ਮਨੁੱਖ ਤੇ ਰੁੱਖ

ਕਿਰਪਾਲ ਕੌਰ
ਫੋਨ: 815-356-9535
ਮਨੁੱਖ ਤੇ ਰੁੱਖ ਸਾਹਾਂ ਦੇ ਸਾਂਝੀ ਹਨ। ਦਾਦੀ ਮਾਂ ਕਹਾਣੀ ਸੁਣਾਉਂਦੀ ਹੁੰਦੀ, ਰੱਬ ਨੇ ਜਦੋਂ ਮਨੁੱਖ ਤੇ ਰੁੱਖ ਬਣਾਏ, ਤਾਂ ਕਿਹਾ, “ਬੰਦਿਆ, ਤੂੰ ਇਸ ਦੀ ਪਾਲਣਾ ਕਰੀਂ। ਜਿੰਨੀ ਦੇਰ ਰੁੱਖਾਂ ਦਾ ਪਾਲਕ ਬਣ ਕੇ ਰਹੇਂਗਾ, ਸੁੱਖ ਮਾਣੇਂਗਾ, ਜਿਸ ਦਿਨ ਘਾਤਕ ਬਣ ਗਿਆ, ਤੇਰੇ ਸੁਖੀ ਸੰਸਾਰ ਤੇ ਤੇਰੀ ਤੰਦਰੁਸਤੀ ਨੂੰ ਸੰਕਟ ਤੇ ਰੋਗ ਦੀ ਮਾਰ ਪੈਣੀ ਸ਼ੁਰੂ ਹੋ ਜਾਵੇਗੀ।”

ਮਨੁੱਖ ਦੀਆਂ ਮੁਢਲੀਆਂ ਤਿੰਨ ਲੋੜਾਂ ਵਿਚ ਪਹਿਲੀ ਕੁੱਲੀ ਸੀ/ਹੈ। ਆਪਣੀ ਕੁੱਲੀ ਅੰਦਰ ਬੰਦਾ ਭੁੱਖਾ ਵੀ ਬੈਠਾ ਰਹੂ। ਮਨੁੱਖ ਨੇ ਕੱਚੀਆਂ ਕੰਧਾਂ ਉਸਾਰ ਕੇ, ਉਪਰ ਰੁੱਖਾਂ ਦੇ ਤਣੇ ਤੇ ਫਿਰ ਛੋਟੀਆਂ ਲੱਕੜਾਂ ਰੱਖ ਛੱਤ ਬਣਾ ਲਈ। ਸਾਥ ਤੇ ਸੇਵਾ ਵਧਦੀ ਗਈ। ਘਰ ਦੀ ਛੱਤ ਹੀ ਨਹੀਂ; ਬੂਹੇ-ਬਾਰੀਆਂ, ਅਲਮਾਰੀਆਂ-ਤਾਕੀਆਂ, ਮੰਜਾ-ਪੀੜ੍ਹਾ ਸਭ ਕੁਝ ਬਣਨ ਲੱਗਾ। ਖੇਤੀ ਦੇ ਸੰਦ ਹਲ-ਪੰਜਾਲੀ, ਪਾਣੀ ਕੱਢਣ ਲਈ ਰੱਸਾ, ਰੱਸਾ ਸੌਖਾ ਖਿੱਚ ਹੋ ਜਾਵੇ, ਇਸ ਲਈ ਲੱਕੜ ਦਾ ਘਿਰੜਾ ਬਣ ਗਿਆ।
ਘਰ ਦੀਆਂ ਹੋਰ ਲੋੜਾਂ ਜਿਵੇਂ ਚਰਖਾ, ਚੱਕੀ ਦਾ ਹੱਥਾ, ਮਧਾਣੀ, ਆਟੇ ਲਈ ਪਰਾਤੜਾ, ਸਾਗ ਘੋਟਣਾ, ਕੜਛੀ, ਘੜੇ ਰੱਖਣ ਲਈ ਘੜੌਂਜੀ ਸਣੇ ਮਨੁੱਖ ਹੋਰ ਅਨੇਕਾਂ ਵਸਤਾਂ ਲੱਕੜ ਦੀਆਂ ਵਰਤਦਾ। ਬੈਠਣ-ਪੈਣ ਲਈ ਮੰਜਾ-ਪੀੜ੍ਹਾ, ਸੰਦੂਕ। ਪਤਾ ਨਹੀਂ ਕਿੰਨੇ ਸੁੱਖ-ਸਾਧਨ ਮਨੁੱਖ ਨੇ ਬਣਾ ਲਏ। ਜੁੱਲੀ ਦਾ ਆਹਰ ਵੀ ਹੋ ਗਿਆ ਤੇ ਗੁੱਲੀ ਦਾ ਵੀ। ਸੰਦ ਬਣਾ ਕੇ ਖੇਤੀ ਕੀਤੀ ਤੇ ਚਰਖੇ ‘ਤੇ ਸੂਤ ਕੱਤਿਆ।
