ਸੁਰਿੰਦਰ ਨੀਰ ਦੀ ‘ਮਾਇਆ’ ਬਨਾਮ ਜ਼ਿੰਦਗੀ ਦਾ ਜਸ਼ਨ (5)
ਜੰਮੂ ਵੱਸਦੀ ਪੰਜਾਬੀ ਸਾਹਿਤਕਾਰ ਸੁਰਿੰਦਰ ਨੀਰ ਦੇ ਵੱਡ-ਅਕਾਰੀ ਨਾਵਲ ‘ਮਾਇਆ’ ਨੇ ਪੰਜਾਬੀ ਸਾਹਿਤ ਜਗਤ ਵਿਚ ਚੋਖੀ ਹਲਚਲ ਕੀਤੀ ਹੈ। ਹਰ ਬੁੱਧੀਜੀਵੀ ਅਤੇ ਪਾਠਕ ਨੇ ਇਸ ਨਾਵਲ ਦੇ ਟੈਕਸਟ ਦੇ ਵੱਖ-ਵੱਖ ਅਰਥ ਸਿਰਜਣ ਦਾ ਯਤਨ ਕੀਤਾ ਹੈ। ਸਾਹਿਤ ਜਗਤ ਵਿਚ ਚਿਰਾਂ ਬਾਅਦ ਅਜਿਹੀ ਰਚਨਾ ਸਾਹਮਣੇ ਆਈ ਹੈ ਜਿਸ ਬਾਰੇ ਇਸ ਤਰ੍ਹਾਂ ਦੀ ਚਰਚਾ ਅਰੰਭ ਹੋਈ ਹੈ। ਮੋਟੇ ਤੌਰ ‘ਤੇ ਤਾਂ ਇਸ ਰਚਨਾ ਦਾ ਸਵਾਗਤ ਹੀ ਹੋਇਆ ਹੈ, ਪਰ ਕੁਝ ਪਾਠਕਾਂ/ਬੁੱਧੀਜੀਵੀਆਂ ਨੇ ਇਸ ਨਾਵਲ ਦੀ ਤਿੱਖੀ ਨੁਕਤਾਚੀਨੀ ਵੀ ਕੀਤੀ ਹੈ। ਇਸ ਨਾਵਲ ਬਾਰੇ ‘ਪੰਜਾਬ ਟਾਈਮਜ਼’ ਦੇ ਖੈਰ-ਖਵਾਹ ਅਤੇ ਮਿੱਤਰ ਗੁਰਦਿਆਲ ਸਿੰਘ ਬੱਲ ਨੇ ਲੰਮਾ ਲੇਖ ਲਿਖਿਆ ਹੈ। ਇਹ ਲੇਖ ਨਿਰਾ-ਪੁਰਾ ਇਸ ਨਾਵਲ ਬਾਰੇ ਹੀ ਨਹੀਂ, ਬਲਕਿ ਇਸ ਵਿਚ ਸੰਸਾਰ ਸਾਹਿਤ ਦੀਆਂ ਉਹ ਗੱਲਾਂ ਸਾਂਝੀਆਂ ਕੀਤੀਆਂ ਗਈਆਂ ਹਨ ਜਿਹੜੀਆਂ ਜ਼ਿੰਦਗੀ ਨੂੰ ਸਮਝਣ/ਸਮਝਾਉਣ ਲਈ ਕਹਿੰਦੇ-ਕਹਾਉਂਦੇ ਲੇਖਕਾਂ ਨੇ ਵੱਖ-ਵੱਖ ਸਮਿਆਂ ਵਿਚ ਆਪਣੀਆਂ ਲਿਖਤਾਂ ਦਾ ਹਿੱਸਾ ਬਣਾਈਆਂ ਸਨ। -ਸੰਪਾਦਕ
ਗੁਰਦਿਆਲ ਸਿੰਘ ਬੱਲ
ਨਾਵਲ ‘ਮਾਇਆ’ ਦੀ ਮੁੱਖ ਪਾਤਰ ਬਲਬੀਰ ਦੇ ਘਰੋਂ ਭੱਜਣ ਪਿਛੋਂ ਦਿੱਲੀ ਵਿਖੇ ਰਘੂਨਾਥ ਵਾਲੇ ਭਿਆਨਕ ਤਜਰਬੇ ਤੋਂ ਬਾਅਦ ਉਸ ਦੇ ਸਫਰ ਦਾ ਪਹਿਲਾ ਅਸਲ ਪੜਾਅ ਚੰਡੀਗੜ੍ਹ ਵਿਚ ਸਮੀਰ ਆਰਟ ਸਟੂਡੀਓ ਦੇ ਮਾਲਕ ਸਮੀਰ ਨਾਲ ਸੰਪਰਕ ਜੁੜਨ ਅਤੇ ਇਸ ਰਿਸ਼ਤੇ ਦੇ ਬਹੁਤ ਕਰੂਰ ਅੰਦਾਜ਼ ਵਿਚ ਮੋਹ-ਭੰਗ ਹੋਣ ਨਾਲ ਮੁਕੰਮਲ ਹੁੰਦਾ ਹੈ। ਸਮੀਰ ਦੀ ਮਾਇਆ ਦੀ ਸ਼ਖਸੀਅਤ ਪ੍ਰਤੀ ਇਕਪਾਸੜ ਮੁਹੱਬਤੀ ਖਿੱਚ ਦੀ ਸ਼ਿੱਦਤ ਸੁਰਿੰਦਰ ਨੀਰ ਨੇ ਬੜੇ ਸੰਜਮੀ ਅੰਦਾਜ਼ ਵਿਚ ਉਜਾਗਰ ਕੀਤੀ ਹੈ, ਪਰ ਸਮੀਰ ਬਲਬੀਰ ਦੀ ਸ਼ਖਸੀਅਤ ਦੇ ਜਾਦੂ ਨੂੰ ਨਮੋ ਕਿੰਜ ਕਰਦਾ ਹੈ, ਇਸ ਬਾਰੇ ਨਾਵਲ ਦੇ ਪੰਨਾ 150 ‘ਤੇ ਬਿਰਤਾਂਤ ਦੇਖੋ,
