ਵਸਦੇ ਘਰਾਂ ਦੇ ਉਜੜ ਗਏ ਲੋਕ

ਲਗਾਤਾਰ ਨਾਜਾਇਜ਼ ਰਿਸ਼ਤੇ ਉਸਰਨ ਕਰ ਕੇ ਸਿਆਣੇ ਲੋਕ ਕੰਧਾਂ ‘ਚ ਸਿਰ ਹੀ ਨਹੀਂ ਮਾਰ ਰਹੇ, ਸਗੋਂ ਕੰਧਾਂ ਹੀ ਧੜਾ-ਧੜ ਸਿਰਾਂ ‘ਚ ਵੱਜਣ ਲੱਗ ਗਈਆਂ ਹਨ। ਜੁਆਨੀ ਦੀ ਉਮਰ ਵਿਚ ਦੋਸਤੀ ਦੇ ਦੋ ਪਹਿਲੇ ਦਰਜੇ, ਮੁਹੱਬਤ ਦਾ ਗਲਾ ਘੁਟ ਕੇ ਸਰੀਰਕ ਸਬੰਧਾਂ ਦੀ ਖਾਈ ‘ਚ ਡਿਗਦੇ ਨਜ਼ਰ ਆਉਣ ਲੱਗ ਪਏ ਹਨ। ਜਸੂਸੀ ਦਾ ਕੰਮ ਕਰਨ ਵਾਲੇ ਕੈਦੋਂ ਵਿਚਾਰੇ ਬੜੀ ਦੇਰ ਤੋਂ ਨਿਰਾਸ਼ ਹੋ ਕੇ ਮੂੰਹ ਬੰਦ ਕਰ ਕੇ ਬੈਠ ਗਏ ਹਨ। ਕਾਨੂੰਨ ਵਿਚ ਹਾਕਮਾਂ ਦੀ ਘੁਸਪੈਠ ਹੋਣ ਕਰ ਕੇ ਤਰਾਜੂ, ਇਨਸਾਫ਼ ਵੱਲ ਪਿੱਠ ਕਰ ਕੇ ਰੋਣ ਲੱਗ ਪਈ ਹੈ। ਤੱਕੜੀ ਪਹਿਲਾਂ ਤਾਂ ਦੁਖੀ ਸੀ ਕਿ ਇਹਦੇ ਨਾਲ ਬਾਣੀਆਂ ਨੇ ਬਹੁਤ ਸ਼ਰਾਰਤਾਂ ਕੀਤੀਆਂ, ਫਿਰ ਵੋਟਾਂ ਵਾਲੇ ਖਿੱਚ-ਧੂਹ ਕਰਨ ਲੱਗ ਗਏ, ਤੇ ਅੱਖਾਂ ਲਾਉਣ ਦੀਆਂ ਗੱਲਾਂ ਕਰਨ ਵਾਲਿਆਂ ਨੇ ਪਿਆਰ ਭੁੰਜੇ ਬਿਠਾ ਲਿਆ ਹੈ ਤੇ ਸਰੀਰ ਪਲੜਿਆਂ ਵਿਚ ਬੈਠੇ ਹਨ। ਜੁਆਨੀ, ਬਾਤਾਂ ਤਾਂ ਮੁਹੱਬਤ ਦੇ ਸ਼ਹਿਦ ਦੀਆਂ ਪਾ ਰਹੀ ਹੈ, ਪਰ ਸੁਆਦ ਹੁੰਗਾਰੇ ਦੇ ਰੂਪ ਵਿਚ ਆਚਾਰ ਵਰਗਾ ਆ ਰਿਹਾ ਹੈ। ਕਈ ਵਿਚਾਰੇ ਸਾਰਾ ਦਿਨ ਬੁਢਾਪਾ ਲਕੋਣ ਲਈ ਵਾਲ ਰੰਗਦੇ ਰਹੇ, ਪਰ ਪ੍ਰਵਾਨ ਕਰਨ ਵਾਲਿਆਂ ਨੇ ਧੌਲਿਆਂ ਵੱਲ ਧਿਆਨ ਹੀ ਨਹੀਂ ਦਿੱਤਾ। ਹੁਣ ਦੀਵਾਲੀ, ਦੁਸਿਹਰੇ ਤੋਂ ਪਹਿਲਾਂ ਮਨਾਉਣ ਦੀ ਰਵਾਇਤ ਤਾਂ ਤੁਰਨ ਲੱਗੀ ਹੈ, ਕਿਉਂਕਿ ਜਵਾਨੀ ਬੱਤੀਆਂ ਦੀ ਨਹੀਂ, ਦੀਵਿਆਂ ਦੀ ਦੀਵਾਨੀ ਹੋ ਗਈ ਹੈ। ਮੁੱਠੀ ਜਦੋਂ ਦੀ ਪੈਸੇ ਕਰ ਕੇ ਨਿੱਘੀ ਰਹਿਣ ਲੱਗੀ ਹੈ, ਲੀੜੇ ਭਾਰੇ ਹੋ ਗਏ ਹਨ ਤੇ ਸਰੀਰ ਹਲਕੇ। ਮੌਸਮ ਦੀ ਧੁੰਦ ਪੈਂਦੀ ਹੈ, ਹਟ ਜਾਂਦੀ ਹੈ ਪਰ ਲਾਲਚ, ਲੋਭ, ਕਾਮ, ਅਗਿਆਨਤਾ ਦੀ ਧੁੰਦ ਹੋਰ ਗੂੜ੍ਹੀ ਹੋਈ ਜਾਣ ਕਰ ਕੇ ਧੀਆਂ ਭੈਣਾਂ ਦੇ ਦਿਨੇ ਵੀ ਸੁਰੱਖਿਅਤ ਹੋਣ ਦੀ ਆਸ ਮੁੱਕ ਗਈ ਹੈ। ਟੈਲੀਫੋਨ ਵਧ ਗਏ ਹਨ, ਕੁਨੈਕਸ਼ਨ ਧੜਾ-ਧੜ ਦਿੱਤੇ ਜਾ ਰਹੇ ਹਨ, ਪਰ ਸਿਸਟਮ ਡਾਊਨ ਹੁੰਦਾ ਜਾ ਰਿਹਾ ਹੈ। ਪਤੀ ਨੂੰ ਛੱਡ ਕੇ ਜੇ ਔਰਤ ਪ੍ਰੇਮੀ ਨਾਲ ਭਰਾ ਦੇ ਰੱਖੜੀ ਬੰਨ੍ਹਣ ਜਾ ਰਹੀ ਹੈ ਤਾਂ ਇਸ ਕਰ ਕੇ ਕਿ ਭੈਣ ਸਮਝ ਗਈ ਹੈ ਕਿ ਹੁਣ ਇਹ ਧੁਆਂਖਿਆ ਭਰਾ ਉਹਦੀ ਰੱਖਿਆ ਕਰਨ ਦੇ ਸਮਰੱਥ ਰਿਹਾ ਹੀ ਨਹੀਂ ਹੈ। ਖ਼ੈਰ! ਕਾਂ ਤਾਂ ਰੂੜੀਆਂ ‘ਤੇ ਬੈਠੀ ਜਾਣ, ਕੋਈ ਗੱਲ ਨਹੀਂ, ਕਬੂਤਰ ਵੀ ਗੰਦ ਫਰੋਲਣ ਲੱਗ ਪਏ ਹਨ। ਆਹ ਚਾਰ ਅੱਖਰ ਪੜ੍ਹ ਕੇ ਲੱਗੇਗਾ, ਮਲਾਈ ਥੱਲੇ ਬੈਠ ਗਈ ਹੈ ਤੇ ਦੁੱਧ ਉਪਰ ਆ ਗਿਆ ਹੈ।

