ਚੰਡੀਗੜ੍ਹ: ਪੰਜਾਬ ਵਿਚ ਪੰਜ ਸਾਲਾਂ ਦੌਰਾਨ ਕੈਂਸਰ ਦੇ ਮਰੀਜ਼ਾਂ ਦੀ ਗਿਣਤੀ ਦੁੱਗਣੀ ਹੋਈ ਹੈ। ਔਰਤਾਂ ਵਿਚ ਬੱਚੇਦਾਨੀ ਦੇ ਕੈਂਸਰ ਦਾ ਕਹਿਰ ਘਟਣ ਲੱਗਿਆ ਹੈ ਤੇ ਛਾਤੀ ਦੇ ਕੈਂਸਰ ਦੇ ਕੇਸਾਂ ਦੀ ਗਿਣਤੀ ਵਿਚ ਵਾਧਾ ਹੋ ਰਿਹਾ ਹੈ। ਪੁਰਸ਼ਾਂ ਵਿਚ ਬਲੱਡ ਕੈਂਸਰ ਦੇ ਮਰੀਜ਼ਾਂ ਦੀ ਗਿਣਤੀ ਹੇਠਾਂ ਆਉਣ ਲੱਗੀ ਹੈ ਤੇ ਮੂੰਹ ਦਾ ਕੈਂਸਰ ਤੇਜ਼ੀ ਨਾਲ ਪੈਰ ਪਸਾਰਨ ਲੱਗਿਆ ਹੈ। ਇਹ ਅੰਕੜੇ ਪੰਜਾਬ ਤੋਂ ਪੀæਜੀæਆਈæ ਵਿਚ ਇਲਾਜ ਲਈ ਆ ਰਹੇ ਮਰੀਜ਼ਾਂ ਦੇ ਰੱਖੇ ਜਾ ਰਹੇ ਰਿਕਾਰਡ ਤੋਂ ਸਾਹਮਣੇ ਆਏ ਹਨ।
ਨੈਸ਼ਨਲ ਕੈਂਸਰ ਰਜਿਸਟਰ ਪ੍ਰੋਗਰਾਮ ਆਫ ਇੰਡੀਅਨ ਕੌਂਸਲ ਆਫ ਰਿਸਰਚ ਦੇ ਅੰਕੜੇ ਵੀ ਇਸ ਦੀ ਪੁਸ਼ਟੀ ਕਰਦੇ ਹਨ। ਹਸਪਤਾਲ ਵਿਚ ਮੌਜੂਦ ਰਿਕਾਰਡ ਮੁਤਾਬਕ ਪੀæਜੀæਆਈæ ਵਿਚ ਸਾਲ 2011 ਤੋਂ 2013 ਤੱਕ 12,709 ਮਰੀਜ਼ ਇਲਾਜ ਲਈ ਆਏ ਸਨ ਜਦੋਂਕਿ 2014 ਵਿਚ ਇਕ ਸਾਲ ਵਿਚ ਹੀ ਕੈਂਸਰ ਦੇ 7,101 ਮਰੀਜ਼ ਇਲਾਜ ਲਈ ਆ ਗਏ ਸਨ। ਅਗਲੇ ਸਾਲ ਇਹ ਗਿਣਤੀ ਵਧ ਕੇ 7,217 ‘ਤੇ ਜਾ ਪੁੱਜੀ। ਮਿਲੇ ਅੰਕੜਿਆਂ ਤੋਂ ਬਿਮਾਰੀ ਵਿਚ ਬਦਲਾਅ ਦਾ ਵੀ ਅਹਿਮ ਖੁਲਾਸਾ ਹੋਇਆ ਹੈ। ਪਹਿਲਾਂ ਦੇ ਮੁਕਾਬਲੇ ਔਰਤਾਂ ਵਿਚ ਬੱਚੇਦਾਨੀ ਦੇ ਕੈਂਸਰ ਦਾ ਕਹਿਰ ਘਟ ਰਿਹਾ ਹੈ ਜਦੋਂਕਿ ਛਾਤੀ ਦਾ ਕੈਂਸਰ ਤੇਜ਼ੀ ਨਾਲ ਘੇਰਨ ਲੱਗ ਪਿਆ ਹੈ। ਸਾਲ 2011 ਤੋਂ 2013 ਤੱਕ ਕੈਂਸਰ ਦੇ ਕੁੱਲ ਮਰੀਜ਼ਾਂ ਵਿਚੋਂ ਛਾਤੀ ਦੇ ਕੈਂਸਰ ਤੋਂ ਪੀੜਤ 20æ3 ਪ੍ਰਤੀਸ਼ਤ ਔਰਤਾਂ ਸਨ। ਸਾਲ 2014 ਵਿਚ ਇਹ ਪ੍ਰਤੀਸ਼ਤਤਾ ਵਧ ਕੇ 21æ9 ਹੋ ਗਈ ਸੀ ਜਦੋਂਕਿ ਬੀਤੇ ਸਾਲ ਤੱਕ ਇਹ ਵਾਧਾ 23æ6 ਫ਼ੀਸਦੀ ਤੱਕ ਹੋ ਗਿਆ ਸੀ। ਕੈਂਸਰ ਦੇ ਕੁੱਲ ਮਰੀਜ਼ਾਂ ਵਿਚੋਂ 2011 ਤੋਂ 2013 ਤੱਕ ਬੱਚੇਦਾਨੀ ਦੇ ਕੈਂਸਰ ਦੇ 17 ਫ਼ੀਸਦੀ ਮਰੀਜ਼ ਸਨ। ਸਾਲ 2014 ਵਿਚ ਇਹ ਪ੍ਰਤੀਸ਼ਤਤਾ ਘਟ ਕੇ 15æ4 ਅਤੇ 14æ3 ਰਹਿ ਗਈ ਹੈ। ਓਵਰੀ ਕੈਂਸਰ ਦੇ ਕੇਸਾਂ ਦੀ ਪ੍ਰਤੀਸ਼ਤਤਾ ਪਿਛਲੇ ਪੰਜ ਸਾਲਾਂ ਵਿਜ 7 ਪ੍ਰਤੀਸ਼ਤ ਤੋਂ ਹੇਠਾਂ 5æ6 ਫ਼ੀਸਦੀ ਤੱਕ ਆ ਗਈ ਹੈ।
ਪੀæਜੀæਆਈæ ਦੀ ਰਿਪੋਰਟ ਵਿਚ ਬੱਚੇਦਾਨੀ ਦੇ ਕੈਂਸਰ ਦੇ ਘਟਣ ਤੇ ਛਾਤੀ ਦੇ ਕੈਂਸਰ ਵਿਚ ਹੋ ਰਹੇ ਵਾਧੇ ਬਾਰੇ ਵੀ ਦੱਸਿਆ ਗਿਆ ਹੈ। ਰਿਪੋਰਟ ਅਨੁਸਾਰ ਕੁਝ ਸਾਲ ਪਹਿਲਾਂ ਤੱਕ ਔਰਤਾਂ ਵਧੇਰੇ ਬੱਚਿਆਂ ਨੂੰ ਜਨਮ ਦੇਣ ਲਈ ਮਜਬੂਰ ਹੁੰਦੀਆਂ ਸਨ, ਜੋ ਕਿ ਇਨਫੈਕਸ਼ਨ ਦਾ ਕਾਰਨ ਬਣਦਾ ਸੀ। ਵਾਰ ਵਾਰ ਲਾਗ ਦੀ ਬਿਮਾਰੀ ਬਾਅਦ ਵਿਚ ਕੈਂਸਰ ਦਾ ਰੂਪ ਧਾਰਨ ਕਰ ਜਾਂਦੀ ਰਹੀ ਹੈ। ਇਸ ਦੇ ਉਲਟ ਲੇਟ ਉਮਰ ਵਿਚ ਵਿਆਹ ਕਰਾਉਣ ਤੇ ਤੀਹ ਸਾਲ ਦੀ ਉਮਰ ਤੋਂ ਬਾਅਦ ਬੱਚੇ ਨੂੰ ਜਨਮ ਦੇਣਾ ਛਾਤੀ ਦੇ ਕੈਂਸਰ ਨੂੰ ਜਨਮ ਦੇਣ ਲੱਗਿਆ ਹੈ। ਨਵ-ਜਨਮੇ ਬੱਚਿਆਂ ਨੂੰ ਘੱਟ ਦੁੱਧ ਚੁੰਘਾਉਣ ਨਾਲ ਵੀ ਛਾਤੀ ਦਾ ਕੈਂਸਰ ਹੁੰਦਾ ਹੈ।
ਰਿਪੋਰਟ ਅਨੁਸਾਰ ਵੱਡੀ ਉਮਰ ਵਿਚ ਬੱਚਿਆਂ ਨੂੰ ਜਨਮ ਦੇਣ ਵਾਲੀਆਂ ਮਾਵਾਂ ਨੂੰ ਛਾਤੀ ਦਾ ਕੈਂਸਰ ਹੋਣ ਦੇ ਪੰਜ ਗੁਣਾ ਵਧੇਰੇ ਆਸਾਰ ਬਣ ਜਾਂਦੇ ਹਨ। ਪੁਰਸ਼ਾਂ ਵਿਚ ਬਲੱਡ ਕੈਂਸਰ ਨਾਲੋਂ ਫੇਫੜਿਆਂ ਤੇ ਮੂੰਹ ਦਾ ਕੈਂਸਰ ਵਧੇਰੇ ਵੱਧ ਰਿਹਾ ਹੈ। ਮੂੰਹ ਤੇ ਫੇਫੜਿਆਂ ਲਈ ਤੰਬਾਕੂ ਅਤੇ ਸ਼ਰਾਬ ਦੀ ਵਰਤੋਂ ਹਾਨੀਕਾਰਕ ਸਿੱਧ ਹੋ ਰਹੀ ਹੈ।
ਪਿਛਲੇ ਪੰਜ ਸਾਲਾਂ ਵਿਚ ਦੋਹਾਂ ਤਰ੍ਹਾਂ ਦੇ ਕੈਂਸਰ ਦੇ ਮਰੀਜ਼ਾਂ ਦੀ ਗਿਣਤੀ ਵਿਚ 10æ9 ਦੀ ਥਾਂ 14æ5 ਫ਼ੀਸਦੀ ਦਾ ਵਾਧਾ ਹੋਇਆ ਹੈ। ਬਲੱਡ ਕੈਂਸਰ ਦੇ ਮਰੀਜ਼ਾਂ ਦੀ ਗਿਣਤੀ ਘਟਣ ਦੀ ਪ੍ਰਤੀਸ਼ਤਤਾ 9æ3 ਦੀ ਥਾਂ 8æ2 ਫ਼ੀਸਦੀ ਹੋ ਗਈ ਹੈ। ਰੇਡੀਆਲੋਜੀ ਵਿਭਾਗ ਦੀ ਮੁਖੀ ਡਾæ ਸੁਸ਼ਮਿਤਾ ਦਾ ਕਹਿਣਾ ਹੈ ਕਿ ਮਾਵਾਂ ਵੱਲੋਂ ਬੱਚਿਆਂ ਨੂੰ ਦੁੱਧ ਨਾ ਚੁੰਘਾਉਣ ਨਾਲ ਛਾਤੀ ਦੇ ਕੈਂਸਰ ਦਾ ਖਤਰਾ ਵਧਦਾ ਹੈ ਤੇ ਘੱਟ ਬੱਚੇ ਪੈਦਾ ਕਰਨ ਨਾਲ ਬੱਚੇਦਾਨੀ ਦੇ ਕੈਂਸਰ ਤੋਂ ਬਚਾਅ ਰਹਿੰਦਾ ਹੈ।