-ਸਵਰਨ ਸਿੰਘ ਟਹਿਣਾ
ਫੋਨ: 91-98141-78883
ਨਿੱਕੇ ਹੁੰਦਿਆਂ ਜਦੋਂ ਮੈਂ ਸ਼ਰਾਰਤ ਕਰਦਿਆਂ ਕੋਈ ਕੰਮ ਵਿਗਾੜ ਦੇਣਾ ਤਾਂ ਨਾਨੇ ਨੇ ਕਹਿਣਾ, ‘ਹੋਰ ਕਿਹੜਾ ਕਮਲਿਆਂ ਦੇ ਸਿੰਗ ਲੱਗੇ ਹੁੰਦੇ ਆ।’ ਉਦੋਂ ਇਹ ਗੱਲ ਕਹਿਣ ਦੇ ਕਾਰਨ ਦਾ ਨਹੀਂ ਸੀ ਪਤਾ, ਪਰ ਜਿਉਂ-ਜਿਉਂ ਵੱਡਾ ਹੋਇਆ ਤਾਂ ਗੱਲ ਦੀ ਰਮਜ਼ ਸਮਝ ਆਉਂਦੀ ਗਈ। ਹੁਣ ਜਦੋਂ ਕਲਾਕਾਰਾਂ ਨੂੰ ਯਭਲੀਆਂ ਮਾਰਦੇ ਦੇਖਦਾ ਹਾਂ ਤਾਂ ਨਾਨੇ ਦੀ ਕਹੀ ਗੱਲ ਵਾਰ-ਵਾਰ ਚੇਤੇ ਆਉਂਦੀ ਏ ਕਿ ਸੱਚੀਂ ਕਮਲਿਆਂ ਦੇ ਸਿੰਗ ਥੋੜ੍ਹੀ ਹੁੰਦੇ ਨੇ।
ਪਿਛਲੇ ਹਫ਼ਤੇ ਕਮਲਿਆਂ ਦੇ ਸਿੰਗਾਂ ਵਾਲੀ ਗੱਲ ਗਾਇਕ ਸੁੱਖਾ ਦਿੱਲੀ ਵਾਲਾ ਨੇ ਕੀਤੀ। ਉਹੀ ਸੁੱਖਾ ਜਿਹੜਾ ਕਿਸੇ ਵੇਲੇ ‘ਜੁੱਤੀ ਝਾੜ ਕੇ ਚੜ੍ਹੀਂ ਮੁਟਿਆਰੇ, ਗੱਡੀ ਐ ਸ਼ੌਕੀਨ ਜੱਟ ਦੀ’ ਗੀਤ ਗਾ ਕੇ ਚਰਚਾ ‘ਚ ਆਇਆ ਸੀ। ਵੈਸੇ ਇਹੀ ਗੀਤ ਇਕ ਫਰੀਦਕੋਟੀਏ ਕਲਾਕਾਰ ਪੰਮਾ ਸਾਹਿਰ ਨੇ ਵੀ ਗਾਇਆ ਸੀ, ਜਿਸ ਦੀ ਉਨ੍ਹੀਂ ਦਿਨੀਂ ਪੂਰੀ ਚੜ੍ਹਤ ਹੋ ਗਈ ਸੀ। ਪਰ ਸੁੱਖੇ ਦੀ ਗੱਲ ਕੁਝ ਹੋਰ ਸੀ, ਉਹਨੂੰ ਜਦੋਂ ਵੀ ਦੇਖਿਆ, ਉਹ ਹਮੇਸ਼ਾ ਸ਼ਾਰਟਕੱਟ ਦੇ ਚੱਕਰ ‘ਚ ਸੀ। ਕਦੇ ਕੋਈ ਅਵੱਲੀ ਜਿਹੀ ਗੱਲ ਕਰ ਦੇਣੀ, ਕਦੇ ਕੋਈ ਨਵਾਂ ਸ਼ੋਸ਼ਾ ਛੱਡ ਦੇਣਾ। ਕਈ ਸਾਲ ਤਾਂ ਉਹ ਏਸੇ ਗੱਲ ਦਾ ਪ੍ਰਚਾਰ ਕਰਦਾ ਰਿਹਾ ਕਿ ਮੀਕਾ ਤੇ ਮੈਂ ਭਰਾ ਬਣੇ ਹਾਂ ਤੇ ਉਹ ਮੀਕੇ ਨਾਲ ਖਿਚਵਾਈ ਆਪਣੀ ਤਸਵੀਰ ਅਖ਼ਬਾਰਾਂ ‘ਚ ਛਪਵਾ-ਛਪਵਾ ਸਮਝਦਾ ਰਿਹਾ ਕਿ ਸ਼ਾਇਦ ਇੰਜ ਹੀ ਗਾਇਕੀ ‘ਚ ਉਹਦਾ ਜੁਗਾੜ ਲੱਗ ਜਾਏਗਾ।
