ਸੁਖਬੀਰ ਦੀ ‘ਗੱਪ’ ਨੇ ਛੇੜੀ ਚਰਚਾ

ਚੰਡੀਗੜ੍ਹ (ਗੁਰਵਿੰਦਰ ਸਿੰਘ ਵਿਰਕ): ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਪੰਜਾਬ ਵਿਚ ਨਸ਼ੇੜੀਆਂ ਬਾਰੇ ਦਾਅਵੇ ਕਾਰਨ ਇਕ ਵਾਰ ਫਿਰ ਚਰਚਾ ਵਿਚ ਹਨ। ਸੁਖਬੀਰ ਦੇ ਅੰਕੜਿਆਂ ਮੁਤਾਬਕ ਸੂਬੇ ਵਿਚ ਨਸ਼ਿਆਂ ਦੀ ਕੋਈ ਗੰਭੀਰ ਸਮੱਸਿਆ ਨਹੀਂ ਅਤੇ ਪੰਜਾਬ ਦੀ ਕੁੱਲ 2æ77 ਕਰੋੜ ਦੀ ਆਬਾਦੀ ਵਿਚੋਂ ਸਿਰਫ 0æ6 ਫੀਸਦੀ ਲੋਕ ਹੀ ਨਸ਼ੇ ਕਰਦੇ ਹਨ। ਸੁਖਬੀਰ ਦੇ ਇਸ ਦਾਅਵੇ ਦੀ ਸਿਆਸੀ ਤੇ ਆਮ ਲੋਕਾਂ ਵਿਚ ਤਿੱਖੀ ਨੁਕਤਾਚੀਨੀ ਹੋ ਰਹੀ ਹੈ। ਉਪ ਮੁੱਖ ਮੰਤਰੀ ਲਈ ਨਮੋਸ਼ੀ ਵਾਲੇ ਹਾਲਾਤ ਉਦੋਂ ਬਣੇ ਜਦੋਂ ਸਰਕਾਰ ਵਿਚ ਉਨ੍ਹਾਂ ਦੀ ਭਾਈਵਾਲ ਭਾਜਪਾ ਦੇ ਨਾਲ-ਨਾਲ ਉਨ੍ਹਾਂ ਦੇ ਪਿਤਾ ਤੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਇਸ ਬਿਆਨ ਨਾਲੋਂ ਨਾਤਾ ਤੋੜ ਲਿਆ।

ਯਾਦ ਰਹੇ ਕਿ ਇਸ ਤਰ੍ਹਾਂ ਦੇ ਦਾਅਵੇ ਸੁਖਬੀਰ ਸਿੰਘ ਬਾਦਲ ਲਈ ਕੋਈ ਨਵੀਂ ਗੱਲ ਨਹੀਂ ਅਤੇ ਸਿਆਸੀ ਸਟੇਜ ਉਤੇ ‘ਲੋਰ’ ਵਿਚ ਆਏ ਉਹ ਅਜਿਹੇ ਬਿਆਨ ਦੇ ਕੇ ਸੋਸ਼ਲ ਮੀਡੀਆ ਵਿਚ ਅਕਸਰ ਚਰਚਾ ਦਾ ਵਿਸ਼ਾ ਬਣੇ ਰਹਿੰਦੇ ਹਨ। ਸਿਆਸੀ ਸਟੇਜਾਂ ਤੋਂ 25 ਸਾਲ ਰਾਜ ਕਰਨ, ਮੰਗਲ ਗ੍ਰਹਿ ‘ਤੇ ਅਕਾਲੀ ਦਲ ਦੀ ਮੀਟਿੰਗ ਤੇ ਸੂਬੇ ਦੀਆਂ ਨਹਿਰਾਂ ਵਿਚ ਬੱਸਾਂ ਚਲਾਉਣ ਦੇ ਦਾਅਵੇ ਕਾਰਨ ਉਹ ਸੋਸ਼ਲ ਮੀਡੀਆ ‘ਤੇ ‘ਗੱਪੀ’ ਵਜੋਂ ਪ੍ਰਚਾਰੇ ਗਏ ਸਨ। ਇਨ੍ਹਾਂ ਦਾਅਵਿਆਂ ਕਰ ਕੇ ਘਾਗ ਸਿਆਸਤਦਾਨ ਮੰਨੇ ਜਾਂਦੇ ਪ੍ਰਕਾਸ਼ ਸਿੰਘ ਬਾਦਲ ਕਈ ਵਾਰ ਲਾਜਵਾਬ ਹੋ ਚੁਕੇ ਹਨ ਤੇ ਉਨ੍ਹਾਂ ਨੂੰ ‘ਉਹਦੀਆਂ ਉਹ ਹੀ ਜਾਣੇ’ ਕਹਿ ਕੇ ਖਹਿੜਾ ਛੁਡਾਉਣਾ ਪੈਂਦਾ ਹੈ। ਅਸਲ ਵਿਚ, ਬਾਦਲ ਪਰਿਵਾਰ ਦੇ ਕੁਝ ਨੇੜਲਿਆਂ ਦਾ ਕਹਿਣਾ ਹੈ ਕਿ ਅਕਾਲੀ ਦਲ ਵਿਚ ਹੁਣ ਸੁਖਬੀਰ ਸਿੰਘ ਬਾਦਲ, ਉਨ੍ਹਾਂ ਦੀ ਪਤਨੀ ਤੇ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਤੇ ਬਿਕਰਮ ਸਿੰਘ ਮਜੀਠੀਆ ਦੀ ਚੱਲਦੀ ਹੈ ਤੇ ਸ਼ ਬਾਦਲ ਦੀ ਸਲਾਹ ਔਖੇ ਵੇਲੇ ਹੀ ਲਈ ਜਾਂਦੀ ਹੈ। ਇਸ ਦੀ ਮਿਸਾਲ ਔਰਬਿਟ ਕਾਂਡ ਵੇਲੇ ਵੀ ਮਿਲੀ ਸੀ, ਜਦੋਂ ਹਰਸਿਮਰਤ ਕੌਰ ਬਾਦਲ ਸੰਸਦ ਵਿਚ ਇਹ ਕਹਿ ਰਹੇ ਸਨ ਕਿ ਉਨ੍ਹਾਂ ਨੂੰ ਪਤਾ ਨਹੀਂ, ਕਿ ਇਸ ਬੱਸ ਕੰਪਨੀ ਦਾ ਮਾਲਕ ਕੌਣ ਹੈ, ਉਹ ਪਤਾ ਕਰਵਾ ਕੇ ਮਾਮਲੇ ਦੀ ਜਾਂਚ ਕਰਵਾਉਣਗੇ। ਉਸੇ ਸਮੇਂ ਸ਼ ਪ੍ਰਕਾਸ਼ ਸਿੰਘ ਬਾਦਲ ਕਹਿ ਰਹੇ ਸਨ ਕਿ ਇਹ ਹਾਦਸਾ ਉਨ੍ਹਾਂ ਦੀ ਕੰਪਨੀ ਦੀ ਬੱਸ ਵਿਚ ਹੋਇਆ ਹੈ, ਇਸੇ ਲਈ ਮੁੱਦਾ ਬਣਾਇਆ ਜਾ ਰਿਹਾ ਹੈ। ਉਸ ਸਮੇਂ ਵੀ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਬਾਦਲ ਪਰਿਵਾਰ ਨੂੰ ਝੂਠ ਸਲਾਹ ਕਰ ਕੇ ਬੋਲਣ ਦੀ ਨਸੀਹਤ ਦਿੱਤੀ ਸੀ ਜੋ ਸੋਸ਼ਲ ਮੀਡੀਆ ‘ਤੇ ਖੂਬ ਚਰਚਾ ਦਾ ਵਿਸ਼ਾ ਬਣੀ।
