ਮੇਜਰ ਕੁਲਾਰ ਬੋਪਾਰਾਏ ਕਲਾਂ
ਫੋਨ: 916-273-2856
“ਮੈਂ ਕਿਹਾ ਸੁਣੋ ਜੀ! ਸ਼ਾਮ ਨੂੰ ਥੋੜ੍ਹਾ ਜਲਦੀ ਘਰ ਆ ਜਾਇਉ, ਖੰਨੇ ਵਾਲਿਆਂ ਨੇ ਆਪਣੇ ਘਰ ਆਉਣੈ।” ਸਹਿਜ ਕੌਰ ਨੇ ਸਹਿਜ ਨਾਲ ਆਪਣੇ ਪਤੀ ਰਾਮ ਸਿੰਘ ਨੂੰ ਕਿਹਾ।
“ਉਹ ਪੰਜਾਬੋਂ ਮੁੜ ਆਏ?” ਰਾਮ ਸਿੰਘ ਨੇ ਪੈਰਾਂ ਨੂੰ ਰੋਕਦਿਆਂ ਪੁੱਛਿਆ।
“ਹਾਂ ਜੀ, ਪਿਛਲੇ ਐਤਵਾਰ ਹੀ ਆਏ ਨੇ।” ਸਹਿਜ ਕੌਰ ਨੇ ਰੋਟੀ ਵਾਲਾ ਬੈਗ ਫੜਾਉਂਦਿਆਂ ਕਿਹਾ।
“ਚੰਗਾ, ਆ ਜਾਊਂਗਾ”, ਕਹਿ ਕੇ ਰਾਮ ਸਿੰਘ ਕੰਮ ‘ਤੇ ਤੁਰ ਗਿਆ ਤੇ ਸਹਿਜ ਕੌਰ ਘਰ ਦੀ ਸਫ਼ਾਈ ਕਰਨ ਵਿਚ ਰੁੱਝ ਗਈ।
ਸ਼ਾਮ ਨੂੰ ਦਰਵਾਜ਼ੇ ਦੀ ਘੰਟੀ ਵੱਜਣ ਨਾਲ ਹੀ ਦੋਵਾਂ ਪਾਸਿਆਂ ਤੋਂ ‘ਵਧਾਈਆਂ ਜੀ ਵਧਾਈਆਂ’ ਹੋਣ ਲੱਗ ਗਈਆਂ। ਤਰਸੇਮ ਸਿੰਘ ਆਪਣੀ ਪਤਨੀ ਜੀਵਨ ਕੌਰ ਨਾਲ ਪਹੁੰਚ ਗਿਆ ਸੀ।
“ਹੋਰ ਸੁਣਾਉ ਤਰਸੇਮ ਸਿਆਂ, ਕਿਵੇਂ ਰਿਹਾ ਪੰਜਾਬ ਦਾ ਗੇੜਾ ਤੇ ਸ਼ਰਨੀ ਦਾ ਵਿਆਹ?” ਰਾਮ ਸਿੰਘ ਨੇ ਬੈਠਦਿਆਂ ਹੀ ਪੁੱਛ ਲਿਆ।
“ਬਾਈ ਜੀ! ਗੇੜਾ ਵੀ ਵਧੀਆ ਰਿਹਾ ਤੇ ਵਿਆਹ ਵੀ ਬਹੁਤ ਵਧੀਆ ਹੋ ਗਿਆ।” ਤਰਸੇਮ ਸਿੰਘ ਨੇ ਪਾਣੀ ਦਾ ਗਲਾਸ ਫੜਦਿਆਂ ਉਤਰ ਦਿੱਤਾ।
“ਭਾਜੀ! ਐਤਕੀਂ ਤਾਂ ਸਾਡਾ ਆਉਣ ਨੂੰ ਦਿਲ ਹੀ ਨਹੀਂ ਸੀ ਕਰਦਾ।” ਜੀਵਨ ਕੌਰ ਨੇ ਆਪਣੇ ਦਿਲ ਦੀ ਕਹਿ ਦਿੱਤੀ।
“ਸੱਚੀਂ ਭੈਣ ਜੀ!” ਸਹਿਜ ਕੌਰ ਨੇ ਰਸੋਈ ਵਿਚੋਂ ਹਾਜ਼ਰੀ ਲਵਾਈ।
“ਹੋਰ ਸੁਣਾਉ, ਸ਼ਰਨੀ ਦੇ ਸਹੁਰਿਆਂ ਬਾਰੇ। ਜਵਾਈ ਰਾਜਾ ਕੀ ਕਰਦੈ?” ਰਾਮ ਸਿੰਘ ਨੇ ਪੁੱਛਿਆ।
“ਜਵਾਈ ਰਾਜਾ ਬੀæਏæ ਦੇ ਆਖਰੀ ਸਾਲ ਵਿਚ ਪੜ੍ਹਦੈ। ਵੱਡਾ ਭਰਾ ਨੇਵੀ ਵਿਚ ਭਰਤੀ ਹੋਇਆ ਹੈ। ਇਕ ਭੈਣ ਐ, ਉਹ ਵੀ ਪੰਜਾਬ ਹੀ ਵਿਆਹੀ ਹੋਈ ਹੈ। ਛੋਟਾ ਪਰਿਵਾਰ ਹੈ।” ਤਰਸੇਮ ਸਿੰਘ ਨੇ ਦੱਸਿਆ।
“ਬਾਈ ਜੀ! ਸ਼ਰਨੀ ਦਾ ਰਿਸ਼ਤਾ ਇਥੋਂ ਕਿਸੇ ਨੇ ਕਰਵਾਇਆ ਹੈ ਜਾਂ ਕਿਸੇ ਨੇ ਪੰਜਾਬੋਂ ਹੀ?” ਰਾਮ ਸਿੰਘ ਨੇ ਫਿਰ ਪੁੱਛਿਆ।
“ਬਾਈ ਜੀ! ਸਾਡੇ ਪਿੰਡੇ ਦੇ ਪਰਜਾਪਤ ਖੱਚਰ ਰੇੜ੍ਹਿਆ ‘ਤੇ ਸੌਦਾ-ਪੱਤਾ ਰੱਖ ਕੇ ਪਿੰਡਾਂ ਵਿਚ ਵੇਚਣ ਜਾਂਦੇ ਨੇ। ਇਨ੍ਹਾਂ ਸਾਰਿਆਂ ਨੇ ਆਪਸ ਵਿਚ ਪਿੰਡ ਵੰਡੇ ਹੋਏ ਨੇ ਤੇ ਇਹ ਇਕ-ਦੂਜੇ ਦੇ ਪਿੰਡ ਸੌਦਾ ਵੇਚਣ ਨਹੀਂ ਜਾਂਦੇ। ਸਾਰਾ ਸਾਮਾਨ ਮੰਡੀਉਂ ਥੋਕ ਦੇ ਭਾਅ ਮੰਗਾ ਲੈਂਦੇ ਆ। ਫਿਰ ਇਹ ਪਿੰਡ ਦੀਆਂ ਦੁਕਾਨਾਂ ਨਾਲੋਂ ਵੀ ਸੌਦਾ ਸਸਤਾ ਵੇਚਦੇ ਆ। ਪਿੰਡ ਵਿਚਲੇ ਘਰਾਂ ਨਾਲ ਇਨ੍ਹਾਂ ਦਾ ਨਕਦ-ਉਧਾਰ ਦਾ ਪੱਕਾ ਰਿਸ਼ਤਾ ਬਣਿਆ ਹੋਇਐ। ‘ਪਹਿਲਾ ਉਧਾਰ ਮੋੜ ਕੇ ਦੁਬਾਰਾ ਸੌਦਾ ਲੈ ਲਵੋ’ ਵਾਲੀ ਇਨ੍ਹਾਂ ਦੇ ਵਪਾਰ ਦੀ ਪਹਿਲੀ ਸ਼ਰਤ ਹੈ। ਲੋਕ ਇੰਜ ਕਰ ਕੇ ਵੀ ਖੁਸ਼ ਹੋ ਜਾਂਦੇ ਹਨ। ਇਨ੍ਹਾਂ ਨੂੰ ਹਰ ਘਰ ਦੀ ਆਰਥਕ ਮੰਦਹਾਲੀ ਦਾ ਵੀ ਪਤਾ ਹੁੰਦਾ ਤੇ ਸਰਦੇ-ਪੁੱਜਦੇ ਘਰਾਂ ਦਾ ਗੂੜ੍ਹਾ ਗਿਆਨ ਵੀ। ਪਿਛਲੇ ਸਾਲ ਜਦੋਂ ਅਸੀਂ ਪਿੰਡ ਗਏ, ਤਾਂ ਅਸੀਂ ਅਖੰਡ ਪਾਠ ਵਾਸਤੇ ਸਾਰਾ ਸੌਦਾ-ਪੱਤਾ, ਸਬਜ਼ੀਆਂ ਵਗੈਰਾ ਤੇ ਹੋਰ ਸਾਮਾਨ ਪਿੰਡ ਦੇ ਜਿੰਦੂ ਪਰਜਾਪਤ ਤੋਂ ਮੰਗਾਇਆ ਸੀ। ਜਿੰਦੂ ਘਰ ਆਉਂਦਾ-ਜਾਂਦਾ ਰਹਿੰਦਾ ਸੀ। ਫਿਰ ਇਕ ਦਿਨ ਮੈਂ ਕਿਹਾ, “ਜਿੰਦਰਾ! ਕੋਈ ਮੁੰਡਾ ਦੱਸ ਆਪਣੀ ਸ਼ਰਨ ਕੌਰ ਵਾਸਤੇ।”
“ਤਾਇਆ ਜੀ, ਮੁੰਡਾ ਤਾਂ ਹੈ ਮੇਰੀ ਨਿਗ੍ਹਾ ਵਿਚ ਜੇ ਉਹ ਵਿਆਹ ਕਰਨ ਵਾਸਤੇ ਰਾਜ਼ੀ ਹੋਣ ਤਾਂ æææ।” ਜਿੰਦੂ ਨੇ ਥੋੜ੍ਹਾ ਸੋਚਦਿਆਂ ਹੋਇਆਂ ਦੱਸਿਆ।