“ਬਿੱਲੀ æææ ਇਹ ਖਾਮੋਸ਼ੀ ਅਤੇ ਕੁਦਰਤ ਦੀ ਖੂਬਸੂਰਤੀ ਨੂੰ ਸਿਰਫ ਅਤੇ ਸਿਰਫ ਤੇਰੇ ਨਾਲ ਹੀ ਮਾਣਿਆ ਤੇ ਮਹਿਸੂਸਿਆ ਜਾ ਸਕਦਾ ਹੈ; ਕਿਉਂਕਿ ਤੂੰ ਆਪ ਕੁਦਰਤ ਵਾਂਗ ਸੁੰਦਰ ਹੈ ਜੋ ਇਸ ਸੁੰਦਰਤਾ ਦਾ ਹਿੱਸਾ ਬਣ ਕੇ ਇਸ ਨੂੰ ਕੰਪਲੀਮੈਂਟ ਕਰਦੀ ਹੈ। ਇਸੇ ਕਰ ਕੇ ਮੈਂ ਪਤਝੜ ਦੇ ਸੁੱਕੇ ਪੱਤਿਆਂ ਉਤੇ ਤੇਰੇ ਕਦਮਾਂ ਨਾਲ ਕਦਮ ਮਿਲਾ ਕੇ ਤੁਰਨਾ ਚਾਹੁੰਦਾ ਹਾਂ। ਕੋਸੀਆਂ ਧੁੱਪਾਂ ਵਿਚ ਤੇਰੇ ਅਹਿਸਾਸ ਦਾ ਨਿੱਘ ਮਾਣਨਾ ਮੈਨੂੰ ਚੰਗਾ ਲੱਗਦਾ ਹੈ।”
ਇਸ ਬਿਰਤਾਂਤ ‘ਚੋਂ ਲੰਘਦਿਆਂ ਮੈਨੂੰ ਮੁੜ ਆਈਸਾ ਡੋਰਾ ਡੰਕਨ ਦੀ ਯਾਦ ਆ ਗਈ ਹੈ। ਡੰਕਨ ਦੱਸਦੀ ਹੈ ਕਿ ਡੀ ਐਨਨਜੀਓ ਜਦੋਂ ਮੁਹੱਬਤ ਕਰਦਾ ਸੀ ਤਾਂ ਉਹ ਸਬੰਧਤ ਔਰਤ ਨੂੰ ਇਹ ਮਹਿਸੂਸ ਕਰਨ ਲਗਾ ਦਿੰਦਾ ਸੀ ਜਿਵੇਂ ਉਹ ਹੀ ਪੂਰੀ ਕਾਇਨਾਤ ਦਾ ਧੁਰਾ ਹੋਵੇ। ਉਹ ਦੱਸਦੀ ਹੈ ਕਿ ਕਿਸੇ ਸ਼ਾਮ ਕਿਧਰੇ ਇਕੱਲੇ ਸੈਰ ਕਰਦਿਆਂ ਡੀ ਐਨਨਜੀਓ ਨੇ ਅਚਾਨਕ ਹੀ ਉਸ ਨੂੰ ਮੁਖਾਤਬ ਹੁੰਦਿਆਂ ਇਉਂ ਪੁਕਾਰਨਾ ਸ਼ੁਰੂ ਕਰ ਦਿੱਤਾ,
“ਓ ਆਈਸਾ ਡੋਰਾ! ਕੁਦਰਤ ਦਾ ਅਜਿਹਾ ਅਲੋਕਾਰ ਜਲਵਾ ਕੇਵਲ ਅਤੇ ਕੇਵਲ ਤੇਰੀ ਸੰਗਤ ਵਿਚ ਮਹਿਸੂਸ ਕੀਤਾ ਜਾ ਸਕਦਾ ਹੈ। ਦੁਨੀਆਂ ਦੀ ਹੋਰ ਕੋਈ ਵੀ ਔਰਤ ਇਸ ਅਨੂਠੇ ਲੈਂਡਸਕੇਪ ਦੇ ਹੁਸਨ ਨੂੰ ਬਰਬਾਦ ਕਰ ਦੇਵੇ। (ਭਲਾ ਕੋਈ ਵੀ ਔਰਤ ਅਜਿਹੀ ਵਡਿਆਈ ‘ਤੇ ਨੱਕ ਚੜ੍ਹਾਉਣ ਦੀ ਹਿਮਾਕਤ ਕਰੇਗੀ?) ਤੂੰ ਫੁੱਲਾਂ ਦਾ, ਪੌਦਿਆਂ ਦਾ, ਵਿਰਾਟ ਅਸਮਾਨ ਦਾ ਅਨਿੱਖੜ ਅੰਗ ਹੈ; ਤੂੰ ਨਿਰਸੰਦੇਹ ਕੁਦਰਤ ਦੀ ਸ਼ਾਹਾਨਾ ਦੇਵੀ ਹੈਂ!!”
ਆਈਸਾ ਡੋਰਾ ਡੰਕਨ ਦਾ ਡੀ ਐਨਨਜੀਓ ਨਾਲ ਕੋਈ ਜ਼ਿਆਦਾ ਲੰਮਾ-ਚੌੜਾ ਨੇੜ ਨਹੀਂ ਸੀ। ਫਿਰ ਵੀ ਉਸ ਦਾ ਜ਼ਿਕਰ ਉਹ ਕਿੰਨੇ ਪਿਆਰੇ ਅੰਦਾਜ਼ ਵਿਚ ਕਰ ਰਹੀ ਹੈ!
ਸਮੀਰ ਬਲਬੀਰ ਦਾ ਸਤਿਕਾਰ ਕਰਦਾ ਹੈ; ਉਸ ਦੀ ਸ਼ਖਸੀਅਤ ਦੇ ਜਾਦੂ ਤੋਂ ਪ੍ਰਭਾਵਿਤ ਹੈ। ਫਿਰ ਦਿੱਲੀ ਜਾ ਕੇ ਰਘੂਦੇਵ ਮਹਾਜਨ ਜਿਸ ਕਿਸਮ ਦਾ ਕੌਤਕ ਕਰਦਾ ਹੈ, ਉਸ ਤਰ੍ਹਾਂ ਕਰ ਸਕਣਾ ਖਾਲਾ ਜੀ ਦੀ ਖੇਡ ਨਹੀਂ ਹੁੰਦੀ।
ਬਲਬੀਰ ਆਪਣੀ ਜਗ੍ਹਾ ‘ਤੇ ਠੀਕ ਹੈ। ਉਸ ਨੂੰ ਅਹਿਸਾਸ ਹੈ ਕਿ ਉਸ ਦੀ ਸ਼ਖਸੀਅਤ ਦੀ ਕੈਮਿਸਟਰੀ ਸਮੀਰ ਨਾਲ ਮੇਲ ਖਾ ਨਹੀਂ ਸਕੇਗੀ; ਵਰਨਾ ਗੱਲ ਕੇਵਲ ਇੰਨੀ ਨਹੀਂ ਹੈ ਕਿ ਸਮੀਰ ਚਾਣ-ਚੱਕ ਹੀ ਪੋਜੈਸਿਵ ਜ਼ਿਆਦਾ ਹੋ ਗਿਆ ਹੈ। ਮੈਨੂੰ ਇਹ ਇਕਪਾਸੜ ਮੁਹੱਬਤ ਦਾ ਮਾਰੂ ਰਾਗ ਲੱਗਦਾ ਹੈ ਜੋ ਬਹੁਤ ਜ਼ਿਆਦਾ ਘਾਤਕ ਹੁੰਦਾ ਹੈ। ਇਕ ਵਾਰ ਅੰਮ੍ਰਿਤਾ ਪ੍ਰੀਤਮ ਨੇ ਪਾਲ ਪਾਟਸ ਨਾਂ ਦੇ ਲੇਖਕ ਦੇ ਹਵਾਲੇ ਨਾਲ ਪਾਠਕਾਂ ਨੂੰ ਇਹ ਰਾਗ ਸੁਣਾਉਣ ਦਾ ਸੰਕੇਤ ਦਿੱਤਾ ਸੀ।
ਉਂਜ ਇਸ ਇਕਪਾਸੜ ਮੁਹੱਬਤ ਨੂੰ ਜਿਸ ਬਰੀਕੀ ਨਾਲ ਫਿਓਦੋਰ ਦਾਸਤੋਵਸਕੀ ਦੇ ‘ਦਿ ਇਡੀਅਟ’ ਨਾਵਲ ਵਿਚ ਇਨਵੈਸਟੀਗੇਟ ਕੀਤਾ ਗਿਆ ਹੈ, ਉਸ ਕਿਸਮ ਦੀ ਇਨਕੁਐਰੀ ਬਾਅਦ ਵਿਚ ਸਮੁੱਚੇ ਸੰਸਾਰ ਸਾਹਿਤ ਵਿਚ ਹੋਰ ਕਿਧਰੇ ਵੇਖਣ ਨੂੰ ਨਹੀਂ ਆਈ। ਹਾਂ, ਫਰਾਂਜ ਕਾਫਕਾ ਦੇ ਆਪਣੀ ਪਹਿਲੀ ਮਹਿਬੂਬ ਨੂੰ ਲਿਖੇ ਖਤਾਂ ‘ਤੇ ਆਧਾਰਤ ‘ਲੈਟਰਜ਼ ਟੂ ਫੈਲਿਸ’ ਨਾਂ ਦੀ ਵੱਡ-ਅਕਾਰੀ ਪੁਸਤਕ ਵਿਚ ਜ਼ਰੂਰ ਅਜਿਹਾ ਜਲਵਾ ਤੱਕਿਆ ਜਾ ਸਕਦਾ ਹੈ। ਕਾਫਕਾ ਦੇ ਪੱਤਰਾਂ ਦੇ ਇਸ ਸੰਗ੍ਰਹਿ ਦੀ ਨੋਬਲ ਇਨਾਮ ਵਿਜੇਤਾ ਏਲੀਆਸ ਕਾਨੇਟੀ ਨੇ ‘ਕਾਫਕਾਜ਼ ਅਦਰ ਟਰਾਇਲ’ ਸਿਰਲੇਖ ਹੇਠ 100 ਕੁ ਪੰਨਿਆਂ ‘ਤੇ ਫੈਲੀ ਹੋਈ ਜੋ ਭੂਮਿਕਾ ਲਿਖੀ ਹੈ, ਉਹ ਹੀ ਕਾਫੀ ਹੈ। ਮੁਹੱਬਤ ਦੇ ਮਾਰੂ ਰਾਗ ਦੇ ਵਿਰੋਧਾਭਾਸਾਂ ਦੇ ਵਰਣਨ ‘ਚੋਂ ਗੁਜ਼ਰਦਿਆਂ ਆਦਮੀ ਦੀ ਜਾਨ ਨਿਕਲ ਜਾਂਦੀ ਹੈ, ਪਸੀਨੇ ਛੁੱਟ ਜਾਂਦੇ ਹਨ।
–
