ਜਥੇਦਾਰਾਂ ਦੀ ਸੇਵਾ ਜੋਗੀ ਰਹਿ ਗਈ ਪੰਜਾਬ ਪੁਲਿਸ

ਬਠਿੰਡਾ: ਪੰਜਾਬ ਪੁਲਿਸ ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਦੀ ਥਾਂ ਵੀæਆਈæਪੀæ ਡਿਊਟੀਆਂ ਵਿਚ ਉਲਝੀ ਹੋਈ ਹੈ। ਪੰਜਾਬ ਪੁਲਿਸ ਨੇ ਤਖਤ ਦਮਦਮਾ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਗੁਰਮੁਖ ਸਿੰਘ ਨੂੰ 23 ਪੁਲਿਸ ਮੁਲਾਜ਼ਮ ਦਿੱਤੇ ਹਨ। ਜਥੇਦਾਰ ਨੂੰ ਬਠਿੰਡਾ ਪੁਲਿਸ ਨੇ 11 ਮੁਲਾਜ਼ਮ, ਅੰਮ੍ਰਿਤਸਰ ਪੁਲਿਸ ਨੇ ਪੰਜ ਅਤੇ ਆਈæਆਰæਬੀæ ਨੇ 10 ਮੁਲਾਜ਼ਮ ਦਿੱਤੇ ਹੋਏ ਹਨ।

ਪੰਜਾਬ ਪੁਲਿਸ ਨੂੰ ਜਥੇਦਾਰ ਗਿਆਨੀ ਗੁਰਮੁਖ ਸਿੰਘ ਦੀ ਸੁਰੱਖਿਆ ਤਕਰੀਬਨ 10 ਲੱਖ ਰੁਪਏ ਪ੍ਰਤੀ ਮਹੀਨਾ ਪੈ ਰਹੀ ਹੈ। ਇਸ ਤੋਂ ਇਲਾਵਾ ਇਕ ਐਸਕਾਰਟ ਤੇ ਇਕ ਪਾਈਲਟ ਗੱਡੀ ਵੀ ਜਥੇਦਾਰ ਨੂੰ ਦਿੱਤੀ ਹੋਈ ਹੈ। ਬਠਿੰਡਾ ਪੁਲਿਸ ਦੇ ਤਕਰੀਬਨ 151 ਮੁਲਾਜ਼ਮ ਲੀਡਰਾਂ ਤੇ ਅਫਸਰਾਂ ਨਾਲ ਗੰਨਮੈਨ ਵਜੋਂ ਤਾਇਨਾਤ ਹਨ। ਸੂਤਰਾਂ ਮੁਤਾਬਕ ਜੋ ਬਿਨਾਂ ਕਿਸੇ ਲਿਖਤ ਪੜ੍ਹਤ ਤੋਂ ਤਾਇਨਾਤ ਹਨ, ਉਨ੍ਹਾਂ ਦੀ ਗਿਣਤੀ ਵੀ ਕਾਫੀ ਹੈ।
ਜਾਣਕਾਰੀ ਅਨੁਸਾਰ ਕੈਬਨਿਟ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੀ ਮਾਤਾ ਕੁਸਮਜੀਤ ਕੌਰ ਨੂੰ ਬਠਿੰਡਾ ਪੁਲਿਸ ਨੇ 15 ਅਕਤੂਬਰ, 2012 ਤੋਂ ਇਕ ਗੰਨਮੈਨ ਦਿੱਤਾ ਹੋਇਆ ਹੈ ਅਤੇ ਹਰਬਿੰਦਰ ਸਿੰਘ ਬਾਦਲ ਨੂੰ 13 ਜੂਨ, 2014 ਤੋਂ ਇਕ ਗੰਨਮੈਨ ਦਿੱਤਾ ਹੋਇਆ ਹੈ। ਬਠਿੰਡਾ ਪੁਲਿਸ ਨੇ ਬਟਾਲਾ (ਗੁਰਦਾਸਪੁਰ) ਦੇ ਜਰਨੈਲ ਸਿੰਘ ਮਾਹਿਲ (ਵਰਕਿੰਗ ਕਮੇਟੀ ਮੈਂਬਰ, ਸ਼੍ਰੋਮਣੀ ਅਕਾਲੀ ਦਲ) ਨੂੰ 12 ਦਸੰਬਰ, 2015 ਨੂੰ ਇਕ ਗੰਨਮੈਨ ਦਿੱਤਾ ਹੈ।
ਮੁਕਤਸਰ ਜ਼ਿਲ੍ਹੇ ਦੇ ਪਵਨਪ੍ਰੀਤ ਉਰਫ ਬੱਬੀ ਬਾਦਲ ਨੂੰ 9 ਅਕਤੂਬਰ, 2014 ਤੋਂ ਇਕ ਗੰਨਮੈਨ ਦਿੱਤਾ ਹੋਇਆ ਹੈ। ਮੁੱਖ ਮੰਤਰੀ ਦੇ ਸਿਆਸੀ ਸਕੱਤਰ ਭੁਪਿੰਦਰ ਢਿੱਲੋਂ ਨਾਲ ਵੀ ਇਕ ਗੰਨਮੈਨ ਬਠਿੰਡਾ ਪੁਲਿਸ ਦਾ ਹੈ। ਮਿਲੀ ਜਾਣਕਾਰੀ ਅਨੁਸਾਰ ਏæਡੀæਜੀæਪੀæ (ਜੇਲ੍ਹਾਂ) ਰਾਜਪਾਲ ਮੀਨਾ ਨਾਲ ਤਕਰੀਬਨ 12 ਵਰ੍ਹਿਆਂ ਤੋਂ ਬਠਿੰਡਾ ਪੁਲਿਸ ਦਾ ਇਕ ਗੰਨਮੈਨ ਹੈ ਅਤੇ ਇਸੇ ਤਰ੍ਹਾਂ ਡੀæਆਈæਜੀæ (ਪ੍ਰਸ਼ਾਸਨ) ਚੰਡੀਗੜ੍ਹ ਅਸ਼ੀਸ਼ ਚੌਧਰੀ ਨਾਲ ਵੀ ਦੋ ਗੰਨਮੈਨ ਇਥੋਂ ਦੀ ਪੁਲਿਸ ਦੇ 6 ਨਵੰਬਰ, 2012 ਤੋਂ ਹਨ। ਏæਡੀæਸੀæਪੀæ (ਐਚ) ਜਲੰਧਰ ਅਲਕਾ ਮੀਨਾ ਨਾਲ ਦੋ ਗੰਨਮੈਨ 4 ਨਵੰਬਰ, 2015 ਨੂੰ ਤਾਇਨਾਤ ਕੀਤੇ ਗਏ ਹਨ। ਬਾਹਰਲੇ ਜ਼ਿਲ੍ਹੇ ਵਿਚ ਤਾਇਨਾਤ ਦੋ ਹੋਰ ਅਫਸਰਾਂ ਨਾਲ ਤਿੰਨ ਗੰਨਮੈਨ ਵੀ ਬਠਿੰਡਾ ਪੁਲਿਸ ਦੇ ਹੀ ਹਨ। ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੂੰ ਵੀ ਜ਼ਿਲ੍ਹਾ ਪੁਲਿਸ ਨੇ ਗੰਨਮੈਨ ਦਿੱਤਾ ਹੋਇਆ ਹੈ। ਜ਼ਿਲ੍ਹਾ ਪੁਲਿਸ ਨੇ ਤਾਂ ਅਕਾਲੀ ਨੇਤਾ ਬਲਵੀਰ ਸਿੰਘ ਸਿੱਧੂ (ਤਲਵੰਡੀ ਸਾਬੋ) ਨੂੰ 15 ਮਾਰਚ, 2015 ਤੋਂ ਦੋ ਗੰਨਮੈਨ ਦਿੱਤੇ ਹੋਏ ਹਨ। ਉਨ੍ਹਾਂ ਕੋਲ ਕੋਈ ਸੰਵਿਧਾਨਕ ਅਹੁਦਾ ਵੀ ਨਹੀਂ ਹੈ।
ਹਲਕਾ ਮੌੜ ਦੇ ਕਾਂਗਰਸੀ ਇੰਚਾਰਜ ਭੁਪਿੰਦਰ ਗੋਰਾ ਕੋਲ ਵੀ ਦੋ ਗੰਨਮੈਨ ਹਨ। ਡੇਰਾ ਸਲਾਬਤਪੁਰਾ, ਡੇਰਾ ਮਲੂਕਾ ਅਤੇ ਡੇਰਾ ਰੂਮੀ ਵਾਲਾ ਦੇ ਮੁੱਖ ਪ੍ਰਬੰਧਕਾਂ ਨੂੰ ਵੀ ਇਕ ਇਕ ਗੰਨਮੈਨ ਦਿੱਤਾ ਹੋਇਆ ਹੈ। ਡੇਰਾ ਸਿਰਸਾ ਨਾਲ ਜੁੜੇ ਰਹੇ ਖੱਟਾ ਸਿੰਘ ਦੇ ਲੜਕੇ ਗੁਰਦਾਸ ਸਿੰਘ ਨੂੰ ਵੀ ਦੋ ਗੰਨਮੈਨ ਦਿੱਤੇ ਹੋਏ ਹਨ। ਇਵੇਂ ਡਿਪਟੀ ਕਮਿਸ਼ਨਰ ਤੇ ਐਸ਼ਐਸ਼ਪੀæ ਨਾਲ ਵੀ 22 ਪੁਲਿਸ ਮੁਲਾਜ਼ਮ ਤਾਇਨਾਤ ਹਨ। ਜਾਣਕਾਰੀ ਅਨੁਸਾਰ ਬਠਿੰਡਾ ਜ਼ਿਲ੍ਹੇ ਵਿਚ ਕੁੱਲ 1950 ਸਿਪਾਹੀ ਹਨ। ਵੀæਆਈæਪੀæ ਜ਼ਿਲ੍ਹਾ ਹੋਣ ਕਰਕੇ ਵਿਸ਼ੇਸ਼ ਡਿਊਟੀ ਵੀ ਕਾਫੀ ਪੈਂਦੀ ਰਹਿੰਦੀ ਹੈ, ਜਿਸ ਕਰਕੇ ਥਾਣਿਆਂ ਵਿਚ ਪੂਰੀ ਨਫ਼ਰੀ ਨਹੀਂ ਹੈ। ਖਾਸ ਕਰਕੇ ਬਠਿੰਡਾ ਸ਼ਹਿਰ ਵਿਚ ਲੁੱਟ-ਖੋਹ ਤੇ ਹੋਰ ਵਾਰਦਾਤਾਂ ਵੀ ਕਾਫੀ ਵਧ ਗਈਆਂ ਹਨ। ਬਠਿੰਡਾ ਦੇ ਐਸ਼ਐਸ਼ਪੀæ ਸਵਪਨ ਸ਼ਰਮਾ ਦਾ ਕਹਿਣਾ ਹੈ ਕਿ ਲਿਖਤੀ ਹੁਕਮਾਂ ‘ਤੇ ਹੀ ਸੁਰੱਖਿਆ ਗਾਰਦ ਲਾਈ ਗਈ ਹੈ। ਜ਼ਿਲ੍ਹਾ ਪੁਲਿਸ ਵੱਲੋਂ ਜੋ ਵੀ ਗੰਨਮੈਨ ਲਾਏ ਗਏ ਹਨ, ਉਨ੍ਹਾਂ ਦੇ ਵੀ ਪੁਲਿਸ ਹੈਡਕੁਆਰਟਰ ਤੋਂ ਹੁਕਮ ਆਏ ਸਨ।