“ਜਿੰਦਰਾ! ਤੂੰ ਪਤਾ ਕਰ ਕੇ ਜ਼ਰੂਰੀ ਦੱਸੀ”, ਮੈਂ ਕਿਹਾ।
ਆਪਣੀ ਗੱਲ ਜਾਰੀ ਰੱਖਦਿਆਂ ਤਰਸੇਮ ਸਿੰਘ ਨੇ ਦੱਸਿਆ, “ਫਿਰ ਦੋ-ਤਿੰਨ ਦਿਨਾਂ ਬਾਅਦ ਜਿੰਦੂ ਨੇ ਮੁੰਡੇ ਤੇ ਘਰਦਿਆਂ ਬਾਰੇ ਸਾਰੀ ਜਾਣਕਾਰੀ ਲਿਆ ਦਿੱਤੀ। ਦੋ ਭਰਾ ਨੇ, ਇਕ ਭੈਣ ਹੈ। ਇਹ ਮੁੰਡਾ ਇਕੱਲਾ ਵਿਆਹੁਣ ਵਾਲਾ ਰਹਿੰਦਾ ਹੈ। ਬਾਰਾਂ ਕਿੱਲੇ ਜ਼ਮੀਨ ਆਉਂਦੀ ਹੈ। ਮੁੰਡੇ ਦਾ ਬਾਪ ਆਪ ਦੋ ਸਾਂਝੀ ਰੱਖ ਕੇ ਤੀਹ ਕਿੱਲੇ ਦੀ ਖੇਤੀ ਕਰਦਾ ਹੈ। ਦਸ ਮੱਝਾਂ ਤੇ ਪੰਜ ਗਾਂਵਾਂ ਰੱਖੀਆਂ ਹਨ। ਦੋ ਵਕਤ ਦੁੱਧ ਪਾਉਂਦੇ ਹਨ। ਮੁੰਡੇ ਦੀ ਮਾਂ ਘਰੇ ਹੀ ਕੰਮ-ਕਾਜ ਕਰਦੀ ਹੈ। ਪਿੰਡ ਵਿਚ ਕਿਸੇ ਨਾਲ ਕੋਈ ਲੜਾਈ ਝਗੜਾ ਨਹੀਂ; ਵੱਡੀ ਗੱਲ ਘਰ ਵਿਚ ਕੋਈ ਨਸ਼ਾ-ਪੱਤਾ ਵੀ ਨਹੀਂ ਕਰਦਾ। ਮੁੰਡਾ ਸੋਹਣਾ-ਸੁਨੱਖਾ ਹੈ। ਹਲਕੀ ਜਿਹੀ ਦਾੜ੍ਹੀ ਰੱਖਦਾ ਤੇ ਸੋਹਣੀ ਪੱਗ ਬੰਨ੍ਹਦਾ। ਰੰਗ ਦਾ ਗੋਰਾ ਹੈ।æææ ਜਿੰਦੂ ਨੇ ਜੋ ਕੁਝ ਦੱਸਿਆ, ਸਾਡੇ ਲਈ ਕਾਫੀ ਸੀ। ਜੀਵਨ ਕੌਰ ਨਾਲ ਰਾਏ ਲਾ ਕੇ ਆਪਣੇ ਸਾਂਢੂ ਤੇ ਸਾਲੇ ਨੂੰ ਨਾਲ ਲੈ ਕੇ ਅਸੀਂ ਮੁੰਡਾ ਦੇਖਣ ਚਲੇ ਗਏ। ਜੋ ਕੁਝ ਜਿੰਦੂ ਨੇ ਦੱਸਿਆ ਸੀ, ਉਸੇ ਤਰ੍ਹਾਂ ਹੀ ਮੁੰਡੇ ਦੇ ਬਾਪ ਨੇ ਦੱਸਿਆ। ਰਹਿਣ ਲਈ ਕੋਠੀ ਵੱਖਰੀ ਪਾਈ ਹੋਈ ਸੀ ਤੇ ਪਸ਼ੂਆਂ ਲਈ ਥਾਂ ਵੱਖਰਾ। ਪਰਿਵਾਰ ਦੀ ਸਾਦਗੀ ਤੇ ਮਾਹੌਲ ਦੇਖ ਕੇ ਮੈਂ ਹੈਰਾਨ ਹੋ ਗਿਆ। ਮੁੰਡਾ ਸਾਂਝੀ ਨਾਲ ਮੱਝਾਂ ਨੁਹਾ ਰਿਹਾ ਸੀ। ਮੱਝਾਂ ਤੇ ਗਾਂਵਾਂ ਦੀ ਸਾਂਭ-ਸੰਭਾਲ ਦੇਖ ਕੇ ਪਤਾ ਲੱਗ ਗਿਆ ਕਿ ਪਰਿਵਾਰ ਹੱਥੀਂ ਮਿਹਨਤ ਕਰਨ ਵਿਚ ਯਕੀਨ ਰੱਖਦਾ ਹੈ। ਮੁੰਡੇ ਨਾਲ ਚਾਰ ਗੱਲਾਂ ਕਰ ਕੇ ਅਸੀਂ ਸਾਰਿਆਂ ਨੇ ਰਾਏ ਲਾਈ ਕਿ ਗੱਲ ਅਗਾਂਹ ਤੋਰੀ ਜਾਵੇ।
ਫਿਰ ਇਕ ਦਿਨ ਅਸੀਂ ਮੁੰਡੇ ਤੇ ਸ਼ਰਨ ਕੌਰ ਨੂੰ ਮਿਲਾ ਦਿੱਤਾ। ਇਨ੍ਹਾਂ ਨੇ ਆਪਸ ਵਿਚ ਗੱਲਬਾਤ ਕੀਤੀ। ਦੋਵਾਂ ਦੀ ‘ਹਾਂ’ ਤੋਂ ਬਾਅਦ ਅਸੀਂ ਸ਼ਗਨ ਦਾ ਦਿਨ ਤੈਅ ਕਰ ਲਿਆ। ਪੁਰਾਣੇ ਰੀਤੀ-ਰਿਵਾਜ਼ਾਂ ਮੂਜਬ ਉਨ੍ਹਾਂ ਨੇ ਮੰਗਣੇ ਦਾ ਪ੍ਰੋਗਰਾਮ ਘਰ ਹੀ ਰੱਖਿਆ। ਲਫਾਫਿਆਂ ਵਿਚ ਪਤਾਸੇ ਤੇ ਲੱਡੂ ਪਾ ਕੇ ਵੰਡੇ। ਮੰਗਣੇ ‘ਤੇ ਸਿਰਫ਼ ਇਕ ਰੁਪਏ ਲਿਆ। ਕਿਸੇ ਨੂੰ ਕੋਈ ਵੀ ਛਾਪ ਜਾਂ ਟੂਮ-ਛੱਲਾ ਨਹੀਂ ਪੁਆਇਆ। ਪੂਰੇ ਸ਼ਗਨਾਂ ਨਾਲ ਸਾਦਾ ਮੰਗਣਾ ਕਰ ਕੇ ਅਸੀਂ ਵਾਪਸ ਆ ਗਏ। ਫਿਰ ਐਤਕੀਂ ਜਿੰਦੂ ਨੇ ਉਨ੍ਹਾਂ ਨਾਲ ਰਾਏ ਲਾ ਕੇ ਵਿਆਹ ਦੇ ਦਿਨ ਪੱਕੇ ਕਰ ਦਿੱਤੇ ਤੇ ਹੁਣ ਅਸੀਂ ਜਾ ਕੇ ਵਿਆਹ ਕਰ ਆਏ ਹਾਂ।”
“ਭਾਜੀ! ਵਿਆਹ ਵੀ ਸਾਦਾ ਕੀਤਾ ਕਿ ਨਵੇਂ ਜ਼ਮਾਨੇ ਵਰਗਾ?” ਸਹਿਜ ਕੌਰ ਨੇ ਚਾਹ ਵਾਲੇ ਗਲਾਸ ਚੁੱਕਦਿਆਂ ਪੁੱਛਿਆ।
“ਭੈਣ ਜੀ! ਸਾਰਾ ਮੇਲ ਘਰ ਸੱਦਿਆ, ਦੋ ਦਿਨ ਸਭ ਨੂੰ ਰੱਖਿਆ। ਨਿਆਈਂ ਵਾਲੇ ਖੇਤ ਵਿਚ ਚਾਨਣੀਆਂ, ਕਨਾਤਾਂ ਲਾ ਕੇ ਸਾਰਾ ਕਾਰਜ ਉਥੇ ਹੀ ਸੰਪੂਰਨ ਕੀਤਾ। ਸਾਰੇ ਪੁਰਾਣੇ ਰਿਵਾਜ਼ ਦੁਹਰਾ ਦਿੱਤੇ। ਨਵੇਂ ਜ਼ਮਾਨੇ ਦੇ ਮੁੰਡੇ-ਕੁੜੀਆਂ ਦੇਖ ਕੇ ਹੈਰਾਨ ਹੁੰਦੇ ਕਹਿੰਦੇ ਕਿ ‘ਅਸੀਂ ਵੀ ਆਪਣੇ ਵਿਆਹ ਇੰਜ ਹੀ ਕਰਵਾਉਣੇ ਨੇ।’ ਤੁਸੀਂ ਸੱਚ ਜਾਣਿਉਂ! ਜਿੰਨਾ ਪੈਸਾ ਇਕੱਲੇ ਮੈਰਿਜ ਪੈਲੇਸ ‘ਤੇ ਲੱਗਣਾ ਸੀ, ਉਨੇ ਪੈਸਿਆਂ ਨਾਲ ਸਾਰਾ ਵਿਆਹ ਹੋ ਗਿਆ। ਸ਼ਰਨ ਕੌਰ ਤੇ ਉਦੈ ਸਿੰਘ (ਜਵਾਈ ਰਾਜਾ) ਦੋਵੇਂ ਪੂਰੇ ਖੁਸ਼। ਅਸੀਂ ਤਾਂ ਪੁਰਾਣੇ ਜ਼ਮਾਨੇ ਵਾਂਗ ਵਿਆਹ ਦੇ ਦਿਨ ਵੀ ਪਰਜਾਪਤ ਰਾਹੀਂ ਰੱਖੇ ਸਨ। ਆਹ ਪਿਛਲੇ ਵੀਹ ਦਿਨ ਅਸੀਂ ਸ਼ਰਨ ਕੌਰ ਦੇ ਸਹੁਰੀਂ ਰਹੇ। ਸ਼ਰਨੀ ਦੀ ਸੱਸ ਸਵੇਰੇ ਉਠ ਕੇ ਦੁੱਧ ਰਿੜਕਦੀ। ਤਾਜ਼ੀ ਮੱਖਣੀ ਤਾਜ਼ੀ ਲੱਸੀ। ਸਵੇਰਿਉਂ ਵੇਸਣ ਵਾਲੀਆਂ ਰੋਟੀਆਂ। ਘਰ ਦੀ ਤਾਜ਼ਾ ਸਬਜ਼ੀ। ਦੋ ਵੇਲੇ ਜਾਨਵਰਾਂ ਨੂੰ ਵਿਹੜੇ ਵਿਚ ਦਾਣੇ ਪਾਉਂਦੇ ਨੇ। ਹਰ ਤਰ੍ਹਾਂ ਦਾ ਪੰਛੀ ਵਿਹੜੇ ਵਿਚ ਦਾਣਾ ਚੁਗ ਕੇ ਜਾਂਦਾ ਹੈ। ਦੋਵੇਂ ਵੇਲੇ ਹੀ ਜਨਵਾਰਾਂ ਲਈ ਤਾਜ਼ਾ ਪਾਣੀ ਪਾ ਕੇ ਰੱਖਿਆ ਜਾਂਦਾ ਹੈ। ਜੇ ਕੋਈ ਕਹੇ, ਮੈਂ ਰੱਬ ਦਾ ਵਾਸਾ ਦੇਖਣਾ ਹੈ; ਉਹ ਸ਼ਰਨ ਕੌਰ ਦੇ ਸਹੁਰੀਂ ਦੇਖ ਸਕਦੈ।” ਜੀਵਨ ਕੌਰ ਨੇ ਖੁਸ਼ੀ-ਖੁਸ਼ੀ ਵਿਆਹ ਤੇ ਸਹੁਰਿਆਂ ਦੀ ਸਾਰੀ ਮੂਵੀ ਬੋਲ ਕੇ ਸੁਣਾ ਦਿੱਤੀ।
“ਤਰਸੇਮ ਸਿਆਂ! ਚੰਗੇ ਮੁੰਡੇ ਤੇ ਚੰਗੇ ਖਾਨਦਾਨ ਨਹੀਂ ਲੱਭਦੇ।æææ ਤੇ ਮਾੜੇ ਲੱਭਣ ਦੀ ਲੋੜ ਨਹੀਂ ਪੈਂਦੀ। ਉਹ ਆਪ ਘੇਰ ਕੇ ਆਉਂਦੇ ਨੇ।” ਰਾਮ ਸਿੰਘ ਨੇ ਆਪਣੀ ਦਿਲ ਦੀ ਚੀਸ ਬੁੱਲ੍ਹਾਂ ਵਿਚ ਘੁੱਟਦਿਆਂ ਮਸਾਂ ਗੱਲ ਸਿਰੇ ਲਾਈ।
“ਭਾਜੀ! ਘਰ-ਬਾਰ ਵੀ ਕਰਮਾਂ ਨਾਲ ਮਿਲਦੇ ਆ। ਆਹ ਸਾਡੇ ਵੱਲ ਦੇਖ ਲਵੋ। ਕਰਮੀ ਨੂੰ ਬਥੇਰਾ ਕਿਹਾ ਸੀ ਕਿ ਚੱਲ ਤੇਰਾ ਵਿਆਹ ਇੰਡੀਆ ਜਾ ਕੇ ਕਰ ਆਉਂਦੇ ਹਾਂ, ਪਰ ਇਹ ਨਾ ਮੰਨੀ। ਮੁੜ-ਮੁੜ ਕਹੇ, ਮੈਂ ਵਿਆਹ ਇਥੇ ਹੀ ਕਰਵਾਉਣਾ।” ਸਹਿਜ ਕੌਰ ਨੇ ਆਪਣੀ ਧੀ ਦੀ ਦਰਦਾਂ ਭਰੀ ਗੰਢ ਖੋਲ੍ਹਦਿਆਂ ਕਿਹਾ।
“ਭੈਣ ਜੀ! ਹੁਣ ਉਹ ਕੀ ਕਹਿੰਦੈ।” ਜੀਵਨ ਕੌਰ ਦਾ ਇਸ਼ਾਰਾ ਕਰਮੀ ਦੇ ਘਰ ਵਾਲੇ ਗੈਰੀ ਵੱਲ ਸੀ।
“ਭੈਣ ਜੀ, ਉਹਨੂੰ ਤਾਂ ਗਰੀਨ ਕਾਰਡ ਚਾਹੀਦਾ ਸੀ, ਉਹ ਉਹਨੂੰ ਮਿਲ ਗਿਆæææ ਤੇ ਕਰਮੀ ਨੂੰ ਛੱਡ ਗਿਆ।” ਸਹਿਜ ਕੌਰ ਨੇ ਧੀ ਨਾਲ ਹੋਏ ਧੋਖੇ ਬਾਰੇ ਦੱਸਿਆ।
“ਭੈਣ ਜੀ, ਤੁਸੀਂ ਕਰਮੀ ਦੇ ਵਿਚੋਲੇ ਨਾਲ ਗੱਲ ਕਰੋ।” ਤਰਸੇਮ ਸਿੰਘ ਨੇ ਕਿਹਾ।
“ਭਾਜੀ! ਝੱਗਾ ਚੁੱਕਿਆਂ ਆਪਣਾ ਢਿੱਡ ਹੀ ਨੰਗਾ ਹੁੰਦਾ। ਦਰਅਸਲ ਗੈਰੀ ਆਪਣੀ ਕਰਮੀ ਨਾਲ ਹੀ ਪੜ੍ਹਦਾ ਸੀ। ਇੰਡੀਆ ਤੋਂ ਪੜ੍ਹਾਈ ਵਾਲਾ ਵੀਜ਼ਾ ਲੈ ਕੇ ਆਇਆ ਸੀ। ਇਸ ਕਮਲੀ ਕਰਮੀ ਨੂੰ ਉਸ ਦੀ ਚਾਲ ਸਮਝ ਨਾ ਆਈ। ਇਥੇ ਦੇ ਜੰਮੇ-ਪਲੇ ਬੱਚਿਆਂ ਨੂੰ ਬਹੁਤੀ ਚੁਸਤੀ-ਚਲਾਕੀ ਨਹੀਂ ਆਉਂਦੀ। ਦਿਲ ਦੇ ਸਾਫ਼ ਹੋਣ ਕਰ ਕੇ ਇੰਡੀਆ ਵਾਲੇ ਇਨ੍ਹਾਂ ਦਾ ਗਲਤ ਫਾਇਦਾ ਉਠਾ ਜਾਂਦੇ ਆ। ਇਸੇ ਤਰ੍ਹਾਂ ਹੀ ਕਰਮੀ ਨਾਲ ਹੋਈ। ਉਹ ਉਸ ਦੀਆਂ ਮਿੱਠੀਆਂ ਤੇ ਚਾਲਪੂਸ ਗੱਲਾਂ ਨੂੰ ਪਿਆਰ ਸਮਝ ਬੈਠੀ। ਕਰਮੀ ਚੌਵੀ ਸਾਲ ਦੀ ਹੋਈ ਤਾਂ ਅਸੀਂ ਇੰਡੀਆ ਮੁੰਡਾ ਲੱਭਣ ਲਈ ਆਪਣੇ ਭਰਾਵਾਂ ਨੂੰ ਕਿਹਾ। ਉਨ੍ਹਾਂ ਨੇ ਕਈ ਥਾਂਈਂ ਦੱਸ ਵੀ ਪਾਈ, ਪਰ ਇਹ ਨਾ ਮੰਨੀ। ਅਖੀਰ ਕੱਛ ‘ਚੋਂ ਮੂੰਗਲਾ ਕੱਢ ਕੇ ਸਾਡੇ ਸਿਰ ਵਿਚ ਮਾਰਿਆ ਕਿ ‘ਮੈਂ ਤਾਂ ਗੈਰੀ ਨਾਲ ਹੀ ਵਿਆਹ ਕਰਵਾਉਣਾ।’ ਅਸੀਂ ਪਹਿਲਾਂ ਤਾਂ ਮੰਨੇ ਨਾ, ਫਿਰ ਇਹਨੂੰ ਅਸੀਂ ਕਿਹਾ ਕਿ ਮੁੰਡੇ ਦਾ ਅੱਗਾ-ਪਿਛਾ ਦੇਖ ਲਈਏ। ਅਸੀਂ ਗੈਰੀ ਦੇ ਪਿੰਡੋਂ ਸਾਰਾ ਕੁਝ ਪਤਾ ਕੀਤਾ। ਸਾਨੂੰ ਚੰਗੀਆਂ ਖ਼ਬਰਾਂ ਨਾ ਮਿਲੀਆਂ। ਗੈਰੀ ਦਾ ਪਿਉ ਦਾਦਾ ਘਰ ਦੀ ਸ਼ਰਾਬ ਕੱਢ ਕੇ ਵੇਚਦੇ ਸੀ। ਥਾਣੇ ਕੋਰਟ-ਕਚਿਹਰੀਆਂ ਤਾਂ ਉਨ੍ਹਾਂ ਲਈ ਛਪਾਰ ਦੇ ਮੇਲੇ ਬਰਾਬਰ ਸਨ। ਗੈਰੀ ਦੇ ਬਾਪ ਦਾ ਤਾਂ ਵਿਆਹ ਵੀ ਨਹੀਂ ਸੀ ਹੋਇਆ, ਉਹ ਗੈਰੀ ਦੀ ਮਾਂ ਨੂੰ ਕੱਢ ਕੇ ਲਿਆਇਆ ਸੀ। ਦਾਦਾ ਪਾਪਾਂ ਦਾ ਭਰਿਆ ਜੀਵਨ, ਖੁਦਕਸ਼ੀ ਕਰ ਕੇ ਪੂਰਾ ਕਰ ਗਿਆ ਸੀ। ਗੈਰੀ ਦੇ ਬਾਪ ਨੇ ਆਪਣੇ ਧੰਦੇ ਨੂੰ ਫਿਰ ਠੇਕਿਆਂ ਵਿਚ ਬਦਲ ਲਿਆ। ਲੋਕਾਂ ਦੇ ਪੁੱਤ ਨਸ਼ਿਆਂ ਦੇ ਆਦੀ ਬਣਾ ਕੇ ਆਪਣੇ ਪੁੱਤ ਨੂੰ ਨਸ਼ਿਆਂ ਦੀ ਦਲਦਲ ਤੋਂ ਬਚਾਉਣ ਲਈ ਪੜ੍ਹਾਈ ਵਾਲੇ ਵੀਜ਼ੇ ‘ਤੇ ਇਥੇ ਭੇਜ ਦਿੱਤਾ। ਨਸ਼ਿਆਂ ਦੀ ਖੱਟੀ ਵਿਚੋਂ ਬਾਪ ਗੈਰੀ ਨੂੰ ਖਰਚਾ ਭੇਜਦਾ ਰਿਹਾ। ਕਰਮੀ, ਗੈਰੀ ਦੀ ਚਮਕ-ਦਮਕ ਤੇ ਫਿਰ ਜਾਲ ਵਿਚ ਫਸ ਗਈ।”
ਅੱਖਾਂ ਵਿਚ ਆਏ ਅੱਥਰੂ ਪੱਲੇ ਨਾਲ ਪੂੰਝਦਿਆਂ ਸਹਿਜ ਕੌਰ ਦੱਸਣ ਲੱਗੀ, “ਗੈਰੀ ਦੇ ਪਿੰਡੋਂ ਮਿਲੀਆਂ ਖ਼ਬਰਾਂ ਜਦ ਕਰਮੀ ਨੂੰ ਸੁਣਾਈਆਂ ਤਾਂ ਉਹ ਵੀ ਟੱਸ ਤੋਂ ਮੱਸ ਨਾ ਹੋਈ। ਉਹ ਕਹਿੰਦੀ, ‘ਮੈਨੂੰ ਗੈਰੀ ਪਸੰਦ ਹੈ, ਉਹਦੇ ਨਾਲ ਹੀ ਵਿਆਹ ਕਰਵਾਉਣਾ। ਮੈਨੂੰ ਉਹਦੇ ਖਾਨਦਾਨ ਨਾਲ ਕੋਈ ਫਰਕ ਨਹੀਂ ਪੈਂਦਾ æææ।’ ਕੁੜੀ ਆਪਣੀ ਜ਼ਿਦ ‘ਤੇ ਅੜੀ ਰਹੀ। ਅਸੀਂ ਆਪਣੀ ਜ਼ਿਦ ਪੁਗਾਉਣੀ ਚਾਹੀ, ਪਰ ਕਰਮੀ ਵੀਹ ਕਦਮ ਅੱਗੇ ਨਿਕਲ ਗਈ। ਉਸ ਨੇ ਕਹਿ ਦਿੱਤਾ ਕਿ ‘ਮੈਂ ਤਾਂ ਦੋ ਮਹੀਨੇ ਦੀ ਗਰਭਵਤੀ ਹਾਂ, ਗੈਰੀ ਦੇ ਬੱਚੇ ਨੂੰ ਜਨਮ ਦੇਣਾ ਹੈ।’ ਕਰਮੀ ਦੇ ਮੂੰਹੋਂ ਇਹ ਸੁਣ ਕੇ ਮੈਂ ਤਾਂ ਬਰਫ ਬਣ ਗਈ। ਇਨ੍ਹਾਂ ਨੂੰ ਦੱਸਿਆ, ਇਹ ਕਹਿਣ, ‘ਮੈਂ ਇਹਨੂੰ ਮਾਰ ਦੇਣਾ।’ ਮਸਾਂ ਜਾ ਕੇ ਇਨ੍ਹਾਂ ਨੂੰ ਟਿਕਾਇਆ। ਫਿਰ ਗੈਰੀ ਨੂੰ ਘਰ ਸੱਦ ਕੇ ਗੱਲ ਕੀਤੀ। ਇਕ ਹਫ਼ਤੇ ਦਾ ਵਿਆਹ ਰੱਖ ਦਿੱਤਾ। ਤਾਹੀਉਂ ਤਾਂ ਜ਼ਿਆਦਾ ਇਕੱਠ ਨਹੀਂ ਸੀ ਕੀਤਾ।æææ ਫਿਰ ਜਦੋਂ ਕਰਮੀ ਨੇ ਵਿਆਹ ਤੋਂ ਸੱਤਵੇਂ ਮਹੀਨੇ ਕੁੜੀ ਜੰਮੀ ਤਾਂ ਅਸੀਂ ਆਪਣੀ ਧੀ ਦੀ ਕਰਤੂਤ ‘ਤੇ ਪਰਦਾ ਪਾਇਆ ਕਿ ਕੁੜੀ ਸਤਮਾਹੀਂ ਹੋਈ ਹੈ।” “ਫਿਰ ਤੁਸੀਂ ਗੈਰੀ ਦੇ ਬਾਪ ਨਾਲ ਗੱਲ ਕਰਨੀ ਸੀ।” ਤਰਸੇਮ ਸਿੰਘ ਨੇ ਕਿਹਾ।