ਰੁੱਖ ਦੇ ਹਰੇ-ਭਰੇ ਪੱਤੇ ਮਨੁੱਖ ਦੀ ਆਪਣੀ ਖੁਸ਼ਹਾਲੀ ਦੇ ਸੂਚਕ ਜਾਪਣ ਲੱਗੇ। ਇਸ ਲਈ ਖੁਸ਼ੀ ਦੇ ਮੌਕੇ ਹਰੇ ਪੱਤੇ ਦਰਵਾਜ਼ੇ ਉਤੇ ਬੰਨ੍ਹੇ ਜਾਂਦੇ। ਬੱਚੇ ਲਈ ਮਾਸੀਆਂ-ਭੂਆ ਪਾਲਣਾ ਲਿਆਉਂਦੀਆਂ। ਪਾਲਣਾ ਵੀ ਲੱਕੜ ਦਾ ਹੀ ਬਣਦਾ। ਅੱਜ ਭਾਵੇਂ ਰਬੜ, ਪਲਾਸਟਿਕ ਤੇ ਹੋਰ ਬਹੁਤ ਕੁਝ ਆ ਗਿਆ ਹੈ, ਪਰ ਪੁਰਾਣੇ ਵੇਲਿਆਂ ਵਿਚ ਇਹ ਸਭ ਲੱਕੜ ਦਾ ਹੀ ਹੁੰਦਾ ਸੀ। ਇਥੋਂ ਤੱਕ ਕਿ ਬੱਚੇ ਦਾ ਛੁਣ-ਛੁਣਾ ਵੀ ਲੱਕੜ ਦਾ ਹੀ ਬਣਦਾ। ਤੁਰਨਾ ਸਿੱਖਣ ਜਾਂ ਤੁਰਦੇ ਬੱਚੇ ਨੂੰ ਸਹਾਰਾ ਦੇਣ ਲਈ ਗਡੀਰਨਾ ਵੀ ਲੱਕੜ ਦਾ। ਖੂੰਡੀ, ਗੁੱਲੀ-ਡੰਡਾ ਲੱਕੜ ਦੇ।
ਬਣਾਉਣ ਵਾਲੇ ਕਾਰੀਗਰ ਸਭ ਜਾਣਦੇ ਸਨ ਕਿ ਕਿਹੜੀ ਚੀਜ਼ ਹਲਕੀ ਲੱਕੜ ਦੀ ਬਣਨੀ ਹੈ ਤੇ ਕਿਹੜੀ ਭਾਰੀ ਦੀ। ਕਿਸ ਰੁੱਖ ਦੀ ਲੱਕੜ ਨਰਮ, ਹਲਕੀ ਤੇ ਮਜ਼ਬੂਤ ਹੈ। ਪਿਆਰ ਨਿਸ਼ਾਨੀਆਂ ਬੱਚਿਆਂ ਨੂੰ ਹੀ ਨਹੀਂ ਸਨ ਦਿੱਤੀਆਂ ਜਾਂਦੀਆਂ, ਮਾਪੇ ਧੀਆਂ ਨੂੰ ਵੀ ਦਿੰਦੇ। ਪੇਂਡੂ ਸਭਿਆਚਾਰ ਦਾ ਅਨਿਖੜਵਾਂ ਅੰਗ ਸੀ ਚਰਖਾ ਤੇ ਸੰਦੂਕ ਜੋ ਮਾਪੇ ਧੀਆਂ ਨੂੰ ਦਿੰਦੇ। ਕੋਈ ਵੀ ਸੁਆਣੀ, ਭਾਵੇਂ ਜਵਾਨ ਹੋਵੇ, ਅਧਖੜ ਜਾਂ ਬੁੱਢੀ; ਮਾਪਿਆਂ ਤੋਂ ਲਿਆਂਦਾ ਚਰਖਾ ਤੇ ਸੰਦੂਕ ਉਨ੍ਹਾਂ ਨੂੰ ਜਾਨੋਂ ਵੱਧ ਪਿਆਰੇ ਹੁੰਦੇ। ਹੋਰ ਵੀ ਬਹੁਤ ਕੁਝ ਮਿਲਿਆ ਹੁੰਦਾ ਸੀ, ਪਰ ਚਰਖੇ ਸੰਦੂਕ ਦੀ ਗੱਲ ਹੀ ਕੁਝ ਹੋਰ ਸੀ। ਅੱਜ ਵੀ ਲੋਕ ਗੀਤਾਂ ਨੇ ਚਰਖੇ ਅਤੇ ਸੰਦੂਕ ਦੀਆਂ ਯਾਦਾਂ ਸਾਂਭ ਕੇ ਰੱਖੀਆਂ ਹੋਈਆਂ ਹਨ, ਅੱਜ ਇਹ ਸਭ ਜੀਵਨ ਵਿਚੋਂ ਲੋਪ ਹੋ ਗਿਆ ਹੈ।
ਜਿਵੇਂ ਕਹਿੰਦੇ ਹਨ, ਕਾਂ ਵੀ ਵੱਸਦੇ ਘਰ ਦੇ ਬਨੇਰੇ ‘ਤੇ ਹੀ ਬੈਠਦਾ ਹੈ, ਉਸੇ ਤਰ੍ਹਾਂ ਰੁੱਖ ਵੀ ਵੱਸਦੇ ਵਿਹੜੇ ਦੀ ਰੌਣਕ ਹੁੰਦੇ ਹਨ। ਉੱਜੜੇ ਵਿਹੜੇ ਵਿਚ ਰੁੱਖ ਨਹੀਂ, ਜੰਗਲ ਹੁੰਦਾ ਹੈ। ਵੱਸਦੇ ਵਿਹੜੇ ਦਾ ਸ਼ਿੰਗਾਰ ਹੁੰਦੇ ਹਨ ਰੁੱਖ। ਬਰਸਾਤ ਹੋਵੇ ਤਾਂ ਰੁੱਖ ਥੱਲੇ ਹੋ ਜਾਵੋ, ਗਰਮੀ ਤੇ ਬਰਸਾਤ ਰੁੱਤ ਦੇ ਹੁੰਮਸ ਵਿਚ ਤਾਂ ਰੁੱਖਾਂ ਥੱਲੇ ਸਵਰਗ ਹੁੰਦਾ ਹੈ।
