ਗੁਰਮੀਤ ਪਿੰਕੀ ਦੀਆਂ ‘ਚਿੰਘਾੜਾਂ’ ਦੇ ਪ੍ਰਸੰਗ-6

ਹਿੰਸਾ ਪ੍ਰਤੀ-ਹਿੰਸਾ ਅਤੇ ਸਿਆਸਤ ਦੀਆਂ ਸਿਮਰਤੀਆਂ
ਪੰਜਾਬ ਵਿਚ ਪਿਛਲੀ ਸਦੀ ਦੇ ਆਖਰੀ ਪਹਿਰ ਦੌਰਾਨ ਡੇਢ-ਦੋ ਦਹਾਕੇ ਝੁੱਲੀ ਹਿੰਸਾ, ਬੇਵਸਾਹੀ ਅਤੇ ਖੌਫ ਦੀ ਹਨੇਰੀ ਦੀਆਂ ਕਈ ਪਰਤਾਂ ਅਜੇ ਵੀ ਅਣਫੋਲੀਆਂ ਪਈਆਂ ਹਨ। ਉਨ੍ਹਾਂ ਵਕਤਾਂ ਬਾਰੇ ਕੋਈ ਨਾ ਕੋਈ ਕਹਾਣੀ, ਕਿਸੇ ਸੰਸਥਾ ਜਾਂ ਸ਼ਖਸ ਰਾਹੀਂ ਆਵਾਮ ਤੱਕ ਪੁੱਜ ਰਹੀ ਹੈ। ਬਦਨਾਮ ਪੁਲਿਸ ਕੈਟ ਗੁਰਮੀਤ ਸਿੰਘ ਪਿੰਕੀ ਨੇ ਆਪਣੇ ਆਕਾਵਾਂ ਦੀ ਬੇਰੁਖੀ ਤੋਂ ਖਫਾ ਹੋ ਕੇ ਉਸ ਦੌਰ ਬਾਰੇ ਕੁਝ ਸੱਚ ਸਾਹਮਣੇ ਲਿਆਉਣ ਦਾ ਦਾਅਵਾ ਕੀਤਾ ਹੈ।

ਇਸ ਪ੍ਰਸੰਗ ਦੇ ਪਿਛੋਕੜ ਵਿਚ ਉਸ ਦੌਰ ਨਾਲ ਜੁੜੇ ਰਹੇ ਪੱਤਰਕਾਰ ਗੁਰਦਿਆਲ ਸਿੰਘ ਬੱਲ ਨੇ ਲੰਮਾ ਲੇਖ ਲਿਖਿਆ ਜਿਸ ਵਿਚ ਉਸ ਵਕਤ ਵੱਖ-ਵੱਖ ਰੂਪ ਅਖਤਿਆਰ ਕਰ ਰਹੀਆਂ ਘਟਨਾਵਾਂ ਦੇ ਪੱਖ ਉਜਾਗਰ ਕਰਨ ਦਾ ਯਤਨ ਕੀਤਾ ਗਿਆ ਹੈ। ਇਨ੍ਹਾਂ ਪੱਖਾਂ ਬਾਰੇ ਕਿਸੇ ਦੀ ਵੀ ਸਹਿਮਤੀ ਜਾਂ ਅਸਹਿਮਤੀ ਹੋ ਸਕਦੀ ਹੈ, ਪਰ ਇਸ ਲਿਖਤ ਤੋਂ ਉਨ੍ਹਾਂ ਵਕਤਾਂ ਵਿਚ ਮੱਚੇ ਘਮਸਾਣ ਉਤੇ ਭਰਵੀਂ ਝਾਤ ਜ਼ਰੂਰ ਪਾਈ ਗਈ ਹੈ। ਇਸ ਆਖਰੀ ਕਿਸ਼ਤ ਵਿਚ ਹਿੰਸਾ ਪ੍ਰਤੀ-ਹਿੰਸਾ ਬਾਰੇ ਕੁਝ ਹੋਰ ਪਰਤਾਂ ਫਰੋਲੀਆਂ ਗਈਆਂ ਹਨ। -ਸੰਪਾਦਕ

ਗੁਰਦਿਆਲ ਸਿੰਘ ਬੱਲ
ਫੋਨ: 647-982-6091
ਗੁਰਮੀਤ ਸਿੰਘ ਪਿੰਕੀ ਨੇ ਕੁਝ ਕੇਂਦਰੀ ਮੁੱਦੇ ਉਭਾਰੇ ਹਨ। ਪ੍ਰਕਾਸ਼ ਸਿੰਘ ਬਾਦਲ ਹੋਵੇ ਜਾਂ ਸੁਮੇਧ ਸੈਣੀ, ਰੌਲਾ ਇਨ੍ਹਾਂ ਦੇ ਨਿੱਜ ਦਾ ਨਹੀਂ, ਰੌਲਾ ਇਹ ਹੈ ਕਿ ਮਸਲਿਆਂ ਨੂੰ ਸਮਝਿਆ ਅਤੇ ਇਨ੍ਹਾਂ ਨਾਲ ਨਜਿੱਠਿਆ ਕਿੰਜ ਜਾਵੇ।æææ ਤੇ ਜੇ ਸ਼ਮਸ਼ੀਰਾਂ ਦੇ ਵਜਦ ਬਿਨਾਂ ਸਾਡਾ ਮੂਲੋਂ ਹੀ ਨਹੀਂ ਸਰਦਾ; ਪੰਜ ਪਿਆਰਿਆਂ ਨੂੰ ‘ਵਧਾਈਆਂ!’ ਦੇਣ ਤੋਂ ਰਿਹਾ ਨਹੀਂ ਜਾਂਦਾ, ਤਾਂ ਪਿਤਾਮਾ ਭੀਸ਼ਮ ਦਾ ਉਹ ਕੋਡ ਤਾਂ ਮੰਨ ਲਈਏ ਜੋ ਉਸ ਬਜ਼ੁਰਗ ਨੇ ਅਰਜਨ ਅਤੇ ਦੁਰਯੋਧਨ ਸਾਹਵੇਂ ਰੱਖਿਆ ਸੀ। ਰਣ ਤੱਤੇ ਵਿਚ ਵਿਚਰਦਿਆਂ ਜੇ ਰੈਫਰੀਆਂ (ਜੱਜਾਂ) ਨੂੰ ਹੀ ਮਾਰ ਦਿੱਤਾ ਤਾਂ ਕੇæਪੀæਐਸ਼ ਗਿੱਲ ਅਤੇ ਗੁਰਮੀਤ ਸਿੰਘ ਪਿੰਕੀ ਦੀ ਆਮਦ ਨੂੰ ਕਿਹੜੇ ਇਖਲਾਕੀ ਤਰਕ ਨਾਲ ਰੋਕਾਂਗੇ?
ਪਿੰਕੀ ਦਾ ਸਭ ਤੋਂ ਵੱਧ ਦਿਲ ਦਹਿਲਾਉਣ ਵਾਲਾ ਇੰਕਸ਼ਾਫ ਸੀਨੀਅਰ ਪੁਲਿਸ ਅਧਿਕਾਰੀਆਂ ਦੀ ਹਾਜ਼ਰੀ ਵਿਚ ਸ਼ ਬਲਵੰਤ ਸਿੰਘ ਮੁਲਤਾਨੀ ਦੀ ਮੁਜਰਮਾਨਾ ਹੱਤਿਆ ਬਾਰੇ ਹੈ। ਸਵਾਲ ਹੈ ਕਿ ਸਿਵਲ ਸੁਸਾਇਟੀ ਦੀਆਂ ਰਵਾਇਤਾਂ ਮਜ਼ਬੂਤ ਕਿੰਜ ਹੋਣ; ਪੁਲਿਸ ਅਧਿਕਾਰੀ ਕਾਨੂੰਨ ਨੂੰ ਆਪਣੇ ਹੱਥ ਲੈਣ ਦੀ ਜੁਅਰਤ ਨਾ ਕਰਨ ਅਤੇ ਪੰਥਕ ਮੁੱਖ ਮੰਤਰੀ ਨੂੰ ਸੁਮੇਧ ਸਿੰਘ ਸੈਣੀ ਵਰਗੇ ਅਫਸਰਾਂ ਦਾ ਮੁਥਾਜ ਹੋਣਾ ਨਾ ਪਵੇ!
ਉਂਜ, ਕੋਈ ਪਿੰਕੀ ਨਾਲ ਸਹਿਮਤ ਹੋਵੇ ਜਾਂ ਨਾ, ਆਉਣ ਵਾਲੇ ਦਿਨ ਉਸ ਲਈ ਬੜੇ ਨਾਜ਼ੁਕ ਹਨ; ਜ਼ੋਰਾਵਰ ਧਿਰਾਂ ਦੇ ਵਲਾਂ-ਛਲਾਂ ਤੋਂ ਉਹ ਬਚਿਆ ਰਹਿ ਸਕੇ ਜਾਂ ਨਾ, ਉਸ ਦੀ ਸੁਮੇਧ ਸੈਣੀ ਤੇ ਉਸ ਦੀ ਪਿੱਠ ‘ਤੇ ਖੜ੍ਹੇ ਸਿਆਸੀ ਨਿਜ਼ਾਮ ਉਪਰ ਇਕ ਵਾਰ ਤਾਂ ਇਸ ਗੱਲ ਵਿਚ ਇਖ਼ਲਾਕੀ ਫ਼ਤਿਹ ਹੋਈ ਹੈ ਕਿ ਦੁਨੀਆਂ ਭਰ ਵਿਚ ਉਸ ਦੀ ਗੱਲ ਸਿੱਖ ਭਾਈਚਾਰੇ ਵੱਲੋਂ ਧਿਆਨ ਨਾਲ ਸੁਣੀ ਗਈ ਹੈ। ਪਿੰਕੀ ਦੇ ‘ਇੰਕਸ਼ਾਫਾਂ’ ਨੇ ਜੋ ਮੁੱਦੇ ਉਭਾਰੇ ਹਨ, ਉਨ੍ਹਾਂ ਨੂੰ ਸੰਜੀਦਗੀ ਨਾਲ ਬਹਿਸ ਦਾ ਵਿਸ਼ਾ ਤਾਂ ਹਰ ਹਾਲ ਬਣਾਇਆ ਜਾਵੇ। ‘ਆਊਟਲੁੱਕ’ ਵਾਲੀ ਉਸ ਦੀ ਇੰਟਰਵਿਊ ਤੋਂ ਬਾਅਦ ਵੈਨਕੂਵਰ ਤੋਂ ਕੁਲਦੀਪ ਸਿੰਘ ਵੱਲੋਂ ਕੀਤੀ ਇੰਟਰਵਿਊ ਵੀ ਸੁਣੀ ਹੈ। ਇਹ ਇੰਟਰਵਿਊ ਸੁਣਦਿਆਂ ਆਦਮੀ ਸੁੰਨ ਹੁੰਦਾ ਹੈ, ਤੇ ਧੰਨ-ਧੰਨ ਵੀ ਕਰ ਉਠਦਾ ਹੈ। ਕੁਲਦੀਪ ਸਿੰਘ ਵਾਲੀ ਇੰਟਰਵਿਊ ਤੋਂ ਸਾਫ਼ ਪਤਾ ਲੱਗਦਾ ਹੈ ਕਿ ਕਾਨੂੰਨ ਦੀ ਕਚਹਿਰੀ ਵਿਚ ਉਸ ਦੀ ਸੁਣਵਾਈ ਹੋਵੇ ਜਾਂ ਨਾ, ਲੋਕਾਂ ਦੀ ਕਚਹਿਰੀ ਅੰਦਰ ਸ਼ਾਇਦ ਉਸ ਦੀ ਗੱਲ ਬੜੇ ਹੀ ਗਹੁ ਨਾਲ ਗਈ ਹੈ। ਇਸ ਇੰਟਰਵਿਊ ਵਿਚ ਗੁਰਮੀਤ ਸਿੰਘ ਪਿੰਕੀ ਵਾਰ-ਵਾਰ ਵਾਅਦਾ ਕਰਦਾ ਹੈ ਕਿ ਉਹ ਜੋ ਕੁਝ ਕਹਿ ਰਿਹਾ ਹੈ, ਉਸ ਤੋਂ ਮੁੱਕਰੇਗਾ ਨਹੀਂ।
ਇਹੋ ਜਿਹੇ ਪ੍ਰੋਗਰਾਮਾਂ ਦੌਰਾਨ ਅਕਸਰ ਹੀ ਲੋਕ ਪੁੱਠੇ-ਸਿੱਧੇ ਸਵਾਲ ਕਰੀ ਜਾਂਦੇ ਹਨ ਜਿਨ੍ਹਾਂ ਨੂੰ ਸੁਣਦਿਆਂ ਵੱਟ ਆ ਜਾਂਦਾ ਹੈ। ਕੁਲਦੀਪ ਸਿੰਘ ਇੰਟਰਵਿਊ ਦੌਰਾਨ ਅਤੇ ਪਿੱਛੋਂ ਸਵਾਲ-ਜਵਾਬ ਸਮੇਂ ਅਜਿਹਾ ਬਿਲਕੁਲ ਵਾਪਰਨ ਨਹੀਂ ਦਿੰਦਾ। ਸਵਰਨ ਸਿੰਘ ਜਦੋਂ ਚਰਚਾ ਵਿਚ ਦਾਖਲ ਹੁੰਦਾ ਹੈ ਤਾਂ ਉਸ ਦਾ ਵੀ ਕਮਾਲ ਦਾ ਸੰਜਮ ਹੈ। ਉਸ ਨੂੰ ਪੂਰਾ ਪਤਾ ਹੈ ਕਿ ਉਸ ਨੇ ਕੀ ਪੁੱਛਣਾ ਸੀ। ਫਿਰ ਵੀ ਸਾਰੀ ਸਾਵਧਾਨੀ ਦੇ ਬਾਵਜੂਦ ਜਦੋਂ ਕੋਈ ਸਵਾਲ ਕਰਤਾ ਸਰਕਾਰੀ ਏਜੰਸੀਆਂ ਦੀ ਕਿਸੇ ਚਾਲ ਵਾਲਾ ਉਹ ਪੁਰਾਣਾ ‘ਨਰ ਸਿੰਘਾ’ ਵਜਾ ਦਿੰਦਾ ਹੈ ਤਾਂ ਪਿੰਕੀ ਸਾਫ ਆਖ ਦਿੰਦਾ ਹੈ ਕਿ ਜੇ ਅਜੇ ਤੱਕ ਤੁਸੀਂ ਇੱਥੇ ਹੀ ਖੜ੍ਹੇ ਹੋ ਤਾਂ ਮੇਰੀ-ਤੁਹਾਡੀ ਸਾਸਰੀ ‘ਕਾਲ! ਉਹ ਕਹਿੰਦਾ ਹੈ, “ਮੈਂ ਦੱਲਾ ਨਹੀਂ ਹਾਂ, ਕਿਸੇ ਦਾ ਕੁੱਤਾ ਨਹੀਂ ਹਾਂ।” ਉਸ ਦੇ ਸੰਤਾਪ ਦੀ ਇੰਤਹਾ ਹੀ ਤਾਂ ਹੈ।
ਇਹ ਸ਼ਬਦ ਸੁਣਦਿਆਂ ਮਹਾਨ ਕਥਾਕਾਰ ਨਿਕੋਸ ਕਜ਼ਾਨਜੈਕਸ ਦੇ 1947-48 ਦੌਰਾਨ ਯੂਨਾਨੀ ਖਾਨਾਜੰਗੀ ਬਾਰੇ ਲਿਖੇ ਸ਼ਾਹਕਾਰ ਨਾਵਲ ‘ਫਰੈਟਰੀਸਾਈਡਜ਼’ ਦੇ ਪਾਤਰਾਂ ਦੇ ਸੰਤਾਪ ਅਤੇ ਉਨ੍ਹਾਂ ਦੀਆਂ ਚਿੰਘਾੜਾਂ ਦੇ ਚੇਤੇ ਉਭਰ ਆਏ ਸਨ।
ਅਵਤਾਰ ਸਿੰਘ ਗੋਲਾ ਦੀ ਹੱਤਿਆ ਦੇ ਕੇਸ ਵਿਚ ਪਿੰਕੀ ਦਾ ਨਾਂ ਬੋਲੇ ਜਾਣ ‘ਤੇ ਉਸ ਦੇ ਘਰ ਨੂੰ ਅੱਗ ਜਦੋਂ ਲਗਾਈ ਗਈ ਅਤੇ ਉਸ ਦੀ ਮਾਂ ਦੀ ਭੱਜ ਕੇ ਨਿਕਲਣ ਦੀ ਕੋਸ਼ਿਸ਼ ਦੌਰਾਨ ਕੋਠੇ ਤੋਂ ਛਾਲ ਮਾਰਦਿਆਂ ਲੱਤ ਟੁੱਟ ਗਈ ਸੀ, ਤਾਂ ਪੁਲਿਸ ਅਫਸਰਾਂ ਨਾਲ ਨੇੜਤਾ ਦੇ ਬਾਵਜੂਦ ਕਿਸੇ ਨੇ ਉਸ ਦੀ ਸ਼ਿਕਾਇਤ ਵੀ ਦਰਜ ਕਿਉਂ ਨਾ ਕੀਤੀ? ਪਿੰਕੀ ਇਹ ਗੱਲ ਛੱਡਦਾ ਨਹੀਂ ਅਤੇ 15 ਵਰ੍ਹਿਆਂ ਬਾਅਦ ਅੱਜ ਵੀ ਉਸ ਕੇਸ ਦੇ ਪਿੱਛੇ ਹੈ। ਉਸ ਦਾ ਕਹਿਣਾ ਹੈ ਕਿ ਉਹ ਮਰਦੇ ਦਮ ਤੱਕ ਆਪਣੀ ਮਾਂ ਦੀ ਆਤਮਾ ਦੀ ਸ਼ਾਂਤੀ ਲਈ ਉਸ ਕੇਸ ਤੋਂ ਪਿਛਾਂਹ ਨਹੀਂ ਹਟੇਗਾ। ਇੰਟਰਵਿਊ ਦੌਰਾਨ ਪਿੰਕੀ ਵਾਰ-ਵਾਰ ਆਪਣੀ ਮਾਂ ਦੀ ਗੱਲ ਜਦੋਂ ਕਰ ਰਿਹਾ ਸੀ ਤਾਂ ਆਪ ਮੁਹਾਰੇ ਹੀ ਸਾਨੂੰ 1998-99 ਦੀਆਂ ਗਰਮੀਆਂ ਦੀ ਕਿਸੇ ਸ਼ਾਮ ਲਾਲੀ ਬਾਬਾ ਦੇ ਯੂਨਾਨੀ ਮੂਲ ਦੇ ਅਮਰੀਕਨ ਲੇਖਕ ਨਿਕੋਲਸ ਗੇਜ ਦੀ ਉਸੇ ਯੂਨਾਨੀ ਖਾਨਾਜੰਗੀ ਸਮੇਂ ਕਮਿਊਨਿਸਟ ਗੁਰੀਲਿਆਂ ਹੱਥੋਂ ਹੋਈ ਹੱਤਿਆ ਬਾਰੇ ਕਲਾਸਿਕ ਪੁਸਤਕ ‘ਇਲੇਨੀ’ ਅਤੇ ਫਿਰ ਉਸੇ ਨੂੰ ਆਧਾਰ ਬਣਾ ਕੇ ਪੀਟਰ ਯੇਟਸ ਵੱਲੋਂ ਬਣਾਈ ਫਿਲਮ ਬਾਰੇ ਮੰਤਰ-ਮੁਗਧ ਕਰ ਲੈਣ ਵਾਲੇ ਅੰਦਾਜ਼ ਵਿਚ ਸੁਣਾਏ ਪ੍ਰਵਚਨ ਦੀ ਯਾਦ ਆ ਰਹੀ ਸੀ।