ਖੈਰ! ਬਲਬੀਰ ਦੀ ਤਲਾਸ਼ ਦੇ ਅਗਲਾ ਪੜਾਅ ਦੀ ਗੱਲ ਕਰੀਏ ਜੋ ਨਵੀਂ ਦਿੱਲੀ ਵਿਚ ਸ਼ਿਵ ਮੈਨਿਨ ਨਾਲ ਉਸ ਦੇ ‘ਕਾਰੋਬਾਰੀ’ ਰਿਸ਼ਤੇ ਦੇ ਵਰਣਨ ਨਾਲ ਸਾਹਮਣੇ ਆਵੇਗਾ। ਇਹ ਆਦਮੀ ਖੱਚ ਕਿਸਮ ਦੇ ਪਦਾਰਥਵਾਦੀ ਰੁਝਾਨ ਦੇ ਹਰ ਚੰਗੇ ਮਾੜੇ ਪਹਿਲੂ ਦਾ ਪ੍ਰਤੀਕ ਹੈ। ਲੇਖਿਕਾ ਦੀ ਇਸ ਹਿੱਸੇ ਦੀ ਟਰੀਟਮੈਂਟ ਇਕ ਵਾਰ ਮੁੜ ਕਾਫੀ ਸੰਤੋਖਜਨਕ ਹੈ। ਖਾਸ ਕਰ ਕੇ ਇਸ ਲਈ ਵੀ ਕਿ ਇਸ ਫੇਜ਼ ਵਿਚ ਨਾਵਲ ਦੀ ਨਾਇਕਾ ਆਪਣੀ ਸ਼ਖਸੀਅਤ ਨੂੰ ਨਵੇਂ ਆਯਾਮ ਦੇਣ ਲਈ ਪਹਿਲਾਂ ਤਾਬਿੰਦਾ ਅਤੇ ਫਿਰ ਸੂਖਮ ਦੇ ਰੂਪ ਵਿਚ ਦੋ ਬਹੁਤ ਹੀ ਆਕਰਸ਼ਕ ‘ਕਵਿਤਾਵਾਂ’ ਡਿਸਕਵਰ ਕਰਨ ਵਿਚ ਸਫਲ ਹੁੰਦੀ ਹੈ।
ਸੁਰਿੰਦਰ ਨੀਰ ਨੇ ਆਪਣੀ ‘ਧੀ’ ਤਾਬਿੰਦਾ ਦੇ ਪਿਆਰ ਦੀ ਟਾਈ ਕਾਰਗਿਲ ਦੀ ਧਰਤੀ ਤੋਂ ਆਏ ਅੰਜ਼ੁਮ ਕਾਜਮੀ ਨਾਲ ਜਿਸ ਦਿਲਕਸ਼ ਅੰਦਾਜ਼ ਵਿਚ ਪਵਾਈ ਹੈ, ਉਸ ਦਾ ਜ਼ਿਕਰ ਪਾਠਕਾਂ ਨਾਲ ਸਾਂਝਾ ਕਰੇ ਬਗੈਰ ਅੱਗੇ ਤੁਰਿਆ ਨਹੀਂ ਜਾ ਸਕਦਾ। ਇਸ ਬਹੁਤ ਹੀ ਪਿਆਰੀ ਜੋੜੀ ਨੂੰ ਤਸੱਵਰ ਵਿਚ ਲਿਆਉਂਦਿਆਂ ਮਨ ਇਕ ਵਾਰ ਮੁੜ ਧੰਨ-ਧੰਨ ਕਰ ਉਠਿਆ ਹੈ। ਇਸ ਦੇ ਨਾਲ ਹੀ ਲਾਲੀ ਬਾਬੇ ਦੇ ਸਾਰਤਰ, ਸੀਮੋਨ ਅਤੇ ਲੋਰਕਾ ਦੇ ਨਾਟਕਾਂ ਤੋਂ ਬਾਅਦ ਸਭ ਤੋਂ ਵੱਧ ਮਨਭਾਉਂਦੇ ਯੂਨਾਨੀ ਲੇਖਕ ਨਿਕੋਸ ਕਜ਼ਾਨਜੈਕਿਸ ਦੇ ‘ਜ਼ੋਰਬਾ ਦਿ ਗਰੀਕ’ ਨਾਵਲ ਦੇ ਜ਼ੋਰਬਾ ਨਾਂ ਦੇ ਮੁੱਖ ਕਿਰਦਾਰ ਬਾਰੇ ਹਵਾਲੇ ਮਨ ਅੰਦਰ ਉਭਰ ਆਏ ਹਨ।
ਜ਼ੋਰਬਾ ਬਾਰੇ ਗੱਲ ਕਰਨ ਤੋਂ ਪਹਿਲਾਂ ਜ਼ਰਾ ਵੇਖੀਏ ਬਲਬੀਰ ਪਿਆਰੀ ਤਾਬਿੰਦਾ ਦੀ ਮਾਂ ਯਾਸਮੀਨ ਨਾਂ ਦੀ ਭਿਖਾਰਨ ਦੇ ਸੰਪਰਕ ਵਿਚ ਕਿੰਜ ਆਉਂਦੀ ਹੈ ਅਤੇ ਉਨ੍ਹਾਂ ਵਿਚਾਲੇ ਆਪਸੀ ਸੰਵਾਦ ਦੀ ਸ਼ੁਰੂਆਤ ਕਿਸ ਰੂਪ ਵਿਚ ਸ਼ੁਰੂ ਹੁੰਦੀ ਹੈ। ‘ਮਾਇਆ’ ਨਾਵਲ ਦੇ ਪੰਨਾ 272-73 ਉਪਰ ਬਲਬੀਰ ਕਨਾਟ ਪਲੇਸ ਵਿਚ ਸ਼ਿਵ ਮੈਨਿਨ ਨੂੰ ਗਲੋਂ ਲਾਹ ਕੇ ਕਿਤੇ ਵਿਕੋਲਿਤਰੀ ਜਿਹੀ ਜਗ੍ਹਾ ‘ਤੇ ਬੈਠੀ ਲੋਕਾਂ ਦੀ ਭੀੜ ਨੂੰ ਨਿਹਾਰ ਰਹੀ ਹੈ। ਅਚਾਨਕ ਉਸ ਦੇ ਕੰਨੀਂ ਸ਼ਬਦ ਪੈਂਦੇ ਹਨ, “ਮੇਮ ਸਾਹਿਬ, ਕੁਛ ਠੰਢਾ ਪਿਲਾ ਦੀਜੀਏ, ਬਹੁਤ ਪਿਆਸ ਲਗੀ ਹੈ।” ਮਾਇਆ ਨੇ ਆਪਣੇ ਸਾਹਮਣੇ ਫੁੱਲੇ ਹੋਏ ਢਿੱਡ ਵਾਲੀ ਭਿਖਾਰਨ ਵੱਲ ਤ੍ਰਭਕ ਕੇ ਵੇਖਿਆ ਜਿਸ ਦੇ ਬੁੱਲ੍ਹ ਸੁੱਕੇ ਹੋਏ ਸਨ। “ਬਹੁਤ ਪਿਆਸ ਲਗੀ ਹੈ ਮੇਮ ਸਾਬ੍ਹ”, ਸੁਣਦਿਆਂ ਮਾਇਆ ਹੈਰਾਨ ਹੋ ਗਈ। ਅੱਜ ਤੱਕ ਭਿਖਾਰੀਆਂ ਨੂੰ ਭੁੱਖ ਲੱਗੀ ਹੈ; ‘ਕੁਝ ਖਾਨੇ ਕੋ ਦੋ’ ਕਹਿੰਦਿਆਂ ਤਾਂ ਸੁਣਿਆ ਸੀ, ਪਰ ਪਹਿਲੀ ਵਾਰ ਕਿਸੇ ਦੇ ਮੂੰਹੋਂ ‘ਭੁੱਖ’ ਦੀ ਥਾਂ ‘ਪਿਆਸ’ ਦੀ ਤਲਬ ਦਾ ਜ਼ਿਕਰ ਸੁਣ ਕੇ ਉਸ ਨੇ ਗੌਰ ਨਾਲ ਭਿਖਾਰਨ ਵੱਲ ਵੇਖਿਆ। ਮਾਇਆ ਨੂੰ ਲੱਗਾ ਜਿਵੇਂ ਇਹ ਕੋਈ ਸਾਧਾਰਨ ਭਿਖਾਰਨ ਨਹੀਂ, ਸਗੋਂ ਇਸ ਦੇ ਪਾਣੀ ਮੰਗਣ ਦੀ ਅਦਾ ਤੋਂ ਲੈ ਕੇ ਉਭਰੇ ਪੇਟ ਅਤੇ ਪੱਕੇ ਕਾਲੇ ਰੰਗ ਵਿਚੋਂ ਝਾਕਦੀਆਂ ਅੱਖਾਂ ਵਿਚ ਜੋ ਬੋਲ ਰਿਹਾ ਹੈ, ਉਸ ਵਿਚ ਆਮ ਭਿਖਾਰੀਆਂ ਦੀਆਂ ਲਿਲਕੜੀਆਂ ਨਹੀਂ, ਬਲਕਿ ਅਜੀਬ ਜਿਹਾ ਕੋਈ ਹੱਕ ਵਾਲਾ ਲਹਿਜ਼ਾ ਹੈ। ਫਿਰ ਨਾਵਲੀ ਕਥਾ ਇਉਂ ਹੈ: ਔਰਤ ਜੂਸ ਇਸ ਤਰ੍ਹਾਂ ਪੀ ਰਹੀ ਸੀ ਜਿਵੇਂ ਪਿਆਸ ਦੀ ਇਤਨੀ ਸ਼ਿੱਦਤ ਦੇ ਬਾਵਜੂਦ ਇਕ ਘੁੱਟ ਦਾ ਮਜ਼ਾ ਲੈਂਦਿਆਂ ਤ੍ਰਿਪਤੀ ਦਾ ਅਹਿਸਾਸ ਧੁਰ ਅੰਦਰ ਤੱਕ ਉਤਾਰ ਰਹੀ ਹੋਵੇ।
ਤੇ ਬੱਸ ਇਹ ਵਿੰਹਦਿਆਂ ਹੀ ਰਿਸ਼ਤੇ ਦੀ ਬੁਨਿਆਦ ਧਰੀ ਜਾਵੇਗੀ ਜੋ ਕੁਝ ਦਿਨਾਂ ਪਿਛੋਂ ਯਾਸਮੀਨ ਦੀ ਮੌਤ ਦੇ ਬਾਵਜੂਦ ਬਲਬੀਰ ਨੂੰ ਤਾਬਿੰਦਾ ਤੱਕ ਪਹੁੰਚਾ ਦੇਵੇਗਾ!!
ਨਾਵਲ ਦੇ 66ਵੇਂ ਕਾਂਡ ਵਿਚ ਬਲਬੀਰ ਦੇ ਭਾਈ ਸੰਦੀਪ ਦਾ ਸ਼ੇਰੇ ਉਪਰ ਮਾਰੂ ਹਮਲੇ ਵਿਚ ਸ਼ਾਮਲ ਹੋਣ ਦਾ ਸੰਕੇਤ ਹੈ। ਇਹ ਵਾਰਦਾਤ ਬਲਬੀਰ ਦੀ ਪਿਆਰੀ ਮਾਂ ਰੁਕੋ ਦੀ ਜਾਨ ਲੈ ਲਵੇਗੀ। ਸਾਹਿਬਜੀਤ ਅਤੇ ਸਪੱਰਸ਼ ਦੀ ਜ਼ਿੰਦਗੀ ਵਿਚ ਨਵੀਆਂ ਬਿਪਤਾਵਾਂ ਦੇ ਪਹਾੜ ਟੁੱਟ ਪੈਣਗੇ। ਨਾਵਲੀ ਕਹਾਣੀ ਵਿਚ ਦੁੱਖ ਅਤੇ ਸੁੱਖ ਜਾਂ ਦਰਿੰਦਗੀ ਅਤੇ ਇਨਸਾਨੀ ਸੁਹੱਪਣ ਕਿੰਜ ਨਾਲੋ-ਨਾਲ ਚੱਲ ਰਹੇ ਹਨ, ਇਸ ਮੋੜ ‘ਤੇ ਸੁਰਿੰਦਰ ਨੇ ਚਲਦੇ-ਚਲਦੇ ਬੜੇ ਸਹਿਜ ਭਾਅ ਨਾਲ ਸਾਨੂੰ ਜ਼ਿੰਦਗੀ ਦੇ ਮੇਲੇ ਦਾ ਭਿਆਨਕ ਨਜ਼ਾਰਾ ਵੀ ਦਿਖਾ ਜਾਣਾ ਹੈ। ਉਂਜ ਇਸ ਵਕਤ ਸਾਹਿਬਜੀਤ ਅਤੇ ਤਾਬਿੰਦਾ, ਬਲਬੀਰ ਨੂੰ ਮਿਲਣ ਲਈ ਰਾਣੀਖੇਤ ਗਏ ਹੋਏ ਹਨ। ਉਥੇ ਹੀ ਅਚਾਨਕ ਇਕ ਸਵੇਰ ਤਾਬਿੰਦਾ ਦੀ ਮੁਲਾਕਾਤ ਅੰਜ਼ੁਮ ਕਾਜਮੀ ਨਾਲ ਹੁੰਦੀ ਹੈ ਜਿਸ ਦਾ ਵਰਣਨ ਬਲਬੀਰ ਨੇ ਨਾਵਲ ਦੇ ਪੰਨਾ 483-84 ‘ਤੇ ਇਸ ਪ੍ਰਕਾਰ ਕੀਤਾ ਹੈ,