ਫੇਰ ਸੁੱਖਾ ਕਬੂਤਰਬਾਜ਼ੀ ਦੇ ਕੇਸ ਵਿਚ ਉਲਝ ਗਿਆ। ਉਨ੍ਹੀਂ ਦਿਨੀਂ ਕਈ ਹੋਰ ਕਲਾਕਾਰ ਵੀ ਉਲਝੇ ਸਨ, ਦਲੇਰ ਮਹਿੰਦੀ ਵੀ, ਸੁਖਵਿੰਦਰ ਪੰਛੀ ਵੀ। ਸੁੱਖੇ ਬਾਰੇ ਚੌਥੇ ਕੁ ਦਿਨ ਨਵੀਂ ਖ਼ਬਰ ਆ ਜਾਂਦੀ ਕਿ ਪੁਲਿਸ ਨੇ ਉਹਨੂੰ ਅਦਾਲਤ ਵਿਚ ਪੇਸ਼ ਕੀਤੈ, ਪੁਲਿਸ ਉਹਨੂੰ ਲੈ ਕੇ ਫੇਰ ਜੇਲ੍ਹ ਪਹੁੰਚੀ ਵਗੈਰਾ-ਵਗੈਰਾ। ਇਕ ਵਾਰ ਸੁੱਖੇ ਨੇ ਜੇਲ੍ਹ ਵਿਚੋਂ ਹੀ ਕੁਝ ਪੱਤਰਕਾਰਾਂ ਨੂੰ ਫੋਨ ਕੀਤੇ ਸਨ ਕਿ ਤੁਸੀਂ ਮੇਰੀ ਪੇਸ਼ੀ ਵਾਲੀ ਉਹ ਫੋਟੋ ਫਰੰਟ ‘ਤੇ ਲਾਇਆ ਕਰੋ ਜੋ ਸੋਹਣੇ ਐਕਸ਼ਨ ਵਾਲੀ ਹੋਵੇ, ਮੇਰੇ ਹੱਥਕੜੀ ਲੱਗੀ ਹੋਵੇ, ਨਜ਼ਰਾਂ ਡਰਾਉਣੀਆਂ ਜਿਹੀਆਂ ਹੋਣ ਤਾਂ ਜੁ ਮੈਂ ਖਲਨਾਇਕਾਂ ਵਰਗਾ ਜਾਪਾਂ।
ਸਾਨੂੰ ਉਦੋਂ ਜਾਪਣ ਲੱਗਾ ਸੀ ਕਿ ਉਹ ਡਰਾਮੇਬਾਜ਼ ਵੱਧ ਤੇ ਕਲਾਕਾਰ ਘੱਟ ਏ। ਫੇਰ ਉਹਦੀ ਗਾਇਕੀ ਦਾ ਭੋਗ ਪੈ ਗਿਆ ਤੇ ਉਹ ਜਾ ਪਹੁੰਚਿਆ ਤਿਹਾੜ ਜੇਲ੍ਹ, ਜਿੱਥੋਂ ਉਸ ਦੀ ਕੋਈ ਖ਼ਬਰ ਨਾ ਆਈ। ਪਰ ਹੁਣ ਉਹਨੇ ਜੇਲ੍ਹੋਂ ਬਾਹਰ ਆਉਂਦਿਆਂ ਹੀ ਜਲੰਧਰ ‘ਚ ਪ੍ਰੈਸ ਕਾਨਫਰੰਸ ਕਰਕੇ ਇਕ ਅਵੱਲੀ ਗੱਲ ਕਰ ਛੱਡੀ ਏ। ਉਹਨੇ ਕਿਹੈ ਕਿ ਤਿਹਾੜ ਵਿਚ ਅੰਡਰਵਰਲਡ ਡੌਨ ਅੱਬੂ ਸਲੇਮ ਨੂੰ ਮੈਂ ਕਈ ਵਾਰ ਮਿਲਿਆ ਹਾਂ। ਅੱਬੂ ਨੂੰ ਗੀਤ ਲਿਖਣ ਦਾ ਬੜਾ ਸ਼ੌਕ ਏ ਤੇ ਹੁਣ ਆਪਣੀ ਜਿਹੜੀ ਐਲਬਮ ਨੂੰ ਡੇਢ-ਦੋ ਮਹੀਨੇ ਬਾਅਦ ਰਿਲੀਜ਼ ਕਰਨ ਜਾ ਰਿਹਾਂ, ਉਹਦਾ ਟਾਈਟਲ ਗੀਤ ‘ਸ਼ਰਾਬੀ’ ਅੱਬੂ ਦਾ ਹੀ ਲਿਖਿਆ ਹੋਇਐ। ਇਹ ਐਲਬਮ ਬਹੁਤ ਵੱਡੀ ਹੋਏਗੀ, ਜਿਸ ਦੇ ਵੀਡੀਓ ਵਿਚ ਸਵਰਗੀ ਪਹਿਲਵਾਨ ਦਾਰਾ ਸਿੰਘ ਦਾ ਪੁੱਤ ਵਿੰਦੂ ਦਾਰਾ ਸਿੰਘ, ਮਰਹੂਮ ਮੰਤਰੀ ਪ੍ਰਮੋਦ ਮਹਾਜਨ ਦਾ ਪੁੱਤ ਰਾਹੁਲ ਮਹਾਜਨ ਤੇ ਰਾਜਾ ਚੌਧਰੀ ਅਦਾਕਾਰੀ ਕਰਨਗੇ। ਉਹਨੇ ਕਿਹੈ ਕਿ ਇਸ ਐਲਬਮ ‘ਤੇ ਦੋ ਕਰੋੜ ਰੁਪਏ ਖਰਚ ਆਵੇਗਾ, ਭਾਵ ਹੁਣ ਤੱਕ ਦੀ ਸਭ ਤੋਂ ਮਹਿੰਗੀ ਐਲਬਮ।
ਇਹ ਤਾਂ ਪਤਾ ਨਹੀਂ ਕਿ ਸੁੱਖੇ ਨੇ ਇਹ ਨਵੀਂ ਛੁਰਲੀ ਛੱਡੀ ਹੈ ਜਾਂ ਸੱਚ ਏ, ਪਰ ਉਸ ਦੀਆਂ ਗੱਲਾਂ ਨੇ ਕਈ ਸਵਾਲ ਪੈਦਾ ਕਰ ਦਿੱਤੇ ਨੇ ਕਿ ਕੀ ਅੱਬੂ ਸਲੇਮ ਤਿਹਾੜ ਜੇਲ੍ਹ ਦਾ ‘ਦੇਵ ਥਰੀਕਿਆਂ ਵਾਲਾ’ ਏ। ਉਸ ਨੂੰ ਪੰਜਾਬ ਦਾ ਕੋਈ ਹੋਰ ਗੀਤਕਾਰ ਏਨਾ ਕਾਬਲ ਲੱਗਾ ਹੀ ਨਹੀਂ, ਜਿੰਨਾ ਕਿ ਅੱਬੂ। ਦੂਜੀ ਗੱਲ, ਕਲਾਕਾਰ ਤਾਂ ਪ੍ਰੈਸ ਕਾਨਫਰੰਸ ਐਲਬਮ ਰਿਲੀਜ਼ ਮੌਕੇ ਕਰਦੇ ਨੇ, ਪਰ ਉਹਨੇ ਡੇਢ-ਦੋ ਮਹੀਨੇ ਪਹਿਲਾਂ ਹੀ ਇਹ ਸਾਰੀ ਜਾਣਕਾਰੀ ਦੇਣ ਲਈ ਕਰ ਦਿੱਤੀ, ਕਾਰਨ? ਤੀਜਾ ਇਹ ਕਿ ਉਸ ਦੇ ਗੀਤਾਂ ‘ਚ ਐਕਟਿੰਗ ਵੀ ਉਹ ਕਰਨਗੇ, ਜਿਹੜੇ ਝੰਡੇ ਹੇਠਲੇ ਨੇ। ਪ੍ਰਮੋਦ ਮਹਾਜਨ ਦਾ ਪੁੱਤ ਰਾਹੁਲ ਮਹਾਜਨ ਇਕ ਵਾਰ ਨਸ਼ਿਆਂ ਦੇ ਸੇਵਨ ਦੀਆਂ ਖ਼ਬਰਾਂ ਕਰਕੇ ਖੂਬ ਬਦਨਾਮ ਹੋਇਆ ਸੀ ਤੇ ਵਿੰਦੂ ਦਾਰਾ ਸਿੰਘ ਨੇ ਆਈæਪੀæਐਲ਼ ਸਪਾਟ ਫਿਕਸਿੰਗ ਦੇ ਦੋਸ਼ਾਂ ਨਾਲ ਆਪਣੀ ਮਿੱਟੀ ਤਾਂ ਪੁੱਟੀ ਹੀ, ਆਪਣੇ ਸਤਿਕਾਰਤ ਬਾਪ ਦੀ ਵੀ ਪੁੱਟ ਛੱਡੀ।
ਜੇ ਸੁੱਖੇ ਦੀ ਐਲਬਮ ਦਾ ਬਜਟ ਦੋ ਕਰੋੜ ਏ ਤਾਂ ਫੇਰ ਉਹ ਪ੍ਰੈਸ ਕਾਨਫਰੰਸ ਵਿਚ ਇਕ ਗੱਲ ਕਹਿਣੀ ਭੁੱਲ ਗਿਐ ਕਿ ਉਹਦਾ ਮੇਲ ਏæ ਰਾਜਾ ਨਾਲ ਵੀ ਹੋਇਆ ਹੋਣੈ। ਤਿਹਾੜ ਜੇਲ੍ਹ ‘ਚ ਸਾਬਕਾ ਟੈਲੀਕਾਮ ਮੰਤਰੀ ਏæ ਰਾਜਾ ਵੀ ਬੈਠੈ ਤੇ ਉਸ ਦੀ ਆਰਥਿਕ ਕ੍ਰਿਪਾ ਬਿਨਾਂ ਤਾਂ ਕਿਸੇ ਦੀ ਐਲਬਮ ‘ਤੇ ਦੋ ਕਰੋੜ ਖਰਚ ਹੋ ਨਹੀਂ ਸਕਦਾ। ਜੇ ਸੁੱਖਾ ਇਕ ਛੋਟੀ ਜਿਹੀ ਖੇਚਲ ਹੋਰ ਕਰੇ ਤਾਂ ਜ਼ਿਆਦਾ ਵਧੀਆ ਗੱਲ ਰਹੇਗੀ। ਉਹਨੂੰ ਆਪਣੇ ਗੀਤਾਂ ‘ਤੇ ਠੁਮਕੇ ਲਾਉਣ ਲਈ ਮੋਨਿਕਾ ਬੇਦੀ ਵੀ ਬੁਲਾ ਲੈਣੀ ਚਾਹੀਦੀ ਏ, ਜੋ ਅੱਬੂ ਦੀ ਸਾਬਕਾ ਸਹੇਲੀ ਹੈ ਤੇ ਜਦੋਂ ਇਹ ਪੂਰੀ ਜੁੰਡਲੀ ਇਕ ਐਲਬਮ ਨਾਲ ਜੁੜੀ ਹੋਏਗੀ ਤਾਂ ਲੋਕਾਂ ਮੂੰਹੋਂ ਆਪ ਮੁਹਾਰੇ ਨਿਕਲੇਗਾ ਕਿ ਸੱਚੀਂ ਪੰਜਾਬੀ ਗਾਇਕੀ ਬਹੁਤ ਅੱਗੇ ਨਿਕਲ ਗਈ ਏ।
ਸੁੱਖੇ ਦੀਆਂ ਪਹਿਲਾਂ ਤੇ ਹੁਣ ਵਾਲੀਆਂ ਗੱਲਾਂ ਲਗਭਗ ਇਕੋ ਜਿਹੀਆਂ ਹੀ ਨੇ। ਉਦੋਂ ਉਹ ‘ਮਿੱਤਰਾਂ ਨੇ ਠੇਕਾ ਲੈ ਲਿਆ ਨੀਂ ਤੇਰੇ ਕਾਲਜ ਦੀ ਕੰਟੀਨ ਦਾ’ ਗੀਤ ਗਾਉਂਦਾ ਹੁੰਦਾ ਸੀ, ਪਰ ਹੁਣ ਇੰਜ ਜਾਪਦੈ ਜਿਵੇਂ ਉਸ ਨੇ ਗੱਪਾਂ ਦਾ ਠੇਕਾ ਵੀ ਲੈ ਲਿਆ ਹੋਵੇ।