ਐਸ਼ ਅਸ਼ੋਕ ਭੌਰਾ
ਲੋਕਾਂ ਨੂੰ ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ ਤੋਂ ਮੁਕਤ ਹੋਣ ਦਾ ਉਪਦੇਸ਼ ਦੇਣ ਵਾਲੇ ਖੁਦ ਇਸ ਦਲ-ਦਲ ਵਿਚ ਫਸਦੇ ਦੇਖੇ ਹਨ। ਚਲੋ, ਮਨੁੱਖ ਪੈਸੇ ਦਾ ਲੋਭੀ ਹੋਈ ਜਾਂਦਾ ਤਾਂ ਕੋਈ ਗੱਲ ਨਹੀਂ ਸੀ, ਉਹ ਤਾਂ ਹਰ ਚੀਜ਼ ‘ਤੇ ਕਾਬਜ਼ ਹੋਣ ਲਈ ਘੂਰੀਆਂ ਵੱਟ ਰਿਹਾ ਹੈ। ਜਿਨ੍ਹਾਂ ਨੂੰ ਮੈਥ ਦੇ ਵਿਸ਼ੇ ਬਾਰੇ ਕੁਝ ਜਾਣਕਾਰੀ ਹੈ ਕਿ ਅਲਜਬਰੇ ਵਿਚ ਸਮੀਕਰਨਾਂ ਭਾਵੇਂ ਜਿੰਨੀਆਂ ਮਰਜ਼ੀ ਲਾ ਕੇ ਵੇਖ ਲਈਏ, ਪਰ ਕੁਝ ਪ੍ਰਸ਼ਨਾਂ ਦੇ ਉਤਰ ‘ਇਨਫਿਨਿਟੀ’ ਬਣ ਜਾਂਦੇ ਹਨ। ਬੁਢਾਪਾ ਕਿਉਂਕਿ ‘ਕੱਲਿਆਂ ਨੇ ਗੁਜ਼ਾਰਨਾ ਹੁੰਦਾ ਹੈ, ਇਸ ਲਈ ਆਪਣੇ ਆਪ ਨੂੰ ਸਤਿਕਾਰ ਦਾ ਪਾਤਰ ਬਣਾਈ ਰੱਖਣ ਲਈ ਸਿਆਣਪ ਦੀ ਲੋੜ ਹੁੰਦੀ ਹੈ; ਪਰ ਕਈਆਂ ਦੇ ਪੋਤੇ ਤਾਂ ਚੰਗੇ ਨਿਕਲੇ, ਪਰ ਬਾਪੂ ਸਿਰ ਸੁਆਹ ਪੁਆਉਂਦੇ ਰਹੇ। ਕਈ ਪੁੱਤਰਾਂ ਨੂੰ ਕਹਿਣਾ ਪਿਆ-‘ਚਾਲ ਚੱਲਣ ਤਾਂ ਠੀਕ ਸੀ ਪਿਉ ਦਾ।” ਸਾਧਾਂ ਦੀਆਂ ਚੇਲੀਆਂ ਨਾਲ ਛੇੜ-ਛਾੜ ਦੀਆਂ ਖ਼ਬਰਾਂ ਤਾਂ ਆਉਂਦੀਆਂ ਸਨ, ਪਰ ਹੁਣ ਮਾਸੂਮ ਬੱਚੀਆਂ ਵੀ ਇਨ੍ਹਾਂ ਸਿਰ ਇਲਜ਼ਾਮਾਂ ਦੀ ਸੁਆਹ ਸੁੱਟਣ ਲੱਗ ਪਈਆਂ ਹਨ। ਸ਼ਰਧਾ ਅੰਨ੍ਹੀ ਹੋਣ ਕਰ ਕੇ ਸ਼ਰਧਾਲੂ ਇਨ੍ਹਾਂ ਦੇ ਸਤਾਏ ਲੋਕਾਂ ਨਾਲ ਹੱਥੋਪਾਈ ਹੋਣ ਲੱਗ ਪਏ ਹਨ।
ਕੁਝ ਲੋਕ ਦੂਜਿਆਂ ਦੇ ਪ੍ਰਛਾਵੇਂ ਪਿੱਛੇ ਭੱਜਦੇ ਰਹੇ, ਪਰ ਆਪਣਾ ਵਜੂਦ ਵੀ ਕਾਇਮ ਨਹੀਂ ਰੱਖ ਸਕੇ। ਕਈਆਂ ਨੇ ਪ੍ਰਸ਼ਾਦਾ ਘੱਟ ਛਕਿਆ ਹੈ, ਤੇ ਜੂਠ ਵੱਧ ਛੱਡੀ ਹੈ। ਬਹੁਤ ਸਾਰੇ ਲੋਕਾਂ ਨੇ ਸੁਆਲ ਹੀ ਕੀਤੇ ਹਨ, ਪਰ ਜਦੋਂ ਜਵਾਬ ਦੇਣ ਦੀ ਵਾਰੀ ਆਈ ਤਾਂ ਮੂੰਹ ਗੋਡਿਆਂ ‘ਚ ਦੇ ਲਿਆ। ਇਕ ਵਾਰ ਸਵਾਮੀ ਵਿਵੇਕਾਨੰਦ ਅਮਰੀਕਾ ਆਏ ਤਾਂ ਕਿਸੇ ਅਜਨਬੀ ਨੇ ਉਨ੍ਹਾਂ ਨੂੰ ਸੁਆਲ ਕੀਤਾ, “ਤੁਹਾਡਾ ਇਥੇ ਕੋਈ ਕਾਰੋਬਾਰ ਤਾਂ ਨਹੀਂ ਹੈ, ਰੋਟੀ ਖਾਣ ਲਈ ਤੁਹਾਡੇ ਕੋਲ ਪੈਸਾ ਕਿੰਨਾ ਹੈ?”
