ਚੰਡੀਗੜ੍ਹ: ਹਰਿਆਣਾ ਵਿਚ ਜਾਟ ਰਾਖਵੇਂਕਰਨ ਨੂੰ ਲੈ ਕੇ ਸ਼ੁਰੂ ਹੋਇਆ ਅੰਦੋਲਨ ਹਿੰਸਕ ਰੂਪ ਅਖਤਿਆਰ ਕਰ ਗਿਆ। ਸੂਬੇ ਵਿਚ ਫੌਜ ਤੇ ਨੀਮ ਫੌਜੀ ਬਲ ਤਾਇਨਾਤ ਕਰਨ ਤੇ ਪੰਜ ਸ਼ਹਿਰਾਂ ਵਿਚ ਕਰਫਿਊ ਲਾਉਣ ਦੇ ਬਾਵਜੂਦ ਸਥਿਤੀ ਸਰਕਾਰ ਦੇ ਵੱਸੋਂ ਬਾਹਰ ਹੋ ਗਈ। ਸੂਬੇ ਵਿਚ ਕਈ ਥਾਂਵਾਂ ‘ਤੇ ਜਾਟਾਂ ਤੇ ਗੈਰ ਜਾਟਾਂ ਵਿਚਾਲੇ ਹਿੰਸਕ ਟਕਰਾਅ ਹੋਇਆ।
ਰੋਹਤਕ ਵਿਚ ਬੇਕਾਬੂ ਭੀੜ ਨੇ ਰੋਡਵੇਜ਼ ਦੀਆਂ ਬੱਸਾਂ ਅਤੇ ਹੋਰ ਕਈ ਵਾਹਨਾਂ ਤੇ ਇਮਾਰਤਾਂ ਨੂੰ ਅੱਗ ਲਾ ਦਿੱਤੀ। ਟਕਰਾਅ ਵਿਚ 16 ਵਿਅਕਤੀ ਮਾਰੇ ਜਾ ਚੁੱਕੇ ਹਨ। ਕੌਮੀ ਸ਼ਾਹਰਾਹ ਦੇ ਜਾਮ ਹੋਣ ਨਾਲ ਦੇਸ਼ ਦੀ ਰਾਜਧਾਨੀ ਦਿੱਲੀ ਤੇ ਹਰਿਆਣਾ ਦਾ ਪੰਜਾਬ, ਹਿਮਾਚਲ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਨਾਲ ਸੰਪਰਕ ਕੱਟ ਗਿਆ । ਵੱਡੀ ਗਿਣਤੀ ਵਿਚ ਲੋਕ ਜੀæਟੀæ ਰੋਡ ‘ਤੇ ਫਸ ਗਏ।
ਝੱਜਰ ਸ਼ਹਿਰ ਦੇ ਸਟੇਡੀਅਮ ਨੇੜੇ ਪੁਲਿਸ, ਫੌਜ ਤੇ ਅੰਦੋਲਨਕਾਰੀਆਂ ਵਿਚਾਲੇ ਟਕਰਾਅ ਤੇ ਫਾਇਰਿੰਗ ਵਿਚ ਚਾਰ ਵਿਅਕਤੀ ਮਾਰੇ ਗਏ ਤੇ ਕਈ ਜ਼ਖ਼ਮੀ ਹੋ ਗਏ। ਹਿੰਸਾ ਤੇ ਉਤਾਰੂ ਭੀੜ ਨੇ ਝੱਜਰ ਦਾ ਥਾਣਾ, ਬਲਾਕ ਵਿਕਾਸ ਅਧਿਕਾਰੀ ਦਾ ਦਫਤਰ, ਲੋਕ ਨਿਰਮਾਣ ਵਿਭਾਗ ਦਾ ਰੈਸਟ ਹਾਊਸ, ਰੋਡਵੇਜ਼ ਦੀਆਂ ਚਾਰ ਬੱਸਾਂ, ਲੋਕ ਸੰਪਰਕ ਵਿਭਾਗ ਦੀ ਜੀਪ ਸਮੇਤ ਕਈ ਦੋ ਪਹੀਆ ਵਾਹਨ ਅੱਗ ਦੀ ਭੇਟ ਕਰ ਦਿੱਤੇ। ਰੋਹਤਕ ਵਿਚ ਪ੍ਰਦਰਸ਼ਨਕਾਰੀਆਂ ਨੇ ਸਰਕਟ ਹਾਊਸ, ਭਾਜਪਾ ਦੇ ਦਫਤਰ, ਮਹਿਮ ਥਾਣਾ, ਕਈ ਹੋਟਲ ਤੇ ਰੇਸਤਰਾਂ, ਇਕ ਪੈਟਰੋਲ ਪੰਪ, ਇਕ ਸ਼ਾਪਿੰਗ ਮਾਲ, ਤੇ ਦਰਜਨਾਂ ਸ਼ੋ ਰੂਮ, ਦੁਕਾਨਾਂ ਤੇ ਹੋਰ ਕਾਰੋਬਾਰੀ ਅਦਾਰੇ ਫੂਕ ਦਿੱਤੇ ਤੇ ਲੁੱਟ ਮਾਰ ਕੀਤੀ। ਭੀੜ ਸਾਰੀ ਰਾਤ ਸ਼ਹਿਰ ਵਿਚ ਬੇਰੋਕ ਟੋਕ ਘੁੰਮਦੀ ਰਹੀ ਤੇ ਇਮਾਰਤਾਂ ਨੂੰ ਅੱਗ ਲਾਉਂਦੀ ਰਹੀ। ਅੰਦੋਲਨਕਾਰੀਆਂ ਵਿਚ ਵੱਡੀ ਗਿਣਤੀ ਨੌਜਵਾਨ ਤੇ ਵਿਦਿਆਰਥੀ ਹਨ, ਜਿਹੜੇ ਤੇਜ਼ਧਾਰ ਹਥਿਆਰ ਲੈ ਕੇ ਘੁੰਮ ਰਹੇ ਹਨ।
________________________________
ਦਿੱਲੀ ਨੂੰ ਵੀ ਲੱਗਾ ਸੇਕ
ਨਵੀਂ ਦਿੱਲੀ: ਜਾਟ ਰਾਖਵੇਂਕਰਨ ਦਾ ਸੇਕ ਦਿੱਲੀ ਵਾਸੀਆਂ ਨੂੰ ਵੀ ਲੱਗਾ ਹੈ । ਜਾਟ ਰਾਖਵਾਂਕਰਨ ਦੇ ਸਮਰਥਕਾਂ ਵੱਲੋਂ ਦਿੱਲੀ ਦੇ ਇਲਾਕਿਆਂ ਦੀਆਂ ਸੜਕਾਂ ਬੰਦ ਕਰ ਕੇ ਵਿਰੋਧ ਪ੍ਰਗਟ ਕੀਤਾ ਗਿਆ ਜਿਸ ਕਰਕੇ ਦਿੱਲੀ ਦੇ ਕਈ ਇਲਾਕਿਆਂ ਵਿਚ ਸੜਕੀ ਆਵਾਜਾਈ ਪ੍ਰਭਾਵਤ ਹੋਈ। ਦਿੱਲੀ ਵਿਚ ਪਾਣੀ ਦਾ ਸੰਕਟ ਸ਼ੁਰੂ ਹੋ ਗਿਆ । ਸਥਿਤੀ ਨੂੰ ਦੇਖਦੇ ਹੋਏ ਦਿੱਲੀ ਸਰਕਾਰ ਨੂੰ ਸਕੂਲਾਂ ਵਿਚ ਛੁੱਟੀ ਦਾ ਐਲਾਨ ਕਰਨਾ ਪਿਆ। ਅੰਦੋਲਨਕਾਰੀਆਂ ਵੱਲੋਂ ਮੂਨਕ ਨਹਿਰ ਉਤੇ ਕਬਜ਼ਾ ਕਰ ਕੇ ਦਿੱਲੀ ਨੂੰ ਪਾਣੀ ਦੀ ਸਪਲਾਈ ਰੋਕ ਦਿੱਤੀ ਗਈ ਸੀ। ਅੰਦੋਲਨਕਾਰੀਆਂ ਨੇ ਮੂਨਕ ਨਹਿਰ ਵਿਚ 15 ਫੁੱਟ ਦਾ ਪਾੜ ਪਾ ਦਿੱਤਾ। ਮੂਨਕ ਨਹਿਰ ਤੋਂ ਪਾਣੀ ਨਾ ਆਉਣ ਕਾਰਨ ਦਿੱਲੀ ਦੇ ਸੱਤ ਵਾਟਰ ਪਲਾਂਟ ਬੰਦ ਹੋ ਗਏ ਹਨ।
_________________________________
ਸਰਕਾਰ ਦੀ ਨਾਲਾਇਕੀ ‘ਤੇ ਸਵਾਲ
