ਗੁਰੂ ਗੋਬਿੰਦ ਸਿੰਘ ਅਤੇ ਬੰਦਾ ਸਿੰਘ ਬਹਾਦਰ ਦੀ ਮੁਲਾਕਾਤ: ਤੱਥ ਤੇ ਸੱਚ

ਸਿੱਖੀ, ਬੰਦਾ ਸਿੰਘ ਬਹਾਦਰ ਤੇ ਇਤਿਹਾਸ-11
ਹਰਪਾਲ ਸਿੰਘ
ਫੋਨ: 916-236-8830
ਗੁਰੂ ਗੋਬਿੰਦ ਸਿੰਘ ਅਤੇ ਬੰਦਾ ਸਿੰਘ ਬਹਾਦਰ ਵਿਚਕਾਰ ਗੋਦਾਵਰੀ ਨਦੀ ਦੇ ਉਤਰ ਵੱਲ ਹੋਈ ਮੁਲਾਕਾਤ ਬਾਰੇ ਬਹੁਤ ਸਾਰੀਆਂ ਮਨਘੜਤ ਸਾਖੀਆਂ ਪ੍ਰਚਲਤ ਹਨ। ਕੋਰੀ ਕਲਪਨਾ ਨਾਲ ਸ਼ਿੰਗਾਰੀਆਂ ਇਨ੍ਹਾਂ ਸਾਖੀਆਂ ਵਿਚ ਬੰਦੇ ਬਹਾਦਰ ਦਾ ਕਿਰਦਾਰ ਗੰਧਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਗੁਰੂ ਜੀ ਅਤੇ ਬੰਦੇ ਵਿਚਕਾਰ ਹੋਈ ਮੁਲਾਕਾਤ ਦਾ ਵਰਣਨ ਸਭ ਤੋਂ ਪਹਿਲਾਂ ਢਾਡੀ ਨੱਥ ਮੱਲ ਨੇ ਆਪਣੀ ਪੁਸਤਕ ‘ਅਮਰਨਾਮਾ’ ਵਿਚ ਕੀਤਾ ਜੋ 1708 ਈਸਵੀ ਦੀ ਲਿਖਤ ਮੰਨੀ ਜਾਂਦੀ ਹੈ। ਇਹ ਪੁਸਤਕ ਫਾਰਸੀ ਵਿਚ ਹੈ। ਪ੍ਰੋæ ਗੰਡਾ ਸਿੰਘ ਦਾ ਵਿਚਾਰ ਹੈ ਕਿ ‘ਅਮਰਨਾਮਾ’ ਅਕਤੂਬਰ 1708 ਵਿਚ ਗੁਰੂ ਜੀ ਦੇ ਜੋਤੀ ਜੋਤਿ ਸਮਾਉਣ ਤੋਂ ਕੁਝ ਦਿਨਾਂ ਬਾਅਦ ਹੀ ਰਚਿਆ ਗਿਆ ਸੀ। ਇਸ ਪੁਸਤਕ ਵਿਚ ਦੋਹਾਂ ਦੀ ਮੁਲਾਕਾਤ ਦੀ ਤਾਰੀਖ 3 ਸਤੰਬਰ 1708 (ਸੂਰਜ ਸ੍ਰਹਿਵਤ ਅੱਸੂ, 1765 ਬਿਕਰਮੀ) ਦਾ ਜ਼ਿਕਰ ਹੈ। ਇਸ ਲੇਖ ਦੇ ਪਹਿਲੇ ਹਿੱਸੇ ਵਿਚ ਬਾਬਾ ਬੰਦਾ ਬਹਾਦਰ ਅਤੇ ਗੁਰੂ ਜੀ ਨਾਲ ਸਬੰਧਤ ਜੋ ਅੰਸ਼ ਦਰਜ ਕੀਤੇ ਗਏ ਹਨ, ਉਹ ਪ੍ਰੋæ ਗੰਡਾ ਸਿੰਘ ਦੁਆਰਾ ਸੰਪਾਦਿਤ ਸੰਸਕਰਨ ਵਿਚੋਂ ਲਏ ਗਏ ਹਨ।
ਢਾਡੀ ਨੱਥ ਮੱਲ (ਅਮਰਨਾਮਾ):
ਬ-ਨਾਲੈਨਿ ਚੋਬੀ ਓ ਯਕ ਕੂਜ਼ਾ ਸੀਰ।
ਬਿਆਗਸਤ ਸੱਜਾਦਾਏ ਚੂੰ ਸਰੀਰ॥4॥
ਗਦਾ ਬੂਦ ਆ ਜਾ ਯਕੇ ਤੁੰਦ ਖੂ॥
ਕਿ ਗੂਲੇ ਬਿਆਬਾਂ ਬ ਤਸਖੀਰਿਊ॥5॥
ਭਾਵ, ਉਥੇ ਕੌੜੇ ਸੁਭਾਅ ਵਾਲਾ ਸਾਧੂ ਸੀ ਜਿਸ ਦੇ ਵੱਸ ਵਿਚ ਜੰਗਲੀ ਭੂਤ-ਪ੍ਰੇਤ ਸਨ। ਉਸ ਕੋਲ ਲੱਕੜ ਦੀਆਂ ਖੜਾਵਾਂ ਤੇ ਦੁੱਧ ਦੀ ਗੜਵੀ ਸੀ ਤੇ ਉਸ ਨੇ ਆਪਣਾ ਆਸਣ ਸ਼ਾਹੀ ਤਖਤ (ਰਾਜ ਸਿੰਘਾਸਣ) ਵਾਂਗ ਸਜਾਇਆ ਹੋਇਆ ਸੀ।
ਦਿਲਸ਼-ਬੇ-ਮੁਹੱਬਤ ਸਰਸ਼ ਪੁਰ-ਗਰੂਰ॥
ਕਿ ਅਜ਼ ਆਬਿਦੋ ਹਕ-ਪ੍ਰਸਤਾਂ ਨਡੂਰ॥6॥
ਭਾਵ, ਉਸ ਦਾ ਦਿਲ ਪਿਆਰ ਤੋਂ ਖਾਲੀ ਤੇ ਦਿਮਾਗ ਹੰਕਾਰ ਨਾਲ ਭਰਿਆ ਹੋਇਆ ਸੀ ਤੇ ਉਹ ਭਗਤਾਂ ਤੇ ਰੱਬ ਦੇ ਉਪਾਸ਼ਕਾਂ ਨੂੰ ਘ੍ਰਿਣਾ ਕਰਦਾ ਸੀ।
ਲਿਖਾਰੀ ਅਨੁਸਾਰ ਬੰਦਾ ਬਹਾਦਰ ਕਰਾਮਾਤੀ ਅਤੇ ਹੰਕਾਰੀ ਸਾਧੂ ਹੈ। ਜੇ ਉਹ ਹੰਕਾਰੀ ਸੀ ਤਾਂ ਉਹ ਸਾਧ ਨਹੀਂ ਹੋ ਸਕਦਾ; ਰੱਬ ਦਾ ਉਪਾਸ਼ਕ ਨਹੀਂ ਹੋ ਸਕਦਾ; ਰੱਬ ਦੇ ਬੰਦਿਆਂ ਨੂੰ ਘ੍ਰਿਣਾ ਨਹੀਂ ਕਰ ਸਕਦਾ ਤੇ ਨਾ ਹੀ ਕੌੜੇ ਸੁਭਾਅ ਵਾਲਾ ਹੋ ਸਕਦਾ ਹੈ। ਰਿਧੀਆਂ-ਸਿਧੀਆਂ ਵੀ ਹੋਣ, ਤੇ ਸਾਧ ਹੰਕਾਰੀ ਵੀ ਹੋਵੇ; ਸਿਧਾਂਤਕ ਤੇ ਵਿਹਾਰਕ ਤੌਰ ‘ਤੇ ਇਹ ਹੋ ਨਹੀਂ ਸਕਦਾ।
ਗੁਰੂ ਜੀ ਦੇ ਸਾਹਮਣੇ ਇੰਨੀਆਂ ਗੰਭੀਰ ਸਮੱਸਿਆਵਾਂ ਸਨ ਜਿਨ੍ਹਾਂ ਨੂੰ ਛੱਡ ਕੇ ਕੀ ਉਹ ਕਿਸੇ ਹੰਕਾਰੀ ਸਾਧ ਦੇ ਡੇਰੇ ਜਾ ਕੇ ਉਸ ਨੂੰ ਆਪਣਾ ਸਿੱਖ ਬਣਾਉਣਾ ਚਾਹੁੰਦੇ ਸਨ? ਡਾæ ਸੁਖਦਿਆਲ ਸਿੰਘ ਦਾ ਕਥਨ ਸੱਚ ਦੀ ਗੱਲ ਕਰਦਾ ਹੈ। ਉਸ ਅਨੁਸਾਰ, “ਸਾਰਾ ਪੰਜਾਬ ਛੱਡਿਆ ਹੋਇਆ ਸੀ ਅਤੇ ਸਾਰਾ ਪੰਥ ਖਾਲਸਾ ਪਿੱਛੇ ਛੱਡਿਆ ਹੋਇਆ ਸੀ। ਚਾਰੇ ਸਾਹਿਬਜ਼ਾਦੇ ਸ਼ਹੀਦ ਹੋ ਚੁੱਕੇ ਸਨ। ਸਾਰਾ ਮਾਹੌਲ ਗਮਗੀਨ ਅਤੇ ਗੰਭੀਰ ਸੀ। ਅਜਿਹੇ ਮਾਹੌਲ ਵਿਚ ਲੇਖਕ ਗੁਰੂ ਜੀ ਨੂੰ ਸਾਧ ਦਾ ਹੰਕਾਰ ਤੋੜਨ ਲਈ ਇਸ ਤਰ੍ਹਾਂ ਤੁਰਦਾ-ਫਿਰਦਾ ਦਿਖਾ ਰਹੇ ਹਨ, ਜਿਵੇਂ ਉਨ੍ਹਾਂ ਸਾਹਮਣੇ ਹੋਰ ਕੋਈ ਕੰਮ ਹੀ ਨਹੀਂ ਸੀ। ਫਿਰ ਜਦੋਂ ਗੁਰੂ ਜੀ ਸਾਧ ਦੇ ਡੇਰੇ ਵਿਚ ਪਹੁੰਚੇ ਤਾਂ ਸਾਧ ਦੀ ਗ਼ੈਰ ਹਾਜ਼ਰੀ ਵਿਚ ਨਾਲੇ ਤਾਂ ਉਸ ਦੇ ਬੱਕਰੇ ਬੱਕਰੀਆਂ ਮਾਰ ਕੇ ਮੀਟ ਬਣਾਉਣਾ ਰੱਖ ਦਿੱਤਾ ਤੇ ਨਾਲੇ ਘੋੜਿਆਂ ਨਾਲ ਉਸ ਦਾ ਬਾਗ ਉਜਾੜ ਦਿੱਤਾ। ਇਹ ਕਿੱਧਰ ਦੀ ਦਿਆਨਤਦਾਰੀ ਸੀ ਕਿ ਕਿਸੇ ਦੇ ਡੇਰੇ ਵਿਚ ਜਾ ਕੇ ਐਸੇ ਕੰਮ ਕਰੋ ਜਿਸ ਦੀ ਕੋਈ ਵੀ ਸਭਿਆਚਾਰਕ ਜਾਂ ਸ਼ਿਸਟਾਚਾਰ ਇਜਾਜ਼ਤ ਨਹੀਂ ਦਿੰਦਾ।”
ਚੁ ਸ਼ੇਰ ਆਂ ਚੁਨੀ ਹੁਕਮਿ ਮਾਰਾ ਸ਼ੁਨੀਦ।
ਗੂਏ ਗੋਸਠੰਦਾਨ ਖੰਜ਼ਰ ਕਸੀਦ॥2॥
ਭਾਵ, ਸਿੰਘਾਂ ਨੇ ਸਾਡਾ ਅਜਿਹਾ ਹੁਕਮ ਸੁਣਿਆ ਤੇ ਬੱਕਰੀਆਂ ਉਨ੍ਹਾਂ ਨੇ ਝਟਕਾ ਦਿੱਤੀਆਂ।
ਢਾਡੀ ਨੱਥ ਮੱਲ ਬੀਰਾਂ-ਪੀਰਾਂ ਅਤੇ ਕਰਾਮਾਤਾਂ ਦੀ ਕਹਾਣੀ ਵੀ ਬੰਦੇ ਨਾਲ ਜੋੜਦਾ ਹੈ, ਜਿਵੇਂ:
ਰਵਾਂ ਕਰਦ ਆਂ ਸੂਇ ਮਨ ਪੰਜ ਬੀਰ।
ਪਏ ਕੁਸ਼ਤਨਮ ਬੂਦ ਹਰ ਯਕ ਸਰੀਰ॥27॥
ਭਾਵ, ਉਸ ਨੇ ਮੇਰੇ ਉਤੇ ਪੰਜ ਬੀਰ ਭੇਜੇ। ਉਹ ਹਰ ਇਕ ਮੈਨੂੰ ਮਾਰਨ ਲਈ ਉਤਾਵਲਾ ਸੀ।
ਬਸਾ ਬਰ ਸਰਮ ਦਾਸ਼ਤ ਬੀਰਾਂ ਬਲਾ॥
ਮਨ ਏਮਨ ਸ਼ੁਦਾ ਦਰ ਪਨਾਏ ਖੁਦਾ॥28॥
ਭਾਵ, ਬੀਰਾਂ ਨੇ ਮੇਰੇ ਉਤੇ ਕਈ ਬਲਾਵਾਂ ਲਿਆਂਦੀਆਂ, ਪਰ ਮੈਂ ਅਕਾਲ ਪੁਰਖ ਦੀ ਸ਼ਰਨ ਵਿਚ ਬਚਿਆ ਰਿਹਾ।
ਇਹ ਘਟਨਾ ਕਿਸੇ ਡੇਰੇ ਵਿਚ ਵਾਪਰੀ ਹੋਈ ਨਹੀਂ ਲਗਦੀ ਸਗੋਂ ਮੈਦਾਨੇ-ਜੰਗ ਦਾ ਕਿੱਸਾ ਲਗਦਾ ਹੈ ਜਿਸ ਵਿਚ ਬੀਰਾਂ ਅਤੇ ਗੁਰੂ ਦੇ ਸਿੰਘਾਂ ਵਿਚਕਾਰ ਖੂਨੀ ਝੜਪ ਹੋਈ। ਗੁਰੂ ਜੀ ਕਿਸੇ ਵੀ ਗੈਬੀ ਸ਼ਕਤੀ ਤੇ ਬੀਰਾਂ-ਪੀਰਾਂ ਵਿਚ ਵਿਸ਼ਵਾਸ ਨਹੀਂ ਰੱਖਦੇ ਸਨ। ਉਨ੍ਹਾਂ ਲਈ ਤਾਂ ਕੇਵਲ ਅਕਾਲ ਪੁਰਖ ਹੀ ਸਰਬ-ਸ਼ਕਤੀਮਾਨ ਅਤੇ ਸਭ ਦਾ ਰਖਵਾਲਾ ਸੀ। ਉਹ ਸੰਪੂਰਨ ਕਰਮਯੋਗੀ ਸਨ। ਉਹ ਗ੍ਰੰਥਾਂ ਤੇ ਵੇਦਾਂ ਦੇ ਗਿਆਤਾ ਸਨ। ਗੁਰੂ ਜੀ ਪ੍ਰਤੀ ਲਿਖਾਰੀ ਦੀ ਸੋਚ ਘਟੀਆ ਦਰਜੇ ਦੀ ਹੈ।
ਬਪੀਸ਼ੇ ਸ਼ਹਨਸ਼ਾਹ ਆਵਾਜ ਦਾਦ॥
ਗੁਰੂ ਕਰਦ ਅ ਹਿੰਦੂਆਂ ਚਾ ਬਰਬਾਦ॥39॥
ਭਾਵ, ਹਿੰਦੂਆਂ ਨੇ ਸ਼ਹਿਨਸ਼ਾਹ ਦੇ ਸਾਹਮਣੇ ਪੁਕਾਰ ਕੀਤੀ ਕਿ ਗੁਰੂ ਨੇ ਸਾਨੂੰ ਬਰਬਾਦ ਕਰ ਦਿੱਤਾ ਹੈ।