ਸਵਾਮੀ ਜੀ ਹੱਸ ਕੇ ਕਹਿਣ ਲੱਗੇ, “ਬੜੇ ਲੋਕਾਂ ਕੋਲ ਪੈਸਾ ਹੈ, ਪਰ ਰੋਟੀ ਰੱਜ ਕੇ ਨਸੀਬ ਨਹੀਂ ਹੋ ਰਹੀ। ਇਸ ਲਈ ਰੋਟੀ, ਪੈਸਾ ਨਹੀਂ ਦਿੰਦਾ; ਉਹ ਦਿੰਦਾ ਹੈ ਜਿਹਨੇ ਜਨਮ ਦਿੱਤਾ ਹੈ।”
ਪੁੱਛਣ ਵਾਲੇ ਨੂੰ ਸੰਗ ਤਾਂ ਆਈ, ਪਰ ਇਕ ਗੱਲ ਹੋਰ ਪੁੱਛ ਲਈ, “ਤੁਹਾਨੂੰ ਇਥੇ ਕੋਈ ਜਾਣਦੈ?”
“ਹਾਂ।”
“ਕੌਣ ਹੈ ਉਹ?”
“ਉਹ ਸਿਰਫ਼ ਤੁਸੀਂ ਹੋ।”
ਉਹਨੇ ਝੁਕ ਕੇ ਸਵਾਮੀ ਜੀ ਦੇ ਚਰਨ ਫੜ ਲਏ ਤੇ ਕਹਿਣ ਲੱਗਾ, “ਹੁਣ ਤੁਸੀਂ ਹੋਰ ਕਿਤੇ ਨਹੀਂ ਜਾਉਗੇ, ਤੁਹਾਨੂੰ ਰਹਿਣ ਤੇ ਖਾਣ ਦੀ ਕੋਈ ਚਿੰਤਾ ਨਹੀਂ।”
ਗੱਲ ਅਸਲ ਵਿਚ ਇਹ ਸੀ ਕਿ ਸਵਾਮੀ ਜੀ ਨੇ ਸਿਰਫ਼ ਅੰਦਰਲੇ ਬੁਝੇ ਹੋਏ ਗਿਆਨ ਦੇ ਦੀਵੇ ਵਿਚ ਤੇਲ ਪਾ ਕੇ ਬੱਤੀ ਲਟ-ਲਟ ਬਲਣ ਲਾ ਦਿੱਤੀ ਸੀ।
ਜਿਸਮਾਂ ਦੀ ਖੇਡ ਲਈ ਜੇ ਕੋਠਿਆਂ ‘ਤੇ ਕੁਝ ਮਜਬੂਰ ਤੇ ਲਾਚਾਰ ਜਿੰਦੜੀਆਂ ਸ਼ਤਰੰਜ਼ ਵਿਛਾ ਕੇ ਬੈਠੀਆਂ ਹਨ ਤਾਂ ਬਾਦਸ਼ਾਹ ਤੇ ਪਿਆਦਾ ਇਸ ਕਰ ਕੇ ਵਾਰੋ-ਵਾਰੀ ਜਾ ਰਹੇ ਹਨ ਕਿਉਂਕਿ ਠਰਕ ਦੀ ਥਾਲੀ ਵਜਾਉਣ ਦੀ ਆਦਤ ਦੋਹਾਂ ਨੂੰ ਹੈ। ਇਨ੍ਹਾਂ ਥਾਂਵਾਂ ਤੋਂ ਪਰਤਦਿਆਂ ਮਰਦ ਅਕਸਰ ਸ਼ਰਮਿੰਦੇ ਹੋ ਜਾਂਦੇ ਹਨ, ਪਰ ਜਿਨ੍ਹਾਂ ਨੇ ਇਸ ਕੁ-ਰੀਤ ਨੂੰ ਸ਼ੌਕ ਬਣਾਇਆ ਹੈ, ਉਨ੍ਹਾਂ ਬਾਰੇ ਉਤਰ ਅਲਜਬਰੇ ਵਾਂਗ ‘ਇਨਫਿਨਟੀ’ ਵਿਚ ਹੈ। ਜਦੋਂ ਮਰਦ ਹੋਰ ਨੂੰ ਚਾਹਵੇ ਤੇ ਬੀਵੀ ਹੋਰ ਨੂੰ, ਤਾਂ ਸਤਲੁਜ ਤੇ ਯਮੁਨਾ ਦਾ ਲਿੰਕ ਉਸਾਰੇ ਜਾਣ ਦੀ ਆਸ ਨਹੀਂ ਹੁੰਦੀ; ਸਿਰਫ਼ ਹਰਿਆਣੇ ਵਾਂਗ ਰੌਲਾ ਹੀ ਪਾਇਆ ਜਾ ਸਕਦਾ ਹੈ। ਵੇਲਣੇ ‘ਚ ਪੀੜਨ ਲਈ ਫਸਾਇਆ ਤਾਂ ਗੰਨਾ ਸੀ, ਪਰ ਰਸ ਨਿਕਲਣ ਦੀ ਥਾਂ ਜ਼ਹਿਰ ਕਿਥੋਂ ਆ ਗਈ, ਪਤਾ ਮੈਨੂੰ ਵੀ ਨਹੀਂ ਲੱਗਾ। ਗੱਲ ਤੁਹਾਡੇ ‘ਤੇ ਛੱਡਦੇ ਹਾਂ। ਲਗਦੈ, ਜ਼ਿੰਦਗੀ ਦੀ ਸ਼ਿਕੰਜਵੀ ਵਿਚ ਮਿੱਠਾ ਪਾਉਣ ਦਾ ਚੇਤਾ ਹੀ ਭੁੱਲ ਗਿਐ।
ਮਨਜੀਤ ਹਾਲੇ ਚੰਡੀਗੜ੍ਹ ਦੀਆਂ ਕਚਿਹਰੀਆਂ ‘ਚੋਂ ਬਾਹਰ ਹੀ ਨਿਕਲਿਆ ਸੀ ਕਿ ਪਤਨੀ ਸੁਮਨ ਦਾ ਫੋਨ ਆਇਆ, “ਰਜਿਸਟਰੀ ਹੋ ਗਈ ਐ? ਤੁਸੀਂ ਸਵੇਰ ਦਾ ਕੁਝ ਦੱਸਿਆ ਈ ਨ੍ਹੀਂ?”
“ਬੱਸ ਫੋਨ ਕਰਨ ਈ ਵਾਲਾ ਸੀ। ਰੱਬ ਤਾਂ ਅੱਜ ਆਏਂ ਲੱਗਾ ਜਿਵੇਂ ਮੋਢਿਆਂ ‘ਤੇ ਆ ਕੇ ਬੈਠ ਗਿਆ ਹੋਵੇ। ਇਹ ਰਾਜੂ, ਰਘਬੀਰ ਤੇ ਬੰਤ ਤਾਂ ਆਏਂ ਲਗਦਾ ਜਿਵੇਂ ਪਾਂਡਵਾਂ ਦੇ ਕਾਫ਼ਲੇ ‘ਚੋਂ ਵਿਛੜ ਕੇ ਸਾਡੇ ਨਾਲ ਆ ਰਲੇ ਹੋਣ। ਉਂਜ ਗਿਣਤੀ ਨੇੜੇ ਈ ਐ। ਇਨ੍ਹਾਂ ‘ਚ ਚੌਥਾ ਮੈਂ ਹੈਗਾਂ, ਤਾਂ ਪੰਜਵੀਂ ਤੂੰ ਮੇਰੀ ਦਰੋਪਤੀ ਤਾਂ ਹੈਂ ਈਂ ਮੇਰੀ।”
“ਅੱਜ ਲਗਦੈ ਬਿਰਲੇ ਤੇ ਟਾਟੇ ਨੂੰ ‘ਕੱਠਿਆਂ ਜੱਫੀ ਪਾ ਲਈ ਐ ਤੁਸੀਂ। ਦੱਸੋ ਤਾਂ ਸਹੀ, ਬਚਿਆ ਕੀ ਹੈ ਹੁਣ ਵਾਲੀ ਪ੍ਰਾਪਰਟੀ ਵਿਚੋਂ?”
“ਮਸ਼ੀਨ ਲੈ ਆਇਆਂ ਗਿਣਨ ਲਈ। ਲੋਕ ਤਾਂ ਚੁਰਾਸੀ ਜੂਨ ਆਂਹਦੇ, ਪਰ ਸਾਨੂੰ ਇਸ ਜ਼ਮੀਨ ਨੇ ਉਹ ਕੁਝ ਦਿੱਤਾ ਜੋ ਸ਼ਾਇਦ ਸੋਨੇ ਦੀ ਖਾਣ ਵੀ ਨਾ ਦੇਵੇ। ਪੂਰਾ ਚੁਰਾਸੀ ਕਰੋੜ ਬਚਿਆ। ‘ਕੱਲੇ ‘ਕੱਲੇ ਨੂੰ ਇਕੀ ਇਕੀ।”
“ਮੈਂ ਸਦਕੇ ਜਾਵਾਂ ਆਪਣੇ ਪਤੀ ਪਰਮੇਸ਼ਰ ਦੇ। ਇਨ੍ਹਾਂ ਪਾਂਡਵਾਂ ਨੂੰ ਕਿਤੇ ਘਰ ਵੀ ਲਿਆਈਓ।”
“ਠੀਕ ਐ। ਅੱਜ ਤਾਂ ਅਸੀਂ ਸਾਰਿਆਂ ਨੇ ਸ਼ਿਮਲੇ ਘੁੰਮਣ ਦਾ ਮਨ ਬਣਾਇਐ, ਮੈਂ ਭਲਕੇ ਆਊਂ। ਤੂੰ ਐਂ ਕਰੀਂ, ਸ਼ਾਮੀਂ ਨਹਾ-ਧੋ ਕੇ ਬਾਹਰ ਵਾਲੇ ਬਾਬਿਆਂ ਦੇ ਮੱਥਾ ਟੇਕ ਕੇ ਆਈਂ, ਤੇ ਗੱਲੇ ‘ਚ ਗਿਆਰਾਂ ਹਜ਼ਾਰ ਪਾ ਕੇ ਹੱਥ ਜੋੜੀਂ ਕਿ ਬਾਬਾ ਜੀ! ਆਏਂ ਬਰਕਤਾਂ ਦਾ ਮੀਂਹ ਪਾਉਂਦੇ ਰਿਹੋ। ਹੁਣ ਮਗਰ ਫੋਨ-ਫਾਨ ਨਾ ਕਰੀ ਜਾਈਂ, ਅਸੀਂ ‘ਕੱਠਿਆਂ ਨੇ ਫ਼ਿਲਮ-ਫੁਲਮ ਵੀ ਵੇਖਣੀ ਐ ਤੇ ਕੁਛ ਤੇਰੇ ਲਈ ਖਰੀਦ ਲਿਆਊਂ।”
ਤੇ ਖੁਸ਼ੀ ‘ਚ ਖੀਵੇ ਹੋਏ ਮਨਜੀਤ ਨੇ ਮੂੰਹ ਤੇ ਫੋਨ ‘ਕੱਠੇ ਬੰਦ ਕਰ ਦਿੱਤੇ।
ਊਂ ਮਨਜੀਤ ਨੂੰ ਕਦੇ ਯਾਦ-ਚਿੱਤ ਵੀ ਨਹੀਂ ਸੀ ਕਿ ਉਹ ਕਰੋੜਾਂ ‘ਚ ਖੇਡੇਗਾ, ਕਿਉਂਕਿ ਛੋਟੇ ਜਿਹੇ ਕਸਬੇ ਵਿਚ ਰੰਗ-ਰੋਗਨ ਦੀ ਦੁਕਾਨ ਉਹਦੀ ਰੋਜ਼ੀ-ਰੋਟੀ ਚੰਗੀ ਚਲਾ ਰਹੀ ਸੀ। ਦੁਕਾਨ ਤਾਂ ਉਹਦੇ ਬਾਪੂ ਨੇ ਪਾਈ ਸੀ, ਪਰ ਉਹ ‘ਕੱਲਾ ਪੁੱਤ ਹੋਣ ਕਰ ਕੇ ਪੂਰੇ ਦਾ ਪੂਰਾ ਵਾਰਿਸ ਬਣ ਗਿਆ ਸੀ। ਪਹਿਲਾਂ ਉਹਨੇ ਦੁਕਾਨ ਲਾਗੇ ਛੋਟਾ ਜਿਹਾ ਪਲਾਟ ਖਰੀਦਿਆ ਜਿਹੜਾ ਦੋ ਕੁ ਸਾਲਾਂ ਵਿਚ ਚੰਗਾ ਭਾਅ ਦੇ ਗਿਆ; ਫਿਰ ਲਾਗਲੇ ਸ਼ਹਿਰ ਵਿਚ ਪੂਰਾ ਕਿੱਲਾ ਖਰੀਦ ਕੇ ਪਲਾਟ ਕੱਟ ਕੇ ਵੇਚ ਦਿੱਤੇ। ਲੱਖਾਂ ਦੀ ਗੱਲ ਕਰੋੜਾਂ ‘ਚ ਚਲੇ ਗਈ।
