ਬਲਜੀਤ ਬਾਸੀ ਨੇ ‘ਸ਼ਬਦ ਝਰੋਖਾ’ ਨਾਲ ਸ਼ਬਦਾਂ ਦਾ ਚੰਗਾ ਮੇਲਾ ਲਾਇਆ ਹੋਇਆ ਹੈ। ਪਰਚੇ ਉਤੇ ਮੋਟੀ-ਮੋਟੀ ਝਾਤ ਮਾਰਨ ਤੋਂ ਬਾਅਦ ਮੈਂ ਸਭ ਤੋਂ ਪਹਿਲਾਂ ਇਹੀ ਕਾਲਮ ਪੜ੍ਹਦਾ ਹਾਂ। ਸ਼ਬਦਾਂ ਦੀਆਂ ਜੜ੍ਹਾਂ ਬਾਰੇ ਬਲਜੀਤ ਬਾਸੀ ਚੰਗੀ ਦੌੜ ਲਵਾਉਂਦਾ ਹੈ। ਇਹ ਕਾਲਮ ਪੜ੍ਹ-ਪੜ੍ਹ ਕੇ ਮੈਂ ਹੋਰ ਸ਼ਬਦਾਂ ਬਾਰੇ ਵੀ ਘੋਖ ਕਰਨੀ ਗਿੱਝ ਗਿਆ ਹਾਂ। ਬਹੁਤ ਸਾਰੇ ਸ਼ਬਦਾਂ ਬਾਰੇ ‘ਭੁਲੇਖੇ’ ਇਹ ਕਾਲਮ ਪੜ੍ਹਨ ਕਰ ਕੇ ਦੂਰ ਹੋਏ ਹਨ। 31 ਅਗਸਤ ਵਾਲੇ ਅੰਕ ਵਿਚ ‘ਗਲੀ’ ਬਾਰੇ ਛਾਣੀ ਖਾਕ ਬੜੀ ਦਿਲਚਸਪ ਸੀ। ਇਸ ਤੋਂ ਪਹਿਲਾਂ ਦੇ ਦੋ ਅੰਕਾਂ ਵਿਚ ਅੱਖਾਂ ਨਾਲ ਸਬੰਧਤ ਚਰਚਾ ਪੜ੍ਹ ਕੇ ਸੁਆਦ ਆ ਗਿਆ। ਸਭ ਤੋਂ ਦਿਲਚਸਪ ਸ਼ਬਦ ਮੀਨਾਕਸ਼ੀ (24 ਅਗਸਤ ਵਾਲੇ ਅੰਕ ਵਿਚ) ਲੱਗਿਆ- ਭਾਵ ਜਿਸ ਦੀ ਅੱਖ, ਮੱਛੀ ਵਰਗੀ ਸੋਹਣੀ ਹੈ। ਮੱਛੀ ਦੀ ਅੱਖ ਵੱਲ ਕਦੀ ਧਿਆਨ ਨਹੀਂ ਸੀ ਗਿਆ। ਇਹ ਲੇਖ ਪੜ੍ਹਨ ਤੋਂ ਬਾਅਦ ਜਦੋਂ ਇਕ ਸਟੋਰ ਉਤੇ ਰੱਖੇ ਮੱਛੀ-ਮਰਤਬਾਨ ਨੇੜੇ ਜਾ ਕੇ ਮੱਛੀ ਦੀ ਅੱਖ ਦੇਖੀ, ਤਾਂ ਇਹ ਨਾਂ ਸੁਝਾਉਣ ਵਾਲੇ ਨੂੰ ਅਤੇ ਇਸ ਲੇਖ ਦੇ ਲਿਖਾਰੀ ਨੂੰ ਪ੍ਰਣਾਮ ਕਰਨ ਨੂੰ ਦਿਲ ਕਰ ਆਇਆ। ਇਸ ਕਾਲਮ ਨੇ ਉਰਦੂ ਲੇਖਕ ਫਿਕਰ ਤੌਂਸਵੀ ਦੇ ਮਸ਼ਹੂਰ ਕਾਲਮ ‘ਪਿਆਜ਼ ਕੇ ਛਿਲਕੇ’ ਦੀ ਯਾਦ ਤਾਜ਼ਾ ਕਰਵਾ ਦਿੱਤੀ ਹੈ। ਜਿਸ ਤਰ੍ਹਾਂ ਫਿਕਰ ਤੌਂਸਵੀ ਆਪਣੇ ਲੇਖ ਵਿਚ ਕਿਸੇ ਇਕ ਨੁਕਤੇ ਬਾਰੇ ਗੱਲ ਕਰਦਿਆਂ ਪਿਆਜ਼ ਦੇ ਛਿਲਕੇ ਉਤਾਰਦਾ ਸੀ, ਐਨ ਉਸੇ ਤਰ੍ਹਾਂ ਬਲਜੀਤ ਬਾਸੀ ਸ਼ਬਦਾਂ ਦੀ ਛਿਲ ਲਾਹੀ ਤੁਰਿਆ ਜਾਂਦਾ ਹੈ।
