ਪੰਜਾਬੀਆਂ ਦੀ ਸਿਹਤ ਬਾਰੇ ਨਵੇਂ ਅਧਿਐਨ ਨੇ ਵਧਾਈ ਚਿੰਤਾ

ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਹਰ ਸਾਲ ਬਜਟ ਵਿਚ ਸੂਬੇ ਦੇ ਲੋਕਾਂ ਨੂੰ ਪੀਣ ਲਈ ਸਾਫ-ਸੁਥਰਾ ਪਾਣੀ ਮੁਹੱਈਆ ਕਰਵਾਉਣ ਦੇ ਦਾਅਵੇ ਤੇ ਵਾਅਦੇ ਕੀਤੇ ਜਾਂਦੇ ਹਨ, ਪਰ ਮਾਹਿਰਾਂ ਵੱਲੋਂ ਕੀਤੀਆਂ ਗਈਆਂ ਖੋਜਾਂ ਦੇ ਨਤੀਜੇ ਸਰਕਾਰ ਦੇ ਇਨ੍ਹਾਂ ਦਾਅਵਿਆਂ ਦੀ ਫੂਕ ਕੱਢਦੇ ਨਜ਼ਰ ਆ ਰਹੇ ਹਨ।

ਫ਼ਰੀਦਕੋਟ ਸਥਿਤ ‘ਬਾਬਾ ਫ਼ਰੀਦ ਸੈਂਟਰ ਫਾਰ ਸਪੈਸ਼ਲ ਚਿਲਡਰਨ’ ਦੇ ਬੱਚਿਆਂ ਉਪਰ ਕੀਤੇ ਗਏ ਅਧਿਐਨ ਦੀ ਹਾਲ ਹੀ ਵਿਚ ਆਈ ਰਿਪੋਰਟ ਦੇ ਖੁਲਾਸੇ ਕੰਨ ਖੜ੍ਹੇ ਕਰਨ ਵਾਲੇ ਹਨ। ਜਰਮਨੀ ਦੇ ‘ਮਾਈਕਰੋ ਟਰੇਸ ਮਿਨਰਲਜ਼’ ਲੈਬਾਰਟਰੀ ਦੇ ਖੋਜ ਡਾਇਰੈਕਟਰ ਡਾæਈæ ਬਲਾਰੌਕ ਬੁਸ਼ ਦੀ ਦੇਖ-ਰੇਖ ਹੇਠ ਇਸ ਸੈਂਟਰ ਦੇ ਮੰਦਬੁੱਧੀ ਵਾਲੇ 120 ਬੱਚਿਆਂ ਦੀ ਕੀਤੀ ਗਈ ਜਾਂਚ ਅਨੁਸਾਰ ਇਸ ਬਿਮਾਰੀ ਦਾ ਮੁੱਖ ਕਾਰਨ ਇਨ੍ਹਾਂ ਵਿਚ ਭਾਰੀ ਤੱਤਾਂ ਦੀ ਮਾਤਰਾ ਵੱਧ ਹੋਣਾ ਹੈ ਜੋ ਕਿ ਅਸ਼ੁੱਧ ਪਾਣੀ ਤੇ ਹੋਰ ਖਾਧ ਪਦਾਰਥਾਂ ਰਾਹੀਂ ਉਨ੍ਹਾਂ ਦੇ ਸਰੀਰ ਵਿਚ ਦਾਖਲ ਹੋਏ ਹਨ।
ਖੋਜ ਅਨੁਸਾਰ ਇਹ ਬੱਚੇ ਤਿੰਨ ਸਾਲ ਦੀ ਉਮਰ ਤੱਕ ਠੀਕ ਸਨ, ਪਰ ਉਸ ਤੋਂ ਮਗਰੋਂ ਹੀ ਇਹ ਇਸ ਬਿਮਾਰੀ ਨਾਲ ਪੀੜਤ ਹੁੰਦੇ ਚਲੇ ਗਏ।
ਜ਼ਿਕਰਯੋਗ ਹੈ ਕਿ ਇਸ ਖੋਜ ਤੋਂ ਪਹਿਲਾਂ ਵੀ 2009 ਵਿਚ ਬਰਤਾਨੀਆ ਦੇ ਇਕ ਵਿਗਿਆਨੀ ਕੈਰਿਨ ਸਮਿਥ ਨੇ ਫ਼ਰੀਦਕੋਟ ਦੇ ਹੀ ਕੁਝ ਬੱਚਿਆਂ ਅਤੇ ਬਜ਼ੁਰਗਾਂ ਦੇ ਕੇਸਾਂ ਦੇ ਨਮੂਨਿਆਂ ਦੀ ਜਾਂਚ ਦੇ ਆਧਾਰ ‘ਤੇ ਪੀਣ ਵਾਲੇ ਪਾਣੀ ਦੇ ਦੂਸ਼ਿਤ ਹੋਣ ਦਾ ਇੰਕਸ਼ਾਫ਼ ਕੀਤਾ ਸੀ।
ਸੈਂਟਰਲ ਗਰਾਊਂਡ ਵਾਟਰ ਬੋਰਡ ਵੱਲੋਂ 2014 ਵਿਚ ਕੀਤੇ ਗਏ ਸਰਵੇਖਣ ਵਿਚ ਵੀ ਪੰਜਾਬ ਦੇ ਪਾਣੀਆਂ ਵਿਚ ਜ਼ਹਿਰੀਲੇ ਮਾਦੇ ਨਿਸ਼ਚਿਤ ਮਾਪਦੰਡ ਤੋਂ ਵੱਧ ਪਾਏ ਗਏ ਸਨ। ਇਸ ਤੋਂ ਇਲਾਵਾ ਸੂਬਾ ਸਰਕਾਰ ਵੱਲੋਂ ਵੀ ਕੁਝ ਸਾਲ ਪਹਿਲਾਂ ਪੀਣ ਵਾਲੇ ਪਾਣੀ ਦੇ ਲਏ ਗਏ 2462 ਸੈਂਪਲਾਂ ਵਿਚੋਂ 1140 ਵਿਚ ਜ਼ਹਿਰੀਲੇ ਪਦਾਰਥਾਂ ਦੀ ਮਾਤਰਾ ਵਿਸ਼ਵ ਸਿਹਤ ਸੰਸਥਾ ਦੁਆਰਾ ਨਿਸ਼ਚਿਤ ਮਾਪਦੰਡਾਂ ਤੋਂ ਵੱਧ ਪਾਈ ਗਈ ਸੀ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਗੁਰੂ ਅਰਜਨ ਦੇਵ ਇੰਸਟੀਚਿਊਟ ਆਫ ਡਿਵੈਲਪਮੈਂਟ ਸਟੱਡੀਜ਼ ਵੱਲੋਂ ਵੀ ਪਿਛਲੇ ਸਾਲ ਇਕ ਖੋਜ ਰਾਹੀਂ ਇਸ ਗੱਲ ਦਾ ਇੰਕਸ਼ਾਫ਼ ਕੀਤਾ ਗਿਆ ਸੀ ਕਿ ਸੂਬੇ ਦੇ ਕੁਝ ਹਿੱਸਿਆਂ ਦੇ ਧਰਤੀ ਹੇਠਲੇ ਪਾਣੀ ਵਿਚ ਐਲੂਮੀਨੀਅਮ ਦੀ ਮਾਤਰਾ ਖ਼ਤਰਨਾਕ ਹੱਦ ਤੱਕ ਮੌਜੂਦ ਹੈ ਜੋ ਦਿਮਾਗੀ ਅਤੇ ਮਾਨਸਿਕ ਰੋਗਾਂ ਦੇ ਕਾਰਨ ਬਣ ਰਹੀ ਹੈ।
ਪਿਛਲੇ ਦਹਾਕਿਆਂ ਦੇ ਸਮੇਂ ਦੌਰਾਨ ਮਾਹਿਰਾਂ ਵੱਲੋਂ ਪੰਜਾਬ ਦੇ ਪੀਣ ਵਾਲੇ ਪਾਣੀ ਵਿਚ ਭਾਰੀ ਤੱਤਾਂ ਤੇ ਜ਼ਹਿਰੀਲੇ ਪਦਾਰਥਾਂ ਦੀ ਹੋਂਦ ਸਬੰਧੀ ਕੀਤੇ ਗਏ ਖੁਲਾਸਿਆਂ ਦੇ ਬਾਵਜੂਦ ਸੂਬਾ ਸਰਕਾਰ ਲੋਕਾਂ ਨੂੰ ਪੀਣ ਲਈ ਸਾਫ-ਸੁਥਰਾ ਅਤੇ ਸ਼ੁੱਧ ਪਾਣੀ ਮੁਹੱਈਆ ਕਰਵਾਉਣ ਵਿਚ ਅਸਫਲ ਰਹੀ ਹੈ। ਪੀਣ ਵਾਲੇ ਪਾਣੀ ਵਿਚ ਭਾਰੀ ਤੱਤਾਂ ਕਾਰਨ ਸਿਰਫ ਬੱਚਿਆਂ ਵਿਚ ਹੀ ਮੰਦਬੁੱਧੀ ਨਹੀਂ ਬਲਕਿ ਆਮ ਲੋਕਾਂ ਵਿਚ ਵੀ ਕੈਂਸਰ, ਗਰਭਪਾਤ, ਅਪੰਗਤਾ ਤੇ ਨਿਪੁੰਸਕਤਾ ਜਿਹੇ ਰੋਗ ਵਧ ਰਹੇ ਹਨ।
