ਆਮਿਰ ਖਾਂ ਦੀ ਅਮੀਰੀ

ਬਲਜੀਤ ਬਾਸੀ
ਬਾਲੀਵੁੱਡ ਐਕਟਰ ਆਮਿਰ ਖਾਨ ਹਾਲ ਹੀ ਵਿਚ ਬੜੀ ਚਰਚਾ ਵਿਚ ਰਿਹਾ, ਆਪਣੇ ਉਸ ਬਿਆਨ ਕਰਕੇ ਜਿਸ ਰਾਹੀਂ ਉਸ ਨੇ ਦੇਸ਼ ਵਿਚ ਵਧ ਰਹੀ ਅਸਹਿਣਸ਼ੀਲਤਾ ਕਾਰਨ ਆਪਣੀ ਪਤਨੀ ਦੀ ਭਾਰਤ ਛੱਡ ਕੇ ਕਿਸੇ ਹੋਰ ਦੇਸ਼ ਜਾ ਵੱਸਣ ਦੀ ਭਾਵਨਾ ਦਰਸਾਈ ਸੀ। ਲੋਕੀਂ ਅਕਸਰ ਇਸ ਐਕਟਰ ਦਾ ਨਾਂ ‘ਅਮੀਰ ਖਾਨ’ ਹੀ ਸਮਝਦੇ ਹਨ, ਅਸਲ ‘ਚ ਇਹਦਾ ਨਾਂ ‘ਆਮਿਰ ਖਾਨ’ ਹੈ ਕਿਉਂਕਿ ਅਮੀਰ ਆਖਦੇ ਹਨ, ਪੈਸੇ ਵਾਲੇ ਦੌਲਤਮੰਦ ਨੂੰ। ਆਮਿਰ ਦਾ ਮਤਲਬ ਹੈ-ਕਬੀਲੇ ਦਾ ਸਰਦਾਰ। ਚਲੋ ਇਸ ਬਹਾਨੇ ਇਨ੍ਹਾਂ ਅਲਫਾਜ਼ ਦਾ ਅੱਗਾ-ਪਿੱਛਾ ਫੋਲੀਏ। ਇਤਲਾਹ ਹੈ ਕਿ ਐਕਟਰ ਦਾ ਪੂਰਾ ਨਾਂ ‘ਮੁਹੰਮਦ ਆਮੀਰ ਹੁਸੈਨ ਖਾਂ’ ਹੈ।

ਆਮਿਰ ਤੇ ਅਮੀਰ ਦੋਨੋਂ ਸ਼ਬਦ ਅਰਬੀ ਭਾਸ਼ਾ ਦੇ ਸ਼ਬਦ ਹਨ; ਦੋਨਾਂ ਦਾ ਅਰਥ ਇਕੋ ਜਿਹਾ ਹੈ ਤੇ ਥੋੜਾ ਵੱਖਰਾ ਵੱਖਰਾ ਵੀ। ਅਰਥ ਪੱਖੋਂ ਦੋਨਾਂ ਦੀ ਸਾਂਝ ਇਹ ਹੈ ਕਿ ਦੋਨਾਂ ਦਾ ਹੀ ਪਹਿਲਾ ਮਤਲਬ ਸਰਦਾਰ, ਮੁਖੀ, ਹੁਕਮਰਾਨ ਹੈ। ਸੱਚ ਤਾਂ ਇਹ ਹੈ ਕਿ ਅਰਬੀ ਭਾਸ਼ਾ ਵਿਚ ਅਮੀਰ ਸ਼ਬਦ ਦਾ ਸਾਡੀਆਂ ਭਾਸ਼ਾਵਾਂ ਵਿਚ ਪ੍ਰਚਲਿਤ ਅਰਥ ਦੌਲਤਮੰਦ, ਧਨਾਢ ਹੈ ਹੀ ਨਹੀਂ ਭਾਵੇਂ ਪ੍ਰੋਖ ਰੂਪ ਵਿਚ ਅਜਿਹਾ ਕਿਹਾ ਜਾ ਸਕਦਾ ਹੈ। ਆਖਰ ਸਰਦਾਰ, ਮੁਖੀਆ, ਕਮਾਂਡਰ ਕੋਈ ਹਮਾਤੜ ਟੂਟੀ ਨੰਗ ਤਾਂ ਹੋ ਨਹੀਂ ਸਕਦਾ, ਪੈਸੇ ਵਾਲਾ ਹੀ ਹੋਵੇਗਾ। ਉਂਜ ਆਮਿਰ ਲਫਜ਼ ਏਨਾ ਵਰਤੋਂ ਵਿਚ ਨਹੀਂ ਆਉਂਦਾ ਜਿੰਨਾ ਅਮੀਰ ਆਉਂਦਾ ਹੈ। ਅਮੀਰ ਸ਼ਬਦ ਦੇ ਹੋਰ ਵੀ ਬਹੁਤ ਸਾਰੇ ਅਰਥ-ਪ੍ਰਛਾਵੇਂ ਹਨ। ਸਾਡੀਆਂ ਭਾਸ਼ਾਵਾਂ ਵਿਚ ਕਿਉਂਕਿ ਅਮੀਰ ਧਨਾਢ ਨੂੰ ਹੀ ਕਿਹਾ ਜਾਂਦਾ ਹੈ, ਇਸ ਲਈ ਮੁਮਕਿਨ ਹੈ, ਚਰਚਿਤ ਐਕਟਰ ਜਾਂ ਉਸ ਦੇ ਵਾਲਦੈਨ ਨੇ ਨਾਂ ਰੱਖਣ ਵੇਲੇ ਆਮਿਰ ਸ਼ਬਦ ਨੂੰ ਤਰਜੀਹ ਦਿੱਤੀ ਹੋਵੇ ਤਾਂ ਕਿ ਉਸ ਦੇ ਨਾਂ ‘ਚੋਂ ਧਨ ਦੌਲਤ ਦੀ ਬੂਅ ਨਾ ਆਵੇ ਭਾਵੇਂ ਖੁਦ ਐਕਟਰ ਨੇ ਆਪਣੀ ਐਕਟਿੰਗ ਦੇ ਬਲਬੂਤੇ ਬਥੇਰੀ ਮਾਇਆ ਇਕੱਠੀ ਕਰ ਲਈ ਹੈ।
ਬਹੁਤ ਸਾਰੇ ਮੁਸਲਿਮ ਮਰਦਾਂ ਦਾ ਪਹਿਲਾ ਨਾਂ ਅਮੀਰ ਹੈ ਜਿਵੇਂ ਅਮੀਰ ਉਲਾ ਖਾਨ, ਅਮੀਰ ਅਬਦੁੱਲਾ ਖਾਨ, ਅਮੀਰ ਅਸਗਰ ਖਾਨ, ਅਮੀਰ ਆਲਮ ਖਾਨ। ਸਾਡੇ ਵੀ ਅਮੀਰ ਸਿੰਘ ਬਥੇਰੇ ਹਨ; ਮਹਾਰਾਜਾ ਰਣਜੀਤ ਸਿੰਘ ਦੇ ਦਾਦੇ ਚੜ੍ਹਤ ਸਿੰਘ ਨੇ ਗੁਜਰਾਂਵਾਲੇ ਦੇ ਸਰਦਾਰ ਅਮੀਰ ਸਿੰਘ ਦੀ ਬੇਟੀ ਨਾਲ ਵਿਆਹ ਕਰਾਇਆ ਸੀ। ਇਸੇ ਤਰ੍ਹਾਂ ਆਮਿਰ ਨਾਂ ਵਾਲੇ ਵੀ ਕਈ ਲੋਕ ਮਿਲ ਜਾਂਦੇ ਹਨ। ਅਮੀਰ ਸ਼ਬਦ ਅਰਬ, ਹਿੰਦੁਸਤਾਨ ਅਤੇ ਅਫਗਾਨਿਸਤਾਨ ਵਿਚ ਹੁਕਮਰਾਨਾਂ, ਉਚੇ ਦਰਜੇ ਦੇ ਅਧਿਕਾਰੀਆਂ, ਮੁਖੀਆਂ, ਫੌਜ ਦੇ ਕਮਾਂਡਰਾਂ ਆਦਿ ਲਈ ਇਕ ਖਿਤਾਬ ਵਜੋਂ ਵੀ ਵਰਤਿਆ ਜਾਂਦਾ ਰਿਹਾ ਹੈ। ਖਲੀਫਿਆਂ ਦੇ ਨਾਂ ਅੱਗੇ ‘ਅਮੀਰ-ਉਲ ਮੋਮਿਨਿਨ’ ਲਾਇਆ ਜਾਂਦਾ ਰਿਹਾ ਹੈ ਜਿਵੇਂ ਸਿੱਖਾਂ ਦੇ ਨਾਂ ਅੱਗੇ ਸਰਦਾਰ। ਕਈ ਇਸਲਾਮੀ ਬਾਦਸ਼ਾਹਾਂ ਨੇ ਅਮੀਰ-ਉਲ-ਉਮਰਾ (ਅਮੀਰਾਂ ਦਾ ਅਮੀਰ) ਖਿਤਾਬ ਵੀ ਧਾਰਨ ਕੀਤਾ। ਅਫਗਾਨਿਸਤਾਨ ਵਿਚ ਇਸ ਦੇ ਟਾਕਰੇ ਅਮੀਰ-ਏ-ਕਬੀਰ ਪ੍ਰਚਲਿਤ ਸੀ। ਮੁਗਲ ਹਕੂਮਤ ਦੌਰਾਨ ਇਕ ਹਜ਼ਾਰ ਘੋੜਸੈਨਾ ਦੇ ਕਮਾਂਡਰ ਨੂੰ ਇਹ ਖਿਤਾਬ ਹਾਸਿਲ ਹੁੰਦਾ ਸੀ। ਸਮੁੰਦਰੀ ਫੌਜਾਂ ਦੇ ਵੱਡੇ ਕਮਾਂਡਰ ਨੂੰ ਅਮੀਰ-ਉਲ ਬਹਰ ਕਿਹਾ ਜਾਂਦਾ ਹੈ। ਅੰਗਰੇਜ਼ੀ ਸ਼ਬਦ Aਦਮਰਿਅਲ ਇਸੇ ਤੋਂ ਬਣਿਆ ਹੈ।
ਅਮੀਰ ਸ਼ਬਦ ਸਨਮਾਨਸੂਚਕ ਉਪਾਧੀ ਵੀ ਹੈ। ਤੇਰ੍ਹਵੀਂ ਸਦੀ ਦੇ ਪ੍ਰਸਿੱਧ ਵਿਦਵਾਨ ਕਵੀ ਅਤੇ ਸੰਗੀਤਕਾਰ ਅਮੀਰ ਖੁਸਰੋ ਦੇ ਨਾਂ ਵਿਚਲਾ ਅਮੀਰ ਦਾ ਖਿਤਾਬ ਉਸ ਨੂੰ ਤੁਰਕ ਪਿਛੋਕੜ ਦੇ ਬਾਦਸ਼ਾਹ ਜਲਾਲੂਦੀਨ ਫਿਰੋਜ਼ ਖਿਲਜੀ ਨੇ ਬਖਸ਼ਿਆ ਸੀ। ਉਸ ਦਾ ਅਸਲੀ ਤੇ ਪੂਰਾ ਨਾਂ ਸੀ, ਅਬੁਲ ਹਸਨ ਯਾਮੀਨੁੱਦੀਨ ਖੁਸਰੋ। ਅਮੀਰ ਦੇ ਟਾਕਰੇ ਅਮੀਰਾ ਔਰਤਾਂ ਦੇ ਨਾਂ ਹੁੰਦੇ ਹਨ ਪਰ ਖਿਤਾਬ ਨਹੀਂ, ਐਨ ਉਸੇ ਤਰ੍ਹਾਂ ਜਿਵੇਂ ਕੁੜੀਆਂ ਦਾ ਨਾਂ ਰਾਣੀ ਹੁੰਦਾ ਹੈ। ਅੰਗਰੇਜ਼ੀ ਵਿਚ ਇਹ ਸ਼ਬਦ ਓਮਰਿ ਵਜੋਂ ਚਲਦਾ ਹੈ। ਫਾਰਸ ਦੀ ਖਾੜੀ ਦੇ ਅਮੀਰਾਂ ਨੂੰ ਅਰਬੀ ਵਿਚ ਇਮਾਰਾ ਅਲ-ਖ਼ਲੀਜ ਆਖਿਆ ਜਾਂਦਾ ਹੈ। ਇਸ ਸ਼ਬਦ ਦਾ ਬਹੁਵਚਨ ਹੈ ਅਮਾਰਤ। ਸੱਤ ਅਰਬੀ ਦੇਸ਼ਾਂ ਦੇ ਸੰਘ ਨੂੰ ਦੌਲਤ ਅਲ-ਅਮਾਰਤ-ਅਲ ਅਰਬੀਆ ਅਲ-ਮੁਤਾਹਿਦਾ ਆਖਿਆ ਜਾਂਦਾ ਹੈ ਜੋ ਅੰਗਰੇਜ਼ੀ ਵਿਚ ੂAਓ (ੂਨਟਿeਦ Aਰਅਬ ਓਮਰਿਅਟeਸ) ਹੈ। ਇਥੇ ਓਮਰਿਅਟe ਸ਼ਬਦ ਵੀ ਅਮਾਰਤ ਦਾ ਅੰਗਰੇਜ਼ੀ ਰੁਪਾਂਤਰ ਹੀ ਹੈ।
ਅਰਬੀ ਵਿਚ ਅਮੀਰ ਦਾ ਬਹੁਵਚਨ ਉਮਰਾ ਹੈ, “ਸੁਲਤਾਨ ਖਾਨ ਮਲੂਕ ਉਮਰੇ” (ਗੁਰੂ ਨਾਨਕ ਦੇਵ)। ਮੁਹੰਮਦ ਬਖਸ਼ ਦੀ ਗਵਾਹੀ ਵੀ ਲੈ ਲਈਏ:
ਸ਼ਹਿਜ਼ਾਦੇ ਉਮਰਾ ਹਜ਼ਾਰਾਂ ਅਮੀਰ ਵਜ਼ੀਰ ਤਮਾਮੀ।
ਸਰਕਰਦੇ ਸਭ ਜੰਗੀ ਮੁਲਕੀ ਰਾਜੇ ਰਾਇ ਇਨਾਮੀ।
ਅਸੀਂ ਇਸ ਸ਼ਬਦ ਨੂੰ ਉਮਰਾਉ ਜਾਂ ਉਮਰਾਵ ਵਜੋਂ ਜਾਣਦੇ ਹਾਂ, “ਬਾਦਿਸਾਹ ਸਾਹ ਉਮਰਾਵ ਖਾਨ ਢਾਹਿ ਡੇਰੇ ਜਾਸੀ” (ਗੁਰੂ ਅਰਜਨ ਦੇਵ)। ਅਮੀਰ ਤੋਂ ਹੀ ਇਕ ਭਾਵਵਾਚਕ ਨਾਂਵ ਬਣਿਆ ਹੈ, ਅਮੀਰੀ। ਇਸ ਦਾ ਆਮ ਅਰਥ ਦੌਲਤਮੰਦੀ ਲਿਆ ਜਾਂਦਾ ਹੈ, “ਜੋ ਸੁਖ ਪਾਵਾ ਨਾਮ ਨਾਮ ਭਜਨ ਮੇਂ ਸੋ ਸੁਖ ਨਾਹਿੰ ਅਮੀਰੀ ਮੇਂ” (ਭਗਤ ਕਬੀਰ- ਇਹ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਨਹੀਂ ਹੈ।)
ਫਾਰਸੀ ਵਿਚ ਇਹ ਸ਼ਬਦ ਵਿਸ਼ੇਸ਼ਣ ਵੀ ਹੈ ਜਿਸ ਦਾ ਅਰਥ ਅਮੀਰਾਂ ਵਰਗਾ, ਸ਼ਾਹਾਨਾ ਆਦਿ ਹੈ। ਨਾਂਵ ਵਜੋਂ ਇਸ ਦਾ ਅਰਥ ਅਮੀਰ ਦੀ ਪਦਵੀ ਜਾਂ ਅਧਿਕਾਰ ਹੈ ਪਰ ਅਰਬੀ ਵਿਚ ਇਸ ਦਾ ਅਰਥ ਹੈ, ਅਮੀਰ ਸਬੰਧੀ।