ਹਮਾ ਖੇਲਿ ਹਿੰਦੂ ਬ-ਸਦ ਬੇਕਸੀ।
ਬਰਜ਼ ਤੰਦ ਬਾ ਸ਼ਾਹ ਬਰ ਗੋਦਰੀ॥44॥
ਭਾਵ, ਸਾਰੇ ਹਿੰਦੂ ਬੜੀ ਬੇਕਸੀ ਨਾਲ ਬਾਦਸ਼ਾਹ ਦੇ ਨਾਲ ਗੋਦਾਵਰੀ ‘ਤੇ ਗਏ।
24 ਅਗਸਤ 1708 ਨੂੰ ਬਾਦਸ਼ਾਹ ਦਰਿਆ ਬਾਣ-ਗੰਗਾ ਪਾਰ ਕਰ ਕੇ ਦੱਖਣ ਵੱਲ ਚਲਾ ਗਿਆ ਸੀ। ਲਿਖਾਰੀ ਗੁਰੂ ਗੋਬਿੰਦ ਸਿੰਘ ਅਤੇ ਬੰਦਾ ਬਹਾਦਰ ਵਿਚਕਾਰ ਪਹਿਲੀ ਮੁਲਾਕਾਤ ਦੀ ਤਾਰੀਖ 3 ਸਤੰਬਰ 1708 ਲਿਖਦਾ ਹੈ। ਬਾਦਸ਼ਾਹ ਹਿੰਦੂਆਂ ਨਾਲ ਕਿਸ ਤਰ੍ਹਾਂ ਗੋਦਾਵਰੀ ਪਹੁੰਚ ਗਿਆ, ਇਸ ਦੀ ਸਮਝ ਨਹੀਂ ਆਉਂਦੀ।
ਪਰੰਪਰਾਗਤ ਸਾਖੀਆਂ ਵਿਚੋਂ ਜਿਹੜੀ ਸਿੱਖਾਂ ਵਿਚ ਸਭ ਤੋਂ ਮਕਬੂਲ ਹੈ, ਪਹਿਲੀ ਵਾਰ ਉਸ ਦਾ ਵਰਣਨ ਬਟਾਲੇ ਦੇ ਅਹਿਮਦ ਸ਼ਾਹ ਨੇ ਆਪਣੀ ਪੁਸਤਕ ‘ਜ਼ਿਕਰ-ਏ-ਗੁਰੂਆਂ-ਵਾ-ਇਬਤਦਾ-ਏ-ਸਿੰਘਾਂ-ਵਾ-ਮਜਬ-ਏ-ਇਸਾਨ’ ਵਿਚ ਕੀਤਾ ਹੈ। ਇਹ 1824-25 ਦੀ ਲਿਖਤ ਹੈ। ਗੁਰੂ ਜੀ ਅਤੇ ਬੰਦੇ ਵਿਚਕਾਰ ਪਹਿਲੀ ਮੁਲਾਕਾਤ ਦੀ ਕਹਾਣੀ 115 ਜਾਂ 116 ਸਾਲਾਂ ਬਾਅਦ ਲਿਖੀ ਗਈ ਹੈ। ਇਹ ਕੂੜ ਪ੍ਰਚਾਰ ‘ਤੇ ਆਧਾਰਤ ਹੈ ਜਿਸ ਵਿਚ ਕਹੀ ਗਈ ਕਹਾਣੀ ਲਿਖਾਰੀ ਦੀ ਨਿਰੋਲ ਕਲਪਨਾ ਹੈ। ਅਹਿਮਦ ਸ਼ਾਹ ਬਟਾਲੇ ਤੋਂ ਬਾਅਦ, ਹਾਕਮ ਰਾਏ ਨੇ ਗੁਰੂ ਜੀ ਅਤੇ ਬੰਦੇ ਵਿਚਕਾਰ ਹੋਈ ਗੱਲਬਾਤ ਦਾ ਜ਼ਿਕਰ ਕੀਤਾ ਹੈ,
ਪੂਛਤ ਗੁਰੂ ਗੋਬਿੰਦ ਸਿੰਘ ਤੁੰਮ ਹੋ ਸਾਧੂ ਕੌਨ।
ਅੱਤ ਪਰਚੰਡ ਉਜਲ ਤੁਜੇ ਕਿਉਂ ਧਾਰ ਬੈਠੇ ਮੋਨ।
ਸਾਹਿਬ ਕਾ ਬੰਦਾ ਭਇਆ ਏਹੀ ਹਮਾਰੋ ਨਾਮ।
ਜਿਸ ਦਿਨ ਜਪਦੇ ਬੈਠ ਕੇ ਪਰਮੇਸ਼ਰ ਸ੍ਰੀ ਰਾਮ।
(ਹਾਕਮ ਰਾਏ ਅਹਿਵਲ ਲਸ਼ਮਣ ਦਾਸ ਚੇਲਾ ਗੁਰੂ ਗੋਬਿੰਦ ਸਿੰਘ)
