ਨਾਬਰਾਂ (ਅਨਾਰਕਿਸਟਾਂ) ਦਾ ਸਿਨੇਮਾ

ਜਤਿੰਦਰ ਮੌਹਰ
ਫੋਨ: 91-97799-34747
Ḕਅਨਾਰਕਿਜ਼ਮ’ ਸ਼ਬਦ ਨੂੰ ਪੰਜਾਬੀ ਜਾਂ ਹਿੰਦੀ ਵਿਚ ਇੰਨ-ਬਿੰਨ Ḕਅਰਾਜਕਤਾਵਾਦੀ’ ਸ਼ਬਦ ਦੇ ਰੂਪ ‘ਚ ਉਲਥਾਇਆ ਗਿਆ ਹੈ। ਇਸ ਸ਼ਬਦ ਤੋਂ ਸਾਡੇ ਦਿਮਾਗ ‘ਚ ਅੰਨ੍ਹੀ ਭੰਨ-ਤੋੜ ਅਤੇ ਖ਼ੂਨ ਖਰਾਬਾ ਕਰਨ ਵਾਲੀ ਵਿਚਾਰਧਾਰਾ ਦਾ ਬਿੰਬ ਉਭਰਦਾ ਹੈ। ਇਸੇ ਕਰ ਕੇ ਇਸ ਸ਼ਬਦ ਨੂੰ ਲੁੰਪਨ ਸ਼ਬਦ ਦੇ ਨਾਲ ਵੀ ਵਰਤ ਲਿਆ ਜਾਂਦਾ ਹੈ। ਇਹ ਗਲਤ ਪ੍ਰਸੰਗ ‘ਚ ਪੜ੍ਹਿਆ ਜਾਣ ਵਾਲਾ ਸ਼ਬਦ ਹੈ। ਪੰਜਾਬੀ ਵਿਚ Ḕਨਾਬਰ’ ਸ਼ਬਦ Ḕਅਨਾਰਕਿਸਟ’ ਦੇ ਨੇੜੇ ਦਾ ਸ਼ਬਦ ਹੋ ਸਕਦਾ ਹੈ ਭਾਵੇਂ ਇਹ ਕੋਈ ਅੰਤਮ ਨਾਮ ਨਹੀਂ ਹੈ। ਨਾਬਰ ਅਤੇ ਇਨਕਲਾਬੀ ਹੋਣ ਵਿਚ ਫਰਕ ਹੈ। ਨਾਬਰ ਪਰਿਵਾਰ ਤੋਂ ਲੈ ਕੇ ਰਾਜ ਤੱਕ ਦੇ ਹਰ ਗ਼ਲਬੇ ਨੂੰ ਚੁਣੌਤੀ ਦਿੰਦਾ ਹੈ ਅਤੇ ਉਸ ਦੇ ਖ਼ਿਲਾਫ਼ ਲੜਦਾ ਹੈ ਪਰ ਇਨਕਲਾਬੀ ਬਦਲਵਾਂ ਪ੍ਰਬੰਧ ਪੇਸ਼ ਕਰਦਾ ਹੈ। ਜੇ ਨਾਬਰਾਂ ਦੇ ਪੇਸ਼ ਕੀਤੇ ਬਦਲਵੇਂ ਪ੍ਰਬੰਧ ‘ਤੇ ਵਿਚਾਰ ਕੀਤੀ ਜਾਵੇ ਤਾਂ ਉਹ ਸਿਰੇ ਦਾ ਯੂਟੋਪੀਆ ਸਿਰਜਦੇ ਹਨ ਜਿੱਥੇ ਰਾਜ-ਰਹਿਤ ਸਮਾਜ ਦੀ ਗੱਲ ਕਰਦੇ ਹਨ। ਇਸ ਸਮਾਜ ‘ਚ ਬੰਦੇ ਦਾ ਬੰਦੇ ਨਾਲ ਸਾਂਝੀਵਾਲਤਾ ਵਾਲਾ ਰਿਸ਼ਤਾ ਆਪਸੀ ਵਿਹਾਰ ‘ਚੋਂ ਪੈਦਾ ਹੋਵੇਗਾ। ਇਸ ਵਿਹਾਰ ਨੂੰ ਕੋਈ ਪਰਿਵਾਰ, ਪਾਰਟੀ, ਪੁਲਿਸ-ਫ਼ੌਜ ਜਾਂ ਰਾਜਤੰਤਰ ਤੈਅ ਨਹੀਂ ਕਰੇਗਾ। ਕਮਿਉਨਿਜ਼ਮ ਸਮਾਜਵਾਦ ਦੇ ਅਗਲੇਰੇ ਪੜਾਅ ਸਾਮਵਾਦ ‘ਚ ਰਾਜ ਦੇ ਗਾਇਬ ਹੋਣ ਦੀ ਗੱਲ ਕਰਦਾ ਹੈ। ਜਦੋਂ ਇੱਕ ਹੀ ਜਮਾਤ ਹੋਵੇਗੀ ਤਾਂ ਰਾਜ ਦੀ ਲੋੜ ਨਹੀਂ ਰਹੇਗੀ। ਕਈ ਸਿਆਸੀ-ਪੜਚੋਲੀਏ ਨਾਬਰੀ ਨੂੰ ਕਮਿਉਨਿਜ਼ਮ ਦਾ ਹਿੱਸਾ ਮੰਨਦੇ ਹਨ। ਆਲਮੀ ਪੱਧਰ ‘ਤੇ ਨਾਬਰਾਂ ਅਤੇ ਇਨਕਲਾਬੀਆਂ ਦੀ ਆਪਸੀ ਲੰਬੀ ਬਹਿਸ ਰਹੀ ਹੈ ਜਿਨ੍ਹਾਂ ‘ਚ ਮਸ਼ਹੂਰ ਨਾਬਰ ਬਾਕੂਨਿਨ ਅਤੇ ਕਾਰਲ ਮਾਰਕਸ ਦੀ ਆਪਸੀ ਬਹਿਸ ਵੀ ਸ਼ਾਮਲ ਹੈ ਜਿੱਥੇ ਉਹ ਕਮਿਉਨਿਸਟਾਂ ਦੇ Ḕਪ੍ਰੋਲੇਤਾਰੀਆਂ ਦੀ ਤਾਨਾਸ਼ਾਹੀ’ ਦੇ ਵਿਚਾਰ ਨੂੰ ਚੁਣੌਤੀ ਦਿੰਦਾ ਹੈ। ਪੰਜਾਬ ਦਾ ਸਿਰਮੌਰ ਸ਼ਹੀਦ ਭਗਤ ਸਿੰਘ ਮੁੱਢਲੇ ਸਿਆਸੀ ਜੀਵਨ ‘ਚ ਨਾਬਰ ਬਾਕੂਨਿਨ ਨਾਲ ਸਾਂਝ ਪਾਉਂਦਾ ਹੈ। ਭਗਤ ਸਿੰਘ ਨਾਬਰੀ ਦੇ ਅਰਥਾਂ ਅਤੇ ਨਿਸ਼ਾਨਿਆਂ ਬਾਰੇ ਵਿਸਤਾਰ ਨਾਲ ਲਿਖਦਾ ਹੈ। ਉਹ ਇਸ ਨੂੰ ਗਲਤ ਅਰਥਾਂ ‘ਚ ਪੇਸ਼ ਕੀਤੇ ਜਾਣ ਦੀ ਲੰਬੀ ਤਫ਼ਸੀਲ ਦਿੰਦਾ ਹੈ (ਕਿਤਾਬ-ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਦੀਆਂ ਲਿਖਤਾਂ)। ਉਹ ਲਿਖਦਾ ਹੈ, “ਅਨਾਰਕਿਜ਼ਮ ਯੂਨਾਨੀ ਬੋਲੀ ਦੇ ਦੋ ਸ਼ਬਦਾਂ Aਨ (ਂੋਟ) ਅਤੇ Aਰਚਹe (੍ਰੁਲe) ਤੋਂ ਬਣਿਆਂ ਹੈ ਜਿਸ ਦਾ ਅਰਥ ਹੈ Ḕਕੋਈ ਸੱਤਾ ਨਾ ਹੋਣਾ’, ਮਤਲਬ ਮਨੁੱਖ ਦੀ ਪੂਰਨ ਆਜ਼ਾਦੀ। ਅਸੀਂ ਇਹ ਸ਼ਬਦ ਸੁਣ ਕੇ ਡਰ ਜਾਂਦੇ ਹਾਂ ਕਿ ਇਹ ਅਸੰਭਵ ਅਤੇ ਖਤਰਨਾਕ ਹੈ। ਅਨਾਰਕਿਜ਼ਮ Ḕਚ ਜਿਸ ਆਦਰਸ਼ ਆਜ਼ਾਦੀ ਦੀ ਗੱਲ ਕੀਤੀ ਗਈ ਹੈ, ਉਹ ਪੂਰਨ ਆਜ਼ਾਦੀ ਹੈ; ਜਿੱਥੇ ਮਨੁੱਖ ਨੂੰ ਹਰ ਭੈਅ, ਮਾਇਆ, ਦੌਲਤ ਦੇ ਲਾਲਚ ਜਾਂ ਖ਼ਬਤ ਤੋਂ ਆਜ਼ਾਦੀ ਮਿਲੇਗੀ ਪਰ ਆਜ਼ਾਦੀ ਦੇ ਨਾਮ Ḕਤੇ ਉਸ ਦਾ ਸਰੀਰ ਕਿਸੇ ਸਰਕਾਰ ਜਾਂ ਪ੍ਰਬੰਧ ਦਾ ਗ਼ੁਲਾਮ ਨਹੀਂ ਹੋਵੇਗਾ।” ਬਾਕੂਨਿਨ ਰਾਹੀਂ ਭਗਤ ਸਿੰਘ ਦਾ ਸਿਆਸੀ ਸਫ਼ਰ ਉਸ ਨੂੰ ਬਾਬੇ ਮਾਰਕਸ ਦੀ ਵਿਚਾਰਧਾਰਾ ਵੱਲ ਲੈ ਤੁਰਦਾ ਹੈ।
ਵਲੈਤ, ਰੂਸ, ਜਰਮਨ, ਫ਼ਰਾਂਸ, ਇਟਲੀ ਅਤੇ ਸਪੇਨ ਵਿਚ ਨਾਬਰਾਂ ਦਾ ਲੰਬਾ ਇਤਿਹਾਸ ਰਿਹਾ ਹੈ। ਸੰਨ੍ਹ ਉੱਨ੍ਹੀ ਸੌ ਦਸ ਤੋਂ ਬਾਅਦ ਇਸ ਵਿਚਾਰਧਾਰਾ ਨੂੰ ਮੰਨਣ ਵਾਲੇ ਦੁਨੀਆਂ ਦੇ ਕਈ ਮੁਲਕਾਂ ‘ਚ ਫੈਲ ਗਏ। ਏਸ਼ੀਆ ‘ਚ ਜਪਾਨ, ਕੋਰੀਆ ਅਤੇ ਚੀਨ ਦੇ ਇਤਿਹਾਸ ਵਿਚ ਨਾਬਰਾਂ ਦੀਆਂ ਕਾਰਵਾਈਆਂ ਦਾ ਜ਼ਿਕਰ ਮਿਲਦਾ ਹੈ। ਬ੍ਰਾਜ਼ੀਲ ਅਤੇ ਅਰਜਨਟੀਨਾ ਵਿਚ ਇਸ ਵਿਚਾਰਧਾਰਾ ਨੂੰ ਇਟਲੀ, ਜਰਮਨ ਅਤੇ ਯੂਰਪ ਤੋਂ ਆਏ ਪਰਵਾਸੀਆਂ ਨੇ ਪ੍ਰਚਾਰਿਆ। ਸੰਨ੍ਹ ਉੱਨ੍ਹੀ ਸੌ ਤੀਹ ਤੱਕ ਬ੍ਰਾਜ਼ੀਲ ਦੇ ਸਿਆਸੀ ਇਤਿਹਾਸ ‘ਚ ਨਾਬਰਾਂ ਦੀ ਵਾਹਵਾ ਚਰਚਾ ਰਹੀ ਹੈ। ਮਜ਼ਦੂਰਾਂ ਦੇ ਹੱਕ ਦੀ ਗੱਲ ਇਨ੍ਹਾਂ ਲਾਤੀਨੀ ਮੁਲਕਾਂ ‘ਚ ਨਾਬਰਾਂ ਨੇ ਕਰਨੀ ਸ਼ੁਰੂ ਕੀਤੀ। ਬ੍ਰਾਜ਼ੀਲ ‘ਚ ਇਨ੍ਹਾਂ ਦੇ ਇਕ ਗੁੱਟ ਨੇ ਬ੍ਰਾਜ਼ੀਲੀ ਕਮਿਉਨਿਸਟ ਪਾਰਟੀ ਦੀ ਸਥਾਪਨਾ ਕੀਤੀ। ਸੰਨ੍ਹ ਉੱਨ੍ਹੀ ਸੌ ਤੀਹ ‘ਚ ਸੱਤਾ ‘ਚ ਆਏ ਫ਼ੌਜੀ ਨਿਜ਼ਾਮ ਨੇ ਨਾਬਰਾਂ ਨੂੰ ਵੱਡੀ ਸੱਟ ਮਾਰੀ ਅਤੇ ਉਹ ਮੁੜ ਪੈਰਾਂ ਸਿਰ ਨਹੀਂ ਹੋ ਸਕੇ। ਨਾਬਰਾਂ ਦੀ ਵੱਡੀ ਗਿਣਤੀ ਕਮਿਉਨਿਸਟ ਪਾਰਟੀ ‘ਚ ਸ਼ਾਮਲ ਹੋ ਗਈ। ਕਮਿਉਨਿਸਟਾਂ ਅਤੇ ਨਾਬਰਾਂ ਦੀ ਆਪਸੀ ਬਹਿਸ ਅਤੇ ਮਿਲ ਕੇ ਕੰਮ ਕਰਨ ਦਾ ਆਪਣਾ ਇਤਿਹਾਸ ਹੈ। ਬਰਾਬਰੀ ਦਾ ਅਤੇ ਦਾਬੇ ਰਹਿਤ ਸਮਾਜ ਸਿਰਜਣਾ ਦੋਹਾਂ ਦੀ ਸਾਂਝੀ ਪਹੁੰਚ ਹੈ, ਪਰ ਨਾਬਰਾਂ ਦੇ ਉਲਟ ਕਮਿਉਨਿਸਟ ਵੱਡੀ ਜੱਥੇਬੰਦ ਤਾਕਤ ਰਹੇ ਹਨ।
ਨਾਬਰਾਂ ਦਾ ਸਿਨੇਮਾ ਧਾਰਨਾ ਦੇ ਰੂਪ ‘ਚ ਸਥਾਪਿਤ ਸ਼ੈਅ ਨਹੀਂ ਹੈ। ਮੂਲ ਰੂਪ ‘ਚ ਨਾਬਰਾਂ ਦੇ ਇਤਿਹਾਸ ‘ਤੇ ਬਣੀਆਂ ਫ਼ਿਲਮਾਂ ਜਾਂ ਜਿਨ੍ਹਾਂ ਫ਼ਿਲਮਾਂ ‘ਚ ਉਨ੍ਹਾਂ ਦਾ ਪ੍ਰਸੰਗ ਆਉਂਦਾ ਹੈ। ਉਨ੍ਹਾਂ ਨੂੰ ਚਲੰਤ ਬੋਲੀ ਵਿਚ ਨਾਬਰਾਂ ਦਾ ਸਿਨੇਮਾ ਕਹਿ ਲਿਆ ਜਾਂਦਾ ਹੈ। ਵਿਚਾਰਧਾਰਾ ਅਤੇ ਗ਼ਲਬੇ ਦੀਆਂ ਸੂਖ਼ਮ ਤਹਿਆਂ ਨੂੰ ਵੱਖਰੇ ਵੱਖਰੇ ਤਰੀਕੇ ਨਾਲ ਪਰਦਾਪੇਸ਼ ਕੀਤਾ ਗਿਆ ਹੈ ਜਿਨ੍ਹਾਂ ‘ਚੋਂ ਪਛਾਣਨਾ ਹੁੰਦਾ ਹੈ ਕਿ ਕਿਹੜੀ ਗੱਲ ਸਮਾਜਵਾਦ, ਮਨੁੱਖਤਾਵਾਦ, ਆਦਰਸ਼ਵਾਦ, ਕਮਿਉਨਿਜ਼ਮ ਜਾਂ ਨਾਬਰੀ ਦੇ ਪੈਂਤੜੇ ਤੋਂ ਹੋ ਰਹੀ ਹੈ। ਮੋਟੇ ਰੂਪ ‘ਚ ਇਹ ਕਿਹਾ ਜਾਂਦਾ ਹੈ ਕਿ ਨਾਬਰੀ ਦੇ ਪੈਂਤੜੇ ਤੋਂ ਫ਼ਿਲਮਾਂ ਬਣਾਉਣ ਦਾ ਰੁਝਾਨ ਸਿਨੇਮੇ ਦੇ ਮੁੱਢਲੇ ਦਿਨਾਂ ਤੋਂ ਹੀ ਸ਼ੁਰੂ ਹੋ ਜਾਂਦਾ ਹੈ। ਸੰਨ੍ਹ ਉੱਨ੍ਹੀ ਸੌ ਤੇਤੀ ਵਿਚ ਬਣੀ ਫ਼ਿਲਮ Ḕਜ਼ੀਰੋ ਫਾਰ ਕੰਡਕਟ’ ਉਨ੍ਹਾਂ ਮੁੱਢਲੀਆਂ ਫ਼ਿਲਮਾਂ ‘ਚੋਂ ਇੱਕ ਹੈ ਜੋ ਫ਼ਰਾਂਸ ‘ਚ ਸੰਨ੍ਹ ਉੱਨ੍ਹੀ ਸੌ ਛਿਆਲੀ ਤੱਕ ਪਾਬੰਦੀ ਦਾ ਸ਼ਿਕਾਰ ਰਹੀ। ਬਹੁਤ ਬਾਅਦ ਬਣੀਆਂ ਕਈ ਫ਼ਿਲਮਾਂ ‘ਤੇ ਇਸ ਫ਼ਿਲਮ ਦਾ ਅਸਰ ਦੱਸਿਆ ਜਾਂਦਾ ਹੈ ਜਿਵੇਂ Ḕਦਿ 400 ਬਲੋਜ਼’ ਵਗੈਰਾ। ਇਸ ਫ਼ਿਲਮ ਵਿਚ ਚਾਰ ਮੁੰਡੇ ਸਕੂਲ ਦੇ ਗ਼ਲਬੇ ਖ਼ਿਲਾਫ਼ ਪੈਂਤੜਾ ਮੱਲਦੇ ਹਨ। ਕਈ ਪੜਚੋਲੀਏ ਇਸ ਫ਼ਿਲਮ ‘ਚ ਪੇਸ਼ ਹੋਏ ਬਾਲਗਾਂ ਅਤੇ ਨਾਬਾਲਗਾਂ ਦੇ ਆਪਸੀ ਵਿਰੋਧ ਨੂੰ ਜਮਾਤੀ ਸੰਘਰਸ਼ ਵਜੋਂ ਪੇਸ਼ ਕਰਦੇ ਹਨ ਅਤੇ ਕਈ ਸਿੱਖਿਆ ਢਾਂਚੇ ਨੂੰ ਗ਼ਲਬੇ ਦੇ ਰੂਪ ‘ਚ ਪੇਸ਼ ਕਰਦੇ ਹਨ।
ਕਈ ਮੌਜੂਦਾ ਪੱਛਮੀ ਫ਼ਿਲਮਾਂ ‘ਚ ਨਾਬਰਾਂ ਦੀ ਪੇਸ਼ਕਾਰੀ ਜੋਕਰਾਂ, ਆਪਹੁਦਰਿਆਂ ਜਾਂ ਵਿਚਾਰਧਾਰਾ ਦੇ ਨਾਮ ‘ਤੇ ਕੱਚਘਰੜ ਕਿਸਮ ਦੇ ਪਾਤਰਾਂ ਅਤੇ ਖਰੂਦੀ ਤੱਤਾਂ ਵਜੋਂ ਹੋ ਰਹੀ ਹੈ। ਇਨ੍ਹਾਂ ਫ਼ਿਲਮਾਂ ਦੇ ਬਹਾਨੇ, ਗ਼ਲਬੇ ਨੂੰ ਚੁਣੌਤੀ ਦੇਣ ਵਾਲਿਆਂ ਨੂੰ ਭੰਡਿਆ ਜਾਂਦਾ ਹੈ। ਹਰ ਤਰ੍ਹਾਂ ਦੇ ਵਿਰੋਧ ਨੂੰ ਅਮਨ-ਕਨੂੰਨ ਦਾ ਮਸਲਾ ਬਣਾ ਕੇ ਪੇਸ਼ ਕੀਤਾ ਜਾਂਦਾ ਹੈ। ਅੰਨ੍ਹੀ ਭੰਨ-ਤੋੜ ਅਤੇ ਕਤਲਾਂ ‘ਚ ਲੱਗੇ ਲੋਕਾਂ ਨੂੰ Ḕਨਾਬਰ’ ਨਾਮ ਨਾਲ ਪ੍ਰਚਾਰਿਆ ਜਾਂਦਾ ਹੈ। ਇਹ ਸ਼ਬਦ ਫ਼ਿਲਮ ਦੀ ਇਸ਼ਤਿਹਾਰਬਾਜ਼ੀ ਵਿਚ ਉਘੜਵੇਂ ਰੂਪ ‘ਚ ਵਰਤਿਆ ਜਾਂਦਾ ਹੈ। ਜਰਮਨ ਫ਼ਿਲਮਾਂ ਇਸ ਰੁਝਾਨ ਦੀਆਂ ਨੁਮਾਇੰਦਾ ਫ਼ਿਲਮਾਂ ਹਨ ਜਿਸ ਖਿੱਤੇ ‘ਚ ਨਾਬਰਾਂ ਦਾ ਲੰਬਾ ਇਤਿਹਾਸ ਹੈ। ਫ਼ਰਾਂਸ ਦੇ ਮਸ਼ਹੂਰ ਨਾਬਰ-ਚਿੰਤਕ ਜੀਨ ਪਾਲ ਸਾਰਤਰ ਦਾ ਕਹਿਣਾ ਹੈ, “ਨਾਬਰੀ ਨੈਤਿਕਤਾ ਮੁਖੀ ਹੋਣੀ ਚਾਹੀਦੀ ਹੈ।” ਇਸ ਪ੍ਰਸੰਗ ਵਿਚ ਕਈ ਗੌਲਣਯੋਗ ਫ਼ਿਲਮਾਂ ਪਰਦਾਪੇਸ਼ ਹੋਈਆਂ ਹਨ। ਇਨ੍ਹਾਂ ‘ਚੋਂ ਬਹੁਤੀਆਂ ਫ਼ਿਲਮਾਂ ਸਪੇਨੀ ਘਰੇਲੂ-ਜੰਗ ਨਾਲ ਸਬੰਧਤ ਹਨ ਜਿਸ ਵਿਚ ਨਾਬਰਾਂ ਦਾ ਅਹਿਮ ਹਿੱਸਾ ਸੀ। ਜ਼ੀਰੋ ਫਾਰ ਕੰਡਕਟ, ਬਟਰਫਲਾਈ, ਦਿ ਅਨਾਰਕਿਸਟ (ਕੋਰੀਅਨ ਫ਼ਿਲਮ), ਲੈਂਡ ਐਂਡ ਫਰੀਡਮ, ਲਿਬਰੇਟਰਜ਼, ਸੈਕੋ ਐਂਡ ਵੈਨਜ਼ੈਟੀ, ਐਜੂਕੇਟਰਜ਼ ਅਤੇ ਹੋਰ ਕਈ ਫ਼ਿਲਮਾਂ ਨੂੰ ਇਸ ਲੜੀ Ḕਚ ਰੱਖਿਆ ਜਾ ਸਕਦਾ ਹੈ। ਇਨ੍ਹਾਂ ਵਿਚੋਂ Ḕਬਟਰਫਲਾਈ’ ਸ਼ਾਹਕਾਰ ਫ਼ਿਲਮ ਦੇ ਤੌਰ ‘ਤੇ ਜਾਣੀ ਜਾਂਦੀ ਹੈ। ਇਨ੍ਹਾਂ ਫ਼ਿਲਮਾਂ ਬਾਰੇ ਲਿਖਣਾ ਲੰਬੇ ਲੇਖ ਦੀ ਮੰਗ ਕਰਦਾ ਹੈ। ਆਉਣ ਵਾਲੇ ਸਮੇਂ ‘ਚ ਇਨ੍ਹਾਂ ਖ਼ਾਸ ਫ਼ਿਲਮਾਂ ‘ਤੇ ਚਰਚਾ ਕਰਦੇ ਰਹਾਂਗੇ।

Be the first to comment

Leave a Reply

Your email address will not be published.