ਗੁਲਜ਼ਾਰ ਸਿੰਘ ਸੰਧੂ
ਉਰਦੂ ਤੇ ਹਿੰਦੀ ਦੀ ਐਮ ਏ ਅਤੇ ਪੰਜਾਬੀ ਦੀ ਗਿਆਨੀ ਪਾਸ ਟੀ ਐਨ ਰਾਜ਼ ਪਟਿਆਲਾ ਦਾ ਜੰਮਪਲ ਤੇ ਹਰਿਆਣਾ ਸਰਕਾਰ ਦਾ ਸੇਵਾ ਮੁਕਤ ਡਿਪਟੀ ਸੈਕਟਰੀ ਹੈ। ਉਸ ਨੇ ਉਰਦੂ ਸ਼ਾਇਰੀ ਨੂੰ ਪੰਜਾਬੀ ਪਾਠਕਾਂ ਤੱਕ ਪਹੁੰਚਾਉਣ ਦਾ ਜਿਹੜਾ ਕੰਮ ਕੀਤਾ ਹੈ ਉਸ ਦਾ ਕੋਈ ਸਾਨੀ ਨਹੀਂ। ਖੁਸ਼ਵੰਤ ਸਿੰਘ, ਗੋਪੀ ਚੰਦ ਨਾਰੰਗ, ਕਮਲੇਸ਼ਵਰ ਤੇ ਸੁਰਜੀਤ ਪਾਤਰ-ਅੰਗਰੇਜ਼ੀ, ਉਰਦੂ, ਹਿੰਦੀ ਤੇ ਪੰਜਾਬੀ (ਕਰਮਵਾਰ) ਦੇ ਉਚ ਕੋਟੀ ਦੇ ਲੇਖਕਾਂ ਨੇ ਉਸ ਦੀ ਦੇਣ ਨੂੰ ਸਲਾਹਿਆ ਤੇ ਪ੍ਰਵਾਨ ਕੀਤਾ ਹੈ। ਗਾਲਿਬ-ਜੀਵਨ ਤੇ ਸ਼ਾਇਰੀ, ਰੰਗਾਰੰਗ ਉਰਦੂ ਸ਼ਾਇਰੀ, ਹਿੰਦੁਸਤਾਨ ਤੇ ਪਾਕਿਸਤਾਨ ਦੀ ਬਿਹਤਰੀਨ ਹਾਸ ਰਸੀ ਕਵਿਤਾ, ਅਹਿਮਦ ਫਰਾਜ਼ ਮੁਨੱਵਰ ਰਾਣਾ ਤੇ ਪਰਵੀਨ ਸ਼ਾਕਿਰ ਦੀ ਚੋਣਵੀਂ ਸ਼ਾਇਰੀ ਦੇ ਸੰਗ੍ਰਿਹ ‘ਦੁਨੀਯਾ-ਏ-ਗ਼ਜ਼ਲ’ ਤੇ ‘ਮੈਖਾਨਾ-ਜਾਮ-ਓ-ਪੈਮਾਨਾ’ ਸਮੇਤ ਉਸ ਦੀਆਂ 8 ਪੁਸਤਕਾਂ ਪੰਜਾਬੀ ਦੇ ਨਾਲ ਨਾਲ ਹਿੰਦੀ ਵਿਚ ਵੀ ਛਪ ਚੁੱਕੀਆਂ ਹਨ। ਉਸ ਨੇ ਪੰਜਾਬੀ ਤੇ ਹਿੰਦੀ ਪਾਠਕਾਂ ਨੂੰ ਉਰਦੂ ਗ਼ਜ਼ਲ ਦੀ ਨਜ਼ਾਕਤ, ਨਫਾਸਤ, ਰੰਗੀਨੀ ਤੇ ਸ਼ੀਰੀਨੀ ਨਾਲ ਮਾਲਾ ਮਾਲ ਕੀਤਾ ਹੈ। ਵੀਹਵੀਂ ਸਦੀ ਦੇ ਦੂਜੇ ਅੱਧ ਵਿਚ ਹਿੰਦੀ ਪੰਜਾਬੀ ਦੇ ਪ੍ਰਮੁਖ ਕਵੀਆਂ ਨੂੰ ਉਰਦੂ ਫਾਰਸੀ ਵਾਲੀ ਰੰਗੀਨੀ ਆਪਣੀ ਕਵਿਤਾ ਵਿਚ ਲਿਆਉਣ ਲਈ ਗ਼ਜ਼ਲ ਦਾ ਪੱਲਾ ਫੜਨਾ ਪਿਆ ਹੈ। ਸਾਧੂ ਸਿੰਘ ਹਮਦਰਦ ਦੇ ਸਮੇਂ ਪੰਜਾਬੀ ਭਾਸ਼ਾ ਤੇ ਵਿਆਕਰਣ ਨੂੰ ਗ਼ਜ਼ਲ ਦੇ ਮੇਚ ਦੀ ਨਾ ਕਹਿਣ ਵਾਲੇ ਸਾਰੇ ਆਲੋਚਕ ਅੱਜ ਥਾਂ ਥਾਂ ਜਗਤਾਰ, ਪਾਤਰ ਤੇ ਸੁਖਵਿੰਦਰ ਅੰਮ੍ਰਿਤ ਦੀਆਂ ਗ਼ਜ਼ਲਾਂ ਦਾ ਗੁਣਗਾਇਨ ਕਰਦੇ ਹਨ।
ਉਪਰੋਕਤ ਵਿਚਾਰਾਂ ਨੂੰ ਨਵਾਂ ਕਰਨ ਵਾਲੀ ਮੇਰੇ ਸਾਹਮਣੇ ਟੀ ਐਨ ਰਾਜ਼ ਦੀ ਸੰਪਾਦਤ ਪੁਸਤਕ ‘ਦੁਨੀਯਾ-ਏ-ਗ਼ਜ਼ਲ਼’ ਹੈ। ਇਸ ਵਿਚ ‘ਖੂਬ ਰੂ ਖੂਬ ਕਾਮ ਕਰਤੇ ਹੈਂ/ਯਕ ਨਿਗਾਹ ਮੇਂ ਗੁਲਾਮ ਕਰਤੇ ਹੈਂ’ ਤੋਂ ‘ਜਿਸੇ ਦੁਨੀਯਾ-ਏ-ਮੁਹਬੱਤ ਨੇ ਸਮਝ ਰੱਖਾ ਹੈ/ਬਾਤ ਐਸੀ ਭੀ ਨਹੀਂ ਹੈ ਰੁਸਵਾਈ ਕੀ’ ਤੱਕ ਉਰਦੂ ਗ਼ਜ਼ਲ ਦਾ 300 ਸਾਲ ਦਾ ਸਫਰ ਹੈ। ਪਹਿਲਾ ਸ਼ਿਅਰ ਕਹਿਣ ਵਾਲੇ ਵਲੀ ਦਕਨੀ ਦਾ ਜਨਮ 1667 ਦਾ ਹੈ, ਦੂਜੇ ਸ਼ਿਅਰ ਵਾਲੀ ਰੁਬੀਨਾ ਸ਼ਬਨਮ ਦਾ 1971 ਦਾ। ਇਸ ਵਿਚ ਵਲੀ ਦਕਨੀ ਤੋਂ ਬਿਨਾਂ ਇੰੰਸ਼ਾ, ਮੀਰ, ਦਰਦ, ਗਾਲਿਬ, ਮੋਮਿਨ, ਜ਼ੌਕ, ਜ਼ਫ਼ਰ, ਦਾਗ ਵਰਗੇ ਪੁਰਾਣੇ ਸ਼ਾਇਰਾਂ ਦੀਆਂ ਗ਼ਜ਼ਲਾਂ ਹੀ ਨਹੀਂ ਅਜੋਕੀ ਦੁਨੀਆਂ ਦੇ ਇਕਬਾਲ, ਫੈਜ਼, ਕੈਫੀ, ਅਖਤਰ, ਸਰਦਾਰ, ਕਾਸਮੀ, ਸਾਹਿਰ, ਗੁਲਜ਼ਾਰ, ਫਿਰਾਕ, ਫਾਜ਼ਲੀ, ਕਿਸ਼ਵਰ, ਰਾਣਾ, ਸ਼ਾਕਿਰ ਤਕ 300 ਸ਼ਾਇਰਾਂ ਦੀਆਂ ਗ਼ਜ਼ਲਾਂ ਹਨ। ਪ੍ਰਵਾਣਤ ਗ਼ਜ਼ਲਗੋਆਂ ਦੀ ਪ੍ਰਤੀਨਿਧ ਤੇ ਸਮਝ ਆਉਣ ਵਾਲੀ ਗ਼ਜ਼ਲ ਚੁਣਨਾ ਕੋਈ ਖੇਲ੍ਹ ਨਹੀਂ ਸੀ। ਇਹ ਗ਼ਜ਼ਲਾਂ ਤੁਸੀਂ ਸਹਿਗਲ, ਗੁਲਾਮ ਅਲੀ, ਮੇਹਦੀ ਹਸਨ, ਬੇਗਮ ਅਖਤਰ, ਮਲਿਕਾ ਪੁਖਰਾਜ ਤੇ ਜਗਜੀਤ ਦੀ ਆਵਾਜ਼ ਵਿਚ ਅਕਾਸ਼ਵਾਣੀ, ਦੂਰਦਰਸ਼ਨ ‘ਤੇ ਗੀਤ-ਸੰਗੀਤ ਦੇ ਪ੍ਰੋਗਰਾਮ ਸੁਣਦੇ ਆਏ ਹੋ। ਟੀ ਐਨ ਰਾਜ਼ ਦੀ ਉਰਦੂ ਸ਼ਬਦ-ਜੋੜਾਂ, ਮੁਹਾਵਰੇ ਤੇ ਵਿਆਕਰਣ ਉਤੇ ਪਕੜ ਹੈ। ਉਸ ਨੇ ਸ਼ਬਦਾਂ ਦੀ ਆਬਰੂ ਉਤੇ ਪੂਰਾ ਪਹਿਰਾ ਦਿੱਤਾ ਹੈ। ਰਾਜ਼ ਨੇ ਔਖੇ ਸ਼ਬਦਾਂ ਦੇ ਅਰਥ ਦੇ ਕੇ ਇਨ੍ਹਾਂ ਨੂੰ ਮਾਨਣਯੋਗ ਬਣਾਇਆ ਹੈ।
ਚੇਤੇ ਰਹੇ ਕਿ ਏਨਾ ਗੰਭੀਰ ਤੇ ਹਰਮਨ ਪਿਆਰਾ ਕੰਮ ਕਰਨ ਵਾਲਾ ਸਿਰੜੀ ਤੇ ਸਿਆਣਾ ਟੀ ਐਨ ਰਾਜ਼ ਮੂਲ ਰੂਪ ਵਿਚ ਮਜ਼ਾਹੀਆ ਗ਼ਜ਼ਲਾਂ ਲਿਖਦਾ ਰਿਹਾ ਹੈ। ਇਸ ਲਈ ਅੰਗਰੇਜ਼ੀ ਦਾ ਸ਼ਬਦ ਪੈਰੋਡੀ ਵਰਤਣਾ ਵਧੇਰੇ ਉਚਿਤ ਹੈ। ਉਸ ਦੀ ਪੁਸਤਕ ‘ਗਾਲਿਬ ਤੇ ਦੁਰਗਤ’ ਦਾ ਬਸ਼ੀਰ ਬਦਰ, ਨਿਦਾ ਫਾਜ਼ਲੀ, ਜਗਨ ਨਾਥ ਆਜ਼ਾਦ ਤੇ ਇਬਰਾਹਿਮ ਅਸ਼ਕ ਵਰਗੇ ਮੰਨੇ ਪ੍ਰਮੰਨੇ ਹਸਤਾਖਰ ਸਵਾਗਤ ਕਰ ਚੁੱਕੇ ਹਨ। ਗਾਲਿਬ ਤੇ ਗੁਰਬਾਣੀ ਦਾ ਮੱਦਾਹ ਖੁਸ਼ਵੰਤ ਸਿੰਘ ਇਸ ਨੂੰ ਸਰ੍ਹਾਣੇ ਰਖ ਕੇ ਸੌਂਦਾ ਰਿਹਾ ਹੈ। ਦੇਸ਼ ਵੰਡ ਤੋਂ ਪਿੱਛੋਂ ਉਰਦੂ ਸ਼ਾਇਰੀ ਦਾ ਪੱਲਾ ਫੜਨ ਵਾਲਿਆਂ ਵਿਚ ਟੀ ਐਨ ਰਾਜ਼ ਪਹਿਲਾ ਵਿਅਕਤੀ ਨਹੀਂ। ਇਸ ਤੋਂ ਪਹਿਲਾਂ ਪ੍ਰਕਾਸ਼ ਪੰਡਤ ਦੇ ਤਿਆਰ ਕੀਤੇ ਕਈ ਸੰਗ੍ਰਿਹ ਮਕਬੂਲ ਹੋਏ। ਪਰ ਪੰਡਿਤ ਨੂੰ ਲੋਕਗੀਤ ਪ੍ਰਕਾਸ਼ਨ ਦੇ ਹਰੀਸ਼ ਜੈਨ ਵਰਗਾ ਕੋਈ ਅਜਿਹਾ ਪ੍ਰਕਾਸ਼ਕ ਨਹੀਂ ਸੀ ਮਿਲਿਆ ਜੋ ਪੁਸਤਕ ਦੀ ਦਿੱਖ ਤੇ ਛਪਾਈ ਵਲ ਧਿਆਨ ਦਿੰਦਾ। ਰਾਜ਼ ਦੇ ਕੰਮ ਦਾ ਰੱਜਵਾਂ ਤੇ ਵੱਡਾ ਸਵਾਗਤ ਹੋਣਾ ਚਾਹੀਦਾ ਹੈ। ਇਹ ਦੱਸਣ ਲਈ ਕਿ ਉਰਦੂ ਦੇ ਕਦਰਦਾਨ ਸੁਤੰਤਰ ਭਾਰਤ ਵਿਚ ਵੀ ਕਾਇਮ ਹਨ। ਮੇਰੇ ਵਲੋਂ ਪੁਸਤਕ ਵਿਚੋਂ ਚੋਣਵੇਂ ਸ਼ਿਅਰ ਦਿੱਤੇ ਬਿਨਾਂ ਇਹ ਗੱਲ ਕਹਿਣਾ ਚੰਗਾ ਤਾਂ ਨਹੀਂ ਲਗਦਾ ਪਰ ਥਾਂ ਦੀ ਥੁੜ ਆਗਿਆ ਨਹੀਂ ਦਿੰਦੀ। ਮੁਹਤਰਿਮਾ ਯਾਸਮੀਨ ਹਮੀਦ ਦੇ ਇਕ ਸ਼ਿਅਰ ਨਾਲ ਆਗਿਆ ਲੈਂਦਾ ਹਾਂ,
ਵਕਤ ਕਟਤਾ ਨਹੀਂ ਕਿਸੀ ਸੂਰਤ
ਲੋਗ ਕਹਿਤੇ ਹੈਂ ਜ਼ਿੰਦਗੀ ਕਮ ਹੈ।
ਸਮੂਹਕ ਬਲਾਤਕਾਰ ਦੀ ਸਬਕ ਸਿਖਾਊ ਸਜ਼ਾ
ਨਵੀਂ ਦਿੱਲੀ ਦੇ ਦਸੰਬਰ ਸੋਲਾਂ ਬਲਾਤਕਾਰ ਤੋਂ ਪਿੱਛੋਂ ਸਰਕਾਰ ਨੇ ਐਲਾਨ ਕੀਤਾ ਸੀ ਕਿ ਇਸ ਨੂੰ ਨਾਦਰ ਨਦੀਦ ਦੋਸ਼ ਗਰਦਾਨ ਕੇ ਦੋਸ਼ੀਆਂ ਨੂੰ ਸਖਤ ਸਜ਼ਾ ਦਿੱਤੀ ਜਾ ਸਕਦੀ ਹੈ। ਅੱਠ ਮਹੀਨੇ ਲੰਘ ਜਾਣ ‘ਤੇ ਵੀ ਦੋਸ਼ੀ ਮੁਫਤ ਪਰਸ਼ਾਦੇ ਪਾੜੀ ਜਾ ਰਹੇ ਹਨ। ਨਾਬਾਲਗ ਮੰਨੇ ਜਾਂਦੇ ਦੋਸ਼ੀ ਨੂੰ ਡਰ ਡਰ ਕੇ ਹੱਥ ਪਾਇਆ ਜਾ ਰਿਹਾ ਹੈ। ਹੁਣ ਮੁੰਬਈ ਦੇ ਤਾਜ਼ਾ ਬਲਾਤਕਾਰ ਨੂੰ ਦਿੱਲੀ ਵਾਲੇ ਦੋਸ਼ੀਆਂ ਨੂੰ ਹੋ ਰਹੀ ਸਜ਼ਾ ਦੀ ਦੇਰੀ ਤੋਂ ਵਖ ਕਰਕੇ ਨਹੀਂ ਦੇਖਿਆ ਜਾ ਸਕਦਾ। ਨਿਆਂ ਦੀ ਦੇਰੀ ਵੀ ਬੇਨਿਆਈਂ ਤੋਂ ਘੱਟ ਨਹੀਂ ਹੁੰਦੀ। ਮਾਂਵਾਂ, ਧੀਆਂ ਤੇ ਭੈਣਾਂ ਵਾਲੀ ਸਰਕਾਰ ਤੇ ਕਚਹਿਰੀ ਕਿੱਥੇ ਸੁੱਤੀ ਪਈ ਹੈ। ਜਾਪਦਾ ਹੈ ਕਿ ਸੰਸਦ ਤੇ ਵਿਧਾਨ ਸਭਾਵਾਂ ਵੀ ਉਸੇ ਹੀ ਨੀਂਦ ਸੌਂ ਰਹੀਆਂ ਹਨ। ਸਬਕ ਸਿਖਾਊ ਸਜ਼ਾ ਲੱਭੋ ਤੇ ਉਸ ‘ਤੇ ਅਮਲ ਕਰੋ!! ਜਾਗੋ!!!
ਅੰਤਿਕਾ: (ਮੁਨਵੱਰ ਰਾਣਾ: ‘ਦੁਨੀਯਾ-ਏ-ਗ਼ਜ਼ਲ’ ‘ਚੋਂ)
ਤਵਾਇਫ ਕੀ ਤਰਹ ਅਪਨੇ ਗ਼ਲਤ ਕਾਮੋਂ ਕੇ ਚਿਹਰੇ ਪਰ
ਹਕੂਮਤ ਮੰਦਰ-ਓ-ਮਸਜਿਦ ਕਾ ਪਰਦਾ ਡਾਲ ਦੇਤੀ ਹੈ।
ਭਟਕਤੀ ਹੈ ਹਵਸ ਦਿਨ ਰਾਤ ਸੋਨੇ ਕੀ ਦੁਕਾਨੋਂ ਪਰ
ਗਰੀਬੀ ਕਾਨ ਛਿਦਵਾਤੀ ਹੈ ਤਿਨਕਾ ਡਾਲ ਦੇਤੀ ਹੈ।
Leave a Reply