ਅਸੀਂ ਰੁੱਖਾਂ ਦੀ ਸੇਵਾ ਸੰਭਾਲ ਆਪਣੇ ਬੱਚਿਆਂ ਤੇ ਮਾਪਿਆਂ ਵਾਂਗ ਕਰਦੇ ਸੀ। ਬੋਹੜ, ਪਿਲਕਣ ਤੇ ਪਿੱਪਲ ਦੇ ਦਰਖਤ ਸਾਨੂੰ ਬਜ਼ੁਰਗਾਂ ਵਾਂਗ ਲਗਦੇ। ਬੋਹੜ ਬਹੁਤ ਲੰਮੀ ਉਮਰ ਭੋਗਣ, ਸਦਾ ਹਰਿਆ ਤੇ ਬਹੁਤ ਭਾਰੇ ਫੈਲਾਅ ਵਾਲਾ ਰੁੱਖ ਹੈ। ਇਸੇ ਲਈ ਅਸੀਂ ਇਸ ਨੂੰ ਬਾਬਾ ਬੋਹੜ ਕਹਿ ਕੇ ਸਤਿਕਾਰਦੇ ਹਾਂ। ਬੋਹੜ ਤੇ ਪਿੱਪਲ ਦੇ ਗਿਰਦ ਪੱਕੇ ਚਬੂਤਰੇ ਬਣਾ ਦਿੱਤੇ ਜਾਂਦੇ ਹਨ ਜਿਥੇ ਬੈਠ ਕੇ ਲੋਕ ਛਾਂ-ਹਵਾ ਦੇ ਨਾਲ-ਨਾਲ ਸੁੱਖ-ਦੁੱਖ ਦਾ ਹਿਸਾਬ ਕਰਦੇ। ਸੱਥ/ਪੰਚਾਇਤ ਵੀ ਇਥੇ ਹੀ ਬੈਠ ਲੈਂਦੀ। ਇਨ੍ਹਾਂ ਰੁੱਖਾਂ ਨੂੰ ਧਾਗੇ ਬੰਨ੍ਹ, ਲੋਕ ਆਪਣੀ ਤੇ ਆਪਣੇ ਪਿਆਰਿਆਂ ਦੀ ਲੰਮੀ ਉਮਰ ਮੰਗਦੇ।
ਤੂਤ ਦੇ ਰੁੱਖ ਦੀ ਛਾਂ ਸੰਘਣੀ ਤੇ ਠੰਢੀ ਹੁੰਦੀ ਹੈ। ਸਰਦੀ ਵਿਚ ਇਸ ਦੇ ਪੱਤੇ ਝੜ ਜਾਂਦੇ ਹਨ ਤੇ ਗਰਮੀ ਵਿਚ ਫੁਟ ਪੈਂਦੇ ਹਨ। ਕੋਮਲ ਪੱਤੇ ਠੰਢੀ ਹਵਾ ਦਿੰਦੇ ਹਨ। ਜਿਨ੍ਹਾਂ ਨੇ ਗਰਮੀ ਰੁੱਤੇ ਤੂਤ ਦੀ ਛਾਂ ਮਾਣੀ ਹੈ, ਉਨ੍ਹਾਂ ਨੂੰ ਏæਸੀæ ਰਾਸ ਨਹੀਂ ਆਉਂਦਾ। ਸਰਦ ਰੁੱਤ ਤੋਂ ਪਹਿਲਾਂ ਇਸ ਨੂੰ ਛਾਂਗਿਆ ਜਾਂਦਾ ਹੈ। ਇਸ ਦੀਆਂ ਪਤਲੀਆਂ ਛਟੀਆਂ ਲਚਕੀਲੀਆਂ ਹੋਣ ਕਰ ਕੇ ਟੋਕਰੇ-ਟੋਕਰੀਆਂ ਆਦਿ ਬਣਾਉਣ ਦੇ ਕੰਮ ਆਉਂਦੀਆਂ ਹਨ। ਤੂਤੀਆਂ ਮਿੱਠੀਆਂ, ਰਸ ਭਰੀਆਂ ਤੇ ਗੂੜ੍ਹੇ ਰੰਗ ਦੀਆਂ ਹੁੰਦੀਆਂ ਹਨ।
ਤੂਤ ਤੋਂ ਬਾਅਦ ਵਿਹੜੇ ਵਿਚ ਨਿੰਮ ਦਾ ਰੁੱਖ ਵੀ ਆਮ ਹੁੰਦਾ ਸੀ। ਨਿੰਮ ਦੀਆਂ ਨਿਮੋਲ਼ੀਆਂ ਖੂਨ ਸਾਫ ਕਰਦੀਆਂ ਹਨ, ਦਾਤਣ ਦੰਦਾਂ ਨੂੰ ਨਿਰੋਗ ਰੱਖਦੀ ਹੈ। ਸੱਟ-ਚੋਟ ਲੱਗਣ ‘ਤੇ ਨਿੰਮ ਦੇ ਪੱਤੇ ਉਬਾਲ ਕੇ ਜ਼ਖਮ ਨੂੰ ਧੋਣ ਨਾਲ ਜਲਦੀ ਠੀਕ ਹੋ ਜਾਂਦਾ ਹੈ। ਫੋੜਾ ਹੋਣ ‘ਤੇ ਪੱਤੇ ਗਰਮ ਕਰ ਕੇ ਬੰਨ੍ਹਣ ਨਾਲ ਠੀਕ ਹੋ ਜਾਂਦਾ ਹੈ। ਜਾਪਦਾ ਹੈ ਜਿਵੇਂ ਰੁੱਖਾਂ ਨੇ ਜੀਵਨ ਨੂੰ ਸੁਖਾਵਾਂ ਤੇ ਤੰਦਰੁਸਤ ਬਣਾਉਣ ਦੀ ਪੂਰੀ ਗਰੰਟੀ ਲਈ ਹੋਵੇ!