ਚੰਡੀਗੜ੍ਹ: ਸੂਬੇ ਵਿਚ ਜਾਟਾਂ ਵੱਲੋਂ ਪਿਛਲੀ ਭੁਪਿੰਦਰ ਸਿੰਘ ਹੁੱਡਾ ਸਰਕਾਰ ਸਮੇਂ ਵੀ ਜ਼ਬਰਦਸਤ ਅੰਦੋਲਨ ਕੀਤਾ ਗਿਆ ਸੀ ਜਿਸ ਦੀਆਂ ਘਟਨਾਵਾਂ ਤੇ ਹਿੰਸਕ ਰੂਪ ਤੋਂ ਸੂਬਾਈ ਪ੍ਰਸ਼ਾਸਨ ਭਲੀਭਾਂਤ ਜਾਣੂ ਸੀ। ਇਸ ਦੇ ਬਾਵਜੂਦ ਸਰਕਾਰ ਤੇ ਪ੍ਰਸ਼ਾਸਨ ਨੇ ਨਾ ਹੀ ਜਾਟਾਂ ਦੀ ਮੰਗ ਨੂੰ ਸੰਜੀਦਗੀ ਨਾਲ ਲਿਆ ਤੇ ਨਾ ਹੀ ‘ਜਾਟ ਆਰਕਸ਼ਣ ਸੰਘਰਸ਼ ਸਮਿਤੀ’ ਨੂੰ ਭਰੋਸੇ ਵਿਚ ਲਿਆ। ਅੰਦੋਲਨ ਸ਼ੁਰੂ ਕਰਨ ਤੇ ਰੋਕਣ ਲਈ ਵੀ ਸਰਕਾਰ ਤੇ ਪ੍ਰਸ਼ਾਸਨ ਨੇ ਕੋਈ ਲੋੜੀਂਦੀ ਤਵੱਜੋ ਨਹੀਂ ਵਿਖਾਈ। ਜਿਹੜੇ ਪ੍ਰਸਤਾਵ ਤੇ ਤਜਵੀਜ਼ਾਂ ਸਰਕਾਰ ਵੱਲੋਂ ਮਗਰੋਂ ਪੇਸ਼ ਕੀਤੀਆਂ ਗਈਆਂ, ਜੇ ਉਹ ਪਹਿਲਾਂ ਹੀ ਸੰਘਰਸ਼ ਸਮਿਤੀ ਸਾਹਮਣੇ ਰੱਖੀਆਂ ਜਾਂਦੀਆਂ ਤਾਂ ਸ਼ਾਇਦ ਇਹ ਨੌਬਤ ਨਾ ਆਉਂਦੀ।
__________________________________
ਰਾਖਵੇਂਕਰਨ ਦੇ ਭਰੋਸੇ ਪਿੱਛੋਂ ਕੁਝ ਰਾਹਤ
ਨਵੀਂ ਦਿੱਲੀ: ਹੜਤਾਲੀ ਜਾਟ ਭਾਈਚਾਰੇ ਦੇ ਭਾਰੀ ਦਬਾਅ ਅੱਗੇ ਝੁਕਦਿਆਂ ਭਾਜਪਾ ਨੇ ਐਲਾਨ ਕੀਤਾ ਹੈ ਕਿ ਜਾਟਾਂ ਨੂੰ ਓæਬੀæਸੀæ ਕੋਟਾ ਦੇਣ ਲਈ ਹਰਿਆਣਾ ਸਰਕਾਰ ਵੱਲੋਂ ਆਉਂਦੇ ਵਿਧਾਨ ਸਭਾ ਇਜਲਾਸ ਵਿਚ ਬਿੱਲ ਲਿਆਂਦਾ ਜਾਵੇਗਾ ਤੇ ਕੇਂਦਰੀ ਨੌਕਰੀਆਂ ਵਿਚ ਜਾਟ ਭਾਈਚਾਰੇ ਨੂੰ ਰਾਖਵਾਂਕਰਨ ਦੇਣ ਲਈ ਮੰਗਾਂ ‘ਤੇ ਵਿਚਾਰ ਲਈ ਉਚ ਤਾਕਤੀ ਕਮੇਟੀ ਦਾ ਗਠਨ ਕੀਤਾ ਜਾਵੇਗਾ ਜੋ ਕੇਂਦਰੀ ਮੰਤਰੀ ਦੀ ਅਗਵਾਈ ਵਿਚ ਕੰਮ ਕਰੇਗੀ।
___________________________________
ਹਰਿਆਣਾ ਵਿਚ 20 ਹਜ਼ਾਰ ਕਰੋੜ ਦਾ ਨੁਕਸਾਨ
