ਗੁਰੂ ਕੀ ਨਗਰੀ ਵੀ ਸੁਖਬੀਰ ਸਿੰਘ ਬਾਦਲ ਦੇ ਲਾਰਿਆਂ ਦਾ ਸ਼ਿਕਾਰ

ਅੰਮ੍ਰਿਤਸਰ: ਸਰਕਾਰ ਨੇ ਭਾਵੇਂ ਅੰਮ੍ਰਿਤਸਰ ਤੇ ਲੁਧਿਆਣਾ ਸ਼ਹਿਰਾਂ ਵਿਚ ਬੱਸ ਰੇਪਿਡ ਟਰਾਂਸਪੋਰਟ ਪ੍ਰਣਾਲੀ (ਬੀਆਰਟੀਐਸ) ਸ਼ੁਰੂ ਕਰਨ ਦਾ ਐਲਾਨ ਕੀਤਾ ਹੈ ਪਰ ਤਕਰੀਬਨ ਦੋ ਸਾਲ ਪਹਿਲਾਂ ਅੰਮ੍ਰਿਤਸਰ ਸ਼ਹਿਰ ਲਈ ਐਲਾਨਿਆ ਪਰਸਨਲ ਰੈਪਿਡ ਟਰਾਂਸਪੋਰਟ ਪ੍ਰਣਾਲੀ (ਪੌਡ ਪ੍ਰਣਾਲੀ) ਦੀ ਸ਼ੁਰੂਆਤ ਦਾ ਕੰਮ ਅਜੇ ਵੀ ਲਟਕਿਆ ਹੋਇਆ ਹੈ। ਚਾਲਕਹੀਣ ਪੌਡ ਰਾਹੀਂ ਰੇਲਵੇ ਸਟੇਸ਼ਨ ਤੇ ਬੱਸ ਅੱਡੇ ਤੋਂ ਸ੍ਰੀ ਹਰਿਮੰਦਰ ਸਾਹਿਬ ਤਕ ਯਾਤਰੂਆਂ ਨੂੰ ਲੈ ਕੇ ਜਾਣ ਵਾਸਤੇ ਇਸ ਪੌਡ ਪ੍ਰਣਾਲੀ ਦਾ ਨੀਂਹ ਪੱਥਰ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵਲੋਂ ਆਪਣੀ ਪਿਛਲੀ ਸਰਕਾਰ ਵੇਲੇ 2011 ਵਿਚ ਰੱਖਿਆ ਸੀ ਤੇ ਇਹ ਯੋਜਨਾ ਦੋ ਸਾਲਾਂ ਵਿਚ ਮੁਕੰਮਲ ਕਰਨ ਦਾ ਟੀਚਾ ਸੀ ਪਰ ਹੁਣ ਤਕ ਇਸ ਯੋਜਨਾ ਦੀ ਸ਼ੁਰੂਆਤ ਹੀ ਨਹੀਂ ਹੋ ਸਕੀ ਹੈ ਤੇ ਇਹ ਯੋਜਨਾ ਲਗਾਤਾਰ ਲਟਕ ਰਹੀ ਹੈ।
ਇਸ ਯੋਜਨਾ ਨੂੰ ਸਿਰੇ ਚਾੜ੍ਹਨ ਦੀ ਜ਼ਿੰਮੇਵਾਰੀ ਨਿਭਾਅ ਰਹੇ ਪੰਜਾਬ ਮੁੱਢਲਾ ਢਾਂਚਾ ਵਿਕਾਸ ਬੋਰਡ ਵਲੋਂ ਪੀਆਰਟੀਐਸ ਦੀ ਸ਼ੁਰੂਆਤ ਵਾਸਤੇ ਇਸ ਸਾਲ ਦੇ ਆਰੰਭ ਵਿਚ ਨਵੇਂ ਟੈਂਡਰ ਮੰਗੇ ਗਏ ਸਨ। ਇਹ ਟੈਂਡਰ ਭਰਨ ਦੀ ਆਖਰੀ ਤਾਰੀਖ਼ 26 ਅਪਰੈਲ ਸੀ ਜਿਸ ਨੂੰ 21 ਮਈ ਤਕ ਵਧਾ ਦਿੱਤਾ ਗਿਆ ਸੀ। ਇਸ ਯੋਜਨਾ ਲਈ ਉਸਾਰੀ ਕਾਰਜ ਤੇ ਹੋਰ ਸਮੁੱਚੇ ਕੰਮ ਲਈ ਅਲਟਰਾ ਫੇਅਰਵੁਡ ਪ੍ਰਾਈਵੇਟ ਲਿਮਟਿਡ ਕੰਪਨੀ ਵੱਲੋਂ ਟੈਂਡਰ ਭਰੇ ਗਏ ਸਨ। ਇਸ ਤੋਂ ਪਹਿਲਾਂ ਹੋਏ ਟੈਂਡਰ ਵੀ ਇਸੇ ਕੰਪਨੀ ਵੱਲੋਂ ਹੀ ਭਰੇ ਗਏ ਸਨ। ਹੁਣ ਵੀ ਸਿਰਫ਼ ਇਸੇ ਇਕੱਲੀ ਕੰਪਨੀ ਨੇ ਦੁਬਾਰਾ ਟੈਂਡਰ ਭਰੇ ਹਨ। ਟੈਂਡਰ ਭਰਨ ਦੀ ਕਾਰਵਾਈ ਮੁਕੰਮਲ ਹੋਣ ਤੋਂ ਬਾਅਦ ਜੁਲਾਈ ਮਹੀਨੇ ਵਿਚ ਕੰਪਨੀ ਨਾਲ ਵਿਕਾਸ ਬੋਰਡ ਦੀ ਗੱਲਬਾਤ ਵੀ ਹੋਈ ਪਰ ਹੁਣ ਤਕ ਇਸ ਕੰਪਨੀ ਨੂੰ ਟੈਂਡਰ ਜਾਰੀ ਨਹੀਂ ਹੋਏ ਜਿਸ ਕਾਰਨ ਇਸ ਯੋਜਨਾ ਦੀ ਸ਼ੁਰੂਆਤ ਦਾ ਕੰਮ ਹੋਰ ਲਟਕ ਗਿਆ। ਕੰਪਨੀ ਦੇ ਅਧਿਕਾਰੀ ਅਸ਼ੀਸ਼ ਕੁਮਾਰ ਨੇ ਟੈਂਡਰ ਭਰਨ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਉਨ੍ਹਾਂ ਮਈ ਮਹੀਨੇ ਵਿਚ ਟੈਂਡਰ ਭਰ ਦਿੱਤੇ ਸਨ ਤੇ ਮਗਰੋਂ ਪੰਜਾਬ ਮੁੱਢਲਾ ਢਾਂਚਾ ਵਿਕਾਸ ਦੇ ਅਧਿਕਾਰੀਆਂ ਨਾਲ ਗੱਲਬਾਤ ਵੀ ਹੋਈ ਸੀ ਪਰ ਹੁਣ ਤਕ ਉਨ੍ਹਾਂ ਵੱਲੋਂ ਟੈਂਡਰ ਦੇਣ ਸਬੰਧੀ ਕੋਈ ਹੁੰਗਾਰਾ ਨਹੀਂ ਮਿਲਿਆ ਹੈ। ਇਸ ਬਾਰੇ ਪੰਜਾਬ ਮੁੱਢਲਾ ਢਾਂਚਾ ਵਿਕਾਸ ਬੋਰਡ ਦੇ ਜਨਰਲ ਮੈਨੇਜਰ ਐਸ਼ਐਸ਼ ਚੁੱਘ ਨੇ ਦੱਸਿਆ ਕਿ ਇਹ ਮਾਮਲਾ ਕਮੇਟੀ ਦੇ ਵਿਚਾਰ ਅਧੀਨ ਹੈ। ਫਿਲਹਾਲ ਇਸ ਬਾਰੇ ਕੁਝ ਵੀ ਨਹੀਂ ਕਿਹਾ ਜਾ ਸਕਦਾ ਕਿ ਟੈਂਡਰ ਕਿੰਨੇ ਸਮੇਂ ਬਾਅਦ ਜਾਰੀ ਹੋਵੇਗਾ।