ਇਸੇ ਤਰ੍ਹਾਂ ਟਾਹਲੀ, ਕਿੱਕਰ ਤੇ ਫਲਾਹੀ ਮਜ਼ਬੂਤ ਲੱਕੜ ਵਾਲੇ ਲੰਮੀ ਉਮਰ ਵਾਲੇ ਛਾਂ-ਦਾਰ ਰੁੱਖ ਹਨ। ਫਲਾਹੀ ਦੀ ਦਾਤਣ ਤਾਂ ਟੂ-ਇਨ-ਵਨ ਹੈ। ਇਸ ਦੀ ਦਾਤਣ ਦਾ ਬੁਰਸ਼ ਵੀ ਬਹੁਤ ਸੋਹਣਾ ਬਣਦਾ ਹੈ ਤੇ ਰੋਗ ਵੀ ਦੂਰ ਕਰਦਾ ਹੈ। ਇਹ ਆਪੇ ਹੀ ਪੇਸਟ ਹੈ। ਮਜ਼ਬੂਤੀ ਵਿਚ ਕਿੱਕਰ ਲੋਹੇ ਨੂੰ ਵੀ ਮਾਤ ਪਾਉਂਦੀ ਹੈ। ਕਿੱਕਰ ਦੇ ਤੁੱਕੇ ਕਈ ਬਿਮਾਰੀਆਂ ਦਾ ਇਲਾਜ ਹਨ। ਇਸ ਦੇ ਤਣੇ ਵਿਚੋਂ ਨਿਕਲਦਾ ਰਸ ਜੰਮ ਕੇ ਗੂੰਦ ਬਣਦਾ ਹੈ ਜੋ ਕਈ ਬਿਮਾਰੀਆਂ ਦੇ ਇਲਾਜ ਲਈ ਵਰਤਿਆ ਜਾਂਦਾ ਹੈ। ਕਿੱਕਰ ਦਾ ਸੱਕ ਉਬਾਲ ਕੇ ਉਸ ਵਿਚ ਸੂਤ ਰੰਗਦੇ ਹਨ। ਪੱਕਾ ਖਾਖੀ (ਖਾਕੀ) ਰੰਗ ਰੰਗਿਆ ਜਾਂਦਾ। ਫਿਰ ਇਸ ਖਾਕੀ ਤੇ ਚਿੱਟੇ ਸੂਤ ਨਾਲ ਡੱਬੀਆਂ ਵਾਲੀਆਂ ਖੇਸੀਆਂ ਤੇ ਦਰੀਆਂ ਬੁਣੀਆਂ ਜਾਂਦੀਆਂ।
ਪੁਰਾਣੇ ਵੇਲਿਆਂ ‘ਚ ਸਾਉਣ ਮਹੀਨੇ ਦੀ ਉਡੀਕ ਪੇਂਡੂ ਮੁਟਿਆਰਾਂ ਨੂੰ ਬਹੁਤ ਹੁੰਦੀ ਸੀ। ਸਹੁਰੇ ਗਈਆਂ ਨੇ ਪੇਕੇ ਘਰ ਆਉਣਾ। ਕੁਆਰੀਆਂ ਨੂੰ ਵੀ ਕੰਮ ਤੋਂ ਛੁੱਟੀ ਹੋ ਜਾਂਦੀ। ਰੁੱਖਾਂ ਨਾਲ ਪੀਂਘਾਂ ਪੈਂਦੀਆਂ। ਪਿੰਡ ਦੀਆਂ ਮੁਟਿਆਰਾਂ-ਧੀਆਂ-ਨੂੰਹਾਂ ਰੰਗ-ਬਿਰੰਗੇ ਦੁਪੱਟਿਆਂ ਵਿਚ ਸਜੀਆਂ ਪੀਂਘਾਂ ਝੂਟਦੀਆਂ ਤੇ ਗਿੱਧਾ ਵੀ ਪਾਉਂਦੀਆਂ। ਪੀਂਘ ਦੇ ਹੁਲਾਰੇ ਨਾਲ ਦਿਲਾਂ ਅੰਦਰ ਦੱਬੀਆਂ ਰੰਗੀਲੀਆਂ ਤਿਤਲੀਆਂ ਉੱਡਣ ਲੱਗ ਪੈਂਦੀਆਂ। ਵਿਆਹੁਤਾ ਜੀਵਨ ਦੀ ਬਹਾਰ ਦੇ ਰੰਗ ਸਖੀਆਂ ਨਾਲ ਸਾਂਝੀ ਕਰਦੀਆਂ। ਕਦੀ ਕੋਈ ਆਪਣੇ ਹਉਕੇ ਤੇ ਹੰਝੂ ਆਪਣੀ ਪਰਮ-ਪਿਆਰੀ ਸਖੀ ਦੀ ਝੋਲੀ ਪਾ ਕੇ ਕੁਝ ਪਲ ਹਲਕੀ ਹੋ ਜਾਂਦੀ। ਕਹਿੰਦੇ ਹੁੰਦੇ ਸੀ ਕਿ ਪਿੰਡ ਦੀਆਂ ਮੁਟਿਆਰਾਂ ਦੇ ਭੇਤ ਰੁੱਖਾਂ ਦੇ ਢਿੱਡ ਵਿਚ ਹੁੰਦੇ ਹਨ। ਖੂਹ-ਖੇਤ ਤੋਂ ਆਉਂਦੀਆਂ ਮੁਟਿਆਰਾਂ ਜਾਂ ਸੁਆਣੀਆਂ ਨੇ ਜੇ ਕਿਸੇ ਸਖੀ ਨਾਲ ਗੱਲ ਕਰਨੀ ਹੋਵੇ ਤਾਂ ਰੁੱਖ ਦੇ ਤਣੇ ਨਾਲ ਢੋ ਲਾ ਕੇ ਖੜ੍ਹ ਕੇ ਗਲ ਕਰ ਲੈਂਦੀਆਂ।
ਰੁੱਖ ਜੇ ਘਰਾਂ ਦੀ ਰੌਣਕ ਸਨ ਤਾਂ ਇਨ੍ਹਾਂ ਉਪਰ ਵਸਦੇ ਪੰਛੀ ਵਿਹੜੇ ਦਾ ਸ਼ਿੰਗਾਰ। ਲੋਕਾਂ ਨੇ ਕਾਂ-ਕਬੂਤਰ ਵੀ ਆਪਣੇ ਮਨਾਂ ਦੇ ਸਾਂਝੀਦਾਰ ਬਣਾਏ ਹੋਏ ਸਨ। ਵੀਰੇ ਨੂੰ ਉਡੀਕਦੀ ਕੁੜੀ ਕਾਂ ਨੂੰ ਘਿਓ ਵਿਚ ਚੂਰੀ ਕੁੱਟ ਕੇ ਪਾਉਣ ਦਾ ਲਾਲਚ ਦਿੰਦੀ ਹੈ। ਰੰਗਲੇ ਚੂੜੇ ਵਾਲੀ ਮੁਟਿਆਰ ਮਾਹੀ ਨੂੰ ਸੁੱਖ-ਸੁਨੇਹਾ ਭੇਜਣ ਜਾਂ ਲਿਆਉਣ ਲਈ ਕਬੂਤਰ ਦੇ ਤਰਲੇ ਕਰਦੀ ਹੈ। ਚਿੜੀਆਂ ਦਾ ਝੁਰਮਟ ਜਦ ਵਿਹੜੇ ਵਿਚ ਦਾਣੇ ਚੁਗਦਾ ਚੀਂ-ਚੀਂ ਕਰਦਾ ਹੈ, ਉਸ ਨੂੰ ਕੁੜੀਆਂ ਦੇ ਰੌਲੇ-ਰੱਪੇ ਨਾਲ ਮਿਲਾ ਦਿੱਤਾ ਜਾਂਦਾ ਹੈ। ਕੁੜੀਆਂ ਵੀ ਆਪਣੇ ਸਹੇਲੀਆਂ ਦੇ ਗਰੁਪ ਨੂੰ ‘ਚਿੜੀਆਂ ਦਾ ਚੰਬਾ’ ਕਹਿੰਦੀਆਂ ਹਨ।
ਜਿਵੇਂ ਮਨੁੱਖ ਨੇ ਕੇਵਲ ਅੰਬਾਂ-ਜਾਮਣਾਂ ਵਾਲੇ ਰੁੱਖ ਹੀ ਨਹੀਂ, ਸਗੋਂ ਕੰਡਿਆਂ ਵਾਲੀ ਕਿੱਕਰ ਫਲਾਹੀ ਤੇ ਬੇਰੀਆਂ ਨਾਲ ਵੀ ਪ੍ਰੇਮ ਪਾਇਆ, ਉਸੇ ਤਰ੍ਹਾਂ ਹਰ ਪੰਛੀ ਨਾਲ ਵੀ ਪਿਆਰ ਤੇ ਮਿੱਤਰਤਾ ਰੱਖੀ। ਹਰ ਜਾਨਵਰ ਦੇ ਆਲ੍ਹਣੇ ਦੀ ਪਛਾਣ ਸੀ। ਰੁੱਖ ਵੱਢਣ ਤੇ ਛਾਂਗਣ ਵੇਲੇ ਉਨ੍ਹਾਂ ਦੇ ਆਲ੍ਹਣੇ ਦਾ ਖਿਆਲ ਰੱਖਿਆ ਜਾਂਦਾ। ਉਹ ਰੁੱਖਾਂ ਅਤੇ ਇਨ੍ਹਾਂ ‘ਤੇ ਰਹਿਣ ਵਾਲੇ ਪੰਛੀਆਂ ਦਾ ਪਾਲਕ ਵੀ ਸੀ। ਰੁੱਖ ਤੇ ਪੰਛੀ ਉਸ ਦੇ ਆਪਣੇ ਸਨ।