ਚੰਡੀਗੜ੍ਹ ਦੁਆਲੇ ਜ਼ਮੀਨਾਂ ਹੀਰਿਆਂ ਦੇ ਭਾਅ ਵਿਕਣ ਲੱਗੀਆਂ। ਮਨਜੀਤ ਦਾ ਇਕ ਹਮਜਮਾਤੀ ਸੁਰਜੀਤ ਚੰਡੀਗੜ੍ਹ ਰਹਿੰਦਾ ਸੀ। ਸੁਰਜੀਤ ਲੱਗਾ ਤਾਂ ਭਾਵੇਂ ਕਲਰਕ ਸੀ, ਪਰ ਮਨਜੀਤ ਨੇ ਉਹਨੂੰ ਵੀ ਪ੍ਰਾਪਰਟੀ ਡੀਲਰ ਬਣਾ ਲਿਆ। ਬਦਕਿਸਮਤੀ ਇਹ ਕਿ ਦੋਹਾਂ ਦਾ ਅਜੇ ਇਕੋ ਸੌਦਾ ਸਿਰੇ ਲੱਗਿਆ ਸੀ ਕਿ ਸੁਰਜੀਤ ਮੁਹਾਲੀ ਲਾਗੇ ਦੁਰਘਟਨਾ ਦਾ ਸ਼ਿਕਾਰ ਹੋ ਗਿਆ। ਫਿਰ ਹਾਲਾਤ ਇਹ ਬਣ ਗਏ ਕਿ ਸੋਨੇ ਦੀ ਲੰਕਾ ਬਣਾਉਣ ਵਾਲੇ ਮਿਸਤਰੀਆਂ ਨਾਲ ਮੇਲ-ਜੋਲ ਵਧਦਾ ਗਿਆ। ਦੁਕਾਨ ਉਹਨੇ ਛੱਡੀ ਨਹੀਂ ਸੀ, ਨੌਕਰ ਆਪੇ ਚਲਾਈ ਜਾਂਦੇ ਸਨ।
ਰੱਬ ਦੀ ਰਜ਼ਾ ਇਹ ਸੀ ਕਿ ਮਨਜੀਤ ਕੋਲ ਧੜਾ-ਧੜ ਪੈਸਾ ਆਉਣ ਦੇ ਬਾਵਜੂਦ ਕੋਈ ਮਾੜੀ ਆਦਤ ਉਹਦੀ ਜ਼ਿੰਦਗੀ ਵਿਚ ਘੁਸਪੈਠ ਨਹੀਂ ਕਰ ਸਕੀ ਸੀ। ਦਾਰੂ ਤਾਂ ਕੀ, ਉਹ ਚਾਹ ਦਾ ਕੱਪ ਵੀ ਨਹੀਂ ਸੀ ਪੀਂਦਾ। ਲੋੜਵੰਦਾਂ ਦਾ ਮਦਦਗਾਰ ਵੀ ਸੀ। ਉਤੋਂ ਘਰ ਦੇ ਹਾਲਾਤ ਇਹ ਸਨ ਕਿ ਬਾਪੂ ਵਧੀਆ ਘਰ ਛੱਤ ਕੇ ਦੇ ਗਿਆ ਸੀ। ਮਨਜੀਤ ਦੀ ਪਤਨੀ ਦਾ ਨਾਂ ਸੁਮਨ ਸੀ, ਤੇ ਸੁਨੱਖੀ ਇੰਨੀ ਕਿ ਵੇਖ ਕੇ ਚੰਨ ਵੀ ਨਵੀਂ ਵਿਆਹੀ ਆਈ ਵਾਂਗ ਪੱਲਾ ਕਰ ਲੈਂਦਾ ਹੋਊ! ਮਨਜੀਤ ਦਾ ਵਿਆਹ ਉਨ੍ਹਾਂ ਦਿਨਾਂ ਵਿਚ ਹੋਇਆ ਸੀ ਜਦੋਂ ਰਾਜ ਕਪੂਰ ਦੀ ਫਿਲਮ ‘ਰਾਮ ਤੇਰੀ ਗੰਗਾ ਮੈਲੀ’ ਆਈ ਸੀ। ਮੰਦਾਕਿਨੀ ਇਹਦੇ ‘ਚ ਮੁੱਖ ਅਭਿਨੇਤਰੀ ਸੀ। ਪਰੀਆਂ ਵਰਗੀ ਹੋਣ ਕਰ ਕੇ ਫਿਲਮ ਘੱਟ, ਤੇ ਮੰਦਾਕਿਨੀ ਵੱਧ ਚਰਚਿਤ ਹੋਈ ਸੀ ਤੇ ਰਿਸ਼ਤੇਦਾਰਾਂ ਤੇ ਜਾਣ-ਪਛਾਣ ਵਾਲਿਆਂ ਨੇ ਰੂੰ ਦੇ ਫਹੇ ਵਰਗੀ ਹੋਣ ਕਰ ਕੇ ਸੁਮਨ ਦਾ ਨਾਂ ਰੱਖਿਆ ਤਾਂ ਮਜ਼ਾਕ ‘ਚ ਸੀ, ਪਰ ਹੌਲੀ-ਹੌਲੀ ਉਹਨੂੰ ਮੰਦਾਕਿਨੀ ਹੀ ਕਿਹਾ ਜਾਣ ਲੱਗ ਪਿਆ। ਮਨਜੀਤ ਵੀ ਸੋਹਣਾ ਸੀ, ਪਰ ਦੋਵੇਂ ਬੱਚੇ ਲੀਨਾ ਤੇ ਹਰਮਨ, ਮਾਂ ਉਤੇ ਗਏ ਸਨ।
