ਤਰਲੋਚਨ ਸਿੰਘ ਦੁਪਾਲਪੁਰ
ਫੋਨ: 408-915-1268
ਲੌਢੇ ਕੁ ਵੇਲੇ ਪਿੰਡ ਦੀ ਸ਼ਾਂਤ ਫਿਜ਼ਾ ਵਿਚ ਚੜ੍ਹਦੇ ਦੀ ਗੁੱਠੋਂ ਗੂੰਜੀ ਘੁੱਗੂ ਦੀ ‘ਤੁੱਕæææ ਤੁੱਕæææ ਤੁੱਕæææ ਤੁੱਕ’ ਦੀ ਆਵਾਜ਼ ਕੰਨੀਂ ਪੈਂਦਿਆਂ ਹੀ ਸਾਡੀ ਮਾਂ ਝਾੜੂ ਫੇਰਨੋਂ ਇਕ ਦਮ ਹਟ ਗਈ। ਛੱਟ ਸੁਆਰ ਕੇ ਰੱਖੇ ਹੋਏ ਦਾਣਿਆਂ ਦੇ ਥੈਲੇ ਵੱਲ ਇਸ਼ਾਰਾ ਕਰ ਕੇ ‘ਚੱਕੋ ਵੇ ਪੁੱਤ ਚੁੱਕੋ’ ਦਾ ਰੌਲਾ ਪਾ ਦਿੰਦੀ ਹੈ। ਆਪਣੇ ਹਾਣੀਆਂ ਨਾਲ ਗੋਲੀਆਂ ਦੀ ਜਿੱਤ ਹਾਰ ‘ਚ ਮਸਤ ਹੋਇਆਂ ਨੇ ਅਸੀਂ ਮਾਂ ਦੀ ਗੱਲ ਵੱਲ ਕੰਨ ਹੀ ਨਾ ਕੀਤਾ ਪਰ ਉਹ ਆਟਾ ਚੱਕੀ ‘ਤੇ ਜਾ ਕੇ ਦਾਣੇ ਪਿਹਾਉਣ ਬਾਰੇ ਹਦਾਇਤਾਂ ਦੇਣ ਲੱਗ ਪਈ।
“ਦਾਦੇ ਮਗੌਣੇ ਕਿਤੇ ਦਰੜ ਦੇ ਉਪਰੋਂ ਹੀ ਨਾ ਸਾਡੇ ਦਾਣੇ ਪਾ ਦੇਣæææ ਦੇਖਦੇ ਰਿਹੋ, ਆਟਾ ਬਰੀਕ ਹੋਵੇæææ ਤੁਲਾਉਣ ਲੱਗਿਆਂ ਵੱਟੇ ਦੇਖ ਲਈਦੇ ਹੁੰਦੇ ਆæææ ਤੁਸੀਂ ਪਾਹੜੂ ਆਂæææ ਉਡਾਰ ਦਾ ਕਿੰਨਾ ਆਟਾ ਕੱਢਦੇ ਐ? ਇਹ ਵੀ ਧਿਆਨ ‘ਚ ਰੱਖਿਉæææ।”
ਇਹ ਦੇਖ ਕੇ, ਕਿ ਅਸੀਂ ਨਾ ਦਾਣਿਆਂ ਦੇ ਥੈਲੇ ਵੱਲ ਝਾਕਿਆ ਹੈ ਅਤੇ ਨਾ ਹੀ ਉਹਦੀਆਂ ਗੱਲਾਂ ਵੱਲ ਧਿਆਨ ਦਿੱਤਾ ਹੈ, ਉਹ ਪਹਿਲਾਂ ਨਾਲੋਂ ਕਾਫ਼ੀ ਉਚੀ ਸੁਰ ਵਿਚ ਖਿਝ ਕੇ ਬੋਲਦਿਆਂ ਥੈਲੇ ਕੋਲ ਜਾ ਖੜ੍ਹੀ। ਬਦੋ-ਬਦੀ ਥੈਲਾ ਮੇਰੇ ਸਿਰ ਚੁਕਾ ਕੇ, ਪਹਿਲੋਂ ਦਿੱਤੀਆਂ ਨਸੀਹਤਾਂ ਦੁਹਰਾਉਣ ਲੱਗ ਪਈ। ਪਿਹਾਈ ਦੇ ਪੈਸੇ ਦੇਣ ਲਈ ਉਹ ਤਿੰਨ-ਚਾਰ ਅਠਿਆਨੀਆਂ ਮੇਰੀ ਜੇਬ ‘ਚ ਪਾਉਂਦੀ ਹੈ, ਪਰ ਕੱਚ ਦੀਆਂ ਗੋਲੀਆਂ ਨਾਲ ਭਰੀ ਜੇਬ ਦੇਖ ਕੇ ਉਹਦਾ ਪਾਰਾ ਹੋਰ ਚੜ੍ਹ ਗਿਆ। ਸਾਰਾ ਗੁੱਸਾ ਗੋਲੀਆਂ ‘ਤੇ ਲਾਹ ਕੇ ਉਹ ਜੇਬ ਖਾਲੀ ਕਰਦਿਆਂ ਫੇਰ ਅਠਿਆਨੀਆਂ ਪਾਉਂਦੀ ਹੈ। ਵੀਹ ਪੱਚੀ ਕਿਲੋ ਭਾਰਾ ਥੈਲਾ ਸਿਰ ‘ਤੇ ਚੁੱਕ ਕੇ ਮੈਂ ਪਿੰਡ ਦੀ ਆਟਾ ਚੱਕੀ ‘ਤੇ ਪਹੁੰਚਿਆ।
ਧਰਤੀ ‘ਚ ਗੱਡੇ ਹੋਏ ਲੱਕੜੀ ਦੇ ਥਮਲੇ ਨਾਲ ਬੰਨ੍ਹੇ ਹੋਏ ਤੱਕ (ਕੰਡੇ) ਉਪਰ ਲੋਕੀਂ ਆਪੋ-ਆਪਣੀ ਥੈਲੇ-ਗਠੜੀਆਂ ਰੱਖ-ਰੱਖ ਤੁਲਾਈ ਜਾ ਰਹੇ ਸਨ। ਜੱਗੂ ਮਿਸਤਰੀ ਦਾ ਹਲਕਾ ਜਿਹਾ ਚੁਸਤ ਮੁੰਡਾ ਦਾਣੇ ਤੋਲਣ ਉਪਰੰਤ ਨੀਲੀ ਸਿਆਹੀ ਦੀ ਬੋਤਲ ‘ਚੋਂ ਦਾਤਣ ਜਿਹੀ ਡੋਬ-ਡੋਬ ਕੇ ਥੈਲਿਆਂ ‘ਤੇ ਨੰਬਰ ਲਾਈ ਜਾ ਰਿਹਾ ਸੀ। ਨਾਲ ਦੀ ਨਾਲ ਆਪਣੀ ਕਾਪੀ ਵਿਚ ਥੈਲੇ ਦਾ ਨੰਬਰ, ਵਜ਼ਨ ਅਤੇ ਮਾਲਕ ਦਾ ਨਾਂ ਲਿਖੀ ਜਾ ਰਿਹਾ ਸੀ। ਮੈਥੋਂ ਪਹਿਲਾਂ ਫੇਰੂ ਬੁੜ੍ਹਾ ਆਪਣੇ ਦਾਣਿਆਂ ਦੀ ਗਠੜੀ ਤੁਲਵਾ ਰਿਹਾ ਸੀ। ਆਪਣੀ ਹਰ ਗੱਲ ਨੂੰ ਚੋਂਦੀਆਂ-ਚੋਂਦੀਆਂ ਗਾਲਾਂ ਨਾਲ ਸ਼ਿੰਗਾਰਨ ਵਾਲਾ ਇਹ ਬੁੜ੍ਹਾ ਕਈ ਦਿਨਾਂ ਤੋਂ ਆਪਣੇ ਪੁੱਤ-ਨੂੰਹ ਦੇ ਭਰੇ-ਭੁਕੰਨੇ ਟੱਬਰ ਨਾਲੋਂ ਅਲੱਗ ਹੋਇਆ ਹੋਇਆ ਸੀ। ਉਨ੍ਹਾਂ ਦੇ ਆਂਢ-ਗੁਆਂਢ ਵਿਚ ਤਾਂ ਹਾਸੜ ਮਚੀ ਹੋਈ ਸੀ ਕਿ ਅਰਾਮ ਨਾਲ ਪੱਕੀਆਂ ਪਕਾਈਆਂ ਛੱਕਣ ਦੀ ਥਾਂ, ਉਹ ਬੁੱਢੇ-ਵਾਰੇ ਅਲੱਗ ਚੁੱਲ੍ਹਾ ਤਪਾਉਣ ਦਾ ਢਾਣਸ ਕਰ ਰਿਹਾ ਹੈ। ਪਿੰਡ ਵਿਚ ਤਾਂ ਸਾਰੇ ਹੀ ਇਹ ਗੱਲ ਫੈਲੀ ਹੋਈ ਸੀ ਪਰ ਸ਼ਾਇਦ ਚੱਕੀ ਵਾਲਿਆਂ ਕੋਲ ਇਹ ‘ਕਨਸੋਅ’ ਪਹੁੰਚੀ ਨਾ ਹੋਵੇ। ਸੋ, ਦੁਚਿੱਤੀ ਜਿਹੀ ‘ਚ ਪਏ ਜੱਗੂ ਦੇ ਮੁੰਡੇ ਨੇ ਉਸ ਦੇ ਦਾਣੇ ਤੋਲਣ ਪਿਛੋਂ ਕਾਪੀ ‘ਤੇ ਨਾਂ ਲਿਖਣ ਲੱਗਿਆਂ ਉਚੀ ਆਵਾਜ਼ ਨਾਲ ਪੁੱਛਿਆ, “ਫੇਰੂ ਦਾ ਨਾਂ ਹੀ ਲਿਖ ਲਵਾਂ ਬੁੜ੍ਹਿਆ?”
ਆਪਣੇ ਪੋਤਰਿਆਂ ਦੇ ਹਾਣੀ-ਹਵਾਣੀ ਛੋਕਰੇ ਮੂੰਹੋਂ ਬੇਸਤਿਕਾਰੇ ਢੰਗ ਨਾਲ ਲਿਆ ਆਪਣਾ ਨਾਂ ਸੁਣ ਕੇ ਫੇਰੂ ਬੁੜ੍ਹੇ ਦੇ ਸੱਤੀਂ ਕੱਪੜੀਂ ਅੱਗ ਲੱਗ ਉਠੀ। ਹੱਥ ‘ਚ ਫੜਿਆ ਢਾਂਗੂ ਉਤਾਂਹ ਨੂੰ ਉਲਾਰ ਕੇ ਉਹ ਗੜ੍ਹਕਿਆ, “ਖੜ੍ਹ’ਤਾਂæææ ਤੇਰੇ ਜਮਾਉਂਦੇ ਦੀ ਦਵਾਂæææ! ਹਰਾਮਜ਼ਾਦਿਆæææ ਤੇਰਾ ਪਿਉ ਮੈਨੂੰ ਚਾਚਾ ਸੱਦਦੈæææ ਤੇ ਤੂੰ ਕੱਲ੍ਹ ਜੰਮ ਕੇ ਮੇਰਾ ਨਾਂ ਲੈਣ ਡਿਹਾਂæææ ਧੀ ਦਿਆæææ ਕਿਸੇ ਸਾਲੇ ਨੇ ਮੱਤ ਦਿੱਤੀ ਊਈ ਨੀ?æææ ਹੈਂਅ? ਕਿੱਡਾ ਆਇਆ ਸਾਲਾ ਮੇਰਾ ਵੱਡਾ-ਵਡਾਰੂ!!”
ਸਿਰੇ ਦੇ ਕੁਪੱਤੇ ਬੁੜ੍ਹੇ ਕੋਲੋਂ ਆਪਣੀ ਗਰਮਾ-ਗਰਮ ਝੰਡ ਕਰਵਾ ਕੇ ਜੱਗੂ ਦਾ ਮੁੰਡਾ ਤਾਂ ਖਿਸਿਆਨੀ ਹਾਸੀ ਹੱਸਦਾ ਕੰਡੇ ਤੋਂ ਉਠ ਕੇ ਅੰਦਰ ਚੱਕੀ ਵੱਲ ਗੇੜਾ ਮਾਰਨ ਚਲਾ ਗਿਆ। ਮੂੰਹੋਂ ਝੱਗ ਸੁੱਟ ਰਹੇ ਫੇਰੂ ਬੁੜ੍ਹੇ ਨੂੰ ਠੰਢਾ ਕੀਤਾ ‘ਗਿਆਨੀ ਜੀ’ ਨੇ ਜੋ ਜੱਗੂ ਦੇ ਬਾਪ ਸੰਤੇ ਮਿਸਤਰੀ ਦੀ ਅਹਿਰਨ ਹਾਲੀ ਤੋਂ ਆਪਣੇ ਰੰਬੇ ਦਾਤੀਆਂ ਚੰਡਾਉਣ ਤੋਂ ਬਾਅਦ, ਚੱਕੀ ‘ਤੇ ਚੱਲ ਰਹੀ ਗੱਪ-ਗੋਸ਼ਟੀ ‘ਚ ਮਘਨ ਹੋਏ ਬੈਠੇ ਸਨ।
“ਜਾਣ ਦੇ ਗੁੱਸੇ ਨੂੰ ਚਾਚਾ! ਆ ਜਾ, ਐਧਰ ਆ ਜਾ!!” ਵਰਾਂਡੇ ‘ਚ ਡਹੇ ਅਣਘੜਤ ਜਿਹੇ ਤਖ਼ਤਪੋਸ਼ ‘ਤੇ ਬੈਠੇ ਗਿਆਨੀ ਜੀ ਨੇ ਫੇਰੂ ਬੁੜ੍ਹੇ ਨੂੰ ਆਪਣੇ ਕੋਲ ਸੱਦਦਿਆਂ ਆਖਿਆ, “ਚਾਚਾ, ਇਸ ਕੱਲ੍ਹ ਦੇ ਛੋਕਰੇ ‘ਤੇ ਕਿਆ ਗੁੱਸਾ ਕਰਨੈæææ ਅੱਜਕੱਲ੍ਹ ਦੀ ਮੁੰਡੀਹਰ ਤਾਂ ਹੈ ਈ ਬੇਗੁਰੀ। ਆ ਜਾ ਤੈਨੂੰ ਇਕ ਧੌਲ ਦਾੜ੍ਹੀਏ ਦੀ ਅਕਲ ਦੀ ਗੱਲ ਸੁਣਾਵਾਂ।”
ਤੇੜ ਲਾਈ ਹੋਈ ਆਪਣੀ ਤੰਬੀ ਦੇ ਲੜਾਂ ਨੂੰ ਲੱਤਾਂ ‘ਚ ਕਰ ਕੇ ਤਖ਼ਤਪੋਸ਼ ‘ਤੇ ਬਹਿਣ ਲੱਗੇ ਫੇਰੂ ਬੁੜ੍ਹੇ ਨੇ ਦੋ-ਤਿੰਨ ਗਾਲਾਂ ਜੱਗੂ ਦੇ ਮੁੰਡੇ ਨੂੰ ਹੋਰ ਕੱਢ ਦਿੱਤੀਆਂ। ਜਿਵੇਂ ਕਿਤੇ ਉਹਦੇ ਕੋਲੋਂ ਬਦਲਾ ਲੈਣ ਦੀ ਹਾਲੇ ਕੋਈ ਕਸਰ ਰਹਿ ਗਈ ਹੋਵੇ! ਮਸਾਂ ਕਿਤੇ ਖੰਘੂਰੇ-ਖੰਘਾਰੇ ਮਾਰ ਕੇ ਬੁੜ੍ਹੇ ਨੇ ਆਪਣਾ ਮੂਡ ਠੀਕ ਕਰਦਿਆਂ ਗਿਆਨੀ ਜੀ ਵੱਲ ਮੂੰਹ ਘੁਮਾ ਕੇ ਪੁੱਛਿਆ, “ਸੁਣਾ ਮੱਲਿਆ, ਤੂੰ ਕੀ ਕਹਿਣ ਲੱਗਾ ਸੈਂ?”
“ਕਹਿਣਾ ਕਿਆ ਐ ਚਾਚਾ!”, ਗਿਆਨੀ ਜੀ ਨੇ ਆਪਣੀ ਕਹਾਣੀ ਛੋਹ ਲਈ, “ਤੈਨੂੰ ਪਤਾ ਈ ਐ ਚਾਚਾ, ਮਹੀਨਾ ਕੁ ਹੋਇਆ ਮੈਂ ਆਪਣਾ ਮੁੰਡਾ ਵਿਆਹਿਐ। ਝੰਡੇ ਕਿਆਂ ਨੇ ਵੀ ਸਾਡੇ ਅੱਗੜ ਪਿੱਛੜ ਹੀ ਆਪਣੇ ਮੁੰਡੇ ਦਾ ਵਿਆਹ ਕੀਤਾ। ਆਹ ਹੁਣੇ ਈ, ਤੁਹਾਥੋਂ ਮੋਹਰੇ-ਮੋਹਰੇ ਉਨ੍ਹਾਂ ਦਾ ਬੁੜ੍ਹਾ ਮੇਰੇ ਕੋਲੋਂ ਉਠ ਕੇ ਗਿਆ। ਮੈਨੂੰ ਪੁੱਛਣ ਲੱਗਾ, ਅਖੇ, ਗਿਆਨੀ ਜੀ ਮੁੰਡਾ ਵਿਆਹ ਲਿਆ? ਫੇਰ ਦਾਜ ਬਾਰੇ ਪੁੱਛਣ ਲੱਗ ਪਿਆ। ਅਖੇ, ਬਹੂ ਖੱਟ-ਦਾਤ ਕਿੰਨੀ ਕੁ ਲਿਆਈ ਐ?”
“ਤੂੰ ਕਾਕਾ ਉਹਨੂੰ ਪੁੱਛਿਆ ਨੀ ਕਿæææ”, ਫੇਰੂ ਬੁੜ੍ਹਾ ਗੱਲ ਸੁਣਦਾ-ਸੁਣਦਾ ਬਿਪਰ ਪਿਆ, “ਤੈਂ ਆਪਣੀ ਮਾਂ ਦਿਆæææ ਸਾਡੀ ਬਹੂ ਦੇ ਦਾਜ ਤੋਂ ਧਾਰਾਂ ਲੈਣੀਆਂ?”
“ਕਿੱਥੇ ਚਾਚਾ, ਤੂੰ ਉਹਦੀ ਅਗਲੀ ਗੱਲ ਤਾਂ ਸੁਣæææ?” ਗਿਆਨੀ ਜੀ ਕਹਿਣ ਲੱਗੇ, “ਮੇਰੇ ਹਾਂ-ਹੂੰ ਕਰਦਿਆਂ ਤੇ ਸਹੁਰਾ ਬਣਾ ਸੁਆਰ ਕੇ ਕਹਿੰਦਾ, ਅਖੇ, ਗਿਆਨੀ ਬਹੂ ਕਹੀ ਕੁ ਐ?”