-ਭੁਪਿੰਦਰ ਸਿੰਘ ਮੁਨਾਵਾਂ
_________________________
ਦੌੜਾਕ ਮੱਖਣ ਸਿੰਘ ਦੇ ਟੱਬਰ ਦੀ ਸਹਾਇਤਾ
ਦੌੜਾਕ ਮੱਖਣ ਸਿੰਘ ਦੇ ਟੱਬਰ ਨੂੰ 5 ਲੱਖ ਰੁਪਏ ਮਿਲਣ ਅਤੇ ਉਸ ਦੇ ਮੁੰਡੇ ਨੂੰ ਨੌਕਰੀ ਦੇਣ ਦੀ ਖਬਰ ਨਾਲ ਦਿਲ ਨੂੰ ਸਕੂਨ ਜਿਹਾ ਆ ਗਿਆ। ਅਜਿਹੇ ਬਥੇਰੇ ਲੋਕ ਨਾਇਕ ਹਨ ਜਿਹੜੇ ਕਿਸੇ ਨਾ ਕਿਸੇ ਕਾਰਨ ਰੁਲ ਜਾਂਦੇ ਹਨ। ਇਨ੍ਹਾਂ ਦੇ ਟੱਬਰ ਮੰਦੇ ਹਾਲੀਂ ਹਨ ਅਤੇ ਮੱਦਦ ਲਈ ਤੜਫ ਰਹੇ ਹਨ। ਸ਼ੁਕਰ ਹੈ ਕਿ ਕਿਸੇ ਨੂੰ ਤਾਂ ਮੱਖਣ ਸਿੰਘ ਦੇ ਟੱਬਰ ਦਾ ਚੇਤਾ ਆਇਆ ਹੈ। ਸਰਕਾਰਾਂ ਹੋਰ ਥਾਂਈਂ ਕਿੰਨੇ ਕਿੰਨੇ ਪੈਸੇ ਲਾਈ ਜਾਂਦੀਆਂ ਹਨ ਪਰ ਲੋੜਵੰਦਾਂ ਦੀ ਮਦਦ ਲਈ ਹੱਥ ਪਿਛੇ ਖਿੱਚ ਲੈਂਦੀਆਂ ਹਨ। ਮੈਂ ਤਾਂ ਕਹਿੰਦਾ ਹਾਂ ਕਿ ਹੋਰ ਲੋੜਵੰਦਾਂ ਨੂੰ ਲੱਭ ਕੇ ਉਨ੍ਹਾਂ ਦੀ ਵੀ ਸਹਾਇਤਾ ਕਰਨੀ ਚਾਹੀਦੀ ਹੈ।
-ਸੁਰਮੁਖ ਸਿੰਘ ਕੰਗ, ਨਿਊ ਯਾਰਕ
__________________________
ਗੁਰਦਿਆਲ ਬਲ ਦੀ ‘ਮਾਇਆ’
‘ਪੰਜਾਬ ਟਾਈਮਜ਼’ ਦੇ 35 ਨੰਬਰ ਅੰਕ ਵਿਚ ਕਮਿੱਕਰ ਸਿੰਘ ਦਾ ਖਤ ਪੜ੍ਹਿਆ। ਖਤ ਪੜ੍ਹ ਕੇ ਮੇਰਾ ਵੀ ਕੁਝ ਕਹਿਣ ਨੂੰ ਮਨ ਕਰ ਆਇਆ ਹੈ। ਕਮਿੱਕਰ ਸਿੰਘ ਨੇ ਠੀਕ ਹੀ ਲਿਖਿਆ ਹੈ ਕਿ ਬਲ ਸਾਹਿਬ, ਸੁਰਿੰਦਰ ਨੀਰ ਨੂੰ ਕੁਝ ਜ਼ਿਆਦਾ ਹੀ ਚੜ੍ਹਾ ਰਹੇ ਹਨ। ਨਾਲੇ ਐਤਕੀਂ ਵਾਲੀ ਕਿਸ਼ਤ ਵਿਚ ਤਾਂ ਨਾਵਲ ਬਾਰੇ ਵੀ ਬਹੁਤਾ ਕੁਝ ਨਹੀਂ ਲੱਭਦਾ। ਲਾਲੀ ਬਾਬੇ ਦੁਆਲੇ ਗੱਲਾਂ ਘੁੰਮੀ ਜਾਂਦੀਆਂ ਹਨ। ਲਾਲੀ ਬਾਬੇ ਬਾਰੇ ਤੁਸੀਂ ਅੱਗੇ ਵੀ ਬਥੇਰਾ ਛਾਪ ਚੁੱਕੇ ਹੋ। ਐਡੀ ਵੀ ਕਿਹੜੀ ਗੱਲ ਹੈ ਕਿ ਇਕੋ ਬੰਦੇ ਬਾਰੇ ਲਿਖੀ ਜਾਉ। ਉਦਾਂ ਮੈਨੂੰ ਕਮਿੱਕਰ ਸਿੰਘ ਵੱਲੋਂ ਯੂਨੀਵਰਸਿਟੀ ਵਾਲੇ ਮਾਹੌਲ ਬਾਰੇ ਕੀਤੇ ਇਤਰਾਜ਼ ਦੀ ਸਮਝ ਨਹੀਂ ਲੱਗੀ। ਕੀ ਸਭਿਆਚਾਰਕ ਵਿਰਾਸਤ ਨੂੰ ਸਾਂਭਣ ਦੀ ਜ਼ਿੰਮੇਵਾਰੀ ਸਿਰਫ ਕੁੜੀਆਂ ਦੀ ਹੈ? ਸਭਿਆਚਾਰ ਦੇ ਨਾਂ ਉਤੇ ਅਸੀਂ ਬੜਾ ਕੁਝ ਆਪਣੀਆਂ ਧੀਆਂ-ਧਿਆਣੀਆਂ ਉਤੇ ਠੋਸੀ ਜਾਂਦੇ ਹਾਂ। ਇੱਦਾਂ ਕਰ ਕੇ ਅਸੀਂ ਉਨ੍ਹਾਂ ਨੂੰ ਵੀ ਤੰਗ ਕਰਦੇ ਹਾਂ ਅਤੇ ਆਪ ਵੀ ਪ੍ਰੇਸ਼ਾਨ ਰਹਿੰਦੇ ਹਾਂ। ਸਮਾਂ ਬਦਲਦਾ ਰਹਿੰਦਾ ਹੈ ਅਤੇ ਅੱਜ ਵੀ ਬਦਲ ਰਿਹਾ ਹੈ। ਸਾਨੂੰ ਵੀ ਸਮੇਂ ਨਾਲ ਬਦਲਣਾ ਚਾਹੀਦਾ ਹੈ। ਅਮਰੀਕਾ ਵਰਗੇ ਮਾਡਰਨ ਦੇਸ਼ ਵਿਚ ਵੀ ਸਾਡੇ ਸਿਰਾਂ ਵਿਚੋਂ ਪਿੰਡ ਦੀ ਜਗੀਰਦਾਰੀ ਨਹੀਂ ਨਿਕਲਦੀ। ਆਪਣੇ ਮੁੰਡਿਆਂ ਨੂੰ ਅਸੀਂ ਕੁਝ ਆਖਦੇ ਨਹੀਂ, ਸਾਰੀ ਕਸਰ ਕੁੜੀਆਂ ਉਤੇ ਕੱਢ ਲੈਂਦੇ ਹਾਂ। ਉਨ੍ਹਾਂ ਨੂੰ ਵੀ ਆਕਾਸ਼ ਵਿਚ ਉਡਣ ਦਾ ਬਰਾਬਰ ਦਾ ਮੌਕਾ ਮਿਲਣਾ ਚਾਹੀਦਾ ਹੈ।
ਇਕ ਗੱਲ ਹੋਰ, ਐਤਕੀਂ ਤੁਸੀਂ ਆਪਣੇ ਸੰਪਾਦਕੀ ਵਿਚ ਔਰਤ ਜਾਤ ਲਈ ਪੰਜ ਪਿਆਰੀਆਂ ਸ਼ਬਦ ਵਰਤਿਆ। ਪੜ੍ਹ ਕੇ ਬਹੁਤ ਚੰਗਾ ਲੱਗਾ। ਇਸ ਜਾਤ ਨੇ ਬੜਾ ਕੁਝ ਝੱਲਿਆ ਹੈ ਅਤੇ ਅਜੇ ਵੀ ਝੱਲ ਰਹੀ ਹੈ। ਮਰਦ ਨੂੰ ਹੁਣ ਹੈਂਕੜ ਛੱਡ ਕੇ ਇਨ੍ਹਾਂ ਨੂੰ ਵੀ ਇਨਸਾਨ ਮੰਨ ਲੈਣਾ ਚਾਹੀਦਾ ਹੈ। ਹੁਣ ਤੱਕ ਇਨ੍ਹਾਂ ਨਾਲ ਕਿੱਲੇ ਨਾਲ ਬੰਨ੍ਹੇ ਪਸ਼ੂਆਂ ਵਾਲਾ ਵਿਹਾਰ ਹੋਇਆ ਹੈ। ਸਾਡੇ ਗੁਰੂਆਂ ਨੇ ਵੀ ਇਨ੍ਹਾਂ ਦੇ ਹੱਕ ਦੀ ਗੱਲ ਕੀਤੀ ਸੀ। ਸਾਨੂੰ ਉਸ ਸਿਖਿਆ ਨੂੰ ਭੁਲਾਉਣਾ ਨਹੀਂ ਚਾਹੀਦਾ।
-ਪ੍ਰੇਮ ਸਿੰਘ ਭਟਨੋਹਾ, ਐਲ਼ਏæ
Leave a Reply