ਵਿਸ਼ਵ ਸਿਹਤ ਸੰਸਥਾ ਨੇ ਪਿੰਡਾਂ ਦੇ ਲੋਕਾਂ ਨੂੰ ਪੀਣ ਵਾਲਾ ਸਾਫ਼-ਸੁਥਰਾ ਪਾਣੀ ਮੁਹੱਈਆ ਕਰਵਾਉਣ ਲਈ ਕਾਫੀ ਆਰਥਿਕ ਮਦਦ ਕੀਤੀ ਹੈ ਪਰ ਇਸ ਪਾਸੇ ਕੋਈ ਠੋਸ ਪ੍ਰਗਤੀ ਨਹੀਂ ਹੋਈ। ਸੂਬੇ ਦੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਨੇ ਵੱਧ ਪ੍ਰਦੂਸ਼ਿਤ ਪਾਣੀ ਵਾਲੇ ਖੇਤਰਾਂ ਦੀ ਨਿਸ਼ਾਨਦੇਹੀ ਕਰਕੇ ਉਨ੍ਹਾਂ ਵਿਚ 2000 ਦੇ ਲਗਪਗ ਸਾਫ ਪਾਣੀ ਦੇਣ ਵਾਲੇ ਆਰæਓæ ਸਿਸਟਮ ਲਗਾਏ ਹਨ ਪਰ ਸਮੱਸਿਆ ਦੀ ਗੰਭੀਰਤਾ ਦੇ ਮੱਦੇਨਜ਼ਰ ਇਹ ਕਾਫੀ ਨਹੀਂ ਹਨ।
____________________________________
ਸਨਅਤਕਾਰਾਂ ਨਾਲ ਲਿਹਾਜ਼ਦਾਰੀ ਨੇ ਕੀਤਾ ਵੱਧ ਨੁਕਸਾਨ
ਚੰਡੀਗੜ੍ਹ: ਸਰਕਾਰਾਂ ਤੇ ਕੁਝ ਮਾਹਿਰਾਂ ਵੱਲੋਂ ਪੰਜਾਬ ਦੇ ਪਾਣੀਆਂ ਦੇ ਦੂਸ਼ਿਤ ਹੋਣ ਦਾ ਕਾਰਨ ਕਿਸਾਨਾਂ ਵੱਲੋਂ ਰਸਾਇਣਕ ਖਾਦਾਂ ਤੇ ਕੀੜੇਮਾਰ ਦਵਾਈਆਂ ਦੀ ਵੱਧ ਵਰਤੋਂ ਕਰਨ ਨੂੰ ਦੱਸਿਆ ਜਾਂਦਾ ਹੈ, ਪਰ ਸਨਅਤੀ ਤੇ ਸ਼ਹਿਰਾਂ ਦੇ ਸੀਵਰੇਜ ਦਾ ਗੰਦਾ ਤੇ ਜ਼ਹਿਰੀਲਾ ਪਾਣੀ ਨਦੀਆਂ, ਨਾਲਿਆਂ ਨਹਿਰਾਂ ਤੇ ਦਰਿਆਵਾਂ ਵਿਚ ਸੁੱਟੇ ਜਾਣ ਤੋਂ ਵੀ ਅੱਖਾਂ ਨਹੀਂ ਮੀਟੀਆਂ ਜਾ ਸਕਦੀਆਂ। ਮਾਲਵੇ ਦੇ ਜਿਨ੍ਹਾਂ ਇਲਾਕਿਆਂ ਵਿਚ ਪੀਣ ਲਈ ਨਹਿਰਾਂ ਦੇ ਪਾਣੀ ਦੀ ਵਰਤੋਂ ਕੀਤੀ ਜਾਂਦੀ ਹੈ, ਉਥੇ ਹੀ ਇਹ ਬਿਮਾਰੀਆਂ ਵੱਧ ਹਨ, ਪਰ ਇਸ ਗੰਦੇ ਤੇ ਜ਼ਹਿਰੀਲੇ ਪਾਣੀ ਨੂੰ ਨਹਿਰਾਂ ਤੇ ਦਰਿਆਵਾਂ ਵਿਚ ਸੁੱਟਣ ਤੋਂ ਰੋਕਣ ਲਈ ਸਰਕਾਰ ਕੁਝ ਨਹੀਂ ਕਰ ਰਹੀ। ਭ੍ਰਿਸ਼ਟ ਤੰਤਰ ਤੇ ਸਿਆਸੀ ਦਬਾਅ ਕਾਰਨ ਪ੍ਰਦੂਸ਼ਣ ਕੰਟਰੋਲ ਬੋਰਡ ਵੀ ਮੂਕ ਦਰਸ਼ਕ ਬਣਿਆ ਬੈਠਾ ਹੈ।