ਜਿਸ ਵੇਲੇ ਥੱਕਿਆ-ਟੁੱਟਿਆ ਕਿਸਾਨ ਰੁੱਖ ਥੱਲੇ ਮੰਜਾ ਡਾਹ ਕੇ ਘੜੀ ਆਰਾਮ ਕਰਦਾ, ਉਦੋਂ ਜਿਥੇ ਰੁੱਖਾਂ ਦੀ ਹਵਾ ਪੱਖਾ ਝੱਲਦੀ, ਉਥੇ ਰੁੱਖਾਂ ‘ਤੇ ਬੈਠੇ ਭਾਂਤ-ਭਾਂਤ ਦੇ ਪੰਛੀ ਮਿੱਠੀ ਲੋਰੀ ਸੁਣਾ ਰਹੇ ਹੁੰਦੇ; ਤੇ ਕਿਸਾਨ ਮੁੜ ਤਰੋ-ਤਾਜ਼ਾ ਹੋ ਕੇ ਆਪਣੇ ਕੰਮ ਉਤੇ ਲੱਗ ਜਾਂਦੇ।
ਮਨੁੱਖ ਦਾ ਸੁਭਾਅ ਹੈ ਕਿ ਇਸ ਨੂੰ ਇਕ ਸਾਰ ਜ਼ਿੰਦਗੀ ਭਾਉਂਦੀ ਨਹੀਂ। ਕੁਝ ਹੋਰ ਹੋਵੇ, ਕੁਝ ਨਵਾਂ ਹੋਵੇ! ਇਸ ਲਈ ਉਸ ਨੂੰ ਇਹ ਸਾਦੀ ਜ਼ਿੰਦਗੀ, ਰੁੱਖਾਂ ਦੀ ਛਾਂ, ਕੰਨਾਂ ਵਿਚ ਪੈਂਦੇ ਪੰਛੀਆਂ ਦੇ ਅਲੱਗ-ਅਲੱਗ ਸੁਰ, ਜੋ ਅਸਲੋਂ ਰੱਬੀ ਤੇ ਰੂਹਾਨੀ ਸੰਗੀਤ ਸੀ, ਤੋਂ ਵੀ ਵੱਧ ਕੁਝ ਹੋਰ ਦੀ ਲੋੜ ਜਾਪੀ। ਕੱਚੇ ਘਰ ਵੱਡੇ ਤੇ ਪੱਕੇ ਬਣਾ ਲਏ। ਰੁੱਖਾਂ ਦੇ ਤਣੇ ਪਾ ਕੇ ਬਣਾਈ ਛੱਤ ਢਾਹ ਦਿੱਤੀ ਤੇ ਲੋਹੇ-ਸੀਮਿੰਟ ਵਾਲੀ ਛੱਤ ਪਾ ਕੇ ਸ਼ੀਸ਼ੇ ਦੀਆਂ ਬਾਰੀਆਂ ਵਿਚੋਂ ਬਾਹਰ ਝਾਕਣਾ ਉਸ ਨੂੰ ਚੰਗਾ ਲੱਗਣ ਲੱਗਾ।
ਮਨੁੱਖ ਨੇ ਇਥੇ ਹੀ ਬੱਸ ਨਹੀਂ ਕੀਤੀ, ਹੁਣ ਉਸ ਦਾ ਦਿਲ ਕੀਤਾ ਕਿ ਕਾਰਾਂ-ਮੋਟਰਾਂ ਵਿਚ ਚੜ੍ਹਾਂ! ਘਰੇ ਬਿਜਲੀ ਦੇ ਲਾਟੂ ਬਲਦੇ ਹੋਣ। ਕਾਰਾਂ-ਮੋਟਰਾਂ ਲਈ ਕਾਰਖਾਨੇ, ਬਿਜਲੀ ਪੈਦਾ ਕਰਨ ਲਈ ਡੈਮ ਅਤੇ ਪਾਣੀ ਉਸ ਦੇ ਖੇਤਾਂ ਕੋਲ ਜਾ ਕੇ ਸਿੰਜਾਈ ਕਰੇ। ਉਹ ਨਹਿਰਾਂ ਪੁੱਟਣ ਲੱਗਾ। ਪਹਾੜਾਂ ਦੇ ਸੰਘ ਵਿਚ ਬਾਰੂਦ ਦੇ ਗੋਲੇ ਪਾ ਕੇ ਉਨ੍ਹਾਂ ਨੂੰ ਰੂੰ ਦੇ ਫੰਭੇ ਵਾਂਗ ਉਡਾ ਦਿੱਤਾ। ਜਿਥੇ ਜੋ ਕਰਨ ਨੂੰ ਦਿਲ ਕੀਤਾ, ਕਰਨ ਲੱਗ ਪਿਆ। ਦਰਿਆਵਾਂ ਨੂੰ ਠੱਲ੍ਹ ਪਾ ਦਿੱਤੀ। ਜਿੱਧਰ ਨੂੰ ਮੋੜਨਾ ਚਾਹਿਆ, ਮੋੜ ਦਿੱਤਾ। ਰੁੱਖਾਂ ਦਾ ਵੱਢਾਂਗਾ ਹੋ ਗਿਆ। ਕਈ ਰੁੱਖਾਂ ਦਾ ਕੁਲ-ਨਾਸ ਹੋ ਗਿਆ ਤੇ ਕਈਆਂ ਦਾ ਹੋਣ ਵਾਲਾ ਹੈ। ਰੁੱਖਾਂ ਦੇ ਨਾਲ-ਨਾਲ ਇਨ੍ਹਾਂ ਉਪਰ ਰਹਿਣ ਵਾਲੇ ਪੰਛੀਆਂ ਦਾ ਵੀ ਉਹੀ ਹਾਲ ਹੈ। ਮਨੁੱਖ ਆਪਣੇ-ਆਪ ਨੂੰ ਆਪੇ ਸ਼ਾਬਾਸ਼ ਦਿੰਦਾ ਨਹੀਂ ਥੱਕਦਾ। ਮਨੁੱਖ ਅਸਲ ਵਿਚ ਅਸਲੋਂ ਪਾਗਲ ਹੋ ਗਿਐ। ਉਹ ਸੋਚਦਾ ਹੈ, ਮੇਰਾ ਸਾਨੀ ਕੋਈ ਨਹੀਂ, ਪਰ ਇਹ ਇਕ ਗੱਲ ਤੋਂ ਅਨਜਾਣ ਹੈ। ਇਸ ਨੂੰ ਨਹੀਂ ਪਤਾ ਕਿ ਅਤਿ ਦਾ ਬੰਦੇ ਨਾਲ ਵੈਰ ਹੁੰਦਾ ਹੈ। ਸਭ ਇਸ ਦੇ ਸਾਹਮਣੇ ਹੈ, ਪਰ ਇਹ ਅਜੇ ਵੀ ਸਮਝ ਨਹੀਂ ਰਿਹਾ। ਅੱਜ ਮਨੁੱਖ ਦੇ ਪੱਲੇ ਕੀ ਹੈ ਭਲਾ? ਅੰਧਕਾਰ! ਦਿਨ ਵੇਲੇ ਸੂਰਜ ਨਹੀਂ ਦਿਸਦਾ ਤੇ ਰਾਤ ਨੂੰ ਚੰਦ-ਤਾਰੇ। ਬਿਜਲੀ ਦੇ ਲਾਟੂ ਨਾਲ ਸੂਰਜ ਦੇਖ ਲਵੇਗਾ? ਨਹੀਂ!
ਸਾਹ ਨਹੀਂ ਆ ਰਿਹਾ। ਹਰ ਇਕ ਦਾ ਸਾਹ ਘੁੱਟ ਰਿਹਾ ਹੈ। ਪਰਿਵਾਰ ਦੇ ਹਰ ਜੀਅ ਦੇ ਗਲ ਆਕਸੀਜਨ ਦੇ ਸਿਲੰਡਰ ਦਾ ਕੈਂਠਾ ਪਾਉਣਾ ਪਵੇਗਾ। ਪਤਾ ਨਹੀਂ ਕਿੰਨੀਆਂ ਨਵੀਆਂ ਬਿਮਾਰੀਆਂ ਨੇ ਮਨੁੱਖ ਨੂੰ ਘੇਰ ਲਿਆ ਹੈ। ਅੱਜ ਨਿੱਤ ਕੁਦਰਤ ਦਾ ਕਹਿਰ ਧਰਤੀ ਦੇ ਕਿਸੇ ਨਾ ਕਿਸੇ ਹਿੱਸੇ ‘ਤੇ ਵਰ੍ਹਦਾ ਹੈ। ਕਿਤੇ ਧਰਤੀ ਫਟਦੀ ਹੈ, ਕਿਤੇ ਖਿਸਕਦੀ ਹੈ। ਪਹਾੜ ਫਟਦੇ, ਮੀਂਹ ਨਾਲ ਵਹਿ ਤੁਰਦੇ। ਮੀਂਹ ਤੇ ਹੜ੍ਹ ਦਾ ਕਹਿਰ। ਭੂਚਾਲ, ਸਮੁੰਦਰੀ ਤੂਫਾਨ। ਕੀ ਇਹ ਕਿਸੇ ਹੋਰ ਬੜੇ ਭਿਆਨਕ ਮਾਰ ਦੇ ਆਸਾਰ ਨਹੀਂ?