“ਆਹ ਤੇਰੇ ਕੰਜਰ ਦੀ ਦੇਵਾਂæææਸਾਲਾ ਵਿਗੜਿਆ ਚੌਰਾ।” ਫੇਰੂ ਬੁੜ੍ਹੇ ਨੇ ਉਪਰੋਥਲੀ ਤਿੰਨ-ਚਾਰ ਗਾਲਾਂ ਕੱਢ ਕੇ ਆਪਣੀ ਖੂੰਡੀ ਦਾ ਤਿੱਖਾ ਪਾਸਾ ਗੁੱਸੇ ‘ਚ ਆ ਕੇ ਧਰਤੀ ‘ਤੇ ਇਉਂ ਮਾਰਿਆ, ਜਿੱਦਾਂ ਕਿਤੇ ਉਹ ਝੰਡੇ ਕਿਆਂ ਦੇ ਬੁੜ੍ਹੇ ਦੀ ਹਿੱਕ ‘ਚ ਮਾਰਨਾ ਚਾਹੁੰਦਾ ਹੋਵੇ। ਆਪਣੀ ਐਨਕ ਦੇ ਮੋਟੇ-ਮੋਟੇ ਸ਼ੀਸ਼ਿਆਂ ‘ਚੋਂ ਲਾਲ-ਲਾਲ ਅੱਖਾਂ ਕੱਢਦਿਆਂ ਉਸ ਨੇ ਗਿਆਨੀ ਜੀ ਨੂੰ ਪੁੱਛਿਆ, “ਫੇਰ?”
“ਬੱਸ ਫੇਰ ਕਿਆ ਜੀ, ਮੈਂ ਦੇਖਾਂ ਤਾਂਹ-ਠਾਂਹ ਨੂੰ, ਕਿ ਕੀ ਜਵਾਬ ਦਿਆਂ? ਐਨੇ ਨੂੰ ਸਾਡੀ ਗਲੀ ਦੀ ਇਕ ਕੁੜੀ ਐਥੇ ਦਾਣੇ ਪਿਹਾਉਣ ਆ ਗਈ। ਮੈਨੂੰ ਸੁਝ ਗਈ। ਮੈਂ ਕਿਹਾ, ਲੈ ਬਈ ਐਸ ਕੁੜੀ ਨੂੰ ਪੁੱਛ ਲੈ ਸਾਡੀ ਨੂੰਹ ਬਾਰੇ। ਉਹ ਕੁੜੀ ਨਿਆਣਿਆਂ ਵਾਂਗ ਸਾਡੀ ਬਹੂ ਦੀਆਂ ਸਿਫ਼ਤਾਂ ਕਰਨ ਲੱਗ ਪਈ, ਅਖੇ, ਸਾਡੀ ਨਵੀਂ ਭਾਬੀ ਤਾਂ ਬਹੁਤ ਈ ਸੋਹਣੀ ਆਂ! ਲੈ ਬਈ ਚਾਚਾ, ਇੰਨੀ ਗੱਲ ਕਹਿ ਕੇ ਕੁੜੀ ਤਾਂ ਅੰਦਰ ਵੜ ਗਈ, ਉਹ ਬੇ-ਅਕਲਾ ਮੇਰੇ ਨੇੜੇ ਜਿਹੇ ਨੂੰ ਹੋ ਕੇ ਕਹਿੰਦਾ, ਗਿਆਨੀ, ਸਾਡੇ ਮੁੰਡੇ ਦੀ ਵਹੁਟੀ ਵੀ ਮੋਰਨੀ ਵਰਗੀ ਆ! ਹੱਥ ਲਾਇਆਂ ਮੈਲੀ ਹੁੰਦੀ ਐ!!
“ਦੁਰ ਫਿਟੇ ਮੂੰਹ ਇਸ ਗੰਦੇ ਖਾਨਦਾਨ ਦੇæææ!”