ਨਵੀਂ ਦਿੱਲੀ: ਸਨਅਤੀ ਜਥੇਬੰਦੀ ਐਸੋਚੈਮ ਨੇ ਆਖਿਆ ਕਿ ਜਾਟ ਅੰਦੋਲਨ ਦੌਰਾਨ ਹੋਈ ਭੰਨ-ਤੋੜ ਤੇ ਸਾੜ-ਫੂਕ ਦੀਆਂ ਘਟਨਾਵਾਂ ਕਰ ਕੇ ਹਰਿਆਣੇ ਨੂੰ ਤਕਰੀਬਨ 20 ਹਜ਼ਾਰ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਇਸ ਤੋਂ ਇਲਾਵਾ ਪੰਜਾਬ, ਹਿਮਾਚਲ ਪ੍ਰਦੇਸ਼, ਰਾਜਸਥਾਨ, ਉਤਰ ਪ੍ਰਦੇਸ਼ ਦੀਆਂ ਕਾਰੋਬਾਰੀ ਤੇ ਸਨਅਤੀ ਇਕਾਈਆਂ ਦਾ ਵੀ ਕਾਫੀ ਨੁਕਸਾਨ ਹੋਇਆ ਹੈ। ਅੰਦੋਲਨ ਕਰ ਕੇ ਸਰਕਾਰੀ ਤੇ ਪ੍ਰਾਈਵੇਟ ਸੰਪਤੀ ਦੇ ਨੁਕਸਾਨ ਤੇ ਸਨਅਤਾਂ, ਛੋਟੇ ਕਾਰੋਬਾਰ ਤੇ ਟਰਾਂਸਪੋਰਟ ਆਦਿ ਬੰਦ ਹੋਣ ਕਰ ਕੇ ਅੰਦਾਜ਼ਨ 18000-20000 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।
_____________________________________
ਵਿਰੋਧੀਆਂ ਵਲੋਂ ਭਾਜਪਾ ‘ਤੇ ਹਮਲੇ
ਹਿਸਾਰ: ਇੰਡੀਅਨ ਨੈਸ਼ਨਲ ਲੋਕ ਦਲ ਦੇ ਸੀਨੀਅਰ ਆਗੂ ਅਭੇ ਚੌਟਾਲਾ ਨੇ ਕਿਹਾ ਹੈ ਕਿ ਭਾਜਪਾ ਸਰਕਾਰ ਦਾ ਸੂਬੇ ਦੀ ਸਥਿਤੀ ‘ਤੇ ਕੋਈ ਕਾਬੂ ਨਹੀਂ ਰਿਹਾ। ਇਸ ਲਈ ਸੂਬੇ ਵਿਚ ਰਾਸ਼ਟਰਪਤੀ ਰਾਜ ਲਾਗੂ ਕੀਤਾ ਜਾਵੇ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਸਰਕਾਰ ਤੇ ਇਸ ਦੇ ਜਾਟ ਮੰਤਰੀ ਰਾਖਵਾਂਕਰਨ ਦੇ ਮੁੱਦੇ ‘ਤੇ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਦੇ ਰਹੇ ਹਨ। ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਦਿੱਲੀ ਦੇ ਜੰਤਰ ਮੰਤਰੀ ਵਿਚ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ।