ਤਰਲੋਚਨ ਸਿੰਘ ਦੁਪਾਲਪੁਰ
ਫੋਨ: 408-915-1268
ਦੁਨੀਆਂ ਵਿਚ ਭਾਵੇਂ ਬਹੁਤਾਤ ਉਨ੍ਹਾਂ ਲੋਕਾਂ ਦੀ ਹੈ ਜੋ ਰਵਾਇਤੀ ਲੀਹਾਂ ਵਿਚ ਆਪਣੀ ਜ਼ਿੰਦਗੀ ਦੀ ਗ੍ਰਹਿਸਥ-ਗੱਡੀ ਠੇਲ੍ਹ ਕੇ ਡਿਗਦੇ ਢਹਿੰਦੇ ਸਵਾਸ ਪੂਰੇ ਕਰ ਜਾਂਦੇ ਹਨ, ਪਰ ਐਸੇ ਲੋਕਾਂ ਦੀ ਵੀ ਕਮੀ ਨਹੀਂ ਜੋ ਰਵਾਇਤੀ ਲੀਹਾਂ ਵਿਚ ਤੁਰਨ ਦੀ ਥਾਂ ਜੱਗੋਂ ਤੇਰਵੀਆਂ ਕਰਦੇ ਨਵੀਆਂ ਪੈੜਾਂ ਪਾਉਂਦੇ ਹਨ।
ਅਜਿਹੇ ਵਿਰਲਿਆਂ ਵਿਚੋਂ ਕਈ ਵਿੰਗੇ-ਟੇਢੇ ਕੰਮ ਇਸ ਲਈ ਕਰਦੇ ਨੇ ਕਿ ਉਹ ਲੋਕਾਂ ਵਿਚ ਚਰਚਿਤ ਹੋਣ ਜਾਂ ਉਨ੍ਹਾਂ ਨੂੰ ਕਿਸੇ ਵਿਸ਼ੇਸ਼ ਇਨਾਮ ਸਨਮਾਨ ਦੀ ਝਾਕ ਹੁੰਦੀ ਹੈ; ਪਰ ਕੁਝ ਐਸੇ ਅਲਬੇਲੇ ਵੀ ਹਨ ਜੋ ਆਪਣੇ ਸ਼ੌਕ ਨੂੰ ਜਨੂੰਨ ਬਣਾ ਕੇ ਅੱਗੇ ਵਧਦੇ ਰਹਿੰਦੇ ਹਨ, ਭਾਵੇਂ ਉਨ੍ਹਾਂ ਨੂੰ ‘ਖਤਰਿਆਂ ਦੇ ਖਿਡਾਰੀ’ ਹੀ ਕਿਉਂ ਨਾ ਬਣਨਾ ਪਵੇ!
ਤੇਜ਼ ਤੋਂ ਤੇਜ਼ ਰਫ਼ਤਾਰ ਵਾਲੇ ਵਾਹਨਾਂ ਦੇ ਇਸ ਯੁੱਗ ਵਿਚ ਕੋਈ ਮੁੰਡਾ ਨੇੜੇ ਤੋਂ ਨੇੜੇ ਪੈਂਦੇ ਆਪਣੇ ਨਾਨਕੀ ਜਾਂ ਭੈਣ-ਭੂਆ ਦੇ ਪਿੰਡ ਸਾਈਕਲ ‘ਤੇ ਜਾਣਾ ਪਸੰਦ ਨਹੀਂ ਕਰਦਾ, ਪਰ ਹਥਲਾ ਲੇਖ ਐਸੇ ‘ਸਿਰਫ਼ਿਰੇ’ ਮੁੰਡੇ ਦੀ ਯਾਤਰਾ ਬਾਰੇ ਹੈ ਜੋ ਜਲੰਧਰੋਂ ਸਾਈਕਲ ‘ਤੇ ਦੁਰਾਡੇ ਦੇਸ਼ ਜਪਾਨ ਨੂੰ ਚੱਲ ਪੈਂਦਾ ਹੈ। ਇਕ ਪੇਂਡੂ, ਦੂਜਾ ਗਰੀਬ ਦਲਿਤ ਪਰਿਵਾਰ ਤੋਂ ਹੋਣ ਕਰ ਕੇ ਉਸ ਨੂੰ ਆਪਣੇ ਨਿਵੇਕਲੇ ‘ਸਫ਼ਰ ਪ੍ਰਾਜੈਕਟ’ ਪ੍ਰਤੀ ਆਂਢੀਆਂ-ਗੁਆਂਢੀਆਂ, ਰਿਸ਼ਤੇਦਾਰਾਂ ਅਤੇ ਯਾਰਾਂ ਬੇਲੀਆਂ ਨੇ ਭੱਦੇ ਤੇ ਹੌਸਲਾ-ਢਾਹੂ ਮਖੌਲ ਕੀਤੇ ਪਰ ਉਹ ਸਿਰੜੀ ਸਭ ਨੂੰ ਅਣ-ਸੁਣਿਆ ਕਰ ਕੇ ਮੰਜ਼ਿਲੇ-ਮਕਸੂਦ ਲਈ ਤੁਰ ਪਿਆ ਤੇ ਇਕ ਦਿਨ ਜਪਾਨ ਦੀਆਂ ਰਬੜ ਵਰਗੀਆਂ ਸੜਕਾਂ ‘ਤੇ ਢੋਲੇ ਦੀਆਂ ਗਾਉਂਦਾ ਸਾਈਕਲ ਚਲਾਉਂਦਾ ਫਿਰਿਆ।
ਜਿਸ ਬੰਦੇ ਨੇ ਬਾਈ ਰੁਪਏ ਦਾ ਨਕਸ਼ਾ ਬਾਰਾਂ ਰੁਪਏ ਵਿਚ (ਦੁਕਾਨਦਾਰ ਨਾਲ ਲੜ-ਝਗੜ ਕੇ) ਖਰੀਦਿਆ ਹੋਵੇ ਤੇ ਜਿਹੜਾ ਜੇਬ ਤੋਂ ਠਨ-ਠਨ ਗੋਪਾਲ ਹੋਵੇæææ ਅਜਿਹਾ ਬੰਦਾ ਅਜੀਬ ਜਿਹੇ (ਵਿਦੇਸ਼ ਯਾਤਰਾ) ਪ੍ਰਾਜੈਕਟ ਤਿਆਰ ਕਰੇ, ਮਤਲਬ ਹਵਾ ਵਿਚ ਘੋੜੇ ਦੁੜਾਏ, ਤੁਸੀਂ ਕੀ ਸਮਝੋਗੇ ਉਸ ਬੰਦੇ ਨੂੰ?
ਇਸ ਦਾ ਜਵਾਬ ਸੋਢੀ ਸੁਲਤਾਨ ਸਿੰਘ ਖੁਦ ਹੀ ਆਪਣੇ ਅਨੋਖੇ ਸਫ਼ਰ ਬਾਰੇ ਲਿਖੀ ਕਿਤਾਬ ਵਿਚ ਦਿੰਦਾ ਹੈ। ‘ਮੁਲਕੋ ਮੁਲਕ ਸਾਈਕਲ-ਨਾਮਾ’ ਦੇ ਨਾਂ ਵਾਲੀ ਆਪਣੀ ਬੇਹੱਦ ਦਿਲਚਸਪ ਕਿਤਾਬ ਵਿਚ ਸੋਢੀ ਕਈ ਥਾਂ ਖੁਦ ਨੂੰ ਕਮਲਾ ਤੱਕ ਕਹਿ ਜਾਂਦਾ ਹੈ; ਖਾਸ ਕਰ ਆਪਣੀ ਉਸ ਤਰਸਯੋਗ ਹਾਲਤ ਨੂੰ ਬਿਆਨ ਕਰਦਿਆਂ, ਜਦ ਉਹ ਕਿਸੇ ਇਕ ਦੇਸ਼ ਦਾ ਵੀਜ਼ਾ ਖਤਮ ਹੋਣ ‘ਤੇ ਅਗਲੇ ਸਫ਼ਰ ਲਈ ਕਾਗ਼ਜ਼ ਪੱਤਰ ਲੈਣ ਲਈ, ਆਪਣਾ ਸਾਈਕਲ ਘੜੀਸੀ ਉਥੇ ਕਿਸੇ ਦੂਜੇ ਦੇਸ਼ ਦੀ ਅੰਬੈਸੀ ਮੂਹਰੇ ਜਾ ਖੜ੍ਹਦਾ, ਉਦੋਂ ਸੋਢੀ ਰੋਣਹਾਕਾ ਹੋ ਕੇ ਆਪਣੇ ਆਪ ਨੂੰ ‘ਕੁੱਤੇ ਕੰਮ’ ਵਿਚ ਪਿਆ ਕਹਿ ਕੇ ਕੋਸਦਾ ਹੈ, ਪਰ ਜਦ ਅੰਬੈਸੀ ਵਾਲੇ ਵੀਜ਼ਿਆਂ ਨਾਲ ਭਰਿਆ ਉਹਦਾ ਪਾਸਪੋਰਟ ਤੇ ਉਸ ਦਾ ਸਿਰੜੀ ਸਫ਼ਰ ਦੇਖ ਕੇ ਲੋੜੀਂਦੇ ਕਾਗਜ਼ ਪੱਤਰ ਸੌਂਪ ਦਿੰਦੇ ਹਨ, ਤਾਂ ਫਿਰ ਉਹਦੇ ਸਿਰ ਅਮੁੱਕ ਸਫ਼ਰ ਦਾ ਭੂਤ ਸਵਾਰ ਹੋ ਜਾਂਦਾ ਹੈ ਤੇ ਉਹ ਕਾਹਲੀ-ਕਾਹਲੀ ਪੈਡਲ ਮਾਰਦਾ ਇਕ ਦੇਸ਼ ਛੱਡ, ਦੂਜੇ ਮੁਲਕ ਜਾ ਦਾਖ਼ਲ ਹੁੰਦਾ ਹੈ।
ਭਾਈ ਮਰਦਾਨੇ ਨੂੰ ਸਮਰਪਿਤ ਇਸ ਕਿਤਾਬ ਦੇ ਪੰਨੇ 129 ‘ਤੇ ਉਹ ਇਰਾਨ ਤੋਂ ਗਰੀਸ ਦਾ ਵੀਜ਼ਾ ਲੈਣ ਵੇਲੇ ਅੰਬੈਸੀ ਵਿਚਲਾ ਦ੍ਰਿਸ਼ ਚਿਤਰਦਿਆਂ ਪਤੇ ਦੀ ਗੱਲ ਦੱਸਦਾ ਹੈ:
“æææਉਹ (ਲੇਡੀ) ਮੇਰੇ ਸਾਰੇ ਕਾਗਜ਼ ਪਾਸਪੋਰਟ ਸਮੇਤ ਅੰਦਰ ਲੈ ਗਈ। ਮੈਂ ਅਗਲੇ ਦਸ ਮਿੰਟਾਂ ਤੱਕ ਮਿੱਟੀ ਦੇ ਬਾਵੇ ਵਾਂਗੂ ਕੁਰਸੀ ‘ਤੇ ਬੈਠਾ ਰਿਹਾ। ਜਪਾਨ ਰਹਿੰਦਿਆਂ ਮੈਨੂੰ ਕਿਸੇ ਤੋਂ ਪਤਾ ਲੱਗਾ ਕਿ ਅੰਬੈਸੀਆਂ ਵਿਚ ਜਦੋਂ ਤੁਹਾਨੂੰ ਇੰਟਰਵਿਊ ਲੈਣ ਵਾਲੇ ਕਮਰੇ ਵਿਚ ਇਕੱਲਾ ਛੱਡ ਜਾਣ ਤਾਂ ਬਹੁਤੀ ਵਾਰ ਉਹ ਅੰਦਰੋਂ ਗੁਪਤ ਕੈਮਰੇ ਨਾਲ ਤੁਹਾਡੇ ਹਾਵ-ਭਾਵ ਚੈਕ ਕਰਦੇ ਹਨ। ਫਿਰ ਵੀਜ਼ਾ ਦੇਣ ਜਾਂ ਨਾ ਦੇਣ ਵਿਚ ਤੁਹਾਡੇ ਗੁਪਤ ਤੌਰ ‘ਤੇ ਨੋਟ ਕੀਤੇ ਹਾਵ-ਭਾਵ ਵੀ ਖਾਸਮ-ਖਾਸ ਕਾਰਨ ਬਣਦੇ ਹਨ।”
1998-99 ਵਿਚ ਜ਼ਿਲ੍ਹਾ ਕਪੂਰਥਲਾ ਦੇ ਆਪਣੇ ਪਿੰਡ ਮਦਾਰ ਲਾਗਲੇ ਕਸਬੇ ਨਡਾਲੇ ਦੇ ਕਾਲਜ ਵਿਚ ਪੜ੍ਹਦਿਆਂ ਹੀ ਸੋਢੀ ਸੁਲਤਾਨ ਨੇ ਸੰਸਾਰ-ਭ੍ਰਮਣ ਦੇ ਸੁਪਨੇ ਲੈਣੇ ਸ਼ੁਰੂ ਕਰ ਦਿੱਤੇ। ਘਰ ਦੀ ਮਾਲੀ ਹਾਲਤ ਮਾੜੀ ਹੋਣ ਕਾਰਨ ਆਪਣੇ ਪ੍ਰਾਜੈਕਟ ਲਈ ਕੋਈ ਸਪਾਂਸਰਸ਼ਿਪ ਲੈਣ ਦੇ ਬੜੇ ਯਤਨ ਕੀਤੇ, ਪਰ ਗੱਲ ਨਾ ਬਣੀ। ਕੁਝ ਘਰਦਿਆਂ ਦੇ ਗਲ ਅੰਗੂਠਾ ਦੇ ਅਤੇ ਕੁਝ ਦੋਸਤਾਂ ਪਾਸੋਂ ਮਾਇਕ ਮਦਦ ਨਾਲ ਸੋਢੀ ਨੇ ਸਭ ਤੋਂ ਪਹਿਲਾਂ ਸ੍ਰੀਲੰਕਾ ਦਾ ਰੁਖ਼ ਕੀਤਾ। ਉਥੋਂ ਥਾਈਲੈਂਡ, ਮਲਾਇਆ, ਬੈਂਕਾਕ, ਸਿੰਘਾਪੁਰ ਹੁੰਦਿਆਂ ਜਪਾਨ ਜਾ ਪੁੱਜਾ।
ਇਸ ਸਫ਼ਰ ਦੌਰਾਨ ਜਿਥੇ ਉਸ ਨੂੰ ਪੁਲਿਸ ਕਰਮੀ ਅਤੇ ਭਲੇ ਲੋਕ ਮਿਲਦੇ ਰਹੇ, ਉਥੇ ਲੁਟੇਰਿਆਂ ਨੇ ਵੀ ਲੁੱਟਿਆ। ਕੁਆਲਾਲੰਪੁਰ ਵਿਚ ਰਾਤ ਸਮੇਂ ਕੁਝ ਠੱਗਾਂ ਨੇ ਉਸ ਦੀ ਜੇਬ ਵਿਚੋਂ ਸਥਾਨਕ ਕਰੰਸੀ ਦੇ 500 ਰਿੰਗਟ ਕੱਢ ਕੇ ਉਸ ਨੂੰ ਖਾਲਮ-ਖਾਲੀ ਕਰ ਦਿੱਤਾ। ਉਸ ਕਰੁਣਾਮਈ ਹਾਲਤ ਬਿਆਨ ਕਰਦਿਆਂ ਉਹ ਲਿਖਦਾ ਹੈ:
“æææ ਮੈਂ ਆਪਣੇ ਗੁਰਦੁਆਰੇ ਵਾਲੇ ਕਮਰੇ ਵਿਚ ਆ ਗਿਆ। ਇਕੱਲਿਆਂ ਬੈਠ ਕੇ ਬਹੁਤ ਰੋਇਆ। ਆਪਣੇ ਆਪ ਨੂੰ ਕੋਸਣ ਲੱਗਾ ਕਿ ਕਿਉਂ ਸਫਰ ‘ਤੇ ਨਿਕਲਿਆ।æææ ਰੋ-ਰੋ ਕੇ ਜਦ ਮਨ ਹੌਲਾ ਹੋਇਆ, ਤਾਂ ਕੋਈ ਹੱਲ ਲੱਭਣ ਬਾਰੇ ਸੋਚਣ ਲੱਗਾ।æææ ਉਦਾਸ ਮਨ ਨਾਲ ਮੈਂ ਥੱਲੇ ਪਹਿਲੀ ਮੰਜ਼ਲ ਜਿਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ, ਆ ਗਿਆ।æææ ਦੁਖੀ ਮਨ ਨਾਲ ਪਰਮਾਤਮਾ ਅੱਗੇ ਮੁਸੀਬਤ ਦਾ ਹੱਲ ਕੱਢਣ ਲਈ ਬੇਨਤੀ ਕੀਤੀæææ।”
ਕਹਿੰਦੇ ਨੇ, ਹਿੰਮਤੇ-ਮਰਦਾਂ, ਮਦਦੇ ਖੁਦਾ! ਇਥੇ ਗੁਰਦੁਆਰੇ ਨੋਟਿਸ ਬੋਰਡ ‘ਤੇ ਲੱਗਾ ਵਿਸਾਖੀ ਮੇਲੇ ਦਾ ਇਸ਼ਤਿਹਾਰ ਪੜ੍ਹ ਕੇ ਸਾਈਕਲ ਚੁੱਕ ਉਥੇ ਪਹੁੰਚ ਗਿਆ। ਮੇਲੇ ਦਾ ਸਟੇਜ ਸੈਕਟਰੀ ਇਕੱਠੀ ਹੋਈ ਸੰਗਤ ਨੂੰ ਉਸ ਦੀ ਵਿਥਿਆ ਸੁਣਾ ਕੇ ਮਦਦ ਦੀ ਅਪੀਲ ਕਰਦਾ ਹੈ ਤੇ ਪਲਾਂ ਵਿਚ ਸੋਢੀ ਦੇ ਖੀਸੇ ਵਿਚ 1500 ਰਿੰਗਟ ਪੈ ਜਾਂਦੇ ਹਨ। ਫਿਰ ਉਹ ਖੁਸ਼ ਹੋ ਕੇ ਲਿਖਦਾ ਹੈ:
“æææਹੁਣ ਮੇਰੇ ਕੋਲ ਭਾਰਤ ਦੇ ਹਿਸਾਬ ਨਾਲ ਪੱਚੀ ਹਜ਼ਾਰ ਰੁਪਏ ਸਨ। ਪੈਸੇ ਦੇਖ ਕੇ ਮੇਰੇ ਹੌਸਲੇ ਬੁਲੰਦ ਹੋ ਗਏ।æææਇਥੋਂ ਸੁਰੱਖਿਅਤ ਪਿੱਛੇ ਮੁੜਿਆ ਜਾ ਸਕਦਾ ਸੀ, ਪਰ ਮੈਂ ਪਿੱਛੇ ਮੁੜਨ ਦੀ ਬਜਾਏ ਅਨਜਾਣ ਰਾਹਾਂ ਵੱਲ ਵਧਣ ਨੂੰ ਤਰਜੀਹ ਦਿੱਤੀ।æææ ਕਈ ਦਿਨਾਂ ਤੋਂ ਦਿਮਾਗੀ ਪ੍ਰੇਸ਼ਾਨੀ ਤੇ ਉਨੀਂਦਰੇ ਕਾਰਨ ਮੇਰਾ ਬੁਰਾ ਹਾਲ ਸੀ, ਪਰ ਮੈਂ ਰਾਤ ਨੂੰ ਸੌਣ ਤੋਂ ਪਹਿਲਾਂ ਨਕਸ਼ਾ ਵਿਛਾ ਕੇ ਬਹਿ ਗਿਆæææਮਲੇਸ਼ੀਆ ਤੋਂ ਅੱਗੇ ਸਿੰਘਾਪੁਰ, ਸਿੰਘਾਪੁਰੋਂ, ਇੰਡੋਨੇਸ਼ੀਆæææ।”
ਸਿੰਘਾਪੁਰ ਦੇ ਇਕ ਗੁਰਦੁਆਰੇ ਦੇ ਭਾਈ ਵੱਲੋਂ ਮੋਨਾ ਹੋਣ ਕਾਰਨ ਰਾਤ ਰੱਖਣ ਤੋਂ ਕੀਤੀ ਨਾਂਹ ਤੋਂ ਬਾਅਦ ਇਹ ਦੁਆਬੀਆਂ ਦੇ ਗੁਰਦੁਆਰੇ ਵੱਲ ਚਾਲੇ ਪਾ ਦਿੰਦਾ ਹੈæææ
“ਉਸ ਸਮੇਂ ਰਾਤ ਦੇ ਇਕ ਵਜੇ ਜਦੋਂ ਪੂਰਾ ਸਿੰਘਾਪੁਰ ਸੌਂ ਰਿਹਾ ਸੀ, ਮੇਰੇ ਪੈਡਲਾਂ ਦਾ ਸ਼ੋਰ, ਸ਼ਹਿਰ ਦੇ ਸੰਨਾਟੇ ਨੂੰ ਭੰਗ ਕਰ ਰਿਹਾ ਸੀ।”
ਇਥੇ ਹੀ ਉਸ ਨੂੰ ਆਪਣੇ ਪਿੰਡਾਂ ਵੱਲ ਦੇ ਸਰਦਾਰਾਂ ਨੂੰ ਮਿਲ ਕੇ ਜਿਥੇ ਦਿਲੀ ਖੁਸ਼ੀ ਹੋਈ, ਉਥੇ ਹੀ ਇਕ ਪਾਰਕ ਕੋਲੋਂ ਲੰਘਦਿਆਂ ਇਕ ਬੋਰਡ ਉਤੇ ‘ਇੰਡੀਅਨ ਨੈਸ਼ਨਲ ਆਰਮੀ’ ਲਿਖਿਆ ਦੇਖ ਕੇ ਆਪਣੇ ਦੇਸ਼ ਦੇ ਸਿਰਲੱਥ ਸ਼ਹੀਦ ਸੂਰਮੇ ਯਾਦ ਆ ਗਏ। ਸੁਭਾਸ਼ ਚੰਦਰ ਬੋਸ ਦਾ ਨਾਂ ਪੜ੍ਹ ਕੇ ਇਸ ਦਾ ਸਿਰ ਮਾਣ ਨਾਲ ਉਚਾ ਹੋ ਗਿਆ।
ਇਨ੍ਹਾਂ ਮੁਲਕਾਂ ਤੋਂ ਇਲਾਵਾ ਇਹ ਸਾਈਕਲ ਸਵਾਰ ਅਫ਼ਗਾਨਿਸਤਾਨ, ਇਰਾਕ ਰਾਹੀਂ ਹੁੰਦਾ ਹੋਇਆ ਫਰਾਂਸ ਵੀ ਪਹੁੰਚਿਆ। ਦਿੱਲੀ ਤੋਂ ਕਾਬਲ ਹਵਾਈ ਜਹਾਜ਼ ਰਾਹੀਂ ਪਹੁੰਚ ਕੇ ਉਥੇ ਉਸ ਨੇ ਜ਼ਿਆਫ਼ਤਾਂ ਵੀ ਮਾਣੀਆਂ। ਇਕ ਅਫ਼ਗਾਨ ਸ਼ਹਿਰ ਦੀ ਗਰੀਬੀ ਬਾਰੇ ਉਹ ਲਿਖਦਾ ਹੈ, “ਜਗ੍ਹਾ-ਜਗ੍ਹਾ ਭਿਖਾਰੀ ਬੈਠੇ ਹੋਏ ਸਨ ਤੇ ਸਿਰ ਤੋਂ ਪੈਰਾਂ ਤੱਕ ਐਨ ਕੱਜੀਆਂ ਬਜ਼ੁਰਗ ਭਿਖਾਰਨਾਂ ਨੂੰ ਦੇਖ ਕੇ ਮਨ ਦੁਖਦਾ ਸੀæææਆਲੇ-ਦੁਆਲੇ ਕਈ ਇਮਾਰਤਾਂ ਤਾਂ ਖੰਡਰਾਂ ਵਿਚ ਤਬਦੀਲ ਹੋ ਚੁੱਕੀਆਂ ਸਨ ਤੇ ਬੜੀਆਂ ਭਿਆਨਕ ਲਗਦੀਆਂ ਸਨ। ਇੰਜ ਲਗਦਾ ਸੀ ਜਿਵੇਂ ਇਸ ਧਰਤੀ ‘ਤੇ ਰਹਿੰਦੇ ਆਦਮੀ ਜਦੋਂ ਦੇ ਹੋਂਦ ਵਿਚ ਆਏ ਹੋਣ, ਲੜਦੇ ਹੀ ਆ ਰਹੇ ਹੋਣ।”
ਅਫ਼ਗਾਨਿਸਤਾਨ ਦੀ ਸੈਰ ਮੁਕਾ ਕੇ ਉਥੋਂ ਨਿਕਲਣ ਬਾਰੇ ਲਿਖਦਾ ਹੈ, “ਹੁਣ ਮੈਂ ਨੋ ਮੈਨਜ਼ ਲੈਂਡ ‘ਤੇ ਖੜ੍ਹਾ ਸਾਂ ਜੋ ਅਫ਼ਗਾਨਿਸਤਾਨ ਤੇ ਇਰਾਨ ਨੂੰ ਵੱਖਰਿਆਂ ਕਰਦੀ ਹੈ। ਇਥੋਂ ‘ਅਲਵਿਦਾ ਅਫ਼ਗਾਨਿਸਤਾਨ!’ ਕਹਿ ਕੇ ਮੈਂ ਸਾਈਕਲ ਰੇੜ੍ਹਦਾ ਇਰਾਨ ਦੀ ਧਰਤੀ ‘ਤੇ ਜਾ ਖੜ੍ਹਿਆ।”
ਇਰਾਨ ਦਾ ਸੰਕੋਚਵਾਂ ਇਤਿਹਾਸ ਦੱਸਦਿਆਂ ਉਹ ਬਾਦਸ਼ਾਹ ਰਜ਼ਾ ਪਹਿਲਵੀ ਦੀ ਖੁੱਲ੍ਹਦਿਲੀ ਬਾਰੇ ਦੱਸਦਾ ਹੈ ਕਿ ਉਸ ਨੇ ਇਰਾਨ ਵਿਚ ਪਹਿਲੀ ਵਾਰ ਗੁਰਦੁਆਰਾ ਬਣਾਉਣ ਦੀ ਇਜਾਜ਼ਤ ਦਿੱਤੀ ਸੀ ਜਿਸ ਤੋਂ ਉਤਸ਼ਾਹਿਤ ਹੋ ਕੇ ਉਥੇ ਰਹਿੰਦੇ ਹਿੰਦੂ ਵੀਰ ਵੀ ਮੰਦਰ ਬਣਾਉਣ ਦੀ ਆਗਿਆ ਲੈਣ ਉਹਦੇ ਪਾਸ ਜਾ ਫਰਿਆਦੀ ਹੋਏ, ਪਰ ਬਾਦਸ਼ਾਹ ਨੇ ਇਹ ਕਹਿ ਕੇ ਨਾਂਹ ਕਰ ਦਿੱਤੀ ਕਿ ਮੈਂ ਇਸਲਾਮੀ ਮੁਲਕ ਵਿਚ ਬੁੱਤ-ਪ੍ਰਸਤੀ ਦੀ ਆਗਿਆ ਨਹੀਂ ਦੇ ਸਕਦਾ।
ਅਮਰੀਕਾ ਪਹੁੰਚਣ ਤੱਕ ਦੁਨੀਆਂ ਭਰ ਦੇ ਸੈਰ-ਸਪਾਟੇ ਦੇ ਜਨੂੰਨ ਵਿਚ ਖੁੱਭਿਆ ਰਿਹਾ ਸੋਢੀ ਆਪਣੇ ਵਿਆਹ ਬਾਰੇ ਦੋ-ਟੁੱਕ ਗੱਲ ਕਰਦਾ ਹੈ, “ਦੁਨੀਆਂ ਘੁੰਮਣ ਵਾਲੇ ਇਸ ਚੱਕਰ ਵਿਚ ਮੈਂ ਵਿਆਹ ਵਾਲੀ ਡਿਗਰੀ ਲੈਣ ਤੋਂ ਵੀ ਵਾਂਝਾ ਰਹਿ ਗਿਆ ਹਾਂ।”
ਜਿਥੇ-ਜਿਥੇ ਇਸ ਮਸਤ ਮੌਲੇ ਸਾਈਕਲਿਸਟ ਦਾ ਸਾਈਕਲ ਪਹੁੰਚਿਆ, ਜੇ ਕੋਈ ਘਰੇ ਬੈਠਾ ਉਨ੍ਹਾਂ ਮੁਲਕਾਂ ਦੇ ਸਮਾਜਿਕ, ਧਾਰਮਿਕ ਜਾਂ ਰਾਜਨੀਤਕ ਹਾਲਾਤ ਬਾਰੇ ਜਾਣਨਾ ਚਾਹੇ ਤਾਂ ‘ਪੰਜਾਬੀ ਸਾਹਿਤ ਪਬਲੀਕੇਸ਼ਨ, ਬਾਲੀਆਂ-ਸੰਗਰੂਰ’ ਵੱਲੋਂ ਛਾਪੀ ਗਈ ਦੋ ਸੌ ਸਫਿਆਂ ਦੀ ਇਹ ਕਿਤਾਬ ਜ਼ਰੂਰ ਪੜ੍ਹੇ। ਕੌਮਾਂਤਰੀ ਪੱਧਰ ਦੀਆਂ ਬੜੀਆਂ ਅਹਿਮ ਘਟਨਾਵਾਂ ਦੇ ਵੇਰਵਿਆਂ ਦੇ ਨਾਲ-ਨਾਲ ਸੋਢੀ ਸੁਲਤਾਨ ਸਿੰਘ ਨੇ ਜਵਾਨੀ ਵੇਲੇ ਦੀਆਂ ਹੱਡ-ਬੀਤੀਆਂ ਮਾਰਮਿਕ ਲਹਿਜ਼ੇ ਵਿਚ ਬਿਆਨੀਆਂ ਹਨ ਕਿ ਦਲਿਤ ਵਰਗ ਨੂੰ ਕਿਵੇਂ ਪੈਰ-ਪੈਰ ‘ਤੇ ਜਾਤ-ਪਾਤ ਦੇ ਹੰਕਾਰੇ ਦੈਂਤ ਸਾਹਮਣੇ ਦੁਸ਼ਵਾਰੀਆਂ ਦਾ ਮੁਕਾਬਲਾ ਕਰਨਾ ਪੈਂਦਾ ਹੈ।