ਦਲੇਰ ਦੀ ਮਹਿੰਦੀ ਦਾ ਰੰਗ ‘ਪੰਜੇ’ ‘ਤੇ
ਦਲੇਰ ਮਹਿੰਦੀ ਜਦੋਂ ਦਾ ਗਾਉਣ ਲੱਗੈ, ਨਵੇਂ-ਨਵੇਂ ਵਿਸ਼ੇ ਕੱਢ ਲਿਆਉਂਦੈ। ਕਦੇ ਗੱਡੇ ਗਡੀਰੇ ‘ਤੇ ਨਾ ਚੜ੍ਹਨ ਵਾਲੇ ਗੀਤ, ਕਦੇ ਗੁੱਡੀ ਹੋ ਗਈ ਬੋ-ਬੋ-ਬੋ ਤੇ ਕਦੇ ਇਹੋ ਜਿਹਾ ਹੀ ਕੋਈ ਹੋਰ। ਉਸ ਦੀ ਵਡਿਆਈ ਕਰਨ ਵਾਲੇ ਕਹਿੰਦੇ ਨੇ ਕਿ ਉਹਨੇ ਸਰਦਾਰੀ ਰੂਪ ਨੂੰ ਅੰਤਰਰਾਸ਼ਟਰੀ ਪੱਧਰ ਤੱਕ ਪੁਚਾਇਆ ਤੇ ਕਈ ਕਹਿੰਦੇ ਨੇ ਕਿ ਉਹਨੇ ਦਸਤਾਰ ਦੀ ਮਰਿਆਦਾ ਨੂੰ ਢਾਹ ਲਾਈ ਏ।
ਦਲੇਰ ਦੀ ਬਦਨਾਮੀ ਕਰਾਉਣ ‘ਚ ਕਬੂਤਰਬਾਜ਼ੀ ਦੇ ਦੋਸ਼ਾਂ ਨੇ ਅਹਿਮ ਯੋਗਦਾਨ ਪਾਇਐ। ਇਕ ਵਾਰ ਉਸ ਨੇ ਦੋਸ਼ ਲਾਇਆ ਸੀ ਕਿ ਪੁਲਿਸ ਵਾਲਿਆਂ ਕਿਵੇਂ ਉਸ ਨਾਲ ਬਦਸਲੂਕੀ ਕੀਤੀ, ਜਿਸ ਦੀ ਚਰਚਾ ਅੱਜ ਵੀ ਹੁੰਦੀ ਰਹਿੰਦੀ ਏ।
ਪਰ ਹੁਣ ਉਹ ਰਾਜਨੀਤਕ ਪੌੜੀ ਚੜ੍ਹਨ ਬਾਬਤ ਸੋਚ ਰਿਹੈ ਤੇ ਉਹ ਕਾਂਗਰਸ ਪਾਰਟੀ ਵਿਚ ਸ਼ਾਮਲ ਹੋ ਗਿਐ। ਉਹ ਦਿੱਲੀ ਦੀ ਮੁੱਖ ਮੰਤਰੀ ਸ਼ੀਲਾ ਦੀਕਸ਼ਤ ਦੇ ਕਾਫੀ ਨੇੜੇ ਏ ਤੇ ਉਮੀਦ ਕੀਤੀ ਜਾ ਰਹੀ ਏ ਕਿ ਉਹ ਇਸੇ ਸਾਲ ਦਿੱਲੀ ‘ਚ ਹੋਣ ਵਾਲੀਆਂ ਵਿਧਾਨ ਸਭਾ ਜਾਂ ਅਗਲੇ ਸਾਲ ਦੀਆਂ ਲੋਕ ਸਭਾ ਚੋਣਾਂ ਲੜੇਗਾ ਤੇ ਜੇ ਉਹ ਚੋਣ ਲੜਦਾ ਏ ਤਾਂ ਭਵਿੱਖੀ ਨਤੀਜਾ ਕੀ ਹੋਵੇਗਾ, ਇਸ ਪ੍ਰਸੰਗ ਵਿਚ ਨਾ ਵੀ ਜਾਈਏ ਤਾਂ ਵੀ ਕਈ ਸਵਾਲ ਜ਼ਿਹਨ ‘ਚ ਆ ਜਾਂਦੇ ਨੇ।