ਸੁਖਬੀਰ ਬਾਦਲ ਨੇ ਨਸ਼ੇੜੀਆਂ ਬਾਰੇ ਦਾਅਵਾ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ (ਏਮਜ਼) ਦਿੱਲੀ ਵੱਲੋਂ ਕੀਤੇ ਸਰਵੇਖਣ ਦੀ ਰਿਪੋਰਟ ਨੂੰ ਆਧਾਰ ਬਣਾ ਕੇ ਕੀਤਾ ਹੈ। ਅਸਲ ਵਿਚ ਸੁਖਬੀਰ ਨੇ ਆਪਣੇ ਸੌੜੇ ਸਿਆਸੀ ਹਿੱਤਾਂ ਲਈ ਮੁਲਕ ਦੀ ਵੱਕਾਰੀ ਸਿਹਤ ਸੰਸਥਾ ‘ਏਮਜ਼’ ਦੀ ਰਿਪੋਰਟ ਦੇ ਤੱਥਾਂ ਨੂੰ ਤੋੜ-ਮਰੋੜ ਕੇ ਸੂਬੇ ਦੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਹੈ। ਅਸਲੀਅਤ ਇਹ ਹੈ ਕਿ ਇਸ ਰਿਪੋਰਟ ਅਨੁਸਾਰ ਸੂਬੇ ਦੀ ਕੁੱਲ ਆਬਾਦੀ ਵਿਚੋਂ 2æ32 ਲੱਖ ਨੌਜਵਾਨ (0æ84 ਫ਼ੀਸਦੀ) ਨਸ਼ਿਆਂ ਦੇ ਪ੍ਰਭਾਵ ਹੇਠ ਹਨ। ਇਨ੍ਹਾਂ ਵਿਚੋਂ 1æ23 ਲੱਖ ਸਿਰਫ ਹੈਰੋਇਨ ਦੇ ਨਸ਼ੇੜੀ ਹਨ ਜਦੋਂਕਿ ਬਾਕੀ ਹੋਰ ਵੱਖ-ਵੱਖ ਕਿਸਮ ਦੇ ਨਸ਼ੇ ਕਰਦੇ ਹਨ। ਏਮਜ਼ ਵੱਲੋਂ ਇਹ ਅਧਿਐਨ ਸਿਰਫ ਸੂਬੇ ਦੇ ‘ਬਾਲਗਾਂ’ ਉਪਰ ਹੀ ਕੀਤਾ ਗਿਆ ਹੈ ਜਿਨ੍ਹਾਂ ਦੀ ਮਰਦਮਸ਼ੁਮਾਰੀ ਦੇ ਅੰਕੜਿਆਂ ਅਨੁਸਾਰ ਕੁੱਲ ਆਬਾਦੀ 1æ9 ਕਰੋੜ ਹੈ। ਜੇ ਬਾਕੀ ਉਮਰ ਵਰਗ ਵੀ ਜੋੜ ਲਏ ਜਾਣ ਤਾਂ ਸੂਬੇ ਵਿਚ ਨਸ਼ੇੜੀਆਂ ਦੀ ਗਿਣਤੀ 8æ6 ਲੱਖ, ਭਾਵ 4æ5 ਫੀਸਦੀ ਬਣਦੀ ਹੈ। ਉਪ ਮੁੱਖ ਮੰਤਰੀ ਨੇ ਨਾ ਸਿਰਫ ਸੂਬੇ ਦੇ ਨਸ਼ੇੜੀਆਂ ਦੀ ਗਿਣਤੀ ਸਬੰਧੀ ਤੱਥ ਗਲਤ ਪੇਸ਼ ਕੀਤੇ ਹਨ, ਬਲਕਿ ਇਸ ਰਿਪੋਰਟ ਦਾ ਉਹ ਹਿੱਸਾ ਵੀ ਲੁਕੋ ਲਿਆ ਜਿਸ ਵਿਚ ਇਹ ਖੁਲਾਸਾ ਕੀਤਾ ਗਿਆ ਹੈ ਕਿ ਸੂਬਾ ਸਰਕਾਰ ਦੇ ਨਸ਼ਾ ਵਿਰੋਧੀ ਕੇਂਦਰ ਸਿਰਫ 1æ8 ਫੀਸਦੀ ਨਸ਼ੇੜੀ ਵਿਅਕਤੀਆਂ ਨੂੰ ਸਹਾਇਤਾ ਦੇ ਸਕੇ ਹਨ। ਇਸ ਤੱਥ ਤੋਂ ਸੂਬਾ ਸਰਕਾਰ ਦੇ ਨਸ਼ਾਗ੍ਰਸਤ ਵਿਅਕਤੀਆਂ ਨੂੰ ਨਸ਼ਾ ਮੁਕਤ ਕਰਨ ਦੇ ਯਤਨਾਂ ਦੀ ਵੀ ਫੂਕ ਨਿਕਲਦੀ ਹੈ।
ਯਾਦ ਰਹੇ ਹੈ ਕਿ ਰਾਹੁਲ ਗਾਂਧੀ ਤੇ ਅਰਵਿੰਦ ਕੇਜਰੀਵਾਲ ਨੇ ਅਕਾਲੀ-ਭਾਜਪਾ ਸਰਕਾਰ ਉਤੇ ਪੰਜਾਬ ਦੇ 70 ਫੀਸਦੀ ਨੌਜਵਾਨਾਂ ਨੂੰ ਨਸ਼ੇੜੀ ਬਣਾਉਣ ਦੇ ਦੋਸ਼ ਲਾਏ ਸਨ; ਜਦ ਕਿ ਯੋਗ ਗੁਰੂ ਰਾਮਦੇਵ ਨੇ ਵੀ 80 ਫੀਸਦੀ ਨੌਜਵਾਨਾਂ ਨੂੰ ਨਸ਼ਿਆਂ ਵਿਚ ਲਿਪਤ ਦੱਸਿਆ ਸੀ। ਸ੍ਰੀ ਆਨੰਦਪੁਰ ਸਾਹਿਬ ਦੇ 350 ਸਾਲਾ ਸਮਾਗਮ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਵੀ ਨਸ਼ਿਆਂ ਨੂੰ ਪੰਜਾਬ ਦੀ ਅਹਿਮ ਸਮੱਸਿਆ ਕਿਹਾ ਸੀ। ਪੰਜਾਬ ਵਿਚ ਹਾਕਮ ਧਿਰ ਅਕਾਲੀ ਦਲ ਖੁਦ ਨਸ਼ਿਆਂ ਨੂੰ ਪੰਜਾਬ ਲਈ ਗੰਭੀਰ ਦੱਸ ਕੇ ਸੂਬੇ ਨਾਲ ਲੱਗਦੀ ਪਾਕਿਸਤਾਨ ਸਰਹੱਦ ‘ਤੇ ਬੀæਐਸ਼ਐਫ਼ ਖਿਲਾਫ ਧਰਨੇ ਲਾ ਚੁੱਕਾ ਹੈ। ਪੰਜਾਬ ਦੇ ਸਮਾਜਿਕ ਸੁਰੱਖਿਆ ਤੇ ਔਰਤਾਂ ਤੇ ਬੱਚਿਆਂ ਦੀ ਭਲਾਈ ਵਿਭਾਗ ਵੱਲੋਂ ਕਰਵਾਏ ਸਰਵੇਖਣ ਅਨੁਸਾਰ ਸੂਬੇ ਦੇ 67 ਫੀਸਦੀ ਪੇਂਡੂ ਪਰਿਵਾਰਾਂ ਦਾ ਘੱਟੋ-ਘਟ ਇਕ ਜੀਅ ਨਸ਼ੇ ਦੀ ਲਤ ਦਾ ਸ਼ਿਕਾਰ ਹੈ।