“ਬਾਈ ਜੀ! ਉਸ ਨਾਲ ਵੀ ਗੱਲ ਕੀਤੀ ਸੀ, ਉਹ ਅੱਗਿਉਂ ਕਹਿੰਦਾ ਕਿ ਅਮਰੀਕਾ ਵਿਚ ਵਿਆਹ ਤੇ ਤਲਾਕ ਕੋਈ ਵੱਡੀ ਗੱਲ ਨਹੀਂ। ਤੁਸੀਂ ਵੀ ਤਲਾਕ ਲੈ ਲਵੋ, ਜੇ ਕੁੜੀ ਮੁੰਡੇ ਦੀ ਨਹੀਂ ਬਣਦੀ।”
“ਹੁਣ ਗੈਰੀ ਕਿੱਥੇ ਰਹਿੰਦੈ?” ਜੀਵਨ ਕੌਰ ਨੇ ਪੁੱਛਿਆ।
“ਭੈਣ ਜੀ! ਕਰਮੀ ਤੇ ਉਸ ਦੀ ਧੀ ਸਾਡੇ ਕੋਲ ਰਹਿੰਦੀਆਂ ਨੇ, ਤੇ ਗੈਰੀ ਦਾ ਕੋਈ ਪਤਾ ਨਹੀਂ। ਕਰਮਾਂ ਮਾਰੀ ਦੀ ਪੜ੍ਹਾਈ ਦੀ ਲੜੀ ਵੀ ਵਿਚਕਾਰੋਂ ਟੁੱਟ ਗਈ ਸੀ। ਗ੍ਰਹਿਸਥੀ ਦੀ ਗੱਡੀ ਵੀ ਲੀਹੋਂ ਉਤਰ ਗਈ। ਜਿਸ ਪੇਟੋਂ ਜਨਮੀ ਸੀ, ਉਸ ਨਾਲ ਹੀ ਲੱਗ ਕੇ ਰੋਂਦੀ ਰਹਿੰਦੀ ਹੈ। ਧੀਆਂ ਜੰਮਣੀਆਂ ਤੇ ਵਿਆਹੁਣੀਆਂ ਔਖੀਆਂ ਨਹੀਂ, ਪਰ ਧੀਆਂ ਦੇ ਆਹ ਦੁੱਖ ਝੱਲਣੇ ਬੜੇ ਔਖੇ ਨੇ। ਮੈਂ ਤਾਂ ਕਹਿੰਨੀ ਆਂ ਕਿ ਵਾਹਿਗੁਰੂ ਧੀ ਦੇਈਂ, ਪਰ ਨਾਲ ਨਸੀਬ ਵੀ ਚੰਗੇ ਲਿਖ ਦੇਈਂ।” ਸਹਿਜ ਕੌਰ ਦੇ ਅੱਥਰੂ ਸਾਉਣ ਦੀ ਝੜੀ ਬਣ ਗਏ ਸਨ।
“ਭੈਣ ਜੀ! ਚਲੋ ਮਨ ਨਾ ਖਰਾਬ ਕਰੋ, ਜੇ ਗੱਲ ਮੁੱਕਦੀ ਐ ਤਾਂ ਮੁਕਾ ਲਵੋ। ਆਪਾਂ ਫਿਰ ਕੋਈ ਹੋਰ ਮੁੰਡਾ ਲੱਭ ਕੇ ਕਰਮੀ ਨੂੰ ਤੋਰ ਦੇਵਾਂਗੇ।” ਜੀਵਨ ਕੌਰ ਨੇ ਦਿਲਾਸਾ ਦਿੱਤਾ।
“ਬਾਈ ਜੀ! ਜਿਹੜੀ ਔਲਾਦ ਮਾਪਿਆਂ ਦੀ ਪੈੜ ਵਿਚ ਪੈਰ ਰੱਖਦੀ ਹੈ, ਉਹ ਆਪਣੀ ਮੰਜ਼ਿਲ ਤੋਂ ਭਟਕਦੀ ਨਹੀਂ; ਸਗੋਂ ਮੰਜ਼ਿਲ ‘ਤੇ ਪਹੁੰਚ ਕੇ ਖੁਸ਼ੀਆਂ ਦੇ ਜੈਕਾਰੇ ਲਾਉਂਦੀ ਹੈ।” ਤਰਸੇਮ ਸਿੰਘ ਨੇ ਉਠਦਿਆਂ ਫਤਿਹ ਬੁਲਾਈ।
Leave a Reply