ਫੇਰੂ ਬੁੜ੍ਹੇ ਦੀਆਂ ਗਾਲਾਂ ਦੀ ਝੜੀ ਉਦੋਂ ਖ਼ਤਮ ਹੋਈ ਜਦ ਉਸ ਨੇ ਦੇਖਿਆ ਕਿ ਚੱਕੀ ਵਾਲੇ ਇੰਜਣ ‘ਚੋਂ ਪਾਈਪ ਰਾਹੀਂ ਕੱਢੇ ਜਾ ਰਹੇ ਕੋਸੇ-ਕੋਸੇ ਪਾਣੀ ਨਾਲ, ਕਈ ਹਾਲੀ ਪਾਲੀ ਨਹਾ-ਨਹਾ ਕੇ ਜਾ ਰਹੇ ਨੇ। ਡੱਬੀਆਂ ਵਾਲੇ ਜਿਸ ਪਰਨੇ ਨੂੰ ਸਾਰੇ ਜਣੇ ਤੇੜ ਲਾ-ਲਾ ਨਹਾਈ ਜਾ ਰਹੇ ਸਨ, ਗੜੁੱਚ ਹੋਏ ਉਸੇ ਪਰਨੇ ਨੂੰ ਨਿਚੋੜ ਕੇ ਫੇਰੂ ਬੁੜ੍ਹੇ ਨੇ ਵੀ ਤੇੜ ਲਾ ਲਿਆ। ਬਿਨਾਂ ਕਿਸੇ ਸਾਬਣ-ਤੇਲ ਦੇ ਪਹਿਲੇ ਨਹਾਉਣ ਵਾਲਿਆਂ ਵਾਂਗ ਫੇਰੂ ਵੀ ਨਿੱਘੇ ਪਾਣੀ ਨਾਲ ਮਲ-ਮਲ ਕੇ ਨਹਾਇਆ। ਇੰਨੇ ਨੂੰ ਚੱਕੀ ਵਾਲਿਆਂ ਦੇ ਘਰੋਂ ਚਾਹ ਦੀ ਬਾਲਟੀ ਆ ਗਈ। ਸੀਰੇ ਵਰਗੀ ਗਾੜ੍ਹੀ ਚਾਹ ਪਿੱਤਲ ਦੇ ਗਲਾਸਾਂ ‘ਚ ਪਾ ਕੇ ਸਭ ਨੂੰ ਵਰਤਾਈ ਗਈ।
ਅੰਦਰ ਸਾਰੀਆਂ ਗੱਠਾਂ (ਦਾਣਿਆਂ ਦੇ ਥੈਲੇ) ਮੁੱਕ ਗਈਆਂ ਸਨ। ਜੱਗੂ ਨੇ ਦੌੜ ਕੇ ਵੱਡੇ ਸਾਰੇ ਵੀਲ ਵਾਲਾ ਇੰਜਣ ਬੰਦ ਕਰ ਦਿੱਤਾ। ਘੁੱਗੂ ਦੀ ‘ਤੁੱਕæææਤੁੱਕ’ ਹੌਲੀ-ਹੌਲੀ ਖਾਮੋਸ਼ ਹੋ ਗਈ। ਦਾਣੇ ਪਿਹਾਉਣ ਆਏ ਸਾਰੇ ਜਣੇ ਹਾਸੇ-ਮਸ਼ਕੂਲੇ ਕਰਦੇ ਆਪਣੇ ਘਰਾਂ ਨੂੰ ਤੁਰ ਗਏ। ਦੂਰ ਦੁਮੇਲਾਂ ਉਤੇ ਸੂਰਜ ਦੀ ਟਿੱਕੀ ਲਾਲ ਸੁਰਖ ਹੋ ਚੁੱਕੀ ਸੀ। ਘੁਸਮੁਸੇ ਦੀ ਰੁਮਕਦੀ ਹਵਾ ਵਿਚ ਜੀਅ ਜਨੌਰ ਆਪਣੇ ਆਲ੍ਹਣਿਆਂ ਵਿਚ ਜਾ ਬਿਰਾਜੇ ਸਨ।
ਰਹੇ ਨਾ ਕੁੰਢੀਆਂ ਮੁੱਛਾਂ ਵਾਲੇ
ਰਹੇ ਨਾ ਰਾਣੀ ਖਾਂ ਦੇ ਸਾਲੇ।
ਕਿੱਥੇ ਨੇ ਉਹ ਮੌਜੀ ਬੰਦੇ
ਜਿਹੜੇ ਛੱਡ ਦੁਨੀਆਂ ਦੇ ਧੰਦੇ।
ਬੈਠੇ ਚੰਦ ਦੀ ਟਿੱਕੀ ਥੱਲੇ
ਸਨ ਗਾਂਵਦੇ ਢੋਲੇ। (ਪ੍ਰੋæ ਮੋਹਨ ਸਿੰਘ)
Leave a Reply