ਹਾਕਮ ਰਾਏ ਦੀ ਇਸ ਲਿਖਤ ਨੂੰ ਜੇ ਗਹੁ ਨਾਲ ਦੇਖਿਆ ਜਾਵੇ ਤਾਂ ਲਿਖਾਰੀ ਬੰਦੇ ਨੂੰ ਪੂਰੀ ਤਰ੍ਹਾਂ ਪਰਮਾਤਮਾ ਨੂੰ ਸਮਰਪਿਤ ਕਰਦਾ ਹੈ ਅਤੇ ਉਹ ਬੰਦਾ ਕੇਵਲ ਸ੍ਰੀ ਰਾਮ ਦਾ ਹੀ ਜਾਪ ਕਰਦਾ ਹੈ। ਅਹਿਮਦ ਸ਼ਾਹ ਬਟਾਲਵੀ ਅਤੇ ਹਾਕਮ ਰਾਏ ਦੇ ਵੇਰਵੇ ਕਲਪਿਤ ਹਨ ਕਿਉਂਕਿ ਉਹ ਦੋਨੋਂ ਬੰਦੇ ਦੇ ਸਮਕਾਲੀ ਨਹੀਂ ਸਨ।
ਗਣੇਸ਼ ਦਾਸ ਵਢੇਰਾ ਜਿਸ ਦੀ ਲਿਖਤ ਦਾ ਹਵਾਲਾ ਡਾæ ਗੰਡਾ ਸਿੰਘ ਨੇ ਆਪਣੀ ਪੁਸਤਕ ‘ਬੰਦਾ ਸਿੰਘ ਬਹਾਦਰ’ ਵਿਚ ਦਿੱਤਾ ਹੈ, ਗੁਰੂ ਸਾਹਿਬ ਨੂੰ ਮਿਲਣ ਤੋਂ ਪਹਿਲਾਂ ਬੰਦੇ ਵਿਚ ਕੋਈ ਖੂਬੀ ਨਹੀਂ ਦੇਖਦਾ। ਉਹ ਫਾਰਸੀ ਜ਼ੁਬਾਨ ਵਿਚ ਲਿਖਦਾ ਹੈ,
ਦਰ ਅਸਨਾਇ ਰਾਹ ਸ਼ਖਸੇ
ਮਜਹੂਲੁ-ਲ-ਇਸਮ ਵਾ ਨਸਬ ਰਾ
ਮੁਸਤਮਾਲ-ਬ-ਮਜ਼ਹਿਬਿ ਖੁਦ ਆਵੁਰਤ
ਵਾ ਬਰ ਤਰਫਿ ਮਾਖੋਵਾਲ ਬ-ਨਿਆਬਤਿ
ਖੁਦ ਰਵਾਨਾ ਕਰਦ ਰਿਸਾਲਾ ਸਾਹਿਬ-ਨੁਮਾ।
ਭਾਵ, ਗੁਰੂ ਗੋਬਿੰਦ ਸਿੰਘ ਗੋਦਾਵਰੀ ਨੂੰ ਜਾ ਰਹੇ ਸਨ ਕਿ ਉਨ੍ਹਾਂ ਨੂੰ ਅਜਿਹਾ ਸ਼ਖ਼ਸ ਮਿਲਿਆ ਜਿਸ ਨੂੰ ਨਾ ਕੋਈ ਬਹੁਤਾ ਜਾਣਦਾ ਸੀ, ਨਾ ਹੀ ਉਸ ਦੀ ਕੋਈ ਵਿਸ਼ੇਸ਼ਤਾਈ ਹੀ ਸੀ, ਨਾ ਹੀ ਉਸ ਦੇ ਪਿਛੋਕੜ ਦਾ ਪਤਾ ਸੀ। ਗੁਰੂ ਸਾਹਿਬ ਨੇ ਉਸ ਨੂੰ ਆਪਣੇ ਨਵੇਂ ਧਰਮ ਵਿਚ ਸ਼ਾਮਿਲ ਕਰ ਕੇ ਆਪਣਾ ਨਾਇਬ ਥਾਪ ਮਾਖੋਵਾਲ (ਅਨੰਦਪੁਰ) ਨੂੰ ਤੋਰ ਦਿੱਤਾ।
ਵਢੇਰਾ ਦਾ ਬਿਰਤਾਂਤ ਹਜਮ ਨਹੀਂ ਹੁੰਦਾ। ਕੌਣ ਇਸ ਗੱਲ ਵਿਚ ਵਿਸ਼ਵਾਸ ਕਰੇਗਾ ਕਿ ਗੁਰੂ ਜੀ ਨੇ ਅਜਿਹੇ ਸ਼ਖ਼ਸ ਜਿਸ ਨੂੰ ਕੋਈ ਜਾਣਦਾ ਨਹੀਂ ਸੀ, ਬਿਨਾਂ ਪਰਖਿਆਂ ਹੀ ਆਪਣਾ ਨਾਇਬ ਥਾਪ ਦਿੱਤਾ ਅਤੇ ਸਿੱਖ ਕੌਮ ਦੀ ਅਗਵਾਈ ਕਰਨ ਲਈ ਅਨੰਦਪੁਰ ਸਾਹਿਬ ਵੱਲ ਭੇਜ ਦਿੱਤਾ। ਵਢੇਰਾ ਬੰਦੇ ਨੂੰ ਨਾ ਤਾਂ ਕੋਈ ਸਾਧ ਮੰਨਦਾ ਹੈ, ਨਾ ਹੀ ਉਸ ਦੇ ਡੇਰੇ ਦੀ ਗੱਲ ਕਰਦਾ ਹੈ ਅਤੇ ਨਾ ਹੀ ਬੱਕਰੇ-ਬੱਕਰੀਆਂ ਝਟਕਾਉਣ ਬਾਰੇ ਦੱਸਦਾ ਹੈ।