ਚੰਡੀਗੜ੍ਹੋਂ ਜ਼ਮੀਨ ਦੇ ਚਾਅ ‘ਚ ਜਦੋਂ ਚਾਰੇ ਭਾਈਵਾਲ ਸ਼ਿਮਲੇ ਨੂੰ ਪੈਸਿਆਂ ਦੇ ਨਸ਼ੇ ਵਿਚ ਤੁਰਨ ਲੱਗੇ ਤਾਂ ਚਾਰ-ਪੰਜ ਵੱਜ ਚੁੱਕੇ ਸਨ। ਖਾਣ-ਪੀਣ ਲਈ ਉਹ ਇਕ ਹੋਟਲ ਵਿਚ ਚਲੇ ਗਏ। ਰਾਜੂ ਨੇ ਪਹਿਲਾਂ ਬੀਅਰ ਦਾ ਆਰਡਰ ਕੀਤਾ, ਫਿਰ ਪੱਕੀ ਮੰਗਾ ਲਈ ਪੀਟਰ ਸਕਾਚ। ਲੀਹ ਸ਼ਰਾਬੀਆਂ ਆਲੀ ਚੱਲ ਪਈ। ਰਾਹ ਕੁਰਾਹ ਹੋਣ ਲੱਗਾ। ਸ਼ਿਮਲੇ ਦਾ ਟੂਰ ਮੁਲਤਵੀ ਹੋ ਗਿਆ। ਚਾਰ-ਪੰਜ ਘੰਟੇ ਹੋਟਲ ‘ਤੇ ਹੀ ਸ਼ਰਾਬ ਨਾਲ ਮੁਰਗੇ ਦੀਆਂ ਲੱਤਾਂ ਦੀ ਖਿੱਚ- ਧੂਹ ਹੁੰਦੀ ਰਹੀ।
ਊਂ ਹੈ ਸਾਰੇ ਹੋਸ਼ ਵਿਚ ਸਨ। ਮਨਜੀਤ ਨੇ ਮਸ਼ਵਰਾ ਦਿੱਤਾ ਕਿ ਅੱਜ ਸਾਰੇ ਮੇਰੇ ਨਾਲ ਚੱਲੋ। ਹਰੀ ਦੇ ਢਾਬੇ ਦਾ ਮੁਰਗਾ ਖਾ ਕੇ ਚੰਡੀਗੜ੍ਹ ਭੁੱਲ ਜਾਉਗੇ।
ਸ਼ਰਾਬੀਆਂ ਦਾ ਮੂਡ! ‘ਚਲੋ ਬਈ ਚਲੋ ਬਈ’ ਨਾਲ ਮਹਿਫ਼ਲ ਉਠ ਕੇ ਗੱਡੀ ਵਿਚ ਬਿਰਾਜਮਾਨ ਹੋ ਗਈ। ਸੋਫੀ ਹੋਣ ਕਰ ਕੇ ਸਟੇਅਰਿੰਗ ਮਨਜੀਤ ਹੱਥ ਦੇ ਦਿੱਤਾ ਗਿਆ। ਇਕ ਨਸ਼ੇ ਦਾ ਸਰੂਰ, ਦੂਜੀ ਪੈਸੇ ਦੀ ਪਾਣ; ਦੋ-ਢਾਈ ਘੰਟੇ ਦੇ ਰਾਹ ‘ਚ ਲੁੱਡੀਆਂ ਹੀ ਪੈਂਦੀਆਂ ਆਈਆਂ। ਕੋਈ ਕਹੇ, ਹੁਣ ਆਪਾਂ ਸ਼ਿਵਾਲਿਕ ਹੀ ਖਰੀਦਣੈ। ਰਘਬੀਰ ਮਸ਼ਵਰਾ ਦੇਵੇ, “ਨਹੀਂ ਯਾਰ, ਹਿਮਾਚਲ ਵਿਚ ਚੈਲ ‘ਚ ਮਾਰੋ ਕੋਈ ਸੌਦਾ। ਨਾਲੇ ਮਹਾਰਾਜਿਆਂ ਵਾਂਗ ਹੋਰ ਵੀ ਬੜੀਆਂ ਮੌਜਾਂ ਨੇ।”
ਤੇ ਇਉਂ ਜਸ਼ਨਾਂ ਦੇ ਪਤੰਗ ਉਡਦੇ ਰਹੇ ਤੇ ਜਦ ਨੂੰ ਮਨਜੀਤ ਦਾ ਕਸਬਾ ਵੀ ਆ ਗਿਆ। ਰਾਤ ਦੇ ਦਸ ਵੱਜ ਚੁੱਕੇ ਸਨ। ਹਫ਼ਤਾ ਤਾਂ ਦਸੰਬਰ ਦਾ ਪਹਿਲਾ ਹੀ ਸੀ, ਪਰ ਠੰਢ ਦੇ ਨਾਲ-ਨਾਲ ਹਲਕੀ ਧੁੰਦ ਵੀ ਪੈ ਗਈ ਸੀ। ਪਹਿਲਾਂ ਸਾਰੇ ਮਨਜੀਤ ਦੇ ਹਾਰਡਵੇਅਰ ਸਟੋਰ ‘ਤੇ ਗਏ। ਬੰਦ ਹੋਣ ਕਰ ਕੇ ਬਾਹਰੋਂ ਹੀ ਦਰਸ਼ਨ ਕਰਦਿਆਂ ਬੰਤ ਬੋਲਿਆ, “ਬਾਈ ਮਨਜੀਤ ਸਿਹਾਂ! ਵੇਚ ਇਹਨੂੰ ਹੁਣ। ਸੁਨਿਆਰਾ, ਕਰਿਆਨੇ ਦੀ ਦੁਕਾਨ ਕਰਦਾ ਚੰਗਾ ਨ੍ਹੀਂ ਲਗਦਾ।” ਮਨਜੀਤ ਨੇ ਵੀ ਬੁੱਲ੍ਹਾਂ ‘ਚ ਹੱਸ ਕੇ ਸਿਰ ਹਿਲਾ ਦਿੱਤਾ ਕਿ ਕਿਹੜਾ ਸ਼ਰਾਬੀਆਂ ਨਾਲ ਮੱਥਾ ਮਾਰੇ।