ਤਾਬਿੰਦਾ ਸਵੇਰੇ ਉਠੀ ਤਾਂ ਅਲਸਾਈ ਹੋਈ, ਪਹਿਲਾਂ ਚਾਹ ਲਈ ਕਿਸੇ ਨੂੰ ਢੂੰਡਣ ਲੱਗੀ। ਤਦੇ ਲੰਮੇ ਵਾਲਾਂ ਵਾਲੇ ਇਕ ਨੌਜਵਾਨ ‘ਤੇ ਉਸ ਦੀ ਨਜ਼ਰ ਪਈ, “ਭਾਈ ਸਾਹਿਬæææ।”
ਉਸ ਸ਼ਖਸ ਨੇ ਤ੍ਰਭਕ ਕੇ ਪਿਛੇ ਮੁੜ ਕੇ ਵੇਖਿਆ ਤਾਂ ਉਸ ਨੂੰ ਲੱਗਾ ਜਿਵੇਂ ਇਹ ਆਵਾਜ਼ ਸੁਣੀ ਹੋਈ ਹੈ।
“ਦੇਖੋ ਮੁਹਤਰਮਾ, ਮੇਰਾ ਨਾਂ ਭਾਈ ਸਾਹਿਬ ਨਹੀਂ, ਬਲਕਿ ਅੰਜ਼ੁਮ ਕਾਜਮੀ ਹੈ। ਤੁਸੀਂ ਮੈਨੂੰ ਅੰਜ਼ੁਮ ਜਾਂ ਕਾਜਮੀ ਬੁਲਾ ਸਕਦੇ ਹੋ, ਪਰ ਖੁਦਾ ਦੇ ਵਾਸਤੇ ਮੈਨੂੰ ਭਾਈ ਸਾਹਿਬ ਵਰਗਾ ਪੱਥਰ ਨਾ ਮਾਰੋ, ਪਲੀਜ਼æææ।”
ਤਾਬਿੰਦਾ ਸਿਰ ਫੜ ਕੇ ਬਹਿ ਗਈ। ਤੌਬਾ! ਤੌਬਾ!! ਸਵੇਰੇ ਸਵੇਰੇ ਇਤਨਾ ਭਿਆਨਕ ਟਕਰਾਓ। ਪਤਾ ਨਹੀਂ ਅੱਗੇ ਕੀ ਹੋਵੇਗਾ। ਮਾਇਆ ਵੀ ਤਾਂ ਕਿਧਰੇ ਨਜ਼ਰ ਨਈਂ ਸੀ ਆ ਰਹੀ।
–
“ਲਓ ਮੈਡਮ ਚਾਹ।”
“ਹੁਣ ਦੱਸੋ, ਤੁਸੀਂ ਕੌਣ ਹੋ? ਕਿਥੋਂ ਆਏ ਹੋ? ਤੇ ਕਿਸ ਸਿਲਸਿਲੇ ਵਿਚ ਆਏ ਹੋ? ਵੈਸੇ ਇਹ ਸਭ ਮੈਨੂੰ ਪੁੱਛਣ ਦਾ ਅਧਿਕਾਰ ਬਿਲਕੁਲ ਨਾ ਹੁੰਦਾ, ਅਗਰ ਤੁਸੀਂ ਮੈਨੂੰ ਮੇਜ਼ਬਾਨੀ ਦਾ ਸ਼ਰਫ ਨਾ ਬਖਸ਼ਦੇ ਤਾਂ।”
ਤਾਬਿੰਦਾ ਠਹਾਕਾ ਮਾਰ ਕੇ ਹੱਸ ਪਈ। ਨਿੱਕੀ ਨਿੱਕੀ ਦਾੜ੍ਹੀ ਵਾਲੇ ਇਸ ਪਤਲੇ, ਲੰਮੇ ਜਿਹੇ ਬੰਦੇ ਦੀਆਂ ਨਾਨ ਸਟਾਪ ਗੱਲਾਂ ਨੇ ਤਾਂ ਤਾਬਿੰਦਾ ਨੂੰ ਵੀ ਮਾਤ ਦੇ ਦਿੱਤੀ ਸੀ। ਹਾਲਾਂਕਿ ਜਸਬੀਰ ਉਸ ਨੂੰ ਆਖਦੀ ਸੀ ਕਿ ਉਹ ਗੱਲਾਂ ਕਰਦਿਆਂ ਟਰੇਨ ਦੀ ਤਰ੍ਹਾਂ ਬਿਨਾਂ ਰੁਕੇ ਦੌੜਦੀ ਰਹਿੰਦੀ ਹੈ, ਪਰ ਇਹ ਬੰਦਾæææ। ਤਾਬਿੰਦਾ ਮੁਸਕਰਾ ਰਹੀ ਸੀ।
–
ਜ਼ਿੰਦਗੀ ਵਿਚ ਦੁੱਖ ਅਤੇ ਸੁੱਖ ਦੀਆਂ ਅਨੰਤ ਸੰਭਾਵਨਾਵਾਂ ਹਨ। ਜ਼ਿੰਦਗੀ ਬਹੁਤ ਸੋਹਣੀ, ਬਹੁਤ ਸੋਹਣੀ ਹੈ। ਤੇ ਕੈਸਾ ਹੁਸੀਨ ਵਰਣਨ ਹੈ-ਸੁਰਿੰਦਰ ਨੀਰ ਦੀ ਕਲਮ ਤੋਂ ਇਸ ਸੁਹੱਪਣ ਦਾ; ਸਾਡੇ ਪਾਠਕ ਜਦੋਂ ‘ਜ਼ੋਰਬਾ ਦਿ ਗਰੀਕ’ ਪੜ੍ਹਨਗੇ ਤਾਂ ਜ਼ੋਰਬਾ ਨੂੰ ਸੰਤੂਰੀ ਸੁਣ ਕੇ ਲਾਜ਼ਮੀ ਤਾਬਿੰਦਾ ਦਾ ਇਹ ਬਹੁਤ ਹੀ ਪਿਆਰਾ ਹਾਸਾ ਵਾਰ-ਵਾਰ ਯਾਦ ਆਵੇਗਾ ਅਤੇ ਸੁਰਿੰਦਰ ਨੀਰ ਦੀ ਧੰਨ-ਧੰਨ ਕਰਨ ਨੂੰ ਜੀਅ ਵਾਰ-ਵਾਰ ਕਰੇਗਾ।