ਇਸ ਤੋਂ ਪਹਿਲਾਂ ਪਿਛਲੇ ਵਰ੍ਹੇ ਜੁਲਾਈ ਮਹੀਨੇ ਵਿਚ ਸ਼ਹਿਰ ਦੇ ਵਿਰਾਸਤ ਪ੍ਰੇਮੀਆਂ ਨੇ ਇਸ ਯੋਜਨਾ ਦਾ ਵਿਰੋਧ ਕੀਤਾ ਸੀ ਤੇ ਆਖਿਆ ਸੀ ਕਿ ਇਸ ਯੋਜਨਾ ਦੇ ਮੁਕੰਮਲ ਹੋਣ ਨਾਲ ਸ਼ਹਿਰ ਦੀਆਂ ਵਿਰਾਸਤੀ ਇਮਾਰਤਾਂ ਤੇ ਪੁਰਾਤਨ ਦਿੱਖ ਪ੍ਰਭਾਵਿਤ ਹੋਵੇਗੀ। ਖਾਸ ਕਰਕੇ ਇਤਿਹਾਸਕ ਜਲ੍ਹਿਆਂ ਵਾਲਾ ਬਾਗ ਤੇ ਸ੍ਰੀ ਹਰਿਮੰਦਰ ਸਾਹਿਬ ਦੀ ਬਾਹਰੀ ਦਿੱਖ ਨੂੰ ਗ੍ਰਹਿਣ ਲੱਗੇਗਾ। ਲੋਕਾਂ ਦੇ ਇਸ ਵਿਰੋਧ ਨੂੰ ਦੇਖਦਿਆਂ ਸਰਕਾਰ ਵੱਲੋਂ ਇਸ ਯੋਜਨਾ ਦਾ ਰਾਹ ਬਦਲ ਦਿੱਤਾ ਗਿਆ ਸੀ।
ਇਸ ਯੋਜਨਾ ਤਹਿਤ ਪਹਿਲਾਂ ਰੇਲਵੇ ਸਟੇਸ਼ਨ ਤੋਂ ਚੱਲਣ ਵਾਲੇ ਪੌਡ ਸਥਾਨਕ ਹਾਲ ਗੇਟ ਰਸਤੇ ਹਾਲ ਬਾਜ਼ਾਰ ਰਾਹੀਂ ਹੁੰਦੇ ਹੋਏ ਸ੍ਰੀ ਹਰਿਮੰਦਰ ਸਾਹਿਬ ਪੁੱਜਣੇ ਸਨ ਪਰ ਵਿਰਾਸਤੀ ਦਿੱਖ ਨੂੰ ਬਚਾਉਣ ਲਈ ਇਸ ਦਾ ਰਾਹ ਤਬਦੀਲ ਕਰਦਿਆਂ ਇਸ ਨੂੰ ਚਿਤਰਾ ਸਿਨੇਮਾ ਨੇੜਿਉਂ ਲੈ ਜਾਣ ਦੀ ਯੋਜਨਾ ਬਣਾਈ ਗਈ। ਇਸ ਯੋਜਨਾ ਤਹਿਤ ਪੌਡ ਰਾਮ ਬਾਗ ਰਸਤੇ ਸ਼ਹਿਰ ਦੇ ਅੰਦਰੂਨੀ ਹਿਸੇ ਵਿਚ ਦਾਖਲ ਹੋਣਗੇ ਤੇ ਚੌਕ ਬਿਜਲੀ ਵਾਲਾ ਤੋਂ ਹੁੰਦੇ ਹੋਏ ਜਲ੍ਹਿਆਂਵਾਲਾ ਬਾਗ ਤੇ ਹਰਿਮੰਦਰ ਸਾਹਿਬ ਪੁੱਜਣਗੇ। ਵਿਰਾਸਤੀ ਇਮਾਰਤਾਂ ਦੀ ਦਿੱਖ ਤੇ ਪੁਰਾਤਨ ਦਿੱਖ ਨੂੰ ਬਚਾਉਣ ਲਈ ਕਈ ਥਾਵਾਂ ਤੋਂ ਪੌਡ ਪ੍ਰਣਾਲੀ ਲਈ ਬਣਾਏ ਜਾਣ ਵਾਲੇ ਥੰਮਾਂ ਦੀ ਉਚਾਈ 20 ਤੋਂ 30 ਫੁੱਟ ਕਰ ਦਿੱਤੀ ਗਈ ਸੀ। ਨਵਾਂ ਰੂਟ ਤੈਅ ਕਰਨ ਮਗਰੋਂ ਹੁਣ ਅਪਰੈਲ ਮਹੀਨੇ ਵਿਚ ਦੂਜੀ ਵਾਰ ਟੈਂਡਰ ਮੰਗੇ ਗਏ ਸਨ ਪਰ ਹੁਣ ਤਕ ਅਗਲਾ ਐਲਾਨ ਨਾ ਹੋਣ ਕਾਰਨ ਇਸ ਯੋਜਨਾ ਦੀ ਸ਼ੁਰੂਆਤ ਦਾ ਕੰਮ ਮੁੜ ਲਟਕ ਗਿਆ ਹੈ।
_________________
ਕੀ ਹੈ ਪੌਡ ਪ੍ਰਣਾਲੀ?
ਪੌਡ ਪ੍ਰਣਾਲੀ ਇਕ ਅਜਿਹਾ ਆਵਾਜਾਈ ਦਾ ਸਾਧਨ ਹੈ ਜੋ ਚੁੰਬਕੀ ਸ਼ਕਤੀ ਨਾਲ ਚੱਲੇਗਾ ਤੇ ਬਿਨਾਂ ਚਾਲਕ ਚਾਰ ਤੋਂ ਛੇ ਸੀਟਾਂ ਵਾਲੇ ਪੌਡ ਰੇਲਵੇ ਸਟੇਸ਼ਨ ਤੇ ਬੱਸ ਅੱਡੇ ਤੋਂ ਸ੍ਰੀ ਹਰਿਮੰਦਰ ਸਾਹਿਬ ਤਕ ਯਾਤਰੀਆਂ ਨੂੰ ਲੈ ਕੇ ਜਾਣਗੇ। ਇਸੇ ਤਰ੍ਹਾਂ ਸ੍ਰੀ ਹਰਿਮੰਦਰ ਸਾਹਿਬ ਤੇ ਜਲ੍ਹਿਆਂਵਾਲਾ ਬਾਗ ਤੋਂ ਯਾਤਰੀ ਬੱਸ ਅੱਡੇ ਅਤੇ ਰੇਲਵੇ ਸਟੇਸ਼ਨ ਤਕ ਕੁਝ ਮਿੰਟਾਂ ਵਿਚ ਹੀ ਪੁਜ ਜਾਣਗੇ। ਆਵਾਜਾਈ ਦੀ ਇਹ ਪ੍ਰਣਾਲੀ ਭਾਰਤ ਵਿਚ ਪਹਿਲੀ ਵਾਰ ਅੰਮ੍ਰਿਤਸਰ ਵਿਖੇ ਸ਼ੁਰੂ ਹੋ ਰਹੀ ਹੈ। ਵਿਸ਼ਵ ਵਿਚ ਇਸ ਵੇਲੇ ਆਵਾਜਾਈ ਦੀ ਇਹ ਪ੍ਰਣਾਲੀ ਲੰਦਨ ਦੇ ਹੀਥਰੋ ਹਵਾਈ ਅੱਡੇ ‘ਤੇ ਚਲ ਰਹੀ ਹੈ।

Be the first to comment

Leave a Reply

Your email address will not be published.