“ਅੱਜ ਹੋਰ ਪੀਣੀ ਆਂ।” ਤਿੰਨਾਂ ਦੇ ਮਸ਼ਵਰੇ ਨੇ ਮਨਜੀਤ ਦਾ ਘਰ ਜਾਣਾ ਰੱਦ ਕਰ ਦਿੱਤਾ। ਉਹ ਵੀ ਚਾਹੁੰਦਾ ਸੀ ਬਾਹਰੇ ਠੀਕ ਐ। ਘਰੇ ਕਦੇ ਸੋਫੀਆਂ ਨੂੰ ਲਿਜਾਵਾਂਗੇ। ਕਸਬੇ ‘ਚ ਛੋਟਾ ਜਿਹਾ ਹੋਟਲ ਸੀ, ਉਥੇ ਜਾਣ ਦਾ ਮਨ ਬਣ ਗਿਆ। ਕਮਰਾ ਲਿਆ, ਅੰਦਰ ਜਾ ਵੱਜੇ। ਬਾਹਰੋਂ ਆ ਕੇ ਕੁਝ ਲੋਕਾਂ ਨੇ ਸਿਨੇਮਾ ਢਾਹ ਕੇ ਹੋਟਲ ਤੇ ਮੈਰਿਜ ਪੈਲੇਸ ‘ਕੱਠੇ ਬਣਾ ਦਿੱਤੇ ਸਨ।
ਬੋਤਲ ਤੇ ਮੁਰਗਾ ਫਿਰ ਇਕ ਵਾਰ ਆਹਮੋ-ਸਾਹਮਣੇ ਹੋਣ ਲੱਗੇ। ਦੋ ਕੁ ਪੈਗ ਅੰਦਰ ਗਏ ਸਨ ਕਿ ਰਘਬੀਰ ਅੰਦਰ ਬੈਠਾ ਸ਼ੈਤਾਨ, ਜਿੰਨ ਬਣ ਕੇ ਬਾਹਰ ਨਿਕਲਣ ਲੱਗਾ, “ਬਾਈ ਮਨਜੀਤ! ਹੋਰ ਕੁਝ ਹੈ ਨ੍ਹੀਂ? ਠੰਢ ਬਹੁਤ ਐ ਅੱਜ।”
“ਰੰਮ ਮੰਗਾਵਾਂ?”
“ਮੱਝ ਤਾਂ ਖਰੀਦ ਲਈ ਐ ਮਨਜੀਤ ਸਿਹਾਂ! ਧਾਰ ਕੱਢਣੀ ਨ੍ਹੀਂ ਆਉਂਦੀ, ਕੱਟੇ ਦਾ ਪਤਾ ਨ੍ਹੀਂ ਕਦੋਂ ਛੱਡੀਦਾ?”
“ਮੈਂ ਸਮਝਿਆ ਨ੍ਹੀਂ?”
“ਭੋਲਿਆ ਮਿੱਤਰਾ! ਸ਼ਰਾਬ ਤੂੰ ਚੱਲ ਪੀਂਦਾ ਨ੍ਹੀਂ, ਪਰ ਪੈਸਾ ਤਾਂ ਬਥੇਰਾ ਆ ਗਿਐ ਤੇ ਜਦੋਂ ਪੈਸਾ ਹੋਵੇ ਤਾਂ ਉਸ ਚੀਜ਼ ਦਾ ਖਿਆਲ ਵੀ ਰੱਖੀਦਾ।”
“ਕਿਹੜੀ?”
“ਸ਼ੇਰਾਂ ਨਾਲ ਰਹਿ ਕੇ ਮਾਸ ਖਾਣਾ ਸਿੱਖ। ਸ਼ਬਾਬ ਦਾ ਕਰ ਬੰਦੋਬਸਤ।”
ਮਾਹੌਲ ਤੈਸ਼ ਵਾਲਾ ਬਣਦਾ ਵੇਖ ਕੇ ਮਨਜੀਤ ਜਿਵੇਂ ਸ਼ਰਾਬੀਆਂ ਅੱਗੇ ਹਾਰ ਗਿਆ ਹੋਵੇ। ਉਹਨੇ ਮੈਨੇਜਰ ਨਾਲ ਗੱਲ ਕੀਤੀ। ਪਹਿਲਾਂ ਤਾਂ ਉਹ ਮੰਨੇ ਨਾ, ਫਿਰ ਕਹਿਣ ਲੱਗਾ, “ਸ਼ਬਾਬ ਤਾਂ ਹੈ, ਹੈ ਸ਼ੌਕੀਆ; ਪਰ ਦਸ ਹਜ਼ਾਰ ਲੱਗ ਜੂ।”
ਗੱਲ ਨਿਬੜ ਗਈ। ਮਨਜੀਤ ਹੋਰ ਕਮਰੇ ‘ਚ ਜਾ ਕੇ ਲੇਟ ਗਿਆ। ਉਹਦੀ ਅੱਖ ਲੱਗ ਗਈ ਤੇ ਉਹਨੂੰ ਪਤਾ ਨ੍ਹੀਂ ਲੱਗਾ, ਲੰਕਾ ਕਦੋਂ ਉਜੜਦੀ ਰਹੀ!
ਤੜਕੇ ਜਿਹੇ ਅੱਖ ਖੁੱਲ੍ਹੀ ਤਾਂ ਰਾਜੂ ਮਨਜੀਤ ਦੇ ਨਾਲ ਵਾਲੇ ਬੈਡ ‘ਤੇ ਪਿਆ ਸੀ। ਉਹਨੇ ਪੁੱਛਿਆ, “ਰਾਜੂ ਬਾਕੀ?”
“ਉਹ ਤਾਂ ਰਾਤ ਹੀ ਨਿਕਲ ਗਏ ਸਨ।”
“ਕਿਉਂ?”
“ਸ਼ਰਾਬੀਆਂ ਦਾ ਮੂਡ ਈ ਹੁੰਦੈ। ਤੇਰੇ ਗੁਣ ਗਾਉਂਦੇ ਨਿਕਲ ਗਏ।”
“ਚੱਲ ਆਪਾਂ ਹੁਣ ਘਰ ਚੱਲਦੇ ਆਂ।”
ਦੋਵੇਂ ਨਹਾ ਧੋ ਕੇ ਜਦੋਂ ਬਰੇਕ-ਫਾਸਟ ਕਰਨ ਲੱਗੇ ਤਾਂ ਬੇਟੀ ਲੀਨਾ ਤੇ ਪੁੱਤਰ ਹਰਮਨ, ਮਨਜੀਤ ਦੇ ਗਲ ਨੂੰ ਚਿੰਬੜ ਗਏ, “ਪਾਪਾ ਤੁਸੀਂ ਕਦੋਂ ਆਏ?”