ਦਿੱਲੀ ਪਿਛਲੇ ਕੁਝ ਸਮੇਂ ਬਲਾਤਕਾਰਾਰੀਆਂ ਦੀ ਨਗਰੀ ਵਜੋਂ ਚਰਚਾ ‘ਚ ਹੈ ਤੇ ਇਥੋਂ ਦੀ ਲੀਡਰਸ਼ਿਪ ‘ਤੇ ਇਹੀ ਇਲਜ਼ਾਮ ਲੱਗਦੇ ਨੇ ਕਿ ਇਹਦੇ ਵੱਲੋਂ ਔਰਤਾਂ ਦੀ ਸੁਰੱਖਿਆ ਲਈ ਕੋਈ ਕਦਮ ਨਹੀਂ ਚੁੱਕੇ ਜਾ ਰਹੇ। ਸੜਕਾਂ ਤੋਂ ਸੰਸਦ ਤੱਕ ਰੌਲਾ ਰੱਪਾ ਬਥੇਰਾ ਪੈਂਦੈ, ਪਰ ਮਾਮਲਾ ਉਥੇ ਦਾ ਉਥੇ ਹੀ ਖੜ੍ਹੈ। ਇਸ ਹਾਲਤ ਵਿਚ ਜੇ ਦਲੇਰ ਵਰਗਾ ਬੰਦਾ ਜਿੱਤ ਵੀ ਜਾਂਦੈ ਤਾਂ ਔਰਤਾਂ ਦੀ ਸੁਰੱਖਿਆ ਲਈ ਕਿਹੋ ਜਿਹੀ ਸੋਚ ਰੱਖੇਗਾ, ਇਹ ਗੱਲ ਸਵਾਲ ਪੈਦਾ ਕਰਦੀ ਏ।
ਜਿਹੜਾ ਬੰਦਾ ਖੁਦ ‘ਸ਼ੀਲਾ ਹੋ ਜਾਂ ਮੁੰਨੀ, ਹਮ ਤੋ ਲੇਂਗੇ ਚੁੰਮੀ’ ਵਰਗੇ ਗੀਤ ਗਾਉਂਦਾ ਰਿਹਾ ਹੋਵੇ, ਜਿਸ ਪਿੱਛੇ ਨੱਚਦੀਆਂ ਮਾਡਲ ਕੁੜੀਆਂ ਦੇ ਡੇਢ-ਡੇਢ ਗਿੱਠ ਕੱਪੜੇ ਪਹਿਨੇ ਹੋਣ, ਉਹ ਜਿੱਤਣ ਮਗਰੋਂ ਸੂਬੇ ਵਿਚ ਔਰਤਾਂ ਦੇ ਹੱਕਾਂ ਦੀ ਰਾਖੀ ਤੇ ਇਨ੍ਹਾਂ ਦੀ ਸੁਰੱਖਿਆ ਲਈ ਵਚਨਬੱਧਤਾ ਲਈ ਭਲਾਂ ਕੀ ਕਰੇਗਾ?
ਇਹ ਉਹ ਗਾਇਕ ਨੇ, ਜਿਹੜੇ ਕਹਿੰਦੇ ਨੇ ਕਿ ਅੰਤਰਰਾਸ਼ਟਰੀ ਹੋਣ ਲਈ ਬਹੁਤ ਕੁਝ ਕਰਨਾ ਪੈਂਦੈ ਤੇ ਕਿਤੇ ਇਹ ਦਿੱਲੀ ਦਾ ਅੰਤਰਰਾਸ਼ਟਰੀਕਰਨ ਏਨਾ ਜ਼ਿਆਦਾ ਵੀ ਨਾ ਕਰ ਦੇਣ ਕਿ ਸਵਾਲ ‘ਤੇ ਸਵਾਲ ਪੈਦਾ ਹੋਣ ਲੱਗਣ। ਨਾਲੇ ਗਲੈਮਰ ਦੀ ਦੁਨੀਆਂ ਨਾਲ ਜੁੜੇ ਜਿੰਨੇ ਵੀ ਲੋਕ ਰਾਜਨੀਤਕ ਪਾਰੀ ਵਿਚ ਸਫ਼ਲ ਹੋਏ ਨੇ, ਉਨ੍ਹਾਂ ਵੋਟਰਾਂ ਨੂੰ ਨਿਰਾਸ਼ ਹੀ ਕੀਤਾ ਏ, ਕਿਉਂਕਿ ਇਨ੍ਹਾਂ ਦੇ ਤਾਂ ਆਪਣੇ ਝਮੇਲੇ ਖਤਮ ਨਹੀਂ ਹੁੰਦੇ, ਲੋਕਾਂ ਦੇ ਕਿੱਥੇ ਖਤਮ ਕਰਨਗੇ।
