ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਦੌਰਾਨ ਸੂਬੇ ਦੇ ਨੌਜਵਾਨਾਂ ਦਾ ਰੁਖ਼ ਪਾਰਟੀ ਵਿਰੋਧੀ ਅਤੇ ਆਮ ਆਦਮੀ ਪਾਰਟੀ ‘ਆਪ’ ਵੱਲ ਹੋਣ ‘ਤੇ ਚਿੰਤਾ ਪ੍ਰਗਟਾਈ ਗਈ। ਸ਼੍ਰੋਮਣੀ ਅਕਾਲੀ ਦਲ ਨੇ ਇਕ ਸਾਲ ਬਾਅਦ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੀ ਰਣਨੀਤੀ ਉਲੀਕਦਿਆਂ ਨੌਜਵਾਨਾਂ ਨੂੰ ਪਾਰਟੀ ਨਾਲ ਜੋੜਨ ਤੇ ਟਕਸਾਲੀ ਵਰਕਰਾਂ ਦੀ ਨਾਰਾਜ਼ਗੀ ਦੂਰ ਕਰਨ ਦਾ ਫੈਸਲਾ ਕੀਤਾ ਹੈ।
ਨੌਜਵਾਨਾਂ ਨੂੰ ਪਾਰਟੀ ਨਾਲ ਜੋੜਨ ਤੇ ਪ੍ਰਭਾਵਿਤ ਕਰਨ ਲਈ ਦਿਹਾਤੀ ਖੇਤਰਾਂ ਵਿਚ 12000 ਯੂਥ ਕਲੱਬਾਂ ਦੇ ਗਠਨ ਦਾ ਫੈਸਲਾ ਕੀਤਾ ਗਿਆ। ਪਾਰਟੀ ਨੇ ‘ਆਪ’ ਦੀ ਤਰਜ਼ ਉਤੇ 11 ਮੈਂਬਰੀ ਬੂਥ ਲੈਵਲ ਕਮੇਟੀਆਂ ਦੇ ਗਠਨ ਦਾ ਫੈਸਲਾ ਕੀਤਾ ਹੈ। ਪਾਰਟੀ ਦੇ ਕੁਝ ਸੀਨੀਅਰ ਆਗੂਆਂ ਦਾ ਵਿਚਾਰ ਸੀ ਕਿ ਮਾਲਵਾ ਖਿੱਤੇ ਵਿਚ ‘ਆਪ’ ਵੱਡੀ ਸਿਆਸੀ ਚੁਣੌਤੀ ਵਜੋਂ ਉਭਰ ਰਹੀ ਹੈ ਜਦੋਂ ਕਿ ਮਾਝੇ ਵਿਚ ਇਹ ਘੱਟ ਅਸਰਦਾਰ ਹੈ ਅਤੇ ਦੁਆਬੇ ਖੇਤਰ ਦੇ ਕੁਝ ਹਿੱਸਿਆਂ ਵਿਚ ਇਹ ਆਪਣਾ ਅਧਾਰ ਮਜ਼ਬੂਤ ਕਰ ਰਹੀ ਹੈ। ਇਸ ਦੇ ਨਾਲ ‘ਆਪ’ ਦੇ ਉਭਾਰ ਨੂੰ ਰੋਕਣ ਲਈ ਯੂਥ ‘ਤੇ ਟੇਕ ਰੱਖਣ ਤੇ ਸਰਕਾਰੀ ਨੀਤੀਆਂ ਦੇ ਪ੍ਰਚਾਰ ਦੀ ਗੱਲ ਕੀਤੀ ਗਈ। ਮੀਟਿੰਗ ਵਿਚ ਇਸ ਗੱਲ ‘ਤੇ ਚਰਚਾ ਕੀਤੀ ਗਈ ਕਿ ਕਾਂਗਰਸ ਦੇ ਸੂਬਾ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੂੰ ਨਿਸ਼ਾਨਾ ਬਨਾਉਣ ਦੀ ਥਾਂ ‘ਆਪ’ ਉਤੇ ਧਿਆਨ ਕੇਂਦਰਤ ਕੀਤਾ ਜਾਵੇ। ਸੀਨੀਅਰ ਆਗੂਆਂ ਦਾ ਕਹਿਣਾ ਹੈ ਕਿ 9 ਸਾਲ ਲਗਾਤਾਰ ਸੱਤਾ ‘ਚ ਰਹਿਣ ਦੇ ਬਾਵਜੂਦ ਪਾਰਟੀ ਕਾਡਰ ਨਿਰਾਸ਼ ਹੈ। ਵਰਕਰਾਂ ਨੂੰ ਸਥਾਨਕ ਆਗੂਆਂ ਨਾਲ ਜ਼ਿਆਦਾ ਨਾਰਾਜ਼ਗੀ ਹੈ। ਦਿਹਾਤੀ ਖੇਤਰ ਵਿਚ ‘ਆਪ’ ਦੇ ਵਧਦੇ ਅਧਾਰ ਨੂੰ ਵੀ ਟਕਸਾਲੀ ਵਰਕਰਾਂ ਦੇ ਰੋਸੇ ਨਾਲ ਹੀ ਜੋੜ ਕੇ ਦੇਖਿਆ ਗਿਆ ਹੈ।
ਪਾਰਟੀ ਆਗੂਆਂ ਦਾ ਮੰਨਣਾ ਹੈ ਕਿ ਰੇਤ-ਬਜਰੀ, ਨਸ਼ੇ, ਭ੍ਰਿਸ਼ਟਾਚਾਰ ਤੇ ਕੁਝ ਅਜਿਹੇ ਭਖਦੇ ਮੁੱਦੇ ਹਨ, ਜਿਨ੍ਹਾਂ ਬਾਰੇ ਹੋਰ ਰਹੇ ਸਰਕਾਰੀ ਵਿਰੋਧੀ ਪ੍ਰਚਾਰ ਦਾ ਵੀ ਤੋੜ ਲੱਭਿਆ ਜਾਣਾ ਚਾਹੀਦਾ ਹੈ। ਦਲਿਤ ਪੱਤਾ ਖੇਡੇ ਜਾਣ ‘ਤੇ ਵੀ ਕੋਰ ਕਮੇਟੀ ਨੇ ਵਿਚਾਰ ਚਰਚਾ ਕੀਤੀ ਤੇ ਦਲਿਤ ਆਗੂਆਂ ਨੂੰ ਸਰਗਰਮੀ ਦਿਖਾਉਣ ਦੀ ਹਦਾਇਤ ਦਿੱਤੀ। ਇਕ ਸੀਨੀਅਰ ਆਗੂ ਦਾ ਕਹਿਣਾ ਹੈ ਕਿ ਪੰਜਾਬ ਦਾ ਨੌਜਵਾਨ ਪਾਰਟੀ ਤੋਂ ਦੂਰ ਚਲਾ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਤੇ ਹੋਰ ਆਗੂਆਂ ਨਾਲ ਨਵੀਂ ਦਿੱਲੀ ਵਿਚ ਹੋਈਆਂ ਮੀਟਿੰਗਾਂ ਦੇ ਵੇਰਵੇ ਵੀ ਪਾਰਟੀ ਆਗੂਆਂ ਨਾਲ ਸਾਂਝੇ ਕਰਦਿਆਂ ਕਿਹਾ ਕਿ ਚੋਣਾਂ ਦੋਵੇਂ ਪਾਰਟੀਆਂ ਗੱਠਜੋੜ ਤਹਿਤ ਲੜਨਗੀਆਂ। ਮੀਟਿੰਗ ਦੌਰਾਨ ਜਦੋਂ ਕੁਝ ਆਗੂਆਂ ਨੇ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਦੇ ਰਵੱਈਏ ਦੀ ਗੱਲ ਕੀਤੀ ਤਾਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਭਾਈਵਾਲਾਂ ਦੀ ਭੰਡੀ ਬੰਦ ਕਰਨ ਦੀ ਹਦਾਇਤ ਦਿੱਤੀ।