“ਹੁਣੇ ਪੁੱਤ, ਇਹ ਥੋਡੇ ਅੰਕਲ ਨੇ ਰਾਜੂ।”
“ਪਾਪਾ ਸਾਨੂੰ ਡਰ ਬਹੁਤ ਲੱਗਾ ਰਾਤੀਂ।”
“ਕਿਉਂ?”
“ਮੰਮਾ ਵੀ ਰਾਤ ਬਹੁਤ ਲੇਟ ਆਏ ਸੀ।”
“ਮੰਮਾ ਕਿਥੇ ਗਏ ਸੀ ਪੁੱਤ?”
“ਪਾਪਾ ਜਦੋਂ ਤੁਸੀਂ ਬਾਹਰ ਹੁੰਨੇ ਨਾ, ਮੰਮਾ ਆਪਣੀ ਭੂਆ ਦੇ ਜਾਂਦੀ ਹੁੰਦੀ ਐ। ਕਹਿੰਦੀ, ਜਦੋਂ ਥੋਡੇ ਪਾਪਾ ਘਰ ਹੋਣ ਤਾਂ ਉਹ ਉਥੇ ਜਾਣ ਨ੍ਹੀਂ ਦਿੰਦੇ।”
ਤੇ ਜਦ ਨੂੰ ਪਲੇਟਾਂ ‘ਚ ਦਹੀਂ ਦੀਆਂ ਕੌਲੀਆਂ, ਮੱਖਣ ਦੇ ਟੁਕੜੇ, ਆਲੂਆਂ ਦੇ ਪਰੌਂਠੇ ਲੈ ਕੇ ਸੁਮਨ ਆ ਗਈ। ਮਨਜੀਤ ਨੇ ਤੁਆਰਫ ਕਰਵਾਇਆ, “ਰਾਜੂ ਇਹ ਮੇਰੀ ਪਤਨੀ ਆ ਸੁਮਨ, ਉਂਜ ਮੰਦਾਕਿਨੀ ਆਂਹਦੇ ਨੇ।”
ਤੇ ਰਾਜੂ ਪੱਥਰ ਦਾ ਨਹੀਂ, ਲੋਹੇ ਦਾ ਬੁੱਤ ਬਣ ਗਿਆ ਸੀ। ਉਹ ਪਥਰਾਈਆਂ ਨਜ਼ਰਾਂ ਨਾਲ ਸੁੰਨ ਹੋਏ ਦਿਮਾਗ ਨੂੰ ਪੁੱਛਣ ਲੱਗਾ, “ਮੈਂ ਤਾਂ ਰਾਜ ਕਪੂਰ ਦੀ ਫਿਲਮ ‘ਰਾਮ ਤੇਰੀ ਗੰਗਾ ਮੈਲੀ’ ਨਹੀਂ ਸੀ ਦੇਖੀæææ ਫਿਲਮ ਤਾਂ ਪਹਿਲਾਂ ਆਈ ਹੋਊ, ਪਰ ਗੰਗਾ ਤਾਂ ਰਾਤੀਂ ਮੈਲੀ ਹੋ ਕੇ ਹਟੀ ਸੀ।”
æææ ਤੇ ਲਾਸ਼ ਲੈ ਕੇ ਸੁਮਨ ਵੀ ਘੁੰਮਣ ਲੱਗ ਪਈ।
ਬਰੇਕ-ਫਾਸਟ ਤਾਂ ਹੋ ਗਿਆ ਸੀ, ਪਰ ਰਾਜੂ ਦੀ ਗੈਰਤ ਦੀ ਭੁੱਖ ਜਾਗ ਪਈ ਸੀ। ਟੈਕਸੀ ਸਟੈਂਡ ਤੋਂ ਜਦੋਂ ਹੁਸ਼ਿਆਰਪੁਰ ਜਾਣ ਲਈ ਰਾਜੂ ਕਾਰ ਵਿਚ ਬੈਠਣ ਲੱਗਾ, ਤਾਂ ਲਾਵਾ ਫਟਣ ਨਾਲ ਜਵਾਲਾਮੁਖੀ ਪਿਘਲ ਗਿਆ। ਰਾਤ ਦੀ ਵਾਰਦਾਤ ਮਨਜੀਤ ਦੇ ਕੰਨਾਂ ਥਾਣੀਂ ਦਿਮਾਗ ਤੱਕ ਚਲੇ ਗਈ ਸੀ।
ਡੂਢ ਘੰਟੇ ‘ਚ ਸੁਮਨ ਦੀ ਲਾਸ਼ ਰਸੋਈ ‘ਚ ਸੀ, ਤੇ ਮਨਜੀਤ ਦੀ ਬੈਡਰੂਮ ‘ਚ। ਬੱਚੇ ਪਾਪਾ ਦਾ ਰਿਵਾਲਵਰ ਹੱਥਾਂ ‘ਚ ਫੜੀ ਵਿਲਕ ਰਹੇ ਸਨ, “ਪਾਪਾ ਤੁਸੀਂ ਤਾਂ ਕਹਿੰਦੇ ਸੀ, ਮੈਂ ਮੰਮਾ ਨਾਲ ਮਜ਼ਾਕ ਕਰਨ ਲੱਗਾਂ; ਫਿਰ ਆਪਣੇ ਆਪ ਨਾਲ ਵੀ ਕਰ ਲਿਆ।”
ਸਤਵੰਜਾ ਕਰੋੜ ਦੇ ਵਾਰਸ ਦੋ ਬੱਚੇ ਬਣ ਗਏ ਸਨ, ਪਰ ਬਾਕੀ ਸਭ ਕੁਝ ਗੁਆਚ ਗਿਆ ਸੀ।
ਮੰਨਣਾ ਪਵੇਗਾ ਕਿ ਕਈ ਕਤਲ, ਇਰਾਦਾ ਕਤਲ ਨਹੀਂ ਹੁੰਦੇ; ਇਸੇ ਲਈ ਉਹ ਭੇਤ ਬਣ ਜਾਂਦੇ ਹਨ।
ਖਾਣੇ ਦਾ ਸੁਆਦ ਜੀਭ ਲੈਂਦੀ ਹੈ, ਪਰ ਹਜ਼ਮ ਕਰਨ ਲਈ ਪ੍ਰੀਖਿਆ ਢਿੱਡ ਤੇ ਮਿਹਦਾ ਦੇ ਰਹੇ ਹੁੰਦੇ ਹਨ।

Be the first to comment

Leave a Reply

Your email address will not be published.