ਕਦੀ ਮਨੁੱਖ ਕੁਦਰਤ ਦੇ ਇੰਨਾ ਨੇੜੇ ਸੀ ਕਿ ਉਸ ਨੂੰ ਪਤਾ ਹੁੰਦਾ ਸੀ, ਅੱਜ ਮੀਂਹ ਪਵੇਗਾ ਜਾਂ ਅਜੇ ਦਸ ਦਿਨ ਨਹੀਂ ਪੈਣਾ। ਉਸ ਨੂੰ ਪੂਰਬ ਤੇ ਪੱਛਮ ਦੀਆਂ ਪੌਣਾਂ ਦੱਸ ਜਾਂਦੀਆਂ ਸਨ। ਰੁੱਖਾਂ ‘ਤੇ ਰਹਿੰਦੇ ਪੰਛੀ ਵੀ ਉਸ ਨੂੰ ਸੂਹ ਦਿੰਦੇ ਸਨ। ਪੈਲਾਂ ਪਾ ਰਹੇ ਮੋਰ ਦੇਖ ਕੇ ਬੰਦਾ ਸਮਝ ਜਾਂਦਾ ਸੀ ਕਿ ਮੀਂਹ ਆ ਰਿਹਾ ਹੈ। ਭੂਚਾਲ ਦਾ ਛੋਟਾ ਜਿਹਾ ਝਟਕਾ ਵੀ ਆਵੇ ਤਾਂ ਮੋਰਾਂ ਦਾ ਰੌਲਾ ਦੱਸ ਦਿੰਦਾ ਸੀ। ਕਈ ਪੰਛੀਆਂ ਦੇ ਬੋਲਾਂ ਦੇ ਅਰਥ ਮਨੁੱਖ ਸਮਝਦਾ ਸੀ।
ਧਰਤੀ ਉਤੇ ਹੋ ਰਹੇ ਵਿਨਾਸ਼ ਨੂੰ ਸੱਦਾ ਵੀ ਮਨੁੱਖ ਨੇ ਹੀ ਦਿੱਤਾ ਹੈ, ਹੁਣ ਇਸ ਨੂੰ ਰੋਕਣ ਦਾ ਉਪਰਾਲਾ ਵੀ ਮਨੁੱਖ ਨੂੰ ਹੀ ਕਰਨਾ ਪਵੇਗਾ। ਆਪਣੇ ਕੀਤੇ ਦਾ ਜੇ ਮਨ ਨੂੰ ਮਲਾਲ ਹੋਵੇ ਤੇ ਸੋਚੇ ਕਿ ਆਪਣੇ ਪੈਰ ‘ਤੇ ਕੁਹਾੜਾ ਆਪ ਮਾਰਿਆ ਹੈ, ਤਾਂ ਫਿਰ ਸੁਧਾਰ ਦੇ ਯਤਨ ਕੀਤੇ ਜਾ ਸਕਦੇ ਹਨ। ਇਹ ਸੱਚ ਹੈ ਕਿ ਯਤਨ ਕਰਨ ਲਈ ਬਹੁਤ ਪੱਛੜ ਗਿਆ ਹੈ ਮਨੁੱਖ, ਫਿਰ ਵੀ ਕੁਝ ਨਾ ਕੁਝ ਅਜੇ ਵੀ ਕੀਤਾ ਜਾ ਸਕਦਾ ਹੈ। ਪਹਿਲਾ ਕਦਮ ਤਾਂ ਇਹੀ ਹੈ ਕਿ ਜਿਨ੍ਹਾਂ ਹੱਥਾਂ ਨੇ ਕੁਹਾੜੀ ਜਾਂ ਆਰੀ ਚਲਾਈ, ਉਹ ਹੱਥ ਕਹੀ ਨਾਲ ਟੋਏ ਪੁੱਟ ਕੇ ਉਸ ਵਿਚ ਨਵੇਂ ਰੁੱਖ ਲਾਉਣ, ਹੱਥੀਂ ਪਾਣੀ ਪਾਉਣ ਤੇ ਸੇਵਾ ਕਰਨ। ਪੁੱਤਰਾਂ-ਧੀਆਂ ਨਾਲੋਂ ਵਧੀਕ ਪਿਆਰ ਰੁੱਖਾਂ ਨਾਲ ਕਰਨ। ਇਸ ਕਾਰਜ ਵਿਚ ਹਰ ਪ੍ਰਾਣੀ ਲੱਗ ਜਾਵੇ। ਭੁੱਲ ਬਖ਼ਸ਼ਾਉਣ ਲਈ ਦਰਿਆਵਾਂ ਕੰਢੇ ਦੀਵੇ ਜਗਾ ਕੇ ਨਹੀਂ ਸਰਨਾ, ਸਗੋਂ ਬਹੁਤ ਯਤਨਾਂ ਦੀ ਲੋੜ ਹੈ। ਸਭ ਤੋਂ ਵੱਡੀ ਗੱਲ, ਰੁੱਖ ਨੇ ਕਦੀ ਮਨੁੱਖ ਦਾ ਸਾਥ ਨਹੀਂ ਛੱਡਿਆ। ਉਸ ਨੇ ਜਿਸ ਮਨੁੱਖ ਲਈ ਆਪਣੇ ਤਨ ਦਾ ਪਾਲਣਾ ਬਣਾਇਆ, ਉਸੇ ਦੀ ਅਰਥੀ ਲਈ ਲੱਕੜ ਵੀ ਦਿੱਤੀ। ਮਨੁੱਖ ਦੇ ਤਨ ਦੇ ਪੰਜ-ਭੂਤਕ ਸਰੀਰ ਨੂੰ ਆਪਣੇ ਤਨ ਦੀ ਅਗਨ ਵਿਚ ਜਲਾ ਕੇ ਤੱਤ ਨਾਲ ਤੱਤ ਮਿਲਣ ਤੱਕ ਸਾਥ ਦਿੱਤਾ। ਧੰਨ ਹਨ ਇਹ ਰੁੱਖ।