ਰਾਹਤ ਦੀ ਥਾਂ ਸਿਆਸੀ ਮਜਬੂਰੀ ਬਣਿਆ ਰਾਖਵਾਂਕਰਨ

ਚੰਡੀਗੜ੍ਹ: ਹਰਿਆਣਾ ਵਿਚ ਜਾਟ ਰਾਖਵੇਂਕਰਨ ਦਾ ਮਾਮਲਾ ਭਖਿਆ ਹੋਇਆ ਹੈ, ਇਸ ਮੰਗ ਦੀ ਪੂਰਤੀ ਲਈ ਛਿੜੇ ਅੰਦੋਲਨ ਵਿਚ ਹੁਣ ਤੱਕ 19 ਮੌਤਾਂ ਤੇ ਸੈਂਕੜੇ ਲੋਕ ਜਖ਼ਮੀ ਹੋ ਗਏ ਹਨ। ਸਰਕਾਰੀ ਜਾਇਦਾਦਾਂ ਨੂੰ ਅੱਗ, ਛੋਟੇ-ਵੱਡੇ ਸ਼ਹਿਰਾਂ ਵਿਚ ਵਪਾਰਕ ਅਦਾਰਿਆਂ ਤੇ ਦੁਕਾਨਾਂ ਦਾ ਨੁਕਸਾਨ ਕਰਨ ਤੋਂ ਇਲਾਵਾ ਸੂਬੇ ਦਾ ਸਮੁੱਚਾ ਲੋਕ ਜੀਵਨ ਇਕ ਤਰ੍ਹਾਂ ਨਾਲ ਠੱਪ ਹੋ ਕੇ ਰਹਿ ਗਿਆ ਹੈ।

ਥੱਕੀ-ਹਾਰੀ ਸੂਬਾ ਸਰਕਾਰ ਨੇ ਭਾਵੇਂ ਭਰੋਸੇ ਦੇਣੇ ਸ਼ੁਰੂ ਕਰ ਦਿੱਤੇ ਹਨ ਕਿ ਉਹ ਛੇਤੀ ਹੀ ਜਾਟ ਰਾਖਵੇਂਕਰਨ ਬਾਰੇ ਵਿਧਾਨ ਸਭਾ ਵਿਚ ਬਿੱਲ ਲਿਆਏਗੀ, ਪਰ ਜਾਤੀ ਆਧਾਰਤ ਉੱਠ ਰਹੀ ਇਸ ਮੰਗ ਨੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ। ਇਕੱਲਾ ਹਰਿਆਣਾ ਹੀ ਨਹੀਂ, ਪੰਜਾਬ ਵਿਚ ਵੀ ਜੱਟ ਰਾਖਵੇਂਕਰਨ ਲਈ ਜਥੇਬੰਦ ਹੋ ਰਹੇ ਹਨ। ਪਿਛਲੇ ਦਿਨੀਂ ਗੁਜਰਾਤ ਵਿਚ ਪਟੇਲ ਬਰਾਦਰੀ ਵੱਲੋਂ ਇਸੇ ਤਰ੍ਹਾਂ ਦਾ ਅੰਦੋਲਨ ਸ਼ੁਰੂ ਕੀਤਾ ਗਿਆ ਸੀ ਜਿਸ ਨੂੰ ਵੱਡਾ ਹੁੰਗਾਰਾ ਮਿਲਿਆ ਸੀ। ਇਕ ਵਾਰ ਤਾਂ ਸਾਰਾ ਸੂਬਾ ਹੀ ਬੁਰੀ ਤਰ੍ਹਾਂ ਹਿੱਲ ਗਿਆ ਸੀ। ਰਾਜਸਥਾਨ ਵਿਚ ਵੀ ਗੁੱਜਰਾਂ ਵੱਲੋਂ ਕਈ ਵਾਰ ਅਜਿਹੇ ਹੀ ਅੰਦੋਲਨ ਕੀਤੇ ਗਏ ਹਨ। ਮੰਨਿਆ ਜਾ ਰਿਹਾ ਹੈ ਕਿ ਭਵਿੱਖ ਵਿਚ ਇਸ ਮੁੱਦੇ ‘ਤੇ ਹੋਰ ਵੀ ਬਰਾਦਰੀਆਂ ਸੰਘਰਸ਼ ਦੇ ਰਾਹ ਪੈਣ ਲਈ ਤਿਆਰ ਬੈਠੀਆਂ ਹਨ। ਅਸਲ ਵਿਚ, ਜਾਤੀ ਆਧਾਰਤ ਰਾਖਵਾਂਕਰਨ ਖਤਮ ਕਰਨ ਦੀ ਮੰਗ ਵੱਡੇ ਪੱਧਰ ‘ਤੇ ਉਠ ਰਹੀ ਹੈ। ਬਿਹਾਰ ਵਿਧਾਨ ਸਭਾ ਚੋਣਾਂ ਵਿਚ ਵੀ ਇਹ ਮੁੱਦਾ ਭਾਰੀ ਰਿਹਾ।
ਜਾਟਾਂ ਨੂੰ ਕਾਂਗਰਸ ਦੀ ਪਿਛਲੀ ਭੁਪਿੰਦਰ ਸਿੰਘ ਹੁੱਡਾ ਸਰਕਾਰ ਨੇ ਰਾਖਵਾਂਕਰਨ ਦਿੱਤਾ ਸੀ, ਪਰ ਸੁਪਰੀਮ ਕੋਰਟ ਨੇ ਇਹ ਫੈਸਲਾ ਰੱਦ ਕਰ ਦਿੱਤਾ ਸੀ ਜਿਸ ਤੋਂ ਬਾਅਦ ਇਹ ਸੰਘਰਸ਼ ਧੁਖ ਰਿਹਾ ਸੀ। ਹਰਿਆਣਾ ਨੇ 2014 ਵਿਚ ਭਾਜਪਾ ਦੇ ਹੱਕ ਵਿਚ ਠੋਕ ਕੇ ਫਤਵਾ ਦਿੱਤਾ ਸੀ। ਇਸ ਫਤਵੇ ਵਿਚ ਜਾਟ ਭਾਈਚਾਰੇ ਦਾ ਵੀ ਭਰਪੂਰ ਯੋਗਦਾਨ ਸੀ, ਪਰ ਜਦੋਂ ਭਾਜਪਾ ਨੇ ਮੁੱਖ ਮੰਤਰੀ ਦੇ ਅਹੁਦੇ ਲਈ ਪਹਿਲੀ ਵਾਰ ਵਿਧਾਇਕ ਬਣੇ ਮਨੋਹਰ ਲਾਲ ਖੱਟਰ ਦੀ ਚੋਣ ਕੀਤੀ ਤਾਂ ਜਾਟ ਭਾਈਚਾਰੇ ਨੂੰ ਮਾਯੂਸੀ ਹੋਣੀ ਸੁਭਾਵਿਕ ਹੀ ਸੀ। ਉਨ੍ਹਾਂ ਦਾ ਪੰਜਾਬੀ ਹੋਣਾ, ਨਾ ਸਿਰਫ ਜਾਟਾਂ ਸਗੋਂ ਕਈ ਹੋਰ ਗੈਰ-ਜਾਟ ਭਾਈਚਾਰਿਆਂ ਨੂੰ ਵੀ ਰਾਸ ਨਹੀਂ ਆ ਰਿਹਾ। ਦਰਅਸਲ, ਤਕਰੀਬਨ ਦੋ ਦਹਾਕਿਆਂ ਬਾਅਦ ਹਰਿਆਣਾ ਵਿਚ ਕੋਈ ਗੈਰ-ਜਾਟ ਮੁੱਖ ਮੰਤਰੀ ਬਣਿਆ ਹੈ। ਜਾਟ ਸੂਬੇ ਦੀ ਕੁੱਲ ਵਸੋਂ ਦਾ 25 ਫੀਸਦੀ ਬਣਦਾ ਹੈ ਅਤੇ ਵਿਧਾਨ ਸਭਾ ਦੀਆਂ ਇਕ ਤਿਹਾਈ ਸੀਟਾਂ ‘ਤੇ ਉਹ ਗਾਲਬ ਹੈ। ਹਰਿਆਣਾ ਦੀ ਪਿਛਲੀ ਭੁਪਿੰਦਰ ਸਿੰਘ ਹੁੱਡਾ ਸਰਕਾਰ ਵੇਲੇ ਵੀ ਜਾਟ ਅੰਦੋਲਨ ਦਾ ਹਿੰਸਕ ਰੂਪ ਦੇਖਣ ਨੂੰ ਮਿਲਿਆ ਸੀ। ਅਜਿਹੇ ਤਜਰਬੇ ਦੇ ਬਾਵਜੂਦ ਖੱਟਰ ਸਰਕਾਰ ਨੇ ਪੇਸ਼ਬੰਦੀਆਂ ਕਰਨ ਅਤੇ ਜਾਟ ਭਾਈਚਾਰੇ ਦੀ ਲੀਡਰਸ਼ਿਪ ਨੂੰ ਸ਼ਾਂਤ ਕਰਨ ਦੇ ਯਤਨ ਉਦੋਂ ਤੱਕ ਨਹੀਂ ਆਰੰਭੇ ਜਦੋਂ ਤੱਕ ਹਿੰਸਾ ਦਾ ਦੌਰ-ਦੌਰਾ ਸ਼ੁਰੂ ਨਹੀਂ ਹੋ ਗਿਆ।
ਸੋਨੀਪਤ: ਜਾਟ ਰਾਖਵੇਂਕਰਨ ਦੀ ਮੰਗ ਮਨਵਾਉਣ ਲਈ ਚੱਲੇ ਅੰਦੋਲਨ ਦੌਰਾਨ ਕੁਝ ਵਿਗੜੇ ਲੋਕਾਂ ਨੇ ਅੰਦੋਲਨ ਦੀ ਆੜ ਵਿਚ ਕੁਝ ਔਰਤਾਂ ਨੂੰ ਅਗਵਾ ਕਰ ਲਿਆ ਤੇ ਉਨ੍ਹਾਂ ਦੀ ਇੱਜ਼ਤ ਨੂੰ ਹੱਥ ਪਾ ਲਿਆ। ਔਰਤਾਂ ਨੂੰ ਨੰਗਿਆਂ ਕਰ ਕੇ ਖੇਤਾਂ ਵਿਚ ਘੁਮਾਇਆ, ਪਰ ਪੁਲਿਸ ਨੇ ਇਨ੍ਹਾਂ ਬੇਵੱਸ ਤੇ ਲਾਚਾਰ ਲੋਕਾਂ ਨਾਲ ਸਿਰਫ ਹਮਦਰਦੀ ਪ੍ਰਗਟਾ ਕੇ ਉਨ੍ਹਾਂ ਨੂੰ ਘਰਾਂ ਨੂੰ ਤੋਰ ਦਿੱਤਾ। ਪਤਾ ਲੱਗਾ ਹੈ ਕਿ ਜੀæਟੀæ ਰੋਡ ਉਤੇ ਮੂਰਥਲ ਨੇੜੇ ਕੁਝ ਬਦਮਾਸ਼ਾਂ ਨੇ ਔਰਤਾਂ ਵਾਲੇ ਵਾਹਨਾਂ ਨੂੰ ਸੜਕ ਉਤੇ ਰੋਕ ਲਿਆ। ਦਸ ਔਰਤਾਂ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾ ਕੇ ਖੇਤਾਂ ਵਿਚ ਨਗਨ ਅਵਸਥਾ ਵਿਚ ਛੱਡ ਦਿੱਤਾ। ਜਦੋਂ ਇਸ ਦਿਲ ਕੰਬਾਊ ਘਟਨਾ ਦਾ ਪਤਾ ਨੇੜਲੇ ਪਿੰਡਾਂ ਹਸਨਪੁਰ ਤੇ ਕੁਰਾਦ ਦੇ ਲੋਕਾਂ ਨੂੰ ਲੱਗਾ ਤਾਂ ਉਹ ਇਨ੍ਹਾਂ ਔਰਤਾਂ ਦੇ ਪਰਿਵਾਰਕ ਮੈਂਬਰਾਂ ਦੀ ਮਦਦ ਲਈ ਅੱਗੇ ਆਏ ਅਤੇ ਉਨ੍ਹਾਂ ਪੀੜਤਾਂ ਨੂੰ ਲੱਭਿਆ।