‘ਜ਼ੋਰਬਾ ਦਿ ਗਰੀਕ’ ਨਾਵਲ ਦੀ ਕਥਾ ਅਨੁਸਾਰ 30-35 ਵਰ੍ਹਿਆਂ ਦੀ ਉਮਰ ਦਾ ਲੇਖਕ ਆਪਣੇ ਵਤਨ ਯੂਨਾਨ ਦੇ ਕਰੀਟ ਜ਼ੰਜੀਰੇ ਵੱਲ ਕੋਇਲੇ ਦੀਆਂ ਖਾਨਾਂ ਦਾ ਕੋਈ ਪ੍ਰੋਜੈਕਟ ਸ਼ੁਰੂ ਕਰਨ ਜਾ ਰਿਹਾ ਹੈ। ਜਹਾਜ਼ ਉਪਰ ਉਹ ਅਚਾਨਕ 60-65 ਵਰ੍ਹਿਆਂ ਦੀ ਉਮਰ ਦੇ ਖਸਤਾ ਹਾਲ ਜਿਹੇ ਨਜ਼ਰ ਆਉਂਦੇ ਜ਼ੋਰਬਾ ਨਾਂ ਦੇ ਮਜ਼ਦੂਰ ਦੇ ਸੰਪਰਕ ਵਿਚ ਆ ਜਾਂਦਾ ਹੈ ਜਿਸ ਨੇ ਸੰਤੂਰੀ ਨਾਂ ਦਾ ਸੰਗੀਤ ਵਜਾਉਣ ਵਾਲਾ ਕੋਈ ਸਾਜ਼ ਗਠੜੀ ਵਿਚ ਲਪੇਟ ਕੇ ਕੱਛੇ ਮਾਰਿਆ ਹੋਇਆ ਹੈ। ਇਹ ਸਾਧਾਰਨ ਜਿਹਾ ਮਜ਼ਦੂਰ ਸਵੈ-ਮਾਣ ਨਾਲ ਭਰਿਆ ਹੋਇਆ ਹੈ ਅਤੇ ਬਹੁਤ ਨਿਝੱਕ ਅੰਦਾਜ਼ ਵਿਚ ਆਪਣੇ ਆਪ ਨੂੰ ਲੇਖਕ ਦੇ ਸਾਥੀ ਵਜੋਂ ਉਸ ਦੇ ਨਾਲ ਜਾਣ ਦੀ ਪੇਸ਼ਕਸ਼ ਕਰ ਰਿਹਾ ਹੈ।
ਜ਼ੋਰਬਾ ਅਤੇ ਤਾਬਿੰਦਾ ਦੀ ਮਾਂ ਯਾਸਮੀਨ ਵਿਚ ਬਾਹਲਾ ਕੁਝ ਸਾਂਝਾ ਨਹੀਂ ਹੈ, ਪਰ ਆਤਮ-ਸਨਮਾਨ ਦੀ ਕੋਈ ਭਾਵਨਾ ਹੈ ਜੋ ਦੋਵਾਂ ਨੂੰ ਐਕਸਿਜ਼ ‘ਤੇ ਲੈ ਆਉਂਦੀ ਹੈ। ਤਾਬਿੰਦਾ ਅਤੇ ਜ਼ੋਰਬਾ ਦੀਆਂ ਉਮਰਾਂ ਵਿਚ ਵੱਡਾ ਅੰਤਰ ਹੈ, ਪਰ ਜ਼ੋਰਬਾ ਦੀ ਜਾਨ ਜਿਸ ਤਰ੍ਹਾਂ ਉਸ ਦੀ ਸੰਤੂਰੀ ਵਿਚ ਹੈ, ਤਾਬਿੰਦਾ ਨੂੰ ਉਸੇ ਤਰ੍ਹਾਂ ਹੀ ਆਪਣੀ ਆਤਮਾ ਅੰਦਰਲੇ ਗੀਤ ਦੀ ਤਾਕਤ ‘ਤੇ ਮਾਣ ਹੈ।
ਬਲੂ ਸਟਾਰ ਤੋਂ ਸਾਲ ਕੁ ਪਿਛੋਂ, 28 ਕੁ ਵਰ੍ਹੇ ਪੁਰਾਣੀ ਗੱਲ ਹੈ। ਸਾਡੇ ਵੱਡੇ ਭਰਾਵਾਂ ਵਰਗੇ ਮਿੱਤਰ ਅਤੇ ‘ਨੇੜਿਓਂ ਤੱਕਿਆ ਭਿੰਡਰਾਵਾਲਾ’ ਪੁਸਤਕ ਦੇ ਲੇਖਕ ਭਾਅ ਜੀ ਦਲਬੀਰ ਸਿੰਘ, ਯੂਨੀਵਰਸਿਟੀ ਵਿਚ ਮੇਰੇ ਕੋਲ ਆਏ ਹੋਏ ਸਨ। ਲਾਲੀ ਬਾਬਾ ਨਾਲ ਉਨ੍ਹਾਂ ਦੀ ਉਦੋਂ ਤੱਕ ਕੋਈ ਜਾਣ-ਪਛਾਣ ਨਹੀਂ ਸੀ। ਲਾਲੀ ਸਾਨੂੰ ਅਚਾਨਕ ਟੱਕਰ ਗਏ ਅਤੇ ਮੈਂ ਉਨ੍ਹਾਂ ਦੋਵਾਂ ਨੂੰ ਗਰਮੀਆਂ ਦੀ ਉਸ ਸ਼ਾਮ ਅਰਬਨ ਅਸਟੇਟ ਬਾਬਾ (ਡਾæ) ਕਿਹਰ ਸਿੰਘ ਦੇ ਘਰੇ ਲੈ ਆਇਆ। ਡਾæ ਬਲਕਾਰ ਸਿੰਘ ਪਹਿਲਾਂ ਹੀ ਉਥੇ ਮੌਜੂਦ ਸਨ। ਇਕ ਦੋ ਹੋਰ ਸੱਜਣ ਵੀ ਸਨ। ਭਾਅ ਜੀ ਦਲਬੀਰ ਸਿੰਘ ਦਾ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨਾਲ ਬਹੁਤ ਨੇੜੇ ਦਾ ਯਾਰਾਨਾ ਸੀ ਅਤੇ ਉਨ੍ਹੀਂ ਦਿਨੀਂ ਮਾਈਕ ਅਕਸਰ ਉਨ੍ਹਾਂ ਦੇ ਹੱਥ ਹੁੰਦਾ ਸੀ। ਉਹ ਸੰਤਾਂ ਬਾਰੇ ਅਨੇਕਾਂ ਵੇਰਵੇ ਬੜੇ ਜਜ਼ਬੇ ਨਾਲ ਸੁਣਾਉਂਦੇ ਸਨ। ਕਥਾ ਰਸ ਉਨ੍ਹਾਂ ਦੇ ਪ੍ਰਵਚਨ ਵਿਚ ਵੀ ਬੜਾ ਹੁੰਦਾ ਸੀ ਅਤੇ ਉਨ੍ਹਾਂ ਨੂੰ ਟੋਕਣ ਦੀ ਜਾਂ ਉਨ੍ਹਾਂ ਦੀ ਹਾਜ਼ਰੀ ਵਿਚ ਬੋਲਣ ਦੀ ਕਦੀ ਕਿਸੇ ਨੇ ‘ਹਿਮਾਕਤ’ ਵੀ ਘੱਟ ਹੀ ਕੀਤੀ ਸੀ, ਪਰ ਇਸ ਦਿਨ ਤਾਂ ਕਹਾਣੀ ਹੀ ਉਲਟ ਹੋ ਗਈ ਸੀ। ਲਾਲੀ ਬਾਬੇ ਨੇ ਸ਼ਾਮ ਦੇ 5 ਕੁ ਵਜੇ ਨਿਕੋਸ ਕਜ਼ਾਨਜੈਕਿਸ ਦੇ ਮਹਾਂਕਾਵਿ ਬਾਰੇ ਪ੍ਰਵਚਨ ਸ਼ੁਰੂ ਕਰ ਲਿਆ ਅਤੇ ਉਹ 3-4 ਘੰਟੇ ਨਿਰੰਤਰ ਉਸ ਅੰਦਰ ਕਈ ਖੰਡਾਂ ਵਿਚ ਦਰਸਾਈਆਂ ਸਦੀਆਂ ਦੌਰਾਨ ਮਨੁੱਖੀ ਸਪਿਰਟ ਦੀ ਯਾਤਰਾ ਦੇ ਵੱਖ-ਵੱਖ ਪਹਿਲੂਆਂ ਬਾਰੇ ਪੂਰੀ ਸ਼ਿੱਦਤ ਨਾਲ ਬੋਲੀ ਗਏ।
ਮੈਨੂੰ ਅੱਜ ਤੱਕ ਯਾਦ ਹੈ ਕਿ ਮਾਡਰਨ ਉਡੀਸੀ ਮਹਾਂਕਾਵਿ ਅੰਦਰ ਮਹਾਤਮਾ ਬੁੱਧ ਦੇ ਚਿੰਤਨ ਵਾਲੇ ਹਿੱਸੇ ਬਾਰੇ ਲਾਲੀ ਬਾਬਾ ਜਦੋਂ ਬੋਲ ਰਿਹਾ ਸੀ ਤਾਂ ਦਲਬੀਰ ਸਿੰਘ ਵਰਗੇ ਖੁਸ਼ਕ/ਸੰਜੀਦਾ ਬੰਦੇ ਨੇ ਵਾਹ-ਵਾਹ ਕਹਿੰਦਿਆਂ ਖੜ੍ਹੇ ਹੋ ਕੇ ਗਿੱਧਾ ਪਾਉਣਾ ਸ਼ੁਰੂ ਕਰ ਦਿੱਤਾ ਸੀ। ਬਾਅਦ ਦੇ ਸਾਲਾਂ ਦੌਰਾਨ ਉਹ ਜਦੋਂ ਕਦੀ ਵੀ ਸਾਡੇ ਕੋਲ ਆਏ, ਜਾਂ ਮੈਂ ਗੰਨਾ ਪਿੰਡ ਵਾਲੇ ਫਾਰਮ ਹਾਊਸ ‘ਤੇ ਉਨ੍ਹਾਂ ਨੂੰ ਮਿਲਣ ਗਿਆ, ਉਹ ਹਮੇਸ਼ਾ ਹੀ ਕਹਿੰਦੇ ਰਹੇ ਸਨ ਕਿ ਉਸ ‘ਕਲੰਦਰ’ ਨੇ ਤਾਂ ਯਾਰ ਉਸ ਦਿਨ ਕਮਾਲ ਕਰ ਦਿੱਤੀ ਸੀ।
ਨਿਕੋਸ ਕਜ਼ਾਨਜੈਕਿਸ ਦਾ ‘ਦਿ ਲਾਸਟ ਟੈਂਪਟੇਸ਼ਨ ਆਫ ਕਰਾਈਸਟ’ ਨਾਂ ਦਾ ਨਾਵਲ ਵੀ ਵੱਡੀ ਚਰਚਾ ਦਾ ਵਿਸ਼ਾ ਬਣਿਆ ਰਿਹਾ ਹੈ। ਇਸ ਨਾਵਲ ਵਿਚ ਈਸਾ ਮਿਸ਼ਨ ਨੂੰ ਆਮ ਦੁਨਿਆਵੀ ਮਨੁੱਖਾਂ ਦੇ ਦੁੱਖਾਂ-ਸੁੱਖਾਂ ਦੇ ਹਵਾਲਿਆਂ ਨਾਲ ਵਿਲੱਖਣ ਅੰਦਾਜ਼ ਵਿਚ ਸਿਰਜਿਆ ਗਿਆ ਹੈ। ਇਹ ਵਿਵਾਦਪੂਰਨ ਨਾਵਲ ਲਿਖਣ ਕਰ ਕੇ ਕਜ਼ਾਨਜੈਕਿਸ ਰੋਮਨ ਕੈਥੋਲਿਕ ਚਰਚ ਦੇ ਭਾਰੀ ਕ੍ਰੋਧ ਦਾ ਸ਼ਿਕਾਰ ਹੋ ਗਿਆ ਸੀ ਅਤੇ ਚਰਚ ਨੇ ਉਸ ਨੂੰ ਆਪਣੇ ‘ਪੰਥ’ ਵਿਚੋਂ ਖਾਰਜ ਕਰ ਦਿੱਤਾ ਸੀ।
(ਚਲਦਾ)
Leave a Reply