ਬੰਦਾ ਸਿੰਘ ਬਾਰੇ ਰਤਨ ਸਿੰਘ ਭੰਗੂ ਦੀ ਲਿਖਤ 1841 ਈਸਵੀ ਦੀ ਹੈ। ਉਸ ਦੀ ਪੁਸਤਕ ਦਾ ਨਾਂ ‘ਸ੍ਰੀ ਗੁਰੂ ਗੰਥ ਪ੍ਰਕਾਸ਼’ ਹੈ। ਇਸ ਪੁਸਤਕ ਦਾ ਹੋਰ ਨਾਂ ‘ਪ੍ਰਾਚੀਨ ਪੰਥ ਪ੍ਰਕਾਸ਼’ ਹੈ। ਇਹ ਲਿਖਤ ਬੰਦੇ ਦੀ ਸ਼ਹੀਦੀ ਦੇ 125 ਸਾਲ ਬਾਅਦ ਦੀ ਹੈ। ਬੰਦੇ ਬਾਰੇ ਜਿੰਨੇ ਵੀ ਭੁਲੇਖੇ ਪਾਏ ਗਏ ਹਨ, ਉਹ ਸਭ ਰਤਨ ਸਿੰਘ ਭੰਗੂ ਦੀ ਕਰਾਮਾਤ ਹੈ। ਉਸ ਦੀ ਲਿਖਤ ਵਿਚ ਇਤਿਹਾਸਕ ਤੱਥ ਘੱਟ ਹਨ ਅਤੇ ਕਾਲਪਨਿਕ ਤੱਤ ਜ਼ਿਆਦਾ ਹਨ। ਬਦਕਿਸਮਤੀ ਨਾਲ ਅੱਜ ਤੱਕ ਸਿੱਖ ਜਗਤ ਉਸ ਦੇ ਕੂੜ ਨੂੰ ਹੀ ਮੰਨਦਾ ਆਇਆ ਹੈ। ਬੱਕਰੇ ਝਟਕਾਉਣ ਤੇ ਪਲੰਘ ਉਲਟਾਉਣ ਦੀਆਂ ਗੱਲਾਂ ਉਸ ਦੇ ਪੰਥ ਪ੍ਰਕਾਸ਼ ਵਿਚ ਮਿਲਦੀਆਂ ਹਨ। ਆਪਣੀ ਲਿਖਤ ਵਿਚ ਉਹ ਬੰਦੇ ਬਾਰੇ ਲਿਖਦਾ ਹੈ, “ਬੰਦਾ ਕਹਿੰਦਾ ਸੀ ਕਿ ਉਹ ਤਾਂ ਸਿੱਖ ਹੀ ਨਹੀਂ ਹੈ, ਉਹ ਤਾਂ ਵੈਸ਼ਨਵ ਬੈਰਾਗੀ ਸਾਧੂ ਹੈ। ਤੁਹਾਡਾ ਤੇ ਮੇਰਾ ਮੇਲ ਕੀ? ਮੈਂ ਪਾਤਸ਼ਾਹੀ ਆਪਣੇ ਜ਼ੋਰ ਨਾਲ ਲਈ ਹੈ। ਜਿਵੇਂ ਗੁਰੂ ਨੇ ਮੇਰੇ ਡੇਰੇ ਵਿਚ ਜਾ ਕੇ ਮੇਰੇ ਬੱਕਰੇ ਮਾਰੇ ਸਨ, ਮੈਂ ਵੀ ਹੁਣ ਉਸੇ ਤਰ੍ਹਾਂ ਉਸ ਦੇ ਸਿੰਘਾਂ ਨੂੰ ਖ਼ਰਾਬ ਕਰਾਂਗਾ।”
ਇਕ ਹੋਰ ਥਾਂ ਭੰਗੂ ਲਿਖਦਾ ਹੈ ਕਿ ਬੰਦਾ ਹਰ ਰੋਜ਼ ਦੁਹਰਾਉਂਦਾ ਸੀ ਕਿ ਗੁਰੂ ਨੇ ਮੇਰੇ ਡੇਰੇ ਵਿਚ ਬੱਕਰੇ ਮਾਰੇ ਹਨ। ਕੀ ਹੋਇਆ ਜੇ ਉਸ ਤੋਂ ਗੁਰੂ ਦਾ ਪਲੰਘ ਉਲਟਾਇਆ ਨਹੀਂ ਗਿਆ, ਹੁਣ ਮੈਂ ਉਸ ਗੱਲ ਦਾ ਬਦਲਾ ਲੈ ਕੇ ਸਿੰਘਾਂ ਨੂੰ ਸਜ਼ਾਵਾਂ ਦੇਵਾਂਗਾ। ਬੰਦਾ ਪਾਗਲ ਹੋਇਆ ਭਾਂਤ-ਭਾਂਤ ਦੀਆਂ ਗੱਲਾਂ ਕਰਦਾ ਰਹਿੰਦਾ ਸੀ।
ਮੈਕਾਲਿਫ ਅਨੁਸਾਰ, “ਗੁਰੂ ਜੀ ਉਸ ਦੇ ਪਲੰਘ ‘ਤੇ ਜਾ ਬੈਠੇ। ਉਨ੍ਹਾਂ ਬੈਰਾਗੀ ਦਾ ਬੱਕਰਾ ਝਟਕਾ, ਰਿੰਨ੍ਹ ਪਕਾ ਕੇ ਛਕ ਲਿਆ। ਬੈਰਾਗੀ ਦਾ ਇਕ ਚੇਲਾ ਉਸ (ਬੰਦੇ) ਨੂੰ ਡੇਰੇ ਵਿਚ ਵਾਪਰੀ ਘਟਨਾ ਦੱਸਣ ਗਿਆ। ਬੈਰਾਗੀ ਦੇ ਡੇਰੇ ਵਿਚ ਜੀਵ ਹੱਤਿਆ ਉਸ ਸਥਾਨ ਦੀ ਬੇਹੁਰਮਤੀ ਸੀ ਅਤੇ ਬੈਰਾਗੀ ਦੇ ਪਲੰਘ ‘ਤੇ ਜਿਹੜਾ ਉਸ ਦਾ ਤਖ਼ਤ ਸੀ, ਬੈਠਣਾ ਇਕ ਹੋਰ ਬੇਅਦਬੀ ਸੀ। ਡੇਰੇ ਪਧਾਰੇ ਵਿਅਕਤੀ ਦੇ ਅਜੀਬ ਵਿਹਾਰ ਬਾਰੇ ਪੜਤਾਲ ਕਰਨ ਉਹ ਡੇਰੇ ਪਹੁੰਚਿਆ। ਗੁਰੂ ਨਾਲ ਬਚਨ ਬਿਲਾਸ ਕਰ ਕੇ ਉਸ ਨੂੰ ਪਤਾ ਲੱਗਾ ਕਿ ਇਹ ਕੋਈ ਮਹਾਨ ਆਤਮਾ ਹੈ; ਇਸ ਲਈ ਬੈਰਾਗੀ ਨੇ ਕਿਹਾ ਕਿ ਉਹ ਤਾਂ ਉਨ੍ਹਾਂ ਦਾ ਬੰਦਾ ਹੈ। ਇਹੀ ਨਾਂ ਮਗਰੋਂ ਪੱਕ ਗਿਆ।”
ਮੈਕਾਲਿਫ ਦੀ ਤਰਕਹੀਣ ਅਤੇ ਝੂਠੀ ਕਹਾਣੀ ਦੀ ਜੇ ਬਿਬੇਕ ਤੇ ਬੁੱਧੀ ਨਾਲ ਚੀਰ-ਫਾੜ ਕੀਤੀ ਜਾਵੇ ਤਾਂ ਇਹ ਸਾਖੀ ਗੁਰੂ ਜੀ ਦੀ ਮਹਾਨ ਸ਼ਖ਼ਸੀਅਤ ਦੀ ਸੋਭਾ ਨੂੰ ਵਧਾਉਂਦੀ ਨਹੀਂ, ਸਗੋਂ ਘਟਾਉਂਦੀ ਹੈ। ਕਿਸੇ ਧਾਰਮਿਕ ਡੇਰੇ ‘ਤੇ ਜਾ ਕੇ ਉਸ ਸਥਾਨ ਦੀ ਬੇਹੁਰਮਤੀ ਕਰਨੀ ਅਤੇ ਉਥੇ ਬੱਕਰੇ ਝਟਕਾਉਣੇ ਗੁਰੂ ਜੀ ਦੇ ਮਹਾਨ ਵਿਚਾਰਾਂ ਅਤੇ ਉਨ੍ਹਾਂ ਵੱਲੋਂ ਅਪਨਾਏ ਸ਼੍ਰਿਸਟਾਚਾਰ ਦੇ ਵਿਰੁਧ ਜਾਂਦੀ ਹੈ। ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਗੁਰੂ ਜੀ ਨੇ ਆਪਣੇ ਜੀਵਨ ਵਿਚ ਕਦੀ ਵੀ, ਕਿਸੇ ਵੀ ਫਿਰਕੇ ਦੇ ਧਾਰਮਿਕ ਸਥਾਨ ਦੀ ਪਵਿੱਤਰਤਾ ਭੰਗ ਨਹੀਂ ਕੀਤੀ। ਮੁਸਲਮਾਨ ਤੇ ਹਿੰਦੂ ਗੁਰੂ ਜੀ ਲਈ ਉਤਨੀ ਹੀ ਸੋਭਾ ਕਰਦੇ ਸਨ ਜਿਤਨੀ ਉਨ੍ਹਾਂ ਦੇ ਆਪਣੇ ਸਿੰਘ। ਫਿਰ ਉਹ ਕਿਸ ਤਰ੍ਹਾਂ ਇਕ ਬੈਰਾਗੀ ਦੇ ਡੇਰੇ ‘ਤੇ ਜਾ ਕੇ ਅਜਿਹਾ ਕਰਨਗੇ? ਇਨ੍ਹਾਂ ਲਿਖਾਰੀਆਂ ਅਤੇ ਕਥਾਵਾਚਕਾਂ ਦੀ ਸਿਆਣਪ ਜੋ ਵਾਰ-ਵਾਰ ਸਿੱਖਾਂ ਵਿਚ ਇਸੇ ਕਹਾਣੀ ਦਾ ਪ੍ਰਚਾਰ ਕਰੀ ਜਾਂਦੇ ਹਨ, ਬਾਰੇ ਡਾæ ਸੁਖਦਿਆਲ ਸਿੰਘ ਨੇ ਠੀਕ ਹੀ ਲਿਖਿਆ ਹੈ ਕਿ ਬਿਨਾਂ ਕਿਸੇ ਭੜਕਾਹਟ ਦੇ ਕਿਸੇ ਪਵਿੱਤਰ ਸਥਾਨ ਦੀ ਬੇਇਜ਼ਤੀ ਕਰਨਾ ਕੀ ਇਕ ਸਭਿਅਕ ਮਨੁੱਖ ਨੂੰ ਸੋਭਾ ਦਿੰਦਾ ਹੈ? ਬੰਦੇ ਦੇ ਡੇਰੇ ਵਿਚ ਵਾਪਰੀ ਜੀਵ ਹੱਤਿਆ ਅਤੇ ਬੇਹੁਰਮਤੀ ਦੀ ਕਹਾਣੀ ਝੂਠ ਦੇ ਪੁਲੰਦੇ ਤੋਂ ਵੱਧ ਹੋਰ ਕੁਝ ਨਹੀਂ।
