ਆਲਮੀ ਕਾਨਫਰੰਸ ਵਿਚ ਮਾਂ ਬੋਲੀ ਨੂੰ ਹੱਕ ਦਿਵਾਉਣ ਦਾ ਅਹਿਦ

ਚੰਡੀਗੜ੍ਹ: ਤਿੰਨ ਰੋਜ਼ਾ ਆਲਮੀ ਪੰਜਾਬੀ ਕਾਨਫਰੰਸ ਪੰਜਾਬ ਤੋਂ ਬਾਹਰ ਪੰਜਾਬੀ ਭਾਸ਼ਾ, ਸਾਹਿਤ ਤੇ ਸਭਿਆਚਾਰ ਦੇ ਭਵਿੱਖ ਬਾਰੇ ਚਰਚਾ ਤੇ ਪੰਜ ਮਤੇ ਪਾਸ ਕਰਨ ਉਪਰੰਤ ਸਮਾਪਤ ਹੋਈ। ਡਾæ ਐਮæਐਸ਼ ਰੰਧਾਵਾ ਉਤਸਵ, 2016 ਤਹਿਤ ਕੇਂਦਰੀ ਪੰਜਾਬੀ ਲੇਖਕ ਸਭਾ ਤੇ ਕੌਮਾਂਤਰੀ ਪੰਜਾਬੀ ਇਲਮ, ਚੰਡੀਗੜ੍ਹ ਵੱਲੋਂ ਕਰਵਾਈ ਗਈ ਇਸ ਕਾਨਫਰੰਸ ਵਿਚ ਮੁੱਖ ਬੁਲਾਰੇ ਦੇ ਰੂਪ ਵਿਚ ਕਹਾਣੀਕਾਰ ਜਰਨੈਲ ਸਿੰਘ ਨੇ ਦੱਸਿਆ ਕਿ ਅਮਰੀਕਾ, ਇੰਗਲੈਂਡ ਤੇ ਕੈਨੇਡਾ ਵਿਚ ਰਹਿੰਦੇ ਪੰਜਾਬੀਆਂ ਦੀਆਂ ਤਿੰਨ ਪੀੜ੍ਹੀਆਂ ਹਾਲੇ ਵੀ ਕਿਸੇ ਨਾ ਕਿਸੇ ਰੂਪ ਵਿਚ ਪੰਜਾਬੀ ਭਾਸ਼ਾ ਤੇ ਸਭਿਆਚਾਰ ਨਾਲ ਜੁੜੀਆਂ ਹੋਈਆਂ ਹਨ,

ਪਰ ਚੌਥੀ ਪੀੜ੍ਹੀ ਪੰਜਾਬੀ ਨਾਲੋਂ ਟੁੱਟ ਚੁੱਕੀ ਹੈ। ਉਨ੍ਹਾਂ ਨੇ ਪੰਜਾਬੀ ਭਾਸ਼ਾ ਨੂੰ ਇੰਗਲੈਂਡ ਵਿਚ ਸਭ ਤੋਂ ਵੱਧ ਖਤਰਾ ਦੱਸਦਿਆਂ ਅਮਰੀਕਾ ਤੇ ਕੈਨੇਡਾ ਵਿਚ ਪੰਜਾਬੀ ਭਾਸ਼ਾ ਤੇ ਸਭਿਆਚਾਰ ਦਾ ਭਵਿੱਖ ਠੀਕ ਦੱਸਿਆ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਵੀ ਪੰਜਾਬੀ ਪ੍ਰਤੀ ਸੁਚੇਤ ਹੋਣ ਦੀ ਲੋੜ ਹੈ।
ਜੰਮੂ ਕਸ਼ਮੀਰ ਤੋਂ ਆਏ ਲੇਖਕ ਖ਼ਾਲਿਦ ਹੁਸੈਨ ਨੇ ਕਿਹਾ ਕਿ ਸਿਆਸਤ ਨੇ ਸਦਾ ਭਾਸ਼ਾ ਦਾ ਨੁਕਸਾਨ ਕੀਤਾ ਹੈ। ਵੰਡ ਵੇਲੇ ਜੰਮੂ ਕਸ਼ਮੀਰ ਵਿਚ ਪੰਜਾਬੀਆਂ ਦੀ ਗਿਣਤੀ 54 ਫੀਸਦੀ ਸੀ, ਜਿਹੜੀ 1961 ਵਿਚ 15 ਫੀਸਦੀ ਰਹਿ ਗਈ ਅਤੇ ਹੁਣ ਇਸ ਤੋਂ ਵੀ ਘਟ ਗਈ ਹੈ। ਟੋਰਾਂਟੋ ਦੇ ਹਰਜੀਤ ਗਿੱਲ ਨੇ ਕਿਹਾ ਕਿ ਪੰਜਾਬ ਦੇ ਮੁਕਾਬਲੇ ਪੰਜਾਬੀ ਦੀ ਸਥਿਤੀ ਵਿਦੇਸ਼ਾਂ ਵਿਚ ਬਿਹਤਰ ਹੈ। ਕੈਨੇਡਾ ਤੋਂ ਆਏ ਕਹਾਣੀਕਾਰ ਮੇਜਰ ਮਾਂਗਟ ਨੇ ਕਿਹਾ ਕਿ ਹੁਣ ਇਹ ਧਾਰਨਾ ਟੁੱਟ ਚੁੱਕੀ ਹੈ ਕਿ ਵਿਦੇਸ਼ੀ ਪੈਸੇ ਦੇ ਸਿਰ ‘ਤੇ ਪੁਸਤਕਾਂ ਛਪਵਾਉਂਦੇ ਹਨ। ਵਿਦੇਸ਼ੀ ਸਾਹਿਤਕਾਰਾਂ ਵੱਲੋਂ ਲਿਖੇ ਸਾਹਿਤ ਦਾ ਨੋਟਿਸ ਲਿਆ ਜਾ ਰਿਹਾ ਹੈ। ਕੈਨੇਡਾ ਤੋਂ ਆਏ ਵਿਦਵਾਨ ਕਿਰਪਾਲ ਸਿੰਘ ਪੰਨੂ ਨੇ ਕਿਹਾ ਕਿ ਤਕਨੀਕ ਰਾਹੀਂ ਪੰਜਾਬੀ ਭਾਸ਼ਾ ਦਾ ਭਵਿੱਖ ਰੌਸ਼ਨ ਹੋ ਸਕਦਾ ਹੈ।
ਹਰਿਆਣਾ ਤੋਂ ਆਏ ਨਾਮਧਾਰੀ ਵਿਦਵਾਨ ਸਵਰਨ ਸਿੰਘ ਵਿਰਕ ਨੇ ਹਰਿਆਣਾ ਵਿਚ ਪੰਜਾਬੀ ਭਾਸ਼ਾ ਦੀ ਸਥਿਤੀ ‘ਤੇ ਵਿਚਾਰ ਪੇਸ਼ ਕੀਤੇ। ਕਾਨਫਰੰਸ ਦੀ ਰਿਪੋਰਟ ਮਸ਼ਹੂਰ ਕਹਾਣੀਕਾਰ ਅਤਰਜੀਤ ਸਿੰਘ ਨੇ ਪੇਸ਼ ਕੀਤੀ। ਕੌਮਾਂਤਰੀ ਪੰਜਾਬੀ ਇਲਮ ਦੇ ਪ੍ਰਧਾਨ ਦਰਸ਼ਨ ਬੁੱਟਰ ਤੇ ਜਨਰਲ ਸਕੱਤਰ ਸੁਸ਼ੀਲ ਦੁਸਾਂਝ ਨੇ ਕਾਨਫਰੰਸ ਲਈ ਵਿਦੇਸ਼ੀ ਤੇ ਭਾਰਤੀ ਲੇਖਕਾਂ ਵੱਲੋਂ ਦਿੱਤੇ ਹੁੰਗਾਰੇ ਨੂੰ ਯਾਦਗਾਰੀ ਦੱਸਿਆ ਅਤੇ ਸਹਿਯੋਗ ਦੀ ਸ਼ਲਾਘਾ ਕੀਤੀ। ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਡਾæ ਲਾਭ ਸਿੰਘ ਖੀਵਾ ਤੇ ਕਰਮ ਸਿੰਘ ਵਕੀਲ ਨੇ ਕਾਨਫਰੰਸ ਨੂੰ ਸਫਲ ਬਣਾਉਣ ਲਈ ਹਰ ਪੱਧਰ ‘ਤੇ ਮਿਲੇ ਸਹਿਯੋਗ ਲਈ ਸਭ ਦਾ ਧੰਨਵਾਦ ਕੀਤਾ। ਪੇਸ਼ ਕੀਤੇ ਮਤਿਆਂ ਵਿਚ ਮੰਗ ਕੀਤੀ ਗਈ ਕਿ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿਚ ਪੰਜਾਬੀ ਭਾਸ਼ਾ ਨੂੰ ਬਣਦੀ ਥਾਂ ਦਿੱਤੀ ਜਾਵੇ, ਭਾਸ਼ਾ ਐਕਟ ਵਿਚ ਸਜ਼ਾ ਦੀ ਧਾਰਾ ਜੋੜੀ ਜਾਵੇ। ਲੇਖਕ ਮੱਖਣ ਕੁਹਾੜ ‘ਤੇ ਹੋਏ ਹਮਲੇ ਦੀ ਨਿਖੇਧੀ ਅਤੇ ਇਨਸਾਫ ਦੀ ਮੰਗ ਕੀਤੀ ਗਈ। ਹੈਦਰਾਬਾਦ ਯੂਨੀਵਰਸਿਟੀ ਦੇ ਵਿਦਿਆਰਥੀ ਦੀ ਮੌਤ ਨੂੰ ਖ਼ੁਦਕੁਸ਼ੀ ਦੀ ਥਾਂ ਕਤਲ ਮੰਨ ਕੇ ਇਨਸਾਫ ਦੇਣ, ਵਿਦਿਅਕ ਅਦਾਰਿਆਂ ਵਿਚ ਰਾਜਨੀਤਕ ਦਖਲ ਅੰਦਾਜ਼ੀ ਬੰਦ ਕਰਨ ਦੀ ਮੰਗ ਕੀਤੀ ਗਈ। ਸੀæਆਈæਐਮæ ਦੇ ਚੰਡੀਗੜ੍ਹ ਦੇ ਸੈਕਟਰ 30 ਸਥਿਤ ਦਫਤਰ ‘ਤੇ ਹੋਏ ਹਮਲੇ ਦੀ ਨਿਖੇਧੀ ਕੀਤੀ ਗਈ ਅਤੇ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਗਈ। ਇਨ੍ਹਾਂ ਤੋਂ ਇਲਾਵਾ ਵਿਦਿਆਰਥੀ ਆਗੂ ਕਨ੍ਹੱਈਆ ਦੀ ਤੁਰਤ ਰਿਹਾਈ ਦੀ ਮੰਗ ਕੀਤੀ ਗਈ।
_________________________________
ਲਾਹੌਰ ਵਿਚ ਮਾਂ ਬੋਲੀ ਦਿਵਸ ਮੌਕੇ ਮਾਰਚ
ਲਾਹੌਰ: ਕੌਮਾਂਤਰੀ ਮਾਂ ਬੋਲੀ ਦਿਵਸ ਮਨਾਉਣ ਵਾਸਤੇ ਲਾਹੌਰ ਪ੍ਰੈੱਸ ਕਲੱਬ ਦੇ ਸਾਹਮਣੇ ਵੱਡੀ ਗਿਣਤੀ ਵਿਚ ਲੋਕਾਂ ਨੇ ਪੰਜਾਬੀ ਭਾਸ਼ਾ ਦੇ ਹੱਕ ਵਿਚ ਮਾਰਚ ਕੱਢਿਆ। ਇਸ ਮਾਰਚ ਦੌਰਾਨ ਭਾਸ਼ਨ, ਨੁੱਕੜ ਨਾਟਕ ਤੇ ਗੀਤ ਸੰਗੀਤ ਨਿਰੋਲ ਪੰਜਾਬੀ ਵਿਚ ਹੋਏ। ਇਸ ਮਾਰਚ ਦੀ ਖਾਸੀਅਤ ਇਹ ਸੀ ਕਿ ਇਸ ਵਿਚ ਨੌਜਵਾਨਾਂ ਤੋਂ ਇਲਾਵਾ ਔਰਤਾਂ ਬਹੁਗਿਣਤੀ ਵਿਚ ਸ਼ਾਮਲ ਹੋਈਆਂ।
ਪਾਕਿਸਤਾਨ ਵਿਚ ਕੀਤੇ ਗਏ ਸਰਵੇਖਣ ਮੁਤਾਬਕ ਦੇਸ਼ ਵਿਚ 7æ6 ਕਰੋੜ ਲੋਕ ਪੰਜਾਬੀ ਬੋਲਦੇ ਹਨ ਤੇ ਇਹ ਕੁੱਲ ਆਬਾਦੀ ਦਾ 44 ਫੀਸਦੀ ਬਣਦਾ ਹੈ। ਇਸ ਮੌਕੇ ਪਾਕਿਸਤਾਨੀ ਪੰਜਾਬ ਦੇ ਮੰਤਰੀ ਮੀਆਂ ਅਤ੍ਹਾ ਮੁਹੰਮਦ ਮਨੀਕਾ ਨੇ ਕਿਹਾ ਕਿ ਮੇਰਾ ਸਬੰਧ ਬਾਬਾ ਫਰੀਦ ਦੇ ਸ਼ਹਿਰ ਨਾਲ ਹੈ ਤੇ ਮੇਰੀ ਮਾਤ ਭਾਸ਼ਾ ਵੀ ਪੰਜਾਬੀ ਹੈ। ਉਨ੍ਹਾਂ ਕਿਹਾ ਕਿ ਮੈਂ ਚਾਹੁੰਦਾ ਹਾਂ ਕਿ ਸਾਡੇ ਬੱਚੇ ਪੰਜਾਬੀ ਭਾਸ਼ਾ ਵਿਚ ਸਿੱਖਿਆ ਲੈਣ, ਮੈਂ ਵਾਅਦਾ ਕਰਦਾ ਹਾਂ ਕਿ ਮੈਂ ਆਪਣੀ ਪਾਰਟੀ ਵੱਲੋਂ ਪੰਜਾਬ ਅਸੰਬਲੀ ਵਿਚ ਪੰਜਾਬੀ ਭਾਸ਼ਾ ਨੂੰ ਤਾਲੀਮੀ ਜ਼ਬਾਨ ਬਣਾਉਣ ਦਾ ਮਤਾ ਪਾਸ ਕਰਵਾਵਾਂਗਾ। ਪੰਜਾਬੀ ਗਾਇਕ ਸ਼ੌਕਤ ਅਲੀ ਨੇ ਪੰਜਾਬੀ ਭਾਸ਼ਾ ਵਿਚ ਸੰਗੀਤ ਵੀ ਪੇਸ਼ ਕੀਤਾ।