਦਾ ਭੂਤ ਬੜੀ ਨਿਰਦੈਤਾ ਨਾਲ ਉਤਾਰਦੀ ਹੈ। ਇਸ਼ਕ, ਮੁਸ਼ਕ ਤੇ ਖੰਘ ਕਹਿੰਦੇ ਛੁਪਦੇ ਨਹੀਂ ਇਸ ਲਈ ਇਨ੍ਹਾਂ ਦਾ ਭੋਗੀ ਨਤੀਜੇ ਭੁਗਤਦਾ ਹੈ। ਇਸ਼ਕ ਤੋਂ ਹੀ ਫਾਰਸੀ ਸ਼ਬਦ ਇਸ਼ਕ ਪੇਚਾ ਬਣਿਆ ਜੋ ਇਕ ਪ੍ਰਕਾਰ ਦੀ ਵੇਲ ਹੁੰਦੀ ਹੈ ਤੇ ਦੂਜੇ ਬੂਟੇ ‘ਤੇ ਚੜ੍ਹਦੀ ਹੈ। ਕਣਕ ਦੀ ਫਸਲ ਵਿਚ ਵੀ ਇਕ ਵੇਲ ਨੁੰ ਇਸ਼ਕ ਪੇਚਾ ਆਖਦੇ ਹਨ। ਭਾਈ ਵੀਰ ਸਿੰਘ ਦੀ ਕੇਲੋਂ ਦੇ ਗਲ ਵੀ ਅਜਿਹੀ ਹੀ ਵੇਲ ਲਿਪਟੀ ਹੈ ਤੇ ਭਾਈ ਸਾਹਿਬ ਵਿਚਾਰ ਵੀ ਉਹੋ ਹੀ ਪੇਸ਼ ਕਰ ਰਹੇ ਹਨ। ਇਕ ਵਹਿਮ ਹੈ ਕਿ ਇਸ਼ਕ-ਪੇਚੇ ਦੀ ਵੇਲ ਬੁਰਾਈ ਤੋਂ ਰੱਖਿਆ ਕਰਦੀ ਹੈ। ਇਸ਼ਕ-ਪੇਚਾ ਪੈਣਾ ਦੋ ਵਿਪਰੀਤ-ਲਿੰਗੀ ਜਣਿਆਂ ਦੇ ਤੀਬਰ ਪਿਆਰ ਹੋਣ ਦੀ ਸਥਿਤੀ ਨੂੰ ਵੀ ਕਿਹਾ ਜਾਂਦਾ ਹੈ। ਇਸ ਤਰ੍ਹਾਂ ਸਾਡੀ ਜ਼ੁਬਾਨ ਵਿਚ ਇਸ਼ਕ ਦਾ ਮਾਰਗ ਅਰਬੀ ਤੋਂ ਫਾਰਸੀ ਤੇ ਪੰਜਾਬੀ ਬਣਦਾ ਹੈ।
ਦਿਲਚਸਪ ਗੱਲ ਹੈ ਕਿ ਇਸ਼ਕ ਸ਼ਬਦ ਦੀ ਵਿਆਖਿਆ ਇਸ ਦੇ ਭਾਰੋਪੀ ਮੂਲ ਵਜੋਂ ਵੀ ਬੜੀ ਤਾਰਕਿਕ ਢੰਗ ਨਾਲ ਕੀਤੀ ਗਈ ਹੈ। ਹੈਦਰੀ ਮਲਯੇਰੀ ਨਾਂ ਦਾ ਇਕ ਉਚਕੋਟੀ ਦਾ ਤਾਰਾ-ਵਿਗਿਆਨੀ ਹੈ ਜੋ ਮੂਲੋਂ ਇਰਾਨੀ ਹੈ ਪਰ ਫਰਾਂਸ ਵਿਚ ਵਸਿਆ ਹੋਇਆ ਹੈ। ਉਹ ਪੈਰਿਸ ਦੀ ਇਕ ਤਾਰਾ-ਨਿਰੀਖਣਸ਼ਾਲਾ ਵਿਚ ਲੱਗਾ ਵੱਡਾ ਸਾਇੰਸਦਾਨ ਹੈ। ਹੈਦਰੀ ਸਾਹਿਬ ਵਿਗਿਆਨੀ ਤਾਂ ਹਨ ਹੀ ਨਾਲ ਦੀ ਨਾਲ ਫਾਰਸੀ, ਅਰਬੀ ਤੇ ਹੋਰ ਸਾਮੀ ਭਾਸ਼ਾਵਾਂ ਦੇ ਵੀ ਗਿਆਤਾ ਹਨ। ਉਹ ਸ਼ਬਦਾਂ ਨੂੰ ਵੀ ਆਪਣੀ ਦੂਰਬੀਨ ਦੀ ਮਾਰ ਹੇਠ ਲਿਆਉਂਦੇ ਹਨ ਅਰਥਾਤ ਨਿਰੁਕਤਕਾਰੀ, ਕੋਸ਼ਕਾਰੀ ਉਨ੍ਹਾਂ ਦਾ ਇਕ ਹੋਰ ਅਧਿਐਨ ਵਿਸ਼ਾ ਹੈ। ਉਨ੍ਹਾਂ ਇਕ ਪਰਚੇ ਵਿਚ ਇਸ਼ਕ ਸ਼ਬਦ ਨੂੰ ਭਾਰੋਪੀ ਮੂਲ ਦਾ ਸਾਬਿਤ ਕੀਤਾ ਹੈ। ਉਨ੍ਹਾਂ ਨੇ ਇਸ ਸ਼ਬਦ ਨੂੰ ਅਵੇਸਤਨ ‘ਇਸ਼’ ਨਾਲ ਜੋੜਿਆ ਹੈ ਜਿਸ ਦਾ ਅਰਥ ਚਾਹੁਣਾ ਇੱਛਾ ਕਰਨਾ, ਤਲਾਸ਼ਣਾ, ਢੂੰਡਣਾ ਹੈ। ਇਸ ਤੋਂ ਬਣੇ ‘ਇਸ਼ਤ’ ਦਾ ਮਤਲਬ ਜਿਸ ਦੀ ਚਾਹਨਾ ਕੀਤੀ ਜਾਵੇ, ਚਹੇਤਾ/ਚਹੇਤੀ। ਇਹ ਸ਼ਬਦ ਸੰਸਕ੍ਰਿਤ ਇੱਛਾ ਦਾ ਸੁਜਾਤੀ ਹੈ। ਇਹ ਸ਼ਬਦ ਪੰਜਾਬੀ ਵਿਚ ਵੀ ਵਰਤਿਆ ਜਾਂਦਾ ਹੈ। ਅਵੇਸਤਨ ‘ਇਸ਼’ ਦੇ ਪਿਛੇ ‘ਕਾ’ ਪਿਛੇਤਰ ਲੱਗ ਕੇ ਇਸ਼ਕ ਸ਼ਬਦ ਬਣ ਗਿਆ। ਅਵੇਸਤਨ/ਫਾਰਸੀ ਵਿਚ ‘ਕ’ ਪਿਛੇਤਰ ਆਮ ਹੀ ਲਗਦਾ ਹੈ ਜਿਵੇਂ ਮਹਰਕ (ਮੌਤ), ਖੁਸ਼ਕ (ਸੁੱਕਾ), ਪਸੁਕ (ਪਸ਼ੂ) ਆਦਿ। ਅਵੇਸਤਨ ਅਤੇ ਸੰਸਕ੍ਰਿਤ ਦੇ ਦੋਨੋਂ ਸ਼ਬਦ ਭਾਰੋਪੀ ਮੂਲ ‘ਆਇਸ’ ਤੋਂ ਨਿਕਲੇ ਹਨ ਜਿਸ ਦਾ ਅਰਥ ਵੀ ਚਾਹੁਣਾ, ਇੱਛਾ ਕਰਨਾ ਹੁੰਦਾ ਹੈ। ਇਸ ਤੋਂ ਪ੍ਰਾਚੀਨ ਚਰਚ ਸਲਾਵਿਕ, ਰੂਸੀ, ਲਿਥੂਏਨੀਅਨ, ਲਾਤਵੀਅਨ, ਆਰਮੀਨੀਅਨ, ਲਾਤੀਨੀ ਆਦਿ ਭਾਸ਼ਾਵਾਂ ਦੇ ਇਸ ਨਾਲ ਮਿਲਦੇ-ਜੁਲਦੇ ਸ਼ਬਦ ਤੇ ਉਨ੍ਹਾਂ ਦੇ ਅਰਥ ਉਪਲਭਦ ਹਨ। ਅੰਗਰੇਜ਼ੀ ਸ਼ਬਦ ਆਸਕ (Aੰਖ) ਵੀ ਇਸੇ ਨਾਲ ਜੁੜਦਾ ਹੈ। ਮਲਯੇਰੀ ਨੇ ਆਪਣੇ ਦਾਅਵੇ ਦੇ ਪੱਖ ਵਿਚ ਕਈ ਨੁਕਤੇ ਪੇਸ਼ ਕੀਤੇ ਹਨ। ਉਨ੍ਹਾਂ ਅਨੁਸਾਰ ਜੇ ਇਸ਼ਕ ਸ਼ਬਦ ਸਾਮੀ ਭਾਸ਼ਾ ਪਰਿਵਾਰ ਨਾਲ ਸਬੰਧ ਰਖਦਾ ਹੁੰਦਾ ਤਾਂ ਇਸ ਦੇ ਹੋਰ ਸਾਮੀ ਭਾਸ਼ਾਵਾਂ ਵਿਚ ਵੀ ਸੁਜਾਤੀ ਸ਼ਬਦ ਮਿਲਣੇ ਚਾਹੀਦੇ ਸਨ ਪਰ ਅਜਿਹਾ ਨਹੀਂ ਹੈ। ਮਿਸਾਲ ਵਜੋਂ ਪਿਆਰ ਲਈ ਹਿਬਰੂ ਵਿਚ ਸ਼ਬਦ ‘ਅਹਵ’ ਹੈ ਜੋ ਅਰਬੀ ‘ਹਬ’ ਦਾ ਸੁਜਾਤੀ ਹੈ (ਜਿਸ ਤੋਂ ਮੁਹੱਬਤ, ਹਿਬਾ ਆਦਿ ਸ਼ਬਦ ਬਣੇ)। ਕੁਰਾਨ ਵਿਚ ਵੀ ਇਸ਼ਕ ਦੀ ਥਾਂ ਤੇ ਹਿਬ ਸ਼ਬਦ ਆਇਆ ਹੈ।
ਉਪਰੋਕਤ ਤੋਂ ਇਲਾਵਾ ਇਕ ਹੋਰ ਨੁਕਤਾ ਹੈ। ਦਸਵੀਂ ਸਦੀ ਦੀ ਮਹਾਨ ਫਾਰਸੀ ਕਾਵਿ-ਕ੍ਰਿਤ ‘ਸ਼ਾਹਨਾਮਾ’ ਦਾ ਲੇਖਕ ਫਿਰਦੌਸੀ ਆਪਣੀ ਭਾਸ਼ਾ ਨੂੰ ਬਹੁਤ ਪਿਆਰ ਕਰਦਾ ਸੀ। ਉਹ ਸ਼ੁਧ ਫਾਰਸੀ ਵਰਤਦਾ ਸੀ ਤੇ ਵਾਹ ਲਗਦੀ ਨੂੰ ਅਰਬੀ ਵਰਤਣ ਤੋਂ ਸੰਕੋਚ ਕਰਦਾ ਸੀ। ਉਸ ਨੇ ਇਸ਼ਕ ਸ਼ਬਦ ਨੂੰ ਫਾਰਸੀ ਦਾ ਸਮਝਦੇ ਹੋਏ ਆਪਣੇ ਕਲਾਮ ਵਿਚ ਇਸ ਦੀ ਕਈ ਵਾਰ ਵਰਤੋਂ ਕੀਤੀ ਹੈ। ਉਸ ਨੇ ਹਬ ਸ਼ਬਦ ਦੀ ਕਿਉਂ ਨਾ ਵਰਤੋਂ ਕੀਤੀ? ਹੈਦਰੀ ਮਲਯੇਰੀ ਨੇ ਲੱਖਣ ਲਾਇਆ ਹੈ ਕਿ ਫਾਰਸੀ ਕੋਸ਼ਕਾਰਾਂ ਤੇ ਵਿਦਵਾਨਾਂ ਰਾਹੀਂ ਇਹ ਸ਼ਬਦ ਅਰਬੀ ਵਿਚ ਗਿਆ ਹੋਵੇਗਾ ਤੇ ਉਥੇ ਇਸ ਸ਼ਬਦ ਨੂੰ ਲਿਪਟਣ, ਚਿੰਬੜਨ ਦੇ ਅਰਥਾਂ ਵਾਲੇ ਅਰਬੀ ਇਸ਼ਕ ਨਾਲ ਖਲਤ-ਮਲਤ ਕਰ ਲਿਆ ਗਿਆ ਹੋਵੇਗਾ ਤੇ ਇਸ ਤਰ੍ਹਾਂ ਇਸ ਵਿਚ ਪਿਆਰ ਦੇ ਭਾਵ ਸਮਾ ਗਏ। ਇਸ ਅਰਥ ਵਿਚ ਇਹ ਸ਼ਬਦ ਮੁੜ ਫਾਰਸੀ ਵਿਚ ਦਾਖਲ ਹੋ ਗਿਆ ਤੇ ਅੱਗੋਂ ਭਾਰਤੀ ਭਾਸ਼ਾਵਾਂ ਵਿਚ ਸੂਫੀਆਂ ਰਾਹੀਂ ਆ ਵੜਿਆ। ਇਹ ਬਹੁਤ ਵਿਦਵਤਾ ਭਰਪੂਰ ਵਿਵੇਚਨ ਹੈ ਪਰ ਹਾਲ ਦੀ ਘੜੀ ਇਸ ਬਾਰੇ ਦੋ-ਟੁੱਕ ਫੈਸਲਾ ਨਹੀਂ ਕੀਤਾ ਜਾ ਸਕਦਾ।
Leave a Reply