ਘਟਨਾਵਾਂ ਦੀ ਸਮਾਨੰਤਰਤਾ ਵੇਖੋæææ ਲਾਲੀ ਬਾਬੇ ਦੇ ਦੱਸਣ ਅਨੁਸਾਰ, 1988 ਵਿਚ ਯੂਨਾਨੀ ਸਿਨਮਾ ਘਰਾਂ ਵਿਚ ਫਿਲਮ ਜਦੋਂ ਲੱਗੀ ਤਾਂ ਕਮਿਊਨਿਸਟ ਪ੍ਰਦਰਸ਼ਨਕਾਰੀਆਂ ਨੇ ਚੱਲਣ ਨਹੀਂ ਦਿੱਤੀ। ਇਤਰਾਜ਼ ਸੀ ਕਿ ਸਿਵਲ ਵਾਰ ਵਿਚ ਇਸ ਕਿਸਮ ਦੇ ਜ਼ੁਲਮ ਉਨ੍ਹਾਂ ਨੇ ਨਹੀਂ, ਬਲਕਿ ਉਨ੍ਹਾਂ ਦੇ ਵਿਰੋਧੀਆਂ ਨੇ ਕੀਤੇ ਸਨ। ਯੂਨਾਨ ਦੇ ਛੋਟੇ ਜਿਹੇ ਪਹਾੜੀ ਪਿੰਡ ‘ਚ ਜੰਮਿਆ ਨਿਕੋਲਸ ਗੇਜ ਅਜੇ ਬੱਚਾ ਹੀ ਸੀ ਜਦੋਂ ਇਹ ਭਾਣਾ ਵਾਪਰਿਆ ਸੀ। ਗੇਜ ਨੂੰ ਹਿੰਸਕ ਤੂਫਾਨ ਤੋਂ ਬਚਾਉਣ ਲਈ ਉਸ ਦੀ ਮਾਂ ਉਸ ਨੂੰ ਅਮਰੀਕਾ ਭੇਜ ਦਿੰਦੀ ਹੈ। ਪਿਛੋਂ ਤਾਂ ਉਸ ਨੇ ਉਸ ਦੇ ਕੋਲ ਹੀ ਜਾਣਾ ਹੈ, ਪਰ ਉਹ ਅੰਨ੍ਹੀ ਹਿੰਸਾ ਦੀ ਭੇਟ ਚੜ੍ਹ ਜਾਂਦੀ ਹੈ। 30-35 ਵਰ੍ਹੇ ਬੀਤ ਜਾਣ ਤੋਂ ਬਾਅਦ ਵੀ ਉਸ ਨੂੰ ਆਪਣੀ ਮਾਂ ਦੀ ਯਾਦ ਭੁੱਲਦੀ ਨਹੀਂ। ਉਹ ਵਾਪਿਸ ਪਿੰਡ ਪਰਤਦਾ ਹੈ ਅਤੇ ਹਿੰਸਾ ਦੇ ਉਨ੍ਹਾਂ ਵਕਤਾਂ ਦੇ ਨਕਸ਼ਾਂ ਨੂੰ ਆਪਣੀ ਮਾਂ ਦੀ ਹੱਤਿਆ ਦੀ ਕਥਾ ਰਾਹੀਂ ਉਜਾਗਰ ਕਰਦਾ ਹੈ। ਫਿਲਮ ਦਾ ਉਹ ਸੀਨ ਬੇਹੱਦ ਭਾਵਪੂਰਨ ਅਤੇ ਹੌਲਨਾਕ ਹੈ ਜਦੋਂ ਨਾਇਕ ਪਿੰਡ ਵਿਚ ਆਪਣੀ ਮਾਂ ਦੇ ਹਤਿਆਰੇ ਨੂੰ ਭਾਲ ਲੈਣ ਪਿੱਛੋਂ ਮੇਜ਼ ਉਪਰ ਉਸ ਦੇ ਰੂ-ਬ-ਰੂ ਬੈਠਾ ਹੈ। ਫਿਲਮ ਅੰਦਰ ਗੁੱਸੇ, ਬੇਵੱਸੀ ਅਤੇ ਸੰਤਾਪ ਦਾ ਜਲਵਾ ਹੈ। ਕਿਸੇ ਵੀ ਕਾਜ ਲਈ ਕਥਿਤ ਜਹਾਦ ਦੇ ਨਾਂ ‘ਤੇ ਚੱਲਣ ਵਾਲੀ ਦੁਵੱਲੀ ਹਿੰਸਾ ਦੇ ਵਿਕਰਾਲ ਚਿਹਰੇ ਦੇ ਨਕਸ਼ ਵੇਖਣ ਲਈ ਨਿਸਚੇ ਹੀ ਨਿਕੋਲਸ ਗੇਜ ਦੀ ਮਾਤਾ ਇਲੇਨੀ ਦੀ ਕਥਾ ਪਾਠਕ ਜ਼ਰੂਰ ਪੜ੍ਹਨ।
ਖ਼ੈਰ! ਕੁਲਦੀਪ ਸਿੰਘ ਆਪਣੀ ਇੰਟਰਵਿਊ ਦੇ ਅਖੀਰ ‘ਤੇ ਇਹੋ ਸਵਾਲ ਹੀ ਤਾਂ ਉਠਾਉਂਦੇ ਹਨ ਕਿ ਜਦੋਂ ਉਸ ਦੀਆਂ ਅੱਖਾਂ ਦੇ ਸਾਹਵੇਂ ਮਾਂਵਾਂ ਦੇ ਪੁੱਤਰ ਕੋਹ-ਕੋਹ ਕੇ ਮਾਰੇ ਜਾ ਰਹੇ ਸਨ, ਉਦੋਂ ਉਸ ਦੀ ਆਤਮਾ ਕਦੀ ਕੰਬੀ ਕਿਉਂ ਨਾ? ਲੱਗਦਾ ਹੈ ਕਿ ਪਿੰਕੀ ਹੁਣ ਫਸੇਗਾ, ਪਰ ਉਹ ਤੁਰੰਤ ਮੋੜਵਾਂ ਜਵਾਬ ਜਗਰੂਪ ਕਾਲਖ ਦੀ ਕਾਰਵਾਈ ਦੇ ਹਵਾਲੇ ਨਾਲ ਦਿੰਦਾ ਹੈ, ਉਂਜ ਉਸ ਨੂੰ ਪਤਾ ਸੀ ਕਿ ਉਸ ਦਾ ਜਵਾਬ ਅਧੂਰਾ ਸੀ। ਇਸੇ ਲਈ ਉਸ ਤੁਰੰਤ ਹੀ ਮੰਨ ਲਿਆ ਸੀ ਕਿ ਇਹੋ ਪਛਤਾਵਾ ਉਹ ਜੇਲ੍ਹ ਅੰਦਰ ਦਿਨ-ਰਾਤ ਕਰਦਾ ਰਿਹਾ ਸੀ। ਉਸ ਨੇ ਸ੍ਰੀ ਹਜ਼ੂਰ ਸਾਹਿਬ ਬਾਬਾ ਬਲਵਿੰਦਰ ਸਿੰਘ ਦੇ ਡੇਰੇ ‘ਚ ਬੈਠ ਕੇ ਵਾਰ-ਵਾਰ ਪਵਿੱਤਰ ਬਾਣੀ ਦੇ ਅਖੰਡ ਪਾਠ ਕਰਵਾਉਣ ਦੀ ਵੀ ਸ਼ਾਹਦੀ ਨਿਝੱਕ ਹੋ ਕੇ ਪਾਈ ਸੀ।
‘ਆਊਟਲੁੱਕ’ ਮੈਗ਼ਜ਼ੀਨ ਅੰਦਰ ਪਿੰਕੀ ਨੂੰ ਜਦੋਂ ਸਵਾਲ ਕੀਤਾ ਗਿਆ ਕਿ ਹੁਣ ਇਸ ਮੋੜ ‘ਤੇ ਵਾਰ-ਵਾਰ ਇੰਕਸ਼ਾਫ ਕਰ ਕੇ ਭਲਾ ਉਹ ਚਾਹੁੰਦਾ ਕੀ ਸੀ, ਤਾਂ ਉਸ ਦਾ ਇੱਕ-ਟੁੱਕ ਜਵਾਬ ਸੀ ਕਿ ਪੰਜਾਬ ਵਿਚ ਉਸ ਕਾਲੇ ਦੌਰ ਦੌਰਾਨ ਜੋ ਕੁਝ ਵੀ ਹੋਇਆ, ਉਸ ਦੀ ਨਿਰਪੱਖ ਜਾਂਚ ਹੋਵੇ; ਸੱਚ ਦਾ ਸੱਚ ਤੇ ਝੂਠ ਦਾ ਝੂਠ ਹਰ ਹਾਲ ਵਿਚ ਨਿੱਤਰ ਕੇ ਸਾਹਮਣੇ ਆਵੇ। ਕੀ ਇਹ ਹੋ ਸਕੇਗਾ? ਹੁਣ ਤੱਕ ਦੇ ਪੂਰੇ ਮਾਨਵੀ ਇਤਿਹਾਸ ਅੰਦਰ ਭਲਾ ਕਦੀ ਵੀ ਕਿਸੇ ਹਕੂਮਤ ਨੇ ਅਜਿਹਾ ਕੀਤਾ ਹੈ? ਬਾਦਲ ਕਾਂਗਰਸੀ ਸਰਕਾਰ ਨੂੰ ਤਾਂ ਕਿੱਲ੍ਹ-ਕਿੱਲ੍ਹ ਕੇ ਜ਼ੁਲਮ ਤੇ ਤਾਨਾਸ਼ਾਹੀ ਦੇ ਤਾਅਨੇ ਦਿੰਦੇ ਰਹੇ, ਪਰ ਕੀ ਬਾਬਾ ਬੂਝਾ ਸਿੰਘ ਵਰਗੇ ਉਮਰ ਦੇ ਅੱਸੀਵੇਂ ਵਰ੍ਹੇ ਤੋਂ ਵੀ ਪਾਰ ਜਾ ਚੁੱਕੇ ਪੁਰਾਣੇ ਦੇਸ਼ ਭਗਤ ਨੂੰ ਝੂਠੇ ਪੁਲਿਸ ਮੁਕਾਬਲੇ ‘ਚ ਉਨ੍ਹਾਂ ਦੀ ਸਰਕਾਰ ਵੇਲੇ ਫੜ ਕੇ ਮਾਰਿਆ ਗਿਆ ਸੀ। ਅੱਜ ਤੋਂ ਕਰੀਬ ਵੀਹ ਵਰ੍ਹੇ ਪਹਿਲਾਂ ਬੇਅੰਤ ਸਿੰਘ ਦੇ ਰਾਜਕਾਲ ਤੋਂ ਬਾਅਦ ਮੁੜ ਤਾਕਤ ਵਿਚ ਆਉਣ ਲਈ ਉਨ੍ਹਾਂ ਪਹਿਲ ਦੇ ਆਧਾਰ ‘ਤੇ ‘ਅਜਿਹੇ ਮੁਕਾਬਲਿਆਂ’ ਦੀ ਪੜਤਾਲ ਕਰਵਾਉਣ ਦੇ ਵਾਅਦੇ ਕੀਤੇ ਸਨ, ਪਰ ਸਥਿਤੀ ਦੇ ਮਜ਼ਾਕ ਦੀ ਸਿਖ਼ਰ ਵੇਖੋ: ਪੰਜਾਬ ਦੀ ਲੋਕ ਮਾਨਸਿਕਤਾ ਅੰਦਰ ਇਜ਼ਹਾਰ ਆਲਮ, ਸੁਮੇਧ ਸੈਣੀ ਤੇ ਗੋਬਿੰਦ ਰਾਮ, ਤਿੰਨ ਪੁਲਿਸ ਅਫ਼ਸਰ ਜ਼ੁਲਮ ਦੇ ਪ੍ਰਤੀਕ ਸਨ। ਗੋਬਿੰਦ ਰਾਮ ਤਾਂ ਆਪਣੇ ਪੁੱਤਰ ਸਮੇਤ ਖਾੜਕੂਆਂ ਹੱਥੋਂ ਬਹੁਤ ਪਹਿਲਾਂ ਹੀ ਮਾਰਿਆ ਗਿਆ। ਬਾਕੀ ਦੋਵੇਂ ਬਾਦਲ ਦੇ ਸਭ ਤੋਂ ਵੱਡੇ ਵਿਸ਼ਵਾਸ-ਪਾਤਰ ਬਣੇ। ‘ਮਹਾਂਪੁਰਖ’ ਨੇ ਸੁਮੇਧ ਸੈਣੀ ਦਾ ਨਾਂ ਕਈ ਭਿਆਨਕ ਕੇਸਾਂ ‘ਚ ਚਲਦਾ ਹੋਣ ਦੇ ਬਾਵਜੂਦ ਉਸ ਦੀ ਪੁਲਿਸ ਮੁਖੀ ਵਜੋਂ ਤਾਜ਼ਪੋਸ਼ੀ ਕਰਵਾਈ ਅਤੇ ਸਤੰਬਰ 2014 ‘ਚ ਸ਼੍ਰੋਮਣੀ ਅਕਾਲੀ ਦਲ ਦੇ ਨਵੇਂ ਜਥੇਬੰਦਕ ਢਾਂਚੇ ਦਾ ਐਲਾਨ ਕਰਦਿਆਂ ‘ਨਵਾਬ’ ਇਜ਼ਹਾਰ ਆਲਮ ਨੂੰ ਪਾਰਟੀ ਦੇ ਮੀਤ ਪ੍ਰਧਾਨ ਦਾ ਅਹੁਦਾ ਬਖ਼ਸ਼ ਦਿੱਤਾ। ਅਖਬਾਰੀ ਰਿਪੋਰਟਾਂ ਅਨੁਸਾਰ ਇਹ ਉਹੋ ਇਜ਼ਹਾਰ ਆਲਮ ਸੀ ਜਿਸ ਦੀਆਂ ‘ਕਾਲੀਆਂ ਬਿੱਲੀਆਂ’ ਦੀ ‘ਆਲਮ ਸੈਨਾ’ ਦਾ ਨਾਂ 19 ਦਸੰਬਰ 2005 ਨੂੰ ਨਸ਼ਰ ਹੋਏ ‘ਵਿਕੀਲੀਕਸ’ ਦੇ ਖੁਲਾਸਿਆਂ ਵਿਚ ਵੀ ਬੋਲਿਆ ਸੀ। ਮਾਨਵ ਅਧਿਕਾਰਾਂ ਦੀ ਉਲੰਘਣਾ ਬਾਰੇ ਸ਼ਿਕਾਇਤਾਂ ਸਬੰਧੀ ਅਮਰੀਕੀ ਪ੍ਰਸ਼ਾਸਨ ਵੱਲੋਂ ਭਾਰਤ ਵਿਚ ਆਪਣੇ ਰਾਜਦੂਤ ਨੂੰ ਇਜ਼ਹਾਰ ਆਲਮ ਬਾਰੇ ਜਾਣਕਾਰੀ ਭੇਜਣ ਲਈ ਆਖਿਆ ਗਿਆ ਸੀ ਜੋ ਵਿਕੀਲੀਕਸ ਦੇ ਖੁਲਾਸਿਆਂ ਅਨੁਸਾਰ ਇਸ ਪ੍ਰਕਾਰ ਹੈ:
“ਜਲੰਧਰ ਦੇ ਐਸ਼ਐਸ਼ਪੀæ ਜੋ ਹੁਣ ਐਡੀਸ਼ਨਲ ਪੁਲਿਸ ਮੁਖੀ ਦੇ ਅਹੁਦੇ ‘ਤੇ ਤਾਇਨਾਤ ਹੈ, ਨੇ ਪੰਜਾਬ ਵਿਚ ਖਾੜਕੂਵਾਦ ਦੌਰਾਨ 50 ਦੇ ਕਰੀਬ ਬਦਮਾਸ਼ਾਂ ਅਤੇ ਭ੍ਰਿਸ਼ਟ ਅਫਸਰਾਂ ਨੂੰ ਇਕੱਠੇ ਕਰ ਕੇ ‘ਆਲਮ ਸੈਨਾ’ ਨਾਂ ਦੀ ਆਪਣੀ ਨਿੱਜੀ ਫ਼ੌਜ ਬਣਾਈ ਹੋਈ ਸੀ। ਇਜ਼ਹਾਰ ਆਲਮ ਦੀ ਇਸ ਸੈਨਾ ਨੂੰ ਪੂਰੇ ਪੰਜਾਬ ਵਿਚ ਕਿਤੇ ਵੀ ਜਾ ਕੇ ਕੁਝ ਵੀ ਕਰਨ ਦੀ ਖੁੱਲ੍ਹ ਦਿੱਤੀ ਹੋਈ ਸੀ। ਅਧਿਕਾਰੀਆਂ ਦਾ ਦਾਅਵਾ ਸੀ ਕਿ ਕਾਲੀਆਂ ਬਿੱਲੀਆਂ ਦੇ ਅਜਿਹੇ ਬ੍ਰਿਗੇਡਾਂ ਬਿਨਾਂ ਪੰਜਾਬ ਪੁਲਿਸ ਅਤੇ ਫੌਜ ਮਿਲ ਕੇ ਆਪਮੁਹਾਰੀ ਖਾੜਕੂ ਹਿੰਸਾ ‘ਤੇ ਕਾਬੂ ਨਹੀਂ ਪਾ ਸਕਦੀ ਸੀ।”
ਉਂਜ ਇਨ੍ਹਾਂ ਦਿਨਾਂ ਦੀਆਂ ਅਖ਼ਬਾਰੀ ਤਸਵੀਰਾਂ ਵਿਚ ਬਾਦਲ ਇਜ਼ਹਾਰ ਆਲਮ ਨੂੰ ਆਪਣੇ ਚਹੇਤੇ ਵਜੋਂ ਜੱਫੀ ਪਾਈ ਖੜ੍ਹੇ ਸਨ। ਬਾਦਲ ਨੇ ਪਿੰਕੀ ਬਾਰੇ ਸਵਾਲਾਂ ਦਾ ਜਵਾਬ ਦਿੰਦਿਆਂ “ਇਨ੍ਹਾਂ ਵਾਧੂ ਦੀਆਂ ਗੱਲਾਂ ਨੂੰ ਛੱਡੋ ਜੀ” ਵਾਲੀ ਕਹਾਣੀ ਇਹ ਕਹਿੰਦਿਆਂ ਦੁਹਰਾ ਦਿੱਤੀ ਹੈ ਕਿ “ਇਹ ਆਦਮੀ ਕੀ ਹੈ, ਇਸ ਦਾ ਆਪਣਾ ਕਿਰਦਾਰ ਹੀ ਸ਼ੱਕੀ ਹੈ। ਪਤਾ ਨਹੀਂ ਕੀ-ਕੀ ਐਵੇਂ ਬੋਲੀ ਜਾਂਦੈ।”
ਪਿੰਕੀ ਦੀਆਂ ‘ਚਿੰਘਾੜਾਂ’ ਦੀ ਸੁਣਵਾਈ ਸਰਕਾਰੇ-ਦਰਬਾਰੇ ਹੋਣੀ ਨਹੀਂ ਸੀ, ਸਭ ਨੂੰ ਪਤਾ ਸੀ, ਪਰ ਸੌ ਹੱਥ ਰੱਸਾ ਅਤੇ ਸਿਰੇ ‘ਤੇ ਗੰਢ ਵਾਲੀ ਗੱਲ ਹੈ। ਸਾਡੀ ਜਾਚੇ ਜਮਹੂਰੀ ਪ੍ਰਣਾਲੀ ਵਿਚ ਹਜ਼ਾਰ ਖਾਮੀਆਂ ਹੋਣ, ਇਸ ਦਾ ਕੋਈ ਬਦਲ ਨਹੀਂ। ਇਸ ਤੋਂ ਬਿਨਾਂ ਕੋਈ ਹੋਰ ਬਿਹਤਰ ਰਾਹ ਨਹੀਂ। ਦੁਨੀਆਂ ਵਿਚ ਪਿਛਲੇ ਘੱਟੋ-ਘੱਟ ਦੋ ਸੌ ਵਰ੍ਹਿਆਂ ਤੋਂ ਇਸ ਬਾਰੇ ਬਹਿਸ ਚਲ ਰਹੀ ਹੈ। ਇਸ ਦਾ ਸਭ ਤੋਂ ਸਪਸ਼ਟ ਵਿਰੋਧੀ ਕਮਿਊਨਿਸਟ ਵਿਚਾਰਧਾਰਾ ਦਾ ਮੋਢੀ ਕਾਰਲ ਮਾਰਕਸ ਸੀ। ਉਸ ਤੋਂ ਬਾਅਦ ਫਰੈਡਰਿਕ ਨੀਟਸ਼ੇ ਅਤੇ ਹੋਰ ਅਨੇਕਾਂ ਫਾਸ਼ਿਸ਼ਟ ਚਿੰਤਕਾਂ ਨੇ ਤਾਂ ਜਮਹੂਰੀ ਸਿਧਾਂਤ ਨੂੰ ਰੱਦ ਕਰਨ ਦੇ ਮਾਮਲੇ ਵਿਚ ਕਹਾਣੀ ਹੀ ਸਿਰੇ ਲਾਈ ਰੱਖੀ। ਇਹ ਦੋਵੇਂ ਧਿਰਾਂ ਕਹਿੰਦੀਆਂ ਕੀ ਸਨ? ਇਨ੍ਹਾਂ ਦੇ ਇਤਰਾਜ਼ ਕੀ ਸਨ? ਇਸ ਬਾਰੇ ਲੋਕਾਂ ਨੇ ਗੱਡਿਆਂ ਦੇ ਗੱਡੇ ਕਾਗ਼ਜ਼ ਲਿਖੇ ਹੋਏ ਹਨ, ਪਰ ਉਨ੍ਹਾਂ ਦੇ ਪੈਰੋਕਾਰਾਂ ਨੇ ਖੁਦ ਜੋ ਤਮਾਸ਼ੇ ਕੀਤੇ, ਉਹ ਮੂਲੋਂ ਹੀ ਸਹੀ ਨਹੀਂ ਸਨ। ਅੱਜ ਸਭ ਤੋਂ ਵੱਧ ਜ਼ਰੂਰਤ ਜਮਹੂਰੀ ਕਦਰਾਂ ‘ਤੇ ਸਾਬਤਕਦਮੀ ਨਾਲ ਪਹਿਰਾ ਦੇਣ ਅਤੇ ਵੱਖ-ਵੱਖ ਕੌਮਾਂਤਰੀ ਸਭਿਆਚਾਰਾਂ ਵਿਚਲੇ ਸੰਵਾਦ ਦੀ ਹੈ।
ਉਘੇ ਸਿੱਖ ਚਿੰਤਕ ਡਾæ ਗੁਰਭਗਤ ਸਿੰਘ ਨੇ ਸਾਰੀ ਉਮਰ ਪੰਜਾਬ ਦੀ ਖਾੜਕੂ ਸਿੱਖ ਲਹਿਰ ਦਾ ਰੈਸ਼ਨੇਲ ਸਥਾਪਿਤ ਕਰਦਿਆਂ ਬਿਤਾ ਦਿੱਤੀ। ਅਖੀਰ ਵਿਚ ਆ ਕੇ ਉਹ ਵੀ ਅਜਿਹੇ ਸੰਵਾਦ ਦੀ ਗੱਲ ਬਹੁਤ ਜ਼ੋਰਦਾਰ ਸ਼ਬਦਾਂ ਵਿਚ ਕਰਨ ਲੱਗੇ। 2010 ਵਿਚ ਛਪੀ ਪੁਸਤਕ ‘ਵਿਸਮਾਦੀ ਪੂੰਜੀ’ ਦੇ ਪੰਨਾ 96 ਉਪਰ ‘ਸਭਿਆਚਾਰਕ ਸੰਵਾਦ, ਵਿਸ਼ੇਸ਼ਤਾ ਅਤੇ ਵਿਸਮਾਦ’ ਸਿਰਲੇਖ ਹੇਠਲੇ ਆਪਣੇ ਅੰਤਿਮ ਅਤੇ ਅਹਿਮ ਲੇਖ ਵਿਚ ਉਹ ਕਹਿੰਦੇ ਹਨ ਕਿ ਕੌਮਾਂਤਰੀ ਸਭਿਆਚਾਰਾਂ ਦੇ ਸੰਵਾਦ ਨਾਲ ਹੀ ਸੰਸਾਰ ਵਿਚ ਸ਼ਾਂਤੀ ਆ ਸਕਦੀ ਹੈ ਅਤੇ ਖੇੜਾ ਦੇਣ ਵਾਲਾ ਵਿਕਾਸ ਹੋ ਸਕਦਾ ਹੈ। ਉਸ ਅਨੁਸਾਰ, ਇਸ ਸੰਵਾਦ ਲਈ ਵਧੀਆ ਗੱਲ ਇਹ ਵਾਪਰੀ ਹੈ ਕਿ ਹੁਣ ਕੌਮਾਂਤਰੀ ਸਭਿਆਚਾਰਕ ਚਿੰਤਨ ਵਿਚ ‘ਕੌਮ’ ਸ਼ਬਦ ਅਤੇ ਸੰਕਲਪ ਦਾ ਪਹਿਲਾਂ ਵਾਲਾ ਬੋਲ ਬਾਲਾ ਨਹੀਂ ਰਿਹਾ। ਅੱਜ ਅਸੀਂ ਇਹ ਸਮਝਦੇ ਹਾਂ ਕਿ ਹਰ ਵਿਲੱਖਣ ਖਿੱਤੇ ਜਾਂ ਧਰਤੀ ਦੇ ਲੋਕ ਇੱਕ ਸਭਿਆਚਾਰ ਹਨ, ਕੇਵਲ ਕੌਮ ਨਹੀਂ। ਕੌਮ ਸੌੜਾ ਸੰਕਲਪ ਹੈ।
ਡਾæ ਗੁਰਭਗਤ ਸਿੰਘ ਸਪਸ਼ਟ ਸ਼ਬਦਾਂ ਵਿਚ ਕਹਿੰਦੇ ਹਨ ਕਿ ਕੌਮ ਦੇ “ਸੰਕਲਪ ਅੰਦਰ ਇੱਕ ਵਿਚਾਰਧਾਰਾ ਦੀ ਪ੍ਰਧਾਨਤਾ ਹੁੰਦੀ ਹੈ। ਆਮ ਤੌਰ ‘ਤੇ ਜਿਹੜਾ ਵਰਗ ਤਾਕਤ ਵਿਚ ਹੁੰਦਾ ਹੈ, ਆਪਣੇ ਰਾਜਨੀਤਕ ਅਤੇ ਆਰਥਿਕ ਬਲ ਨਾਲ ਦੂਸਰੇ ਵਰਗਾਂ ਨੂੰ ਉਨ੍ਹਾਂ ਦੇ ਦ੍ਰਿਸ਼ਟੀਕੋਣਾਂ ਅਤੇ ਵਿਚਾਰਧਾਰਾਵਾਂ ਸਮੇਤ ਦਬਾ ਲੈਂਦਾ ਹੈ। ਆਪਣੀ ਵਿਚਾਰਧਾਰਾ ਸਥਾਪਿਤ ਕਰ ਲੈਂਦਾ ਹੈ। ਇਸ ਲਈ ਕੌਮ ਅਤੇ ਕੌਮਵਾਦ ਲਹੂ-ਲੁਹਾਣ ਕਰਨ ਵਾਲੀ ਕਿਰਿਆ ਤੋਂ ਮੁਕਤ ਨਹੀਂ। ਸਭਿਆਚਾਰ ਵਿਸ਼ਾਲ ਸੰਕਲਪ ਹੈ। ਸਭਿਆਚਾਰ ਵਿਚ ਕਈ ਕੌਮਾਂ ਸਹਿਹੋਂਦ ਨਾਲ ਇਕੱਠੀਆਂ ਵੱਸ ਸਕਦੀਆਂ ਹਨ। ਸਭਿਆਚਾਰ ਦਾ ਪਰਿਪੇਖ ਪਰਿਵਰਤਨਸ਼ੀਲ ਹੁੰਦਾ ਹੈ। ਇਸ ਦਾ ਆਪਣਾ ਗੌਰਵ ਹੁੰਦਾ ਹੈ ਅਤੇ ਨਿਗਾਹ ‘ਵਿਗਾਸ’ ਵੱਲ ਹੁੰਦੀ ਹੈ।”
ਲੇਖ ਦੇ ਅੰਤਿਮ ਪੈਰਿਆਂ ਵਿਚ ਉਹ ਮੰਨਦੇ ਹਨ- “ਕੈਨੇਡਾ ਸਰਕਾਰ ਨੇ ਮੁਲਕ ਨੂੰ ਵਿਲੱਖਣ ਸਭਿਆਚਾਰਾਂ ਦਾ ਦੇਸ਼ ਮੰਨ ਲਿਆ ਹੈ। ਅਮਰੀਕਾ ਇਸੇ ਨੀਤੀ ਨੂੰ ਅਪਨਾ ਰਿਹਾ ਹੈ। ਸਭਿਆਚਾਰਾਂ ਦੀ ਵਿਸ਼ੇਸ਼ਤਾ ਅਤੇ ਇਸ ਦੇ ਗੌਰਵ ਨੂੰ ਮੰਨਣ ਵਾਲਾ ਸਮਾਜ ਹੀ ਅੱਜ ਫ਼ਾਸ਼ੀਵਾਦ ਦੀ ਸੰਭਾਵਨਾ ਨੂੰ ਖਤਮ ਕਰਨ ਦਾ ਪੱਕਾ ਵਾਹਿਦਾ ਹੋ ਸਕਦਾ ਹੈ।”
ਇਸ ਕਿਤਾਬ ਦੀਆਂ ਕਈ ਮਾਨਤਾਵਾਂ ‘ਤੇ ਸਹਿਜੇ ਹੀ ਕਿੰਤੂ ਕੀਤੇ ਜਾ ਸਕਦੇ ਹਨ, ਪਰ ਕੁਲ ਮਿਲਾ ਕੇ ਇਹ ਅਹਿਮ ਪੁਸਤਕ ਹੈ। ਕਿਧਰੇ ਵੀ ਇਸ ਵਿਚ ‘ਪੱਛਮ ਦੇ ਭੂਤਾਂ’ ਦੀ ਦੁਹਾਈ ਨਹੀਂ, ਸਗੋਂ ਕਈ ਇਤਰਾਜ਼ਯੋਗ ਪੱਛਮੀ ਚਿੰਤਕਾਂ ਐਜ਼ਰਾ ਪਾਊਂਡ, ਬਾਤਈ ਆਦਿ ਦਾ ਜ਼ਿਕਰ ਬੇਲੋੜੇ ਅਤੇ ਇਤਰਾਜ਼ਯੋਗ ਉਮਾਹ ਨਾਲ ਕੀਤਾ ਹੋਇਆ ਹੈ।
ਗੱਲ ਅਸਲ ਵਿਚ ਇਹ ਹੈ ਕਿ ਸੁਕਰਾਤ, ਪਲੈਟੋ, ਸੈਨੇਕਾ, ਸਿਸਰੋ, ਬੁੱਧ, ਕਨਫ਼ਿਊਸ਼ੀਅਸ, ਮੁਹੰਮਦ, ਮੁਲਾਨਾ ਰੂਮੀ, ਐਰਾਸਮਸ, ਗੁਰੂ ਨਾਨਕ, ਭਗਤ ਕਬੀਰ, ਬਾਬਾ ਫ਼ਰੀਦ, ਟੈਗੋਰ, ਬੁੱਲੇ ਸ਼ਾਹ ਜਾਂ ਅਰਵਿੰਦੋ- ਕੋਈ ਵੀ ਪੂਰਬੀ ਜਾਂ ਪੱਛਮੀ ਨਹੀਂ ਹੈ। ਇਹ ਸਾਰੇ ਹੀ ਇਨਸਾਨੀਅਤ ਦੇ ਰਹਿਬਰ ਹਨ ਅਤੇ ਬੰਦੇ ਨੇ ਬੰਦਿਆਈ ਦਾ ਰਾਹ ਜੇ ਫੜਨਾ ਹੈ ਤਾਂ ਇਨ੍ਹਾਂ ਸਭਨਾ ਪੈਗ਼ੰਬਰਾਂ, ਦਰਵੇਸ਼ਾਂ ਅਤੇ ਸੂਫ਼ੀਆਂ ਦੇ ਕਿਰਦਾਰ ਅਤੇ ਗ਼ੁਫ਼ਤਾਰ ਤੋਂ ਰੌਸ਼ਨੀ ਲੈਣੀ ਪੈਣੀ ਹੈ। ਸਭ ਤੋਂ ਵੱਡੀ ਗੱਲ ਹੈ ਕਿ ਬੰਦਾ ਮੂਲ ਰੂਪ ਵਿਚ ਬੰਦਾ ਹੈ; ਉਸ ਨੂੰ ਸਿੱਖ, ਹਿੰਦੂ, ਮੁਸਲਮਾਨ, ਈਸਾਈ, ਪੰਜਾਬੀ, ਬੰਗਾਲੀ, ਜਰਮਨ, ਫਰਾਂਸੀਸੀ, ਅੰਗਰੇਜ਼ ਅਤੇ ਜਾਤ-ਪਾਤ ਦੇ ਇਨ੍ਹਾਂ ਸਭ ਮਸਨੂਈ ਤੇ ਅਣਮਨੁੱਖੀ ਵਖਰੇਵਿਆਂ ਤੋਂ ਉਪਰ ਉਠਣਾ ਪੈਣਾ ਹੈ। ਸਵਾਲ ਕੇਵਲ ਇੰਨਾ ਹੈ ਕਿ ਦੁਨੀਆਂ ‘ਚ ਬੰਦੇ, ਬੰਦਿਆਂ ਵਾਂਗ ਜਿਉਣ ਦੇ ਯੋਗ ਬਣਨ ਕਿਵੇਂ? ਕੋਈ ਮੰਨੇ ਜਾਂ ਨਾ, ਇਸ ਦਿਸ਼ਾ ਵਿਚ ਸੁਕਰਾਤ ਤੋਂ ਪਿਛੋਂ ਸਿਧਾਂਤ ਅਤੇ ਅਮਲ ਦੀ ਜੁੜਤ ਪੱਖੋਂ ਇਨਸਾਨੀਅਤ ਦਾ ਸਭ ਤੋਂ ਵੱਡਾ ਉਸਤਾਦ ਕਾਰਲ ਮਾਰਕਸ ਹੈ, ਪਰ ਉਸ ਦੇ ਸਿਧਾਂਤ ਵਿਚੋਂ ਵਰਗ ਸੰਘਰਸ਼ ਅਤੇ ਹਿੰਸਾ ‘ਤੇ ਜ਼ੋਰ ਨੂੰ ਕੇਂਦਰ ਵਿਚੋਂ ਸਰਕਾਏ ਬਿਨਾਂ ਸਰਨਾ ਨਹੀਂ ਹੈ।
ਅੰਤਿਕਾ: ਪੰਜਾਬ ਵਿਚ ਪੁਲਿਸ ਦੀਆਂ ਵਧੀਕੀਆਂ ਅਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਕੇਸਾਂ ਨੂੰ ਬੇਪਰਦ ਕਰਨ ਦੀ ਮੁਹਿੰਮ ਜਸਵੰਤ ਸਿੰਘ ਖਾਲੜਾ ਦੀ ਪੁਲਿਸ ਹਿਰਾਸਤ ਵਿਚ ਸ਼ਹਾਦਤ ਤੋਂ ਬਾਅਦ ਉਸ ਦੇ ਮਿੱਤਰਾਂ ਅਤੇ ਸਹਿਯੋਗੀਆਂ, ਖਾਸ ਕਰ ਕੇ ਜਸਪਾਲ ਸਿੰਘ ਢਿੱਲੋਂ ਅਤੇ ਅਮਰੀਕ ਸਿੰਘ ਮੁਕਤਸਰ ਨੇ ਹੋਰ ਵੱਧ ਦ੍ਰਿੜਤਾ ਨਾਲ ਜਾਰੀ ਰੱਖੀ। ਇਹ ਅਮਰੀਕ ਸਿੰਘ ਮੁਕਤਸਰ ਦੀ ਮਿਹਨਤ ਦਾ ਹੀ ਸਿਲਾ ਸੀ ਕਿ ਰਾਮ ਨਰਾਇਣ ਕੁਮਾਰ ਅਤੇ ਜਸਕਰਨ ਕੌਰ ਦੇ ਸਹਿਯੋਗ ਨਾਲ ਛੇ ਸੌ ਤੋਂ ਵੀ ਵੱਧ ਪੰਨਿਆਂ ਦਾ ਵਿਸ਼ਾਲ ਗ੍ਰੰਥ ‘ਰਡਿਊਸਡ ਟੂ ਐਸ਼ਜ਼’ ਮਈ 2003 ਵਿਚ ਛਪ ਕੇ ਬਾਹਰ ਆਇਆ। ਸਿਰਫ ਦੋ ਵੇਰਵੇ ਸਾਂਝੇ ਕਰਾਂਗੇ। ਤਰਨ ਤਾਰਨ ਪੁਲਿਸ ਜ਼ਿਲ੍ਹੇ ਦੇ ਮੁਖੀ ਅਜੀਤ ਸਿੰਘ ਸੰਧੂ ਦੀ 1997 ਨੂੰ ਆਤਮ-ਹੱਤਿਆ ਬਾਰੇ 12 ਜੁਲਾਈ ਨੂੰ ਆਈæਬੀæ ਦੇ ਸੀਨੀਅਰ ਅਧਿਕਾਰੀ ਮਲੋਏ ਕ੍ਰਿਸ਼ਨ ਧਰ ਦੇ ਸ਼ਰਧਾਂਜਲੀ ਲੇਖ ਵਿਚੋਂ ਲੰਮੀ ਟੂਕ ਦਰਜ ਹੈ। ਲੇਖਕ ਦੱਸਦਾ ਹੈ ਕਿ ਉਹ 1980 ਦੇ ਸ਼ੁਰੂਆਤੀ ਦਿਨਾਂ ਤੋਂ ਲੈ ਕੇ ਅਗਲੇ 12 ਵਰ੍ਹੇ ਸਥਿਤੀ ਦਾ ਜਾਇਜ਼ਾ ਲੈਣ ਲਈ ਪੱਤਰਕਾਰਾਂ ਦੇ ਭੇਸ ਵਿਚ ਅਨੇਕਾਂ ਵਾਰ ਆਉਂਦਾ-ਜਾਂਦਾ ਰਿਹਾ ਹੈ। ਉਸ ਦਾ ਦਾਅਵਾ ਹੈ ਕਿ ਉਸ ਨੂੰ ਸਰਹੱਦੀ ਜ਼ਿਲ੍ਹਿਆਂ ਦੇ ਲੋਕਾਂ ਦੇ ਦੁੱਖ-ਸੁੱਖ ਅਤੇ ਮੁਸੀਬਤਾਂ ਦੀ ਰਗ-ਰਗ ਦੀ ਵਾਕਫੀ ਹੈ। ਇਸ ਵਿਚ ਕੋਈ ਸੰਦੇਹ ਨਹੀਂ ਹੈ ਕਿ ਲੇਖਕ ਬੇਹੱਦ ਇਮਾਨਦਾਰ ਹੈ। ਉਹ ਸੁਤੰਤਰਤਾ ਤੋਂ ਬਾਅਦ ਕਸ਼ਮੀਰ, ਉਤਰ-ਪੂਰਬ, ਨਕਸਲਬਾੜੀ, ਪੰਜਾਬ, ਬਿਹਾਰ ਅਤੇ ਆਂਧਰਾ ਪ੍ਰਦੇਸ਼ ਆਦਿ ਖੇਤਰਾਂ ਵਿਚ ਚੱਲੇ ਹਿੰਸਕ ਅੰਦੋਲਨ ਅਤੇ ਆਮ ਲੋਕਾਂ ਦੀ ਨਸਲਘਾਤ ਲਈ ਦੋ-ਟੁਕ ਸ਼ਬਦਾਂ ਵਿਚ ਵੱਖ-ਵੱਖ ਰਾਜਨੀਤਕ ਪਾਰਟੀਆਂ ਬੇਈਮਾਨ ਰਾਜਸੀ ਆਗੂਆਂ ਅਤੇ ਭ੍ਰਿਸ਼ਟ ਅਫ਼ਸਰਸ਼ਾਹੀ ਨੂੰ ਜ਼ਿੰਮੇਵਾਰ ਠਹਿਰਾਉਂਦਾ ਹੈ। ਸਾਨੂੰ ਪਤਾ ਹੈ ਕਿ ਅਜੀਤ ਸਿੰਘ ਸੰਧੂ ਦਾ ਬਿੰਬ ਆਤਮ-ਹੱਤਿਆ ਕਰਨ ਸਮੇਂ ਗੁਰਮੀਤ ਸਿੰਘ ਪਿੰਕੀ ਦੀ ਕਦਰ ਹੀ ਆਮ ਲੋਕ ਮਾਨਸਿਕਤਾ ਅੰਦਰ ਕਿਸ ਹੱਦ ਤੱਕ ਰਾਖਸ਼-ਨੁਮਾ ਬਣ ਚੁੱਕਿਆ ਸੀ, ਪਰ ਮਲੋਏ ਕ੍ਰਿਸ਼ਨ ਧਰ ਕਹਿੰਦਾ ਹੈ ਕਿ ਅਸਲ ਦੋਸ਼ੀ ਤਾਂ ਭ੍ਰਿਸ਼ਟ ਰਾਜਨੀਤਕ ਤੰਤਰ ਸੀ ਜਿਸ ਨੇ ਆਪਣੇ ਬਚਾਓ ਖ਼ਾਤਰ ਲਗਾਤਾਰ ਸ਼ਿਸ਼ਕੇਰ ਕੇ ਉਸ ਨੂੰ ਭਾਂਤ-ਭਾਂਤ ਦੇ ਕੰਮ ਕਰਨ ਲਈ ਇਸਤੇਮਾਲ ਕੀਤਾ।
ਪੁਸਤਕ ਦੇ ਪਹਿਲੇ ਪੰਨੇ ਜਸਵੰਤ ਸਿੰਘ ਖਾਲੜਾ ਦੇ ਕੇਸ ਦੇ ਵੱਖ-ਵੱਖ ਪਹਿਲੂਆਂ ਨੂੰ ਸਮਰਪਿਤ ਕਰਨ ਤੋਂ ਬਾਅਦ ਪੰਨਾ 75 ਤੋਂ ‘ਸੱਚ ਦੀ ਖੋਜ’ ਵਾਲਾ ਅਗਲਾ ਹਿੱਸਾ ਸ਼ੁਰੂ ਹੁੰਦਾ ਹੈ। ਇਸ ਵਿਚ ਪੰਨਾ 78 ਤੋਂ 83 ਗਹੁ ਨਾਲ ਪੜ੍ਹਨ ਵਾਲੇ ਹਨ। ਇਨ੍ਹਾਂ ਪੰਨਿਆਂ ਵਿਚ ਅਰਜਨਟਾਇਨਾ, ਚਿੱਲੀ, ਦੱਖਣੀ ਅਫਰੀਕਾ ਅਤੇ ਕਈ ਹੋਰ ਦੇਸ਼ਾਂ ਵਿਚ ਸਰਕਾਰਾਂ ਵੱਲੋਂ ਆਪਣੀ ਵਸੋਂ ਨੂੰ ਕੰਟਰੋਲ ਕਰਨ ਲਈ ਚਲਾਈਆਂ ਗਈਆਂ ਮੁਹਿੰਮਾਂ ਤੋਂ ਬਾਅਦ ਦੋਸ਼ੀ ਦੱਸੇ ਜਾਣ ਦੀਆਂ ਕੋਸ਼ਿਸ਼ਾਂ ਅਤੇ ਦੋਸ਼ੀ ਪਾਏ ਜਾਣ ਵਾਲਿਆਂ ਨੂੰ ਪੂਰਨ ਇਮਾਨਦਾਰੀ ਨਾਲ ਕੀਤੀਆਂ ਕੋਸ਼ਿਸ਼ਾਂ ਦੇ ਬਾਵਜੂਦ ਪੱਲੇ ਪਈ ਨਿਰਾਸ਼ਾ ਦੇ ਵੇਰਵੇ ਦਰਜ ਹਨ। ਮਸਲਨ, ਅਰਜਨਟਾਈਨਾ ਅੰਦਰ 1976 ਵਿਚ ਫੌਜੀ ਜਰਨਲ ਜਮਹੂਰੀ ਸਰਕਾਰ ਦਾ ਤਖਤਾ ਪਲਟ ਕੇ ਤਾਕਤ ਵਿਚ ਆਏ ਅਤੇ ਅਗਲੇ 7-8 ਸਾਲ ਉਨ੍ਹਾਂ ਨੇ ਆਪਣੇ ਹਜ਼ਾਰਾਂ ਰਾਜਸੀ ਵਿਰੋਧੀਆਂ ਅਤੇ ਬੁੱਧੀਜੀਵੀਆਂ ਨੂੰ ਘਰਾਂ ‘ਚੋਂ ਚੁੱਕ-ਚੁੱਕ ਕੇ ਮਾਰ-ਖਪਾ ਦਿੱਤਾ। 1983 ਵਿਚ ਰਾਊਲ ਅਲਫ਼ਾਨਸਿਨ ਦੀ ਅਗਵਾਈ ਹੇਠ ਕਾਇਮ ਹੋਈ ਜਮਹੂਰੀ ਸਰਕਾਰ ਨੇ ਪੂਰਨ ਨਿਹਚਾ ਨਾਲ ਦੋਸ਼ੀ ਫੌਜੀ ਅਫਸਰਾਂ ਨੂੰ ਕਟਹਿਰੇ ਵਿਚ ਖੜ੍ਹੇ ਕੀਤਾ, ਪਰ ਸਜ਼ਾਵਾਂ ਨੂੰ ਅਮਲੀ ਰੂਪ ਦੇਣ ਦੇ ਮਾਮਲੇ ਵਿਚ ਇਕ ਤੋਂ ਬਾਅਦ ਇੱਕ ਅਜਿਹੇ ਵਿਰੋਧਾਭਾਸ ਲਗਾਤਾਰ ਸਾਹਮਣੇ ਆਉਂਦੇ ਗਏ ਕਿ ਗੱਲ ਕਿਸੇ ਕਿਨਾਰੇ ਕਦੀ ਵੀ ਲੱਗ ਨਾ ਸਕੀ।
ਇੱਕ ਹੋਰ ਲਾਤੀਨੀ ਅਮਰੀਕੀ ਦੇਸ਼ ਪੇਰੂ ਵਿਚ 1982 ਤੋਂ 1994 ਤੱਕ ਚੱਲੀ ਮਾਓਵਾਦੀ ਲਹਿਰ ‘ਸ਼ਾਇਨਗ ਪਾਥ’ ਨੂੰ ਦਬਾਉਣ ਲਈ ਰਾਸ਼ਟਰਪਤੀ ਆਲਬਰਟੋ ਫੂਜੀਮੋਰੀ ਦੀ ਅਗਵਾਈ ਹੇਠਲੀ ਸਰਕਾਰ ਨੇ 1990 ‘ਚ ਤਾਕਤ ਵਿਚ ਆਉਣ ਤੋਂ ਲੈ ਕੇ ਸਾਲ 2000 ਤੱਕ ਅਜਿਹਾ ਹੀ ਸਰਕਾਰੀ ਜਬਰ ਕੀਤਾ। ਗੁਰੀਲਾ ਹਿੰਸਾ ਉਤੇ ਤਾਂ ਉਸ ਕਾਬੂ ਪਾ ਲਿਆ, ਪਰ ਖੁਦ ਉਸ ਨੂੰ ਇਸੇ ਸਾਲ ਦੇਸ਼ ‘ਚੋਂ ਜਾਨ ਬਚਾ ਕੇ ਆਪਣੇ ਪਿਤਰੀ ਦੇਸ਼ ਜਾਪਾਨ ਵੱਲ ਭੱਜਣਾ ਪਿਆ। ਮਾੜੀ ਕਿਸਮਤ ਨੂੰ ਕਿਸੇ ਕਾਰੋਬਾਰੀ ਕੰਮ ਲਈ ਮਈ 2006 ਵਿਚ ਉਹ ਚਿੱਲੀ ਦੀ ਰਾਜਧਾਨੀ ਸਾਨਤਿਆਗੋ ਆਉਣ ‘ਤੇ ਅੜਿਕੇ ਆ ਗਿਆ। ਪੂਰਾ ਸਵਾ ਸਾਲ ਉਸ ਨੂੰ ਪੇਰੂ ਵਾਪਸ ਲਿਆ ਕੇ ਉਸ ‘ਤੇ ਮੁਕੱਦਮਾ ਚਲਾਉਣ ਲਈ ਘੈਂਸ-ਘੈਂਸ ਹੁੰਦੀ ਰਹੀ। ਅਖੀਰ ਸਤੰਬਰ 2007 ‘ਚ ਚਿੱਲੀ ਸਰਕਾਰ ਨੇ ਉਸ ਨੂੰ ਪੇਰੂ ਦੇ ਹਵਾਲੇ ਕਰ ਦਿੱਤਾ। 7 ਅਪਰੈਲ 2009 ਨੂੰ ਪੇਰੂ ਦੀ ਸੁਪਰੀਮ ਕੋਰਟ ਨੇ ਉਸ ਨੂੰ ‘ਕਾਲੇ ਬਿੱਲਿਆਂ’ ਦੇ ਬ੍ਰਿਗੇਡ ਕੋਲੋਂ 1991-92 ਵਿਚ ਯੂਨੀਵਰਸਿਟੀ ਦੇ ਕੁਝ ਪ੍ਰੋਫੈਸਰਾਂ ਨੂੰ ਮਰਵਾਉਣ ਲਈ ਦੋਸ਼ੀ ਗਰਦਾਨਦਿਆਂ 25 ਵਰ੍ਹੇ ਕੈਦ ਦੀ ਸਜ਼ਾ ਸੁਣਾ ਦਿੱਤੀ।
ਅੱਗੇ ਹੋਇਆ ਕੀ? ਕੋਰਟ ਦੇ ਫੈਸਲੇ ਵਾਲੇ ਦਿਨ ਕੋਰਟ ਦੇ ਬਾਹਰ ਦੰਗੇ ਹੋ ਗਏ ਅਤੇ ਅਲਬਰਟੋ ਫੂਜੀਮੋਰੀ ਦੇ ਹਮਾਇਤੀਆਂ ਨੇ ਫੈਸਲੇ ਵਿਰੁਧ ਹਿੰਸਕ ਮੁਜ਼ਾਹਰੇ ਕਰ ਦਿੱਤੇ। ਬਾਅਦ ਵਿਚ ਕੁਝ ਸਮਾਚਾਰ ਪੱਤਰਾਂ ਵੱਲੋਂ ਆਪਣੇ ਤੌਰ ‘ਤੇ ਮੁਕੱਦਮੇ ਦੇ ਫੈਸਲੇ ਬਾਰੇ ਲਈ ਲੋਕ ਰਾਇ ਵਿਚ ਕਰੀਬ 60 ਫੀਸਦੀ ਲੋਕਾਂ ਨੇ ਸੁਪਰੀਮ ਕੋਰਟ ਦੇ ਫੈਸਲੇ ਨੂੰ ‘ਮੁਜਰਮਾਨਾ’ ਕਾਰਵਾਈ ਕਰਾਰ ਦਿੱਤਾ। ਵਿਅੰਗ ਦੀ ਹੱਦ ਇਹ ਸੀ ਕਿ ਜਨਮਤ ਵਿਚ ਕੋਰਟ ਦੇ ਵਿਰੁਧ ਫੈਸਲਾ ਦੇਣ ਵਾਲੇ ਇਨ੍ਹਾਂ ਲੋਕਾਂ ਵਿਚੋਂ 70 ਫੀਸਦੀ ਪੇਰੂ ਦਾ ਮਿਹਨਤਕਸ਼ ਆਵਾਮ ਸੀ।
ਸ੍ਰੀਲੰਕਾ ਵਿਚ ਰਾਸ਼ਟਰਪਤੀ ਮਹਿੰਦਾ ਰਾਜਪਕਸ਼ੇ ਨੇ 2009 ਵਿਚ ਤਾਮਿਲ ਲਿੱਟੇ ਬਾਗੀਆਂ ਦਾ ਸਫਾਇਆ ਕਰ ਦਿੱਤਾ ਅਤੇ ਦਸ ਵਰ੍ਹੇ ਤਾਨਾਸ਼ਾਹ ਬਣਿਆ ਰਿਹਾ। ਸਾਲ ਕੁ ਪਹਿਲਾਂ ਉਹ ਚੋਣਾਂ ਕਰਵਾ ਬੈਠਾ ਅਤੇ ਆਪਣੇ ਬੇਹੱਦ ਸਾਦਾ ਦਿਲ, ਸੰਤ ਸੁਭਾਅ ਵਜ਼ਾਰਤੀ ਸਾਥੀ ਮੈਤਰੀਪਾਲ ਸਿਰੀਸੇਨਾ ਹੱਥੋਂ ਮਾਤ ਖਾ ਗਿਆ। ਵਿਦੇਸ਼ ਮੰਤਰੀ ਮੰਗਲਾ ਸਮਰਵੀਰਾ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ, ਉਸ (ਰਾਜਪਕਸ਼ੇ) ਨੇ ਤਮਿਲ ਅਤਿਵਾਦ ਦਾ ਸਫਾਇਆ ਕਰ ਕੇ ਸ਼ਾਂਤੀ ਬਹਾਲ ਕਰਨ ਦੇ ਬਹਾਨੇ ਖਜ਼ਾਨੇ ਨੂੰ 18 ਅਰਬ ਡਾਲਰ ਦਾ ਚੂਨਾ ਲਗਾਇਆ, ਤੇ ਅਸੀਂ ਉਸ ਕੋਲੋਂ ਇਹ ਪੈਸਾ ਕੱਢ ਕੇ ਛੱਡਣਾ ਹੈ।
ਸਾਡੀ ਦਿਲਚਸਪੀ ਇਸ ਗੱਲ ਵਿਚ ਹੈ ਕਿ ਹਿੰਸਾ ਪ੍ਰਤੀ-ਹਿੰਸਾ ਦਾ ਨਿਰੰਤਰ ਚੱਕਰ ਇਨਸਾਨ ਦਾ ਖਹਿੜਾ ਛੱਡਦਾ ਕਿਉਂ ਨਹੀਂ ਅਤੇ ਅਲਬਰਟੋ ਫੂਜੀਮੋਰੀ, ਮਹਿੰਦਾ ਰਾਜਪਕਸ਼ੇ ਤੇ ਉਨ੍ਹਾਂ ਜਿਹੇ ਹੋਰ ਹਾਕਮਾਂ ਦੀ ਜਾਂਚ, ਬੰਦੇ ਦੀ ਤੌਹੀਨ ਕਰਨ ਤੋਂ ਤੌਬਾ ਕਿਉਂ ਨਹੀਂ ਕਰਦਾ? ਇਸ ਦੇ ਨਾਲ ਇਹ ਵੀ ਸਪਸ਼ਟ ਰਹੇ ਕਿ ਸਾਡੇ ਬਿਰਤਾਂਤ ਵਿਚ ਦਿੱਲੀ ਵਾਲਿਆਂ ਨੂੰ ਬਰੀ ਕਰਨ ਤੋਂ ਮੁਰਾਦ ਨਹੀਂ ਹੈ, ਪਰ ਗੱਲ ਸਿੱਖਾਂ ਨਾਲ ਮਿਥ ਕੇ ਵਿਤਕਰੇ ਦੀ ਨਹੀਂ ਹੈ, ਬਲਕਿ ਉਨ੍ਹਾਂ ਦੀ ਸਿਰੇ ਦੀ ਬੇਅਸੂਲੀ ਮਾਰੂ ਪਾਵਰ ਪਾਲਿਟਿਕਸ ਦੀ ਵਧੇਰੇ ਲਗਦੀ ਹੈ। ਇਹ ਕਥਾ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਦੀ ਪੁਸਤਕ ‘ਖਾਲਿਸਤਾਨ: ਏ ਨਾਨ-ਮੂਵਮੈਂਟ’ ਅੰਦਰ ਪੂਰਨ ਵਿਸਥਾਰ ਵਿਚ ਪੜ੍ਹੀ ਜਾ ਸਕਦੀ ਹੈ।
ਖਾਲਿਸਤਾਨ ਬਣਨ ਜਾਂ ਬਣਾਉਣ ‘ਤੇ ਭਲਾ ਕਿਸੇ ਨੂੰ ਕੀ ਇਤਰਾਜ਼ ਹੋ ਸਕਦਾ ਹੈ? ਸਵਾਲ ਤਾਂ ਇਹ ਹੈ ਕਿ ਕਿਊਬਿਕ ਜਾਂ ਸਕਾਟਲੈਂਡ ਦੀਆਂ ਅਜੋਕੀਆਂ ਮਿਸਾਲਾਂ ਹੈਗੀਆਂ। ਅਜਿਹੀ ਮੁਹਿੰਮ ਦੀ ਸਮਾਜਿਕ, ਰਾਜਨੀਤਕ, ਸਦਾਚਾਰਕ ਰੂਪ-ਰੇਖਾ ਸਪਸ਼ਟ ਹੋਵੇ ਅਤੇ ਇਸ ਨੂੰ ਜਮੂਹਰੀ ਲੀਹਾਂ ‘ਤੇ ਬਹੁ-ਗਿਣਤੀ ਲੋਕਾਂ ਦੀ ਸਹਿਮਤੀ ਲੈ ਕੇ ਉਲੀਕਿਆ ਜਾਵੇ।
ਪਾਠਕਾਂ ਦੀ ਕਚਹਿਰੀ ਵਿਚ ਪੰਜਾਬ ਤੇ ਨਵੀਂ ਦਿੱਲੀ ਦੇ ਰਾਜਸੀ ਮੰਚਾਂ ਉਪਰ ਸਰਗਰਮ ਉਨ੍ਹਾਂ ਵਕਤਾਂ ਦੇ ਨੇਤਾਵਾਂ ਦੀ ਪਾਵਰ ਪਾਲਿਟਿਕਸ ਅਤੇ ਗੁਰਮੀਤ ਪਿੰਕੀ ਦੀਆਂ ਚੀਕਾਂ ਦੀ ਲੋਅ ਵਿਚ ਗੁਜ਼ਾਰਿਸ਼ ਹੈ ਕਿ ਸ਼ਮਸ਼ੀਰਾਂ ਦੇ ਵਜਦ ਜਾਂ ਨੌਜਵਾਨਾਂ ਨੂੰ ਰਣ ਤੱਤੇ ਲਈ ਤਿਆਰ ਕਰਨ ਖ਼ਾਤਰ ਢਾਡੀਆਂ ਦੇ ਹਾਰ ਬੀਰ ਰਸੀ ‘ਵਾਰਾਂ’ ਗਾਉਣ ਵਾਲੇ ਸਾਡੇ ਸਿੱਖ ਦਾਨਸ਼ਵਰ ਭਰਾ ਇਹ ਵੀ ਤਾਂ ਦੱਸਣ ਕਿ ਪੰਜਾਬ ਦੇ ਲੋਕਾਂ ਦੀ ਮੁਕਤੀ ਲਈ ਹਿੰਸਾ ਪ੍ਰਤੀ-ਹਿੰਸਾ ਤੋਂ ਪਾਰ, ਅਮਲੀ ਰਾਹ ਕਿਹੜਾ ਹੈ। ਉਹ ਇਹ ਵੀ ਸੋਚਣ ਕਿ ਹਜ਼ਾਰਾਂ ਨਹੀਂ, ਲੱਖਾਂ ਕਰੋੜਾਂ ਘਾਟਾਂ ਦੇ ਬਾਵਜੂਦ ਜ਼ਿੰਦਗੀ ਬੜੀ ਸੋਹਣੀ ਹੈ; ਡਾਢੀ ਮਨਮੋਹਣੀ ਹੈ। ਇਹ ਜੇ ਗਰਕ ਗਈ; ਮੁੜ ਇਥੇ ਆਵਣ ਲਈ ਕਰੋੜਾਂ ਵਰ੍ਹੇ ਲੱਗਣਗੇ।
(ਸਮਾਪਤ)