ਅਮੀਰਜ਼ਾਦਾ ਦਾ ਸ਼ਾਬਦਿਕ ਅਰਥ ਹੈ, ਅਮੀਰ ਦਾ ਪੁੱਤਰ। ਇਥੇ ‘ਜ਼ਾਦਾ’ ਸ਼ਬਦ ਫਾਰਸੀ ਦਾ ਹੈ ਜਿਸ ਦਾ ਅਰਥ ਹੈ, ਜਾਇਆ। ਇਹ ਇਸ ਦਾ ਸੁਜਾਤੀ ਵੀ ਹੈ। ਅਮੀਰਜ਼ਾਦਾ ਦਾ ਅਰਬੀ ਵਿਚ ਅਰਥ ਖਾਨਦਾਨੀ ਬੰਦਾ ਜਾਂ ਸਾਹਿਬਜ਼ਾਦਾ ਹੈ। ਪੰਜਾਬ ਵਿਚ ਕਾਕੇ ਅਜਿਹੇ ਹੁੰਦੇ ਹਨ, ਅਮੀਰਜ਼ਾਦੀ ਹੋਈ ਸ਼ਹਿਜ਼ਾਦੀ, ਅਮੀਰੀ ਠਾਠ ਵਾਲੀ ਲੜਕੀ। ਅਮੀਰਾਂ ਦੀ ਔਲਾਦ ਆਪਣੇ ਵਾਲਿਦ ਤੋਂ ਵੀ ਵਧ ਐਸ਼ਪ੍ਰਸਤ ਹੁੰਦੀ ਹੈ। ਇਸ ਲਈ ਇਸ ਵਿਚ ਅਜਿਹੇ ਅਰਥ ਨਿਹਿਤ ਹਨ। ਸਮੇਂ ਦੀ ਮਾਰ ਨਾਲ ਅਮੀਰਜ਼ਾਦਾ ਇਸ ਤਰ੍ਹਾਂ ਨਪੀੜਿਆ ਗਿਆ: ਅਮੀਰਜ਼ਾਦਾ>ਮੀਰਜ਼ਾਦਾ>ਮੀਰਜ਼ਾ>ਮਿਰਜ਼ਾ। ਧਿਆਨ ਰਹੇ ਸ਼ਬਦ ਦਾ ਇਹ ਸੰਗੋੜ ਫਾਰਸੀ ਵਿਚ ਹੋਇਆ ਨਾ ਕਿ ਅਰਬੀ ਵਿਚ। ਮਿਰਜ਼ਾ ਨੇ ਆਪਣੀ ਆਜ਼ਾਦ ਹਸਤੀ ਕਾਇਮ ਕਰ ਲਈ। ਬਹੁਤ ਸਾਰੀਆਂ ਮੁਸਲਿਮ ਬਾਦਸ਼ਾਹੀ ਹਕੂਮਤਾਂ ਵਿਚ ਇਸ ਸ਼ਬਦ ਦੀ ਵੀ ਪਦਵੀ ਵਜੋਂ ਵਰਤੋਂ ਹੁੰਦੀ ਹੈ। ਤੁਰਕੀ ਵਿਚ ਜਾ ਕੇ ਮਿਰਜ਼ਾ ਮੋਰਜ਼ਾ ਬਣ ਗਿਆ। ਭਾਰਤ ਵਿਚ ਮੁਗਲ ਸ਼ਾਸਨ ਦੌਰਾਨ ਬਾਦਸ਼ਾਹਾਂ ਦੇ ਪੁੱਤਰਾਂ ਨੂੰ ਇਹ ਖਿਤਾਬ ਦਿੱਤੇ ਜਾਂਦੇ ਸਨ। ਇਹ ਨਾਂ ਦੇ ਅੱਗੇ ਜਾਂ ਪਿਛੇ ਦੋਵੇਂ ਤਰ੍ਹਾਂ ਲਾਏ ਜਾਂਦੇ ਸਨ। ਬਾਬਰ ਦੇ ਦੂਜੇ ਪੁੱਤਰ ਦਾ ਨਾਂ ਮਿਰਜ਼ਾ ਕਾਮਰਾਨ ਸੀ। ਬਾਬਰ ਦੇ ਪੋਤੇ ਦਾ ਨਾਂ ਖੁਸਰੋ ਮਿਰਜ਼ ਸੀ। ਪਾਦਸ਼ਾਹੀ ਦਾ ਖਿਤਾਬ ਧਾਰਨ ਤੋਂ ਪਹਿਲਾਂ ਖੁਦ ਬਾਬਰ ‘ਬਾਬਰ ਮਿਰਜ਼ਾ’ ਕਹਾਉਂਦਾ ਸੀ। ਮੁਗਲ ਰਾਜ ਦੌਰਾਨ ਕਈ ਰਾਜਪੂਤ ਪਿੱਛੋਕੜ ਵਾਲੇ ਖੇਤਰੀ ਰਾਜੇ ਵੀ ਮਿਰਜ਼ਾ ਕਹਾਉਣ ਲੱਗੇ। ਰਾਜਪੂਤ ‘ਰਾਜ ਪੁੱਤਰ’ ਦਾ ਸ਼ਬਦਿਕ ਅਰਥ ਵੀ ਮਿਰਜ਼ਾ ਨਾਲ ਮਿਲਦਾ-ਜੁਲਦਾ ਹੈ। ਪੰਜਾਬ ਦੇ ਮੁਸਲਿਮ ਜੱਟਾਂ ਵਿਚ ‘ਮਿਰਜ਼ਾ ਸਾਹਿਬਾਂ’ ਵਾਲਾ ਮਿਰਜ਼ਾ ਖਾਨ ਅਜਿਹਾ ਹੀ ਸੀ। ਬਾਅਦ ਵਿਚ ਮਿਰਜ਼ਾ ਖਾਨਦਾਨੀ ਨਾਂਵਾਂ ਵਜੋਂ ਵੀ ਵਰਤਿਆ ਜਾਣ ਲੱਗਾ। ਮਿਰਜ਼ਾ ਗਾਲਿਬ ਦੇ ਦਾਦੇ ਦਾ ਨਾਂ ਮਿਰਜ਼ਾ ਕੂਕਨ ਬੇਗ ਸੀ ਜੋ ਉਜ਼ਬੇਕਿਸਤਾਨ ਤੋਂ ਆ ਕੇ ਭਾਰਤ ਵਸਿਆ ਸੀ। ਉਸ ਦੇ ਪਿਤਾ ਦਾ ਨਾਂ ਮਿਰਜ਼ਾ ਅਬਦੁੱਲਾ ਬੇਗ ਖਾਂ ਸੀ। ਦੀਆ ਮਿਰਜ਼ਾ ਇਕ ਮਸ਼ਹੂਰ ਐਕਟਰੈਸ ਹੈ। ਅਹਿਮਦੀਆ ਮੁਸਲਮਾਨ ਫਿਰਕੇ ਅਹਿਮਦੀਆ ਦੇ ਬਾਨੀ ਦਾ ਨਾਂ ਮਿਰਜ਼ਾ ਗੁਲਾਮ ਅਹਿਮਦ ਹੈ ਜੋ ਕਾਦੀਆਂ ਵਿਚ ਪੈਦਾ ਹੋਇਆ। ਮਿਰਜ਼ਾ ਗੁਲਾਮ ਅਹਿਮਦ ਦੀ ਬੰਸਾਵਲੀ ਵਿਚ ਉਨ੍ਹਾਂ ਦੇ ਵਡੇਰੇ ਮਿਰਜ਼ਾ ਹਾਦੀ ਬੇਗ ਦਾ ਨਾਂ ਆਉਂਦਾ ਹੈ ਜੋ ਸੋਲ੍ਹਵੀਂ ਸਦੀ ਦੇ ਅੱਧ ਵਿਚ ਸਮਰਕੰਦ ਤੋਂ ਆਪਣੇ ਲੌ ਲਸ਼ਕਰ ਨਾਲ ਪੰਜਾਬ ਆਇਆ। ਬਾਬਰ ਨੇ ਮਿਰਜ਼ੇ ਨੂੰ 80 ਪਿੰਡਾਂ ਦੀ ਜਗੀਰ ਬਖ਼ਸ਼ੀ ਤੇ ਇਲਾਕੇ ਦਾ ਕਾਦੀ (ਕਾਜ਼ੀ) ਥਾਪਿਆ। ਇਸ ਜਗੀਰ ਦੇ ਕੇਂਦਰ ਵਿਚ ਉਸ ਨੇ ‘ਇਸਲਾਮ ਪੁਰ ਕਾਜ਼ੀ’ ਨਾਂ ਦਾ ਕਸਬਾ ਵਸਾਇਆ । ਸਮੇਂ ਨਾਲ ਕਸਬੇ ਦਾ ਨਾਂ ਪਹਿਲਾਂ ਕਾਜ਼ੀਮਜੀ ਬਣਿਆ ਤੇ ਫਿਰ ਕਾਦੀਆਂ। ਉਤਰ ਪ੍ਰਦੇਸ਼ ਦੇ ਸ਼ਹਿਰ ਮਿਰਜ਼ਾਪੁਰ ਦਾ ਨਾਂ ਵੀ ਇਸ ਦੇ ਪੁਰਾਣੇ ਹੁਕਮਰਾਨ ਸ਼ੇਖ ਮਿਰਜ਼ਾ ਦੇ ਨਾਂ ‘ਤੇ ਪਿਆ। ਪੰਜਾਬ, ਪਾਕਿਸਤਾਨ ਤੇ ਬੰਗਲਾਦੇਸ਼ ਦੇ ਕੁਝ ਪਿੰਡਾਂ ਦਾ ਨਾਂ ਮਿਰਜ਼ਾਪੁਰ ਹੈ।
ਉਂਜ ਤਾਂ ਕਹਿੰਦੇ ਹਨ, ਅਮੀਰ ਲੋਕ ਹੋਰ ਅਮੀਰ ਹੋਈ ਜਾਂਦੇ ਹਨ ਪਰ ਅਮੀਰ ਲਫਜ਼ ਕੁਝ ਗਰੀਬ ਹੋ ਕੇ ਆਪਣੀ ‘ਅ’ ਧੁਨੀ ਗੰਵਾ ਬੈਠਾ ਤੇ ਬਣ ਗਿਆ ‘ਮੀਰ’। ਮੀਰ ਦੇ ਕਈ ਅਰਥ ਅਮੀਰ ਜਾਂ ਮਿਰਜ਼ੇ ਨਾਲ ਹੀ ਮਿਲਦੇ ਹਨ, “ਮਿਥਿਆ ਰਾਜ ਜੋਬਨ ਅਰੁ ਉਮਰੇ ਮੀਰ ਮਲਕ ਫਾਨਾਇਆ॥” (ਗੁਰੂ ਅਰਜਨ ਦੇਵ) ਗੁਰਬਾਣੀ ਵਿਚ ਪਰਮਾਤਮਾ ਲਈ ਵੀ ਮੀਰ/ਮੀਰਾ ਸ਼ਬਦ ਵਰਤਿਆ ਗਿਆ ਹੈ, “ਅਨਦਿਨੁ ਲਾਲੇ ਚਾਕਰੀ ਗੋਲੇ ਸਿਰਿ ਮੀਰਾ॥” (ਗੁਰੂ ਨਾਨਕ ਦੇਵ) ਮੀਰ ਮੁਖੀ, ਸਰਦਾਰ ਨੂੰ ਵੀ ਆਖਦੇ ਹਨ:
ਕਿੱਥੇ ਮੀਰ ਮਲਕ ਸੁਲਤਾਨਾਂ, ਸੱਭੇ ਛਡ ਗਏ ਟਿਕਾਣਾ,
ਕੋਈ ਮਾਰ ਨਾ ਬੈਠੇ ਠਾਣਾ, ਲਸ਼ਕਰ ਦਾ ਜਿਨਾਂ ਸ਼ੁਮਾਰ ਨਹੀਂ।
ਤਾਸ਼ ਵਿਚ ਮੀਰ (ਮੀਰੇਤਾਸ਼) ਦਾ ਅਰਥ ਬਾਦਸ਼ਾਹ ਹੁੰਦਾ ਹੈ। ਫਾਰਸੀ ਵਿਚ ਪੰਜਾਬੀ ‘ਮੁੱਖ’ ਵਾਂਗ ਮੀਰ ਨਾਲ ਕਈ ਸੰਯੁਕਤ ਸ਼ਬਦ ਬਣੇ ਹਨ। ਤੋਪਖਾਨੇ ਦੇ ਮੁਖੀਏ ਨੂੰ ਮੀਰ ਆਖਦੇ ਹਨ। ਪੰਜਾਬੀ ਵਿਚ ਮਿਰਾਸੀਆਂ ਲਈ ਸਨਮਾਨਸੂਚਕ ਲਕਬ ਹੈ, ਮੀਰ-ਜੀ। ਕਈ ਮੁਸਲਿਮ ਨਾਂਵਾਂ ਵਿਚ ਮੀਰ ਸ਼ਬਦ ਆਉਂਦਾ ਹੈ ਜਿਵੇਂ ਮੀਆਂ ਮੀਰ (ਮੀਰ ਮਹੰਮਦ) ਜੋ ਕਾਦਰੀ ਫਿਰਕੇ ਨਾਲ ਸਬੰਧਤ ਸਨ। ਇਕ ਹੋਰ ਇਤਿਹਾਸਕ ਹਸਤੀ ਹੈ ਲਾਹੌਰ ਦਾ ਸੂਬੇਦਾਰ ਮੀਰ ਮੰਨੂ ਜਿਸ ਤੋਂ ਪੰਜਾਬੀ ਖੂਬ ਵਾਕਿਫ ਹਨ। ਮੀਰ ਤੋਂ ਬਣੇ ਮੀਰੀ ਦਾ ਅਰਬੀ ਵਿਚ ਅਰਥ ਹੈ ਸਰਕਾਰੀ ਜੋ ਸੰਯੁਕਤ ਸ਼ਬਦਾਂ ਵਿਚ ਵਰਤਿਆ ਜਾਂਦਾ ਹੈ ਜਿਵੇਂ ਮਾਲ-ਅਲ-ਮੀਰੀ ਦਾ ਮਤਲਬ ਹੋਇਆ ਸਰਕਾਰੀ ਟੈਕਸ। ਮੀਰੀ ਗੁਣ ਮੁਖ ਗੁਣ ਹੁੰਦਾ ਹੈ। ਸਿੱਖ ਧਰਮ ਦੇ ਪ੍ਰਸੰਗ ਵਿਚ ‘ਮੀਰੀ ਪੀਰੀ’ ਜੁੱਟ ਵਿਚ ਮੀਰੀ ਦਾ ਸਬੰਧ ਅਮੀਰੀ ਅਰਥਾਤ ਬਾਦਸ਼ਾਹਤ ਨਾਲ ਹੈ। ਖਾਲਸੇ ਦੀ ਸਿਰਜਣਾ ਅਤੇ ਸਿੱਖ ਰਾਜ ਨਾਲ ਮੀਰੀ ਉਭਰ ਕੇ ਆਈ।
ਸਾਰੇ ਸ਼ਬਦਾਂ ਅੰਦਰ ਅਰਬੀ ਧਾਤੂ ‘ਅ-ਮ-ਰ’ ਬੈਠਾ ਹੈ ਜਿਸ ਵਿਚ ਹੁਕਮ ਦੇਣ ਦੇ ਭਾਵ ਹਨ। ਇਸ ਤੋਂ ਅਰਬੀ ਸ਼ਬਦ ਬਣਿਆ ਅਮਰ ਜਿਸ ਦਾ ਅਰਥ ਹੈ ਹੁਕਮ, ਫਰਮਾਨ ਜਾਂ ਆਦੇਸ਼। ਇਸ ਦਾ ਹੋਰ ਅਰਥ ਹੈ ਅਮੀਰ ਬਣਾਉਣਾ, ਸੱਤਾ ਜਾਂ ਅਧਿਕਾਰ ਦੇਣਾ। ਜਿਵੇਂ ਹੁਕਮ ਤੋਂ ਰਾਜ ਕਰਨ ਵਾਲਾ ਦੇ ਅਰਥਾਂ ਵਾਲਾ ਹਾਕਮ ਜਾਂ ਹੁਕਮਰਾਨ ਬਣਿਆ ਇਸੇ ਤਰ੍ਹਾਂ ਅਮੀਰ ਆਦਿ ਲਫਜ਼ ਬਣੇ ਹਨ। ਅੰਗਰੇਜ਼ੀ ਕਮਾਂਡਰ ਵੀ ਕਮਾਂਡ ਤੋਂ ਹੀ ਬਣਿਆ ਹੈ। ਗੁਰੂ ਗ੍ਰੰਥ ਸਾਹਿਬ ਵਿਚ ਅਮਰ ਸ਼ਬਦ ਹੁਕਮ ਦੇ ਅਰਥਾਂ ਵਿਚ ਆਇਆ ਹੈ, “ਸਿਰ ਊਪਰਿ ਅਮਰੁ ਕਰਾਰਾ॥” (ਗੁਰੂ ਅਰਜਨ ਦੇਵ)।