ਨਵਜੋਤ ਸਿੰਘ ਸਿੱਧੂ ਦੀ ਗੁੰਮਸ਼ੁਦਗੀ ਬਾਬਤ ਪਿਛਲੇ ਹਫ਼ਤੇ ਹੀ ਅੰਮ੍ਰਿਤਸਰ ਦੀਆਂ ਕੰਧਾਂ ‘ਤੇ ਪੋਸਟਰ ਲੱਗੇ ਨੇ। ਜਦੋਂ ਵਿਨੋਦ ਖੰਨਾ ਗੁਰਦਾਸਪੁਰ ਤੋਂ ਸੰਸਦ ਮੈਂਬਰ ਹੁੰਦਾ ਸੀ, ਉਦੋਂ ਲੋਕਾਂ ਨੂੰ ਆਪਣੀ ਗ਼ਲਤੀ ਦਾ ਅਹਿਸਾਸ ਹੋ ਗਿਆ ਸੀ ਕਿ ਅਸੀਂ ਦੋ-ਚਾਰ ਵਾਰ ਉਹਨੂੰ ਨੇੜਿਓਂ ਦੇਖਣ ਖਾਤਰ ਪੰਜ ਸਾਲ ਵੰਝ ‘ਤੇ ਟੰਗੇ ਗਏ ਹਾਂ। ਇਹੀ ਗੱਲਾਂ ਕਿਸੇ ਵੇਲ਼ੇ ਬੀਕਾਨੇਰ ਦੇ ਲੋਕਾਂ ਮੂੰਹੋਂ ਨਿਕਲੀਆਂ ਸਨ, ਜਿਨ੍ਹਾਂ ਧਰਮਿੰਦਰ ਨੂੰ ਜਿਤਾ ਛੱਡਿਆ ਸੀ ਤੇ ਕਿਤੇ ਇਹੀ ਕੁਝ ਦਲੇਰ ਨੂੰ ਜਿਤਾ ਕੇ ਮੂੰਹੋਂ ਨਾ ਨਿਕਲੇ।
ਵੈਸੇ ਭਵਿੱਖ ਵਿਚ ਵੱਡੀਆਂ ਰਾਜਨੀਤਕ ਪਾਰਟੀਆਂ ਇਹੋ ਜਿਹੇ ਦਾਅ ਹੀ ਚੱਲਿਆ ਕਰਨਗੀਆਂ ਕਿਉਂਕਿ ਇਹ ਜਾਣਦੀਆਂ ਨੇ ਕਿ ਸਾਡੇ ਕਿਸੇ ਉਮੀਦਵਾਰ ਦੇ ਚਿਹਰੇ ਦਾ ਏਨਾ ਮੁੱਲ ਨਹੀਂ ਕਿ ਲੋਕਾਂ ਨੂੰ ਰੈਲੀਆਂ ਵੱਲ ਖਿੱਚਿਆ ਜਾ ਸਕੇ ਤੇ ਇਹ ਕੰਮ ਕਲਾਕਾਰ ਬਨਾਮ ਅਦਾਕਾਰ ਹੀ ਕਰ ਸਕਦੇ ਨੇ। ਦਲੇਰ ਬਾਰੇ ਤਾਂ ਲੋਕ ਇਹ ਵੀ ਕਹਿੰਦੇ ਨੇ ਕਿ ਇਹ ਚੰਗਾ ਸਕੀਮੀ ਨਿਕਲਿਆ। ਕੁੜਮਚਾਰੀ ਦਾ ਇਕ ਪੱਖ (ਹੰਸ ਰਾਜ ਹੰਸ ਵਾਲੇ ਪਾਸਿਓਂ) ਅਕਾਲੀ ਦਲ ਨਾਲ ਜੁੜਿਆ ਹੋਇਐ ਤੇ ਆਪ ਇਹ ਕਾਂਗਰਸ ਦੀ ਬੁੱਕਲ ਵਿਚ ਜਾ ਬੈਠਿਐ।
Leave a Reply