ਕੇਸਰ ਸਿੰਘ ਛਿੱਬਰ ਦੀ ਲਿਖਤ ‘ਦਸਾਂ ਗੁਰੂਆਂ ਦੀ ਬੰਸਾਵਲੀ’ ਜੋ 1769 ਦੀ ਹੈ, ਜਿਸ ਦੀ ਉਮਰ ਬੰਦੇ ਦੀ ਸ਼ਹਾਦਤ ਵੇਲੇ 17-18 ਸਾਲ ਦੀ ਸੀ, ਜਿਸ ਦਾ ਖਾਨਦਾਨ ਗੁਰੂਆਂ ਨਾਲ ਸੌ ਸਾਲ ਤੋਂ ਵੀ ਵੱਧ ਜੁੜਿਆ ਰਿਹਾ ਸੀ, ਨੇ ਕਿਧਰੇ ਵੀ ਆਪਣੀ ਲਿਖਤ ਵਿਚ ਇਸ ਕਹਾਣੀ ਦਾ ਵੇਰਵਾ ਨਹੀਂ ਦਿੱਤਾ।
‘ਅਖ਼ਬਾਰ-ਏ-ਦਰਬਾਰ-ਏ-ਮੁਅੱਲਾ’ ਬੰਦਾ ਸਿੰਘ ਬਹਾਦਰ ਬਾਰੇ ਜਾਣਕਾਰੀ ਦੇਣ ਵਾਲੀ ਫਾਰਸੀ ਦੀ ਸਭ ਤੋਂ ਪਹਿਲੀ ਲਿਖਤ ਹੈ। ਇਹ ਲਿਖਤ ਬੰਦਾ ਸਿੰਘ ਬਹਾਦਰ ਦੀਆਂ ਰੋਜ਼ਾਨਾ ਦੀਆਂ ਗਤੀਵਿਧੀਆਂ ਦੀ ਸਹੀ ਤਸਵੀਰ ਪੇਸ਼ ਕਰਦੀ ਹੈ। ‘ਅਖ਼ਬਾਰ-ਏ-ਦਰਬਾਰ-ਏ-ਮੁਅੱਲਾ’ ਵਿਚ ਬੰਦੇ ਨੂੰ ‘ਬਾਗੀ ਜੋ ਨਾਨਕ ਪੂਜਾਂ ਦਾ ਗੁਰੂ ਹੈ’ ਲਿਖਿਆ ਗਿਆ ਹੈ। ਕਿਧਰੇ ਵੀ ਉਸ ਦਾ ਕੋਈ ਹੋਰ ਨਾਂ ਅਤੇ ਉਸ ਦੇ ਡੇਰੇ ਵਿਚ ਵਾਪਰੀਆਂ ਘਟਨਾਵਾਂ ਦਾ ਜ਼ਿਕਰ ਨਹੀਂ ਕੀਤਾ ਗਿਆ।
ਸੱਚ ਤਾਂ ਇਹ ਹੈ ਕਿ ਸਾਡੇ ਲਿਖਾਰੀਆਂ, ਪ੍ਰਚਾਰਕਾਂ, ਗੁਰੂ ਤੋਂ ਬੇਮੁਖ ਹੋਏ ਵਿਦਵਾਨਾਂ ਅਤੇ ਕੁਝ ਸਿੱਖਾਂ ਨੇ ਬੰਦਾ ਸਿੰਘ ਬਹਾਦਰ ਦੇ ਸੰਘਰਸ਼ ਨੂੰ ਸਮਝਣ ਦਾ ਯਤਨ ਹੀ ਨਹੀਂ ਕੀਤਾ। ਡਾæ ਸੁਖਦਿਆਲ ਸਿੰਘ ਠੀਕ ਹੀ ਲਿਖਦੇ ਹਨ ਕਿ ਇਨ੍ਹਾਂ ਪੰਜਾਬੀ ਲਿਖਤਾਂ ਵਿਚ ਬੰਦਾ ਸਿੰਘ ਬਹਾਦਰ ਦੇ ਸੰਘਰਸ਼ ਨੂੰ ਇਤਨੀ ਬੁਰੀ ਤਰ੍ਹਾਂ ਵਿਗਾੜ ਕੇ ਪੇਸ਼ ਕੀਤਾ ਗਿਆ ਹੈ ਕਿ ਬੰਦਾ ਸਿੰਘ ਬਹਾਦਰ ਗੁਰੂ ਤੋਂ ਬੇਮੁਖ ਹੋਇਆ, ਹੰਕਾਰੀ ਸਾਧ, ਮਹਾਂ-ਕਾਮੀ ਅਤੇ ਪੰਥ ਦੋਖੀ ਦੇ ਤੌਰ ‘ਤੇ ਇਕ ਵਿਰੋਧੀ ਜਿਹਾ ਬਣ ਕੇ ਸਾਡੇ ਸਾਹਮਣੇ ਖੜ੍ਹਾ ਹੋ ਜਾਂਦਾ ਹੈ।

Be the first to comment

